ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸੂਝ ਤੇ ਸਲੀਕੇ ਨਾਲ ਜ਼ਿੰਦਗੀ ਨੂੰ ਬਣਾਓ ਮਾਣਨਯੋਗ

Posted On January - 2 - 2017

ਗੁਰਬਿੰਦਰ ਸਿੰਘ ਮਾਣਕ

10201CD _PHOTO CAPTION 14_06_16 3ਮਨੁੱਖੀ ਜ਼ਿੰਦਗੀ ਬਹੁਤ ਹੀ ਖ਼ੂਬਸੂਰਤ ਹੈ। ਜੇ ਕਿਸੇ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਆ ਜਾਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਹਰ ਕੋਈ ਆਪਣੇ ਢੰਗ ਨਾਲ ਹੀ ਜ਼ਿੰਦਗੀ ਜਿਊਂਦਾ ਹੈ। ਕਿਸੇ ਨੂੰ ਜ਼ਿੰਦਗੀ ਦੀ ਸਮਝ ਸਾਰਾ ਜੀਵਨ ਗੁਜ਼ਾਰ ਕੇ ਵੀ ਨਹੀਂ ਆਉਂਦੀ ਤੇ ਵਿਰਲੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਜੀਵਨ ਦੇ ਡੂੰਘੇ ਭੇਦਾਂ ਦੀ ਸੋਝੀ ਛੇਤੀ ਹੀ ਹੋ ਜਾਂਦੀ ਹੈ।
ਬਹੁਤ ਥੋੜ੍ਹੇ ਲੋਕ ਹਨ ਜਿਨ੍ਹਾਂ ਦਾ ਜ਼ਿੰਦਗੀ ਪ੍ਰਤੀ ਕੋਈ ਪ੍ਰਪੱਕ ਨਜ਼ਰੀਆ ਹੁੰਦਾ ਹੈ। ਬਹੁਤੇ ਤਾਂ ਰੋਜ਼ੀ-ਰੋਟੀ ਦੇ ਝਮੇਲਿਆਂ ਵਿੱਚ ਫਸੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਜੂਝਦੇ ਹੀ ਰੁਖ਼ਸਤ ਹੋ ਜਾਂਦੇ ਹਨ। ਪੜ੍ਹੇ ਲਿਖੇ ਅਨੇਕ ਲੋਕ ਵੀ ਕਈ ਵਾਰ ਜ਼ਿੰਦਗੀ ਜਿਊਣ ਦੇ ਸਲੀਕੇ ਤੋਂ ਕੋਰੇ ਦੇਖੇ ਜਾ ਸਕਦੇ ਹਨ। ਇਸ ਤੋਂ ਉਲਟ ਅਨੇਕ ਸਿੱਧੜ ਜਿਹੇ ਦਿਸਣ ਵਾਲੇ ਪੇਂਡੂ ਲੋਕ ਵੀ ਸਾਦਗੀ ਭਰਿਆ ਕਿਰਤ ਨਾਲ ਲਬਰੇਜ਼ ਤੇ ਹੰਕਾਰ ਰਹਿਤ ਭਰਪੂਰ ਜੀਵਨ ਜੀਅ ਕੇ ਕਈਆਂ ਲਈ ਚਾਨਣ-ਮੁਨਾਰਾ ਬਣ ਜਾਂਦੇ ਹਨ।
ਬਹੁਤੇ ਲੋਕ ਜੀਵਨ ਵਿੱਚ ਧਨ ਦੌਲਤ ਤੇ ਪਦਾਰਥਕ ਵਸਤਾਂ ਦੀ ਬਹੁਲਤਾ ਨੂੰ ਹੀ ਜ਼ਿੰਦਗੀ ਸਮਝਣ ਦਾ ਭਰਮ ਸਿਰਜ ਲੈਂਦੇ ਹਨ। ਇਨ੍ਹਾਂ ਚੀਜ਼ਾਂ ਤੋਂ ਬਿਨਾਂ ਜੀਵਨ-ਰੂਪੀ ਗੱਡੀ ਨੂੰ ਚਲਾਉਣਾ ਔਖਾ ਹੈ, ਪਰ ਇਨ੍ਹਾਂ ਨੂੰ ਹੀ ਜ਼ਿੰਦਗੀ ਸਮਝ ਲੈਣਾ ਜ਼ਿੰਦਗੀ ਦੀ ਸਾਰਥਿਕਤਾ ਤੋਂ ਮੂੰਹ ਮੋੜ ਲੈਣਾ ਹੈ। ਅਨੇਕ ਲੋਕ ਅਜਿਹੇ ਹਨ ਜਿਨ੍ਹਾਂ ਪਾਸ ਧਨ ਧੌਲਤ ਤੇ ਹੋਰ ਵਸਤਾਂ ਦੇ ਅੰਬਾਰ ਲੱਗੇ ਹੋਏ ਹਨ, ਪਰ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀ ਦੇ ਚਿੰਨ੍ਹ ਦਿਖਾਈ ਨਹੀਂ ਦਿੰਦੇ। ਅਜਿਹੇ ਵਿਅਕਤੀ ਜ਼ਿੰਦਗੀ ਦੀ ਦੌੜ ਵਿੱਚ ਇਸ ਕਦਰ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਕਈ ਵਾਰ ਸਰੀਰਕ ਤੇ ਮਾਨਸਿਕ ਰੋਗ ਸਹੇੜ ਲੈਂਦੇ ਹਨ। ਜ਼ਿੰਦਗੀ ਕਦੇ ਇੱਕੋ ਜਿਹੀ ਨਹੀਂ ਰਹਿੰਦੀ। ਇਹ ਨਿਰੰਤਰ ਬਦਲਦੀ ਹੈ ਤੇ ਕਈ ਰੰਗ ਦਿਖਾਉਂਦੀ ਰਹਿੰਦੀ ਹੈ। ਜਿਹੜੇ ਜੀਵਨ-ਰੂਪੀ ਪਾਣੀਆਂ ਨੂੰ ਨਿਰੰਤਰ ਵਗਦੇ ਤੇ ਸਾਫ਼ ਰੱਖਣ ਲਈ ਕੋਸ਼ਿਸ਼ ਰੂਪੀ ਕੰਕਰਾਂ ਨਾਲ ਪਾਣੀਆਂ ਵਿੱਚ ਲਹਿਰਾਂ ਪੈਦਾ ਕਰਨ ਵਿੱਚ ਜੁਟੇ ਰਹਿੰਦੇ ਹਨ, ਇੱਕ ਦਿਨ ਸਫਲਤਾ ਉਨ੍ਹਾਂ ਦੇ ਪੈਰ ਜ਼ਰੂਰ ਚੁੰਮਦੀ ਹੈ। ਇਹ ਸਭ ਕੁਝ ਕਿਸੇ ਵਿਅਕਤੀ ਦੇ ਜੀਵਨ ਪ੍ਰਤੀ ਵਤੀਰੇ ਉੱਤੇ ਨਿਰਭਰ ਕਰਦਾ ਹੈ। ਕੁਝ ਲੋਕ ਤਾਂ ਜ਼ਿੰਦਗੀ ਦੀਆਂ ਸੁੱਖ-ਸੁਵਿਧਾਵਾਂ ਤੋਂ ਇਸ ਕਾਰਨ ਵਿਰਵੇ ਰਹਿ ਜਾਂਦੇ ਹਨ ਕਿ ਉਨ੍ਹਾਂ ਕੋਲ ਲੋੜੀਂਦੇ ਸਾਧਨਾਂ ਦੀ ਅਣਹੋਂਦ ਹੁੰਦੀ ਹੈ, ਪਰ ਕੁਝ ਸਾਧਨ ਸਪੰਨ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਮਾਨਣ ਤੋਂ ਵਿਰਵੇ ਰਹਿ ਜਾਂਦੇ ਹਨ। ਜ਼ਿੰਦਗੀ ਪ੍ਰਤੀ ਕੰਜੂਸੀ ਦਾ ਰਵੱਈਆ ਅਖ਼ਤਿਆਰ ਕਰਨ ਵਾਲੇ ਜਿਊਣਾ ਨਹੀਂ ਜਾਣਦੇ। ਕੁਦਰਤ ਦੇ ਖੂਬਸੂਰਤ ਰੰਗਾਂ ਨੂੰ ਮਾਨਣ ਵਿੱਚ ਭਲਾ ਕਿਹੜਾ ਧਨ ਖਰਚ ਹੁੰਦਾ ਹੈ? ਜ਼ਿੰਦਗੀ ਦੇ ਅਜਿਹੇ ਸੁਹਜ ਨੂੰ ਮਾਨਣ ਵਾਲੇ ਵਿਰਲੇ ਹੀ ਹਨ ਤੇ ਅਜਿਹੀ ਨੀਝ ਵੀ ਵਿਰਲਿਆਂ ਦੀ ਹੀ ਹੈ। ਅਜਿਹੇ ਵਿਅਕਤੀ ਆਰਥਿਕ ਪੱਖੋਂ ਤਾਂ ਭਾਵੇਂ ਗ਼ਰੀਬ ਹੋਣ, ਪਰ ਜਿਹੜੀ ਅਮੀਰੀ ਉਨ੍ਹਾਂ ਕੋਲ ਹੁੰਦੀ ਹੈ, ਉਹ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦੀ ਹੈ।
ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜਿਹੜੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਵੀ ਖਿੜੇ ਮੱਥੇ ਜਰਨ ਦਾ ਹੌਸਲਾ ਰੱਖਦੇ ਹਨ। ਉਨ੍ਹਾਂ ਦਾ ਮਨ ਭਾਵੇਂ ਜਿੰਨਾ ਮਰਜ਼ੀ ਉਦਾਸ ਹੋਵੇ, ਪਰ ਉਨ੍ਹਾਂ ਦੇ ਚਿਹਰੇ ਉੱਤੇ ਉਦਾਸੀ ਦੀ ਕੋਈ ਸ਼ਿਕਨ ਨਜ਼ਰ ਨਹੀਂ ਆਉਂਦੀ। ਇਸ ਦੇ ਉਲਟ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਹਰ ਇੱਕ ਕੋਲ ਆਪਣੇ ਦਰਦ ਦਾ ਰੋਣਾ ਰੋਣ ਬਹਿ ਜਾਂਦੇ ਹਨ। ਜ਼ਿੰਦਗੀ ਤੋਂ ਹਰ ਸਮੇਂ ਨਿਰਾਸ਼ ਤੇ ਉਦਾਸ ਰਹਿਣ ਵਾਲੇ ਲੋਕ ਨਰਕ ਤੋਂ ਵੀ ਬਦਤਰ ਜੀਵਨ ਬਸਰ ਕਰਨ ਦਾ ਰਾਹ ਅਪਣਾ ਕੇ ਆਪਣੀਆਂ ਪ੍ਰੇਸ਼ਾਨੀਆਂ ਵਿੱਚ ਹੋਰ ਵਾਧਾ ਕਰ ਲੈਂਦੇ ਹਨ। ਦੁੱਖ ਸਮੇਂ ਢੇਰੀ ਢਾਹ ਬਹਿਣਾ ਜ਼ਿੰਦਗੀ ਪ੍ਰਤੀ ਨਾਂਹਪੱਖੀ ਨਜ਼ਰੀਆ ਹੈ। ਜੇਕਰ ਜੀਵਨ ਵਿੱਚ ਆਉਂਦੀਆਂ ਖੁਸ਼ੀਆਂ ਤੇ ਗ਼ਮੀਆਂ ਨੂੰ ਸੰਤੁਲਿਤ ਨਜ਼ਰੀਏ ਨਾਲ ਵਿਚਾਰਿਆ ਜਾਵੇ ਤਾਂ ਜ਼ਿੰਦਗੀ ਦੀ ਸਹਿਜਤਾ ਬਰਕਰਾਰ ਰਹਿੰਦੀ ਹੈ।
ਕੁਝ ਲੋਕਾਂ ਦੇ ਵਿਵਹਾਰ ਵਿੱਚ ਤਲਖ਼ੀ ਤੇ ਗੁੱਸਾ ਇਸ ਕਦਰ ਛਾਇਆ ਰਹਿੰਦਾ ਹੈ ਕਿ ਉਨ੍ਹਾਂ ਦੇ ਮੱਥੇ ’ਤੇ ਹਰ ਸਮੇਂ ਹੀ ਤਿਊੜੀਆਂ ਉੱਭਰੀਆਂ ਰਹਿੰਦੀਆਂ ਹਨ। ਕਈ ਵਾਰ ਤਾਂ ਇੰਜ ਲੱਗਦਾ ਹੈ ਜਿਵੇਂ ਉਹ ਆਪਣੇ ਆਪ ਨਾਲ ਹੀ ਲੜ ਰਹੇ ਹੋਣ। ਕੁਝ ਲੋਕਾਂ ਦੇ ਵਿਵਹਾਰ ਵਿੱਚ ਇੰਨਾ ਸਲੀਕਾ ਹੁੰਦਾ ਹੈ ਕਿ ਉਹ ਹਮੇਸ਼ਾਂ ਲਈ ਤੁਹਾਡੇ ਚੇਤਿਆਂ ਵਿੱਚ ਵਸ ਜਾਂਦੇ ਹਨ। ਕੁਝ ਲੋਕ ਬਿਨਾਂ ਕਿਸੇ ਉਦੇਸ਼ ਜਾਂ ਨਿਸ਼ਾਨੇ ਦੇ ਵਾਹੋਦਾਹੀ ਦੌੜੇ ਰਹਿੰਦੇ ਹਨ, ਪਰ ਉਹ ਸਾਰਾ ਜੀਵਨ ਪਹੁੰਚਦੇ ਕਿਤੇ ਨਹੀਂ। ਕੁਝ ਮੰਜ਼ਿਲ ’ਤੇ ਪਹੁੰਚਣ ਦੀ ਕਾਹਲ ਵਿੱਚ ਛੇਤੀ ਹੀ ਰਾਹਾਂ ਦੀ ਧੂੜ ਵਿੱਚ ਗੁਆਚ ਜਾਂਦੇ ਹਨ। ਜਿਹੜੇ ਨਿਰੰਤਰ ਯਤਨਾਂ ਸਦਕਾ, ਹਿੰਮਤ ਤੇ ਹੌਸਲੇ ਨਾਲ ਔਖੀਆਂ ਘਾਟੀਆਂ ਨੂੰ ਵੀ ਪਾਰ ਕਰ ਜਾਂਦੇ ਹਨ, ਮੰਜ਼ਿਲ ਉਨ੍ਹਾਂ ਦਾ ਹੀ ਸਵਾਗਤ ਕਰਦੀ ਹੈ। ਕੇਵਲ ਖਾਣਾ-ਪੀਣਾ ਤੇ ਐਸ਼ਪ੍ਰਸਤੀ ਦੀ ਜ਼ਿੰਦਗੀ ਜਿਊਣਾ ਹੀ ਜ਼ਿੰਦਗੀ ਨਹੀਂ ਹੈ। ਪੈਸੇ ਦੀ ਦੌੜ ਵਿੱਚ ਹੱਫੇ ਹੋਏ ਲੋਕਾਂ ਦਾ ਜੀਵਨ ਵੀ ਸੁਖਾਵਾਂ ਨਹੀਂ ਹੁੰਦਾ। ਮਨੁੱਖ ਦਾ ਲਾਲਚੀ ਹੋਣਾ ਤਾਂ ਸਮਝ ਆਉਂਦਾ ਹੈ, ਪਰ ਜਦੋਂ ਇਹ ਸਥਿਤੀ ਸਭ ਹੱਦਾਂ ਪਾਰ ਕਰ ਜਾਵੇ, ਉਦੋਂ ਮਨੁੱਖ ਦਾ ਅਮਾਨਵੀ ਪੱਖ ਉਜਾਗਰ ਹੋ ਜਾਂਦਾ ਹੈ। ਜ਼ਿੰਦਗੀ ਪ੍ਰਤੀ ਆਸ਼ਾਵਾਦੀ ਨਜ਼ਰੀਆ ਰੱਖਣ ਵਾਲੇ ਵਿਅਕਤੀ ਜ਼ਿੰਦਗੀ ਨੂੰ ਖ਼ੂਬ ਮਾਣਦੇ ਹਨ ਤੇ ਜ਼ਿੰਦਗੀ ਜਿਊਣ ਦੇ ਚਾਅ ਨਾਲ ਭਰੇ ਨਜ਼ਰ ਆਉਂਦੇ ਹਨ। ਅਜਿਹੇ ਲੋਕਾਂ ਸਦਕਾ ਹੀ ਇਹ ਧਰਤੀ ਰਹਿਣਯੋਗ ਤੇ ਖੁਸ਼ਗਵਾਰ ਨਜ਼ਰ ਆਉਂਦੀ ਹੈ। ਨਿਰਾਸ਼ਾ ਵਿਅਕਤੀ ਦੇ ਅੰਦਰਲੀ ਮੌਲਿਕਤਾ ਨੂੰ ਨਸ਼ਟ ਕਰ ਕੇ ਉਸ ਨੂੰ ਅਜਿਹੇ ਰਾਹਾਂ ’ਤੇ ਤੋਰ ਦਿੰਦੀ ਹੈ ਜਿਹੜੇ ਕਿਸੇ ਅੰਨ੍ਹੀ ਗੁਫ਼ਾ ਵੱਲ ਜਾਂਦੇ ਹੋਣ। ਜ਼ਿੰਦਗੀ ਬਹੁਤ ਵੱਡਮੁੱਲੀ ਤੇ ਖ਼ੂਬਸੂਰਤ ਹੈ ਤੇ ਜਦੋਂ ਜਿਊਣ ਦਾ ਸਲੀਕਾ ਤੇ ਸੂਝ ਪੈਦਾ ਹੋ ਜਾਵੇ ਤਾਂ ਇਹ ਹੋਰ ਵੀ ਮਾਨਣਯੋਗ ਹੋ ਜਾਂਦੀ ਹੈ।

ਸੰਪਰਕ: 98153-56086


Comments Off on ਸੂਝ ਤੇ ਸਲੀਕੇ ਨਾਲ ਜ਼ਿੰਦਗੀ ਨੂੰ ਬਣਾਓ ਮਾਣਨਯੋਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.