ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰੇ

Posted On January - 10 - 2017
ਗੁਰਦੁਆਰਾ ਤੰਬੂ ਸਾਹਿਬ

ਗੁਰਦੁਆਰਾ ਤੰਬੂ ਸਾਹਿਬ

ਗੁਰਸੇਵਕ ਸਿੰਘ ਪ੍ਰੀਤ

‘ਖਿਦਰਾਣਾ ਦੀ ਢਾਬ’ ਤੋਂ ਬਣੇ ਸ੍ਰੀ ਮੁਕਤਸਰ ਸਾਹਿਬ ਵਿੱਚ ਪਹਿਲੀ ਮਾਘ ਨੂੰ ਮੇਲਾ ਮਾਘੀ ਲੱਗਦਾ ਹੈ। ਇਹ ਮੇਲਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਚਾਲ੍ਹੀ ਮੁਕਤਿਆਂ ਨਾਲ ਸਬੰਧਿਤ ਹੈ। ਇੱਥੇ ਗੁਰੂ ਸਾਹਿਬ ਤੇ ਚਾਲ੍ਹੀ ਮੁਕਤਿਆਂ ਦੀ ਯਾਦ ਵਿੱਚ ਸੱਤ ਗੁਰਦੁਆਰੇ ਬਣੇ ਹੋਏ ਹਨ, ਜਿਨ੍ਹਾਂ ਦੀ ਆਪੋ ਆਪਣੀ ਮਹੱਤਤਾ ਹੈ। ਦੇਸ ਅਤੇ ਵਿਦੇਸ਼ ਤੋਂ ਆਉਣ ਵਾਲੀਆਂ ਬਹੁਤੀਆਂ ਸੰਗਤਾਂ ਇੱਥੋਂ ਦੇ ਸਾਰੇ ਗੁਰਦੁਆਰਿਆਂ ਤੋਂ ਜਾਣੂ ਨਾ ਹੋਣ ਕਰਕੇ ਅਕਸਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਮੁੜ ਜਾਂਦੀਆਂ ਹਨ। ਅਸਲ ਵਿੱਚ ਇੱਥੇ ਦੋ ਕੰਪਲੈਕਸ ਹਨ। ਇੱਕ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਜਿੱਥੇ ਚਾਰ ਗੁਰਦੁਆਰੇ ਸਥਿਤ ਹਨ ਤੇ ਦੂਜਾ ਪਹਿਲੇ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਟਿੱਬੀ ਸਾਹਿਬ ਹੈ, ਜਿੱਥੇ ਤਿੰਨ ਗੁਰਦੁਆਰੇ ਸੁਸ਼ੋਭਿਤ ਹਨ। ਟੁੱਟੀ ਗੰਢੀ ਸਾਹਿਬ ਕੰਪਲੈਕਸ ਵਿੱਚ ਸਥਿਤ ਗੁਰਦੁਆਰੇ ਇਹ ਹਨ:
ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਸੀ। ਇਹ ਬੇਦਾਵਾ ਗੁਰੂ ਜੀ ਤੋਂ ਬੇਮੁੱਖ ਹੋਏ ਸਿੰਘਾਂ ਨੇ ਉਨ੍ਹਾਂ ਨੂੰ ਲਿਖ ਕੇ ਦਿੱਤਾ ਸੀ। ਪੁਰਾਤਨ ਸਮੇਂ ਦੇ ਬਣੇ ਹੋਏ ਇਸ ਗੁਰਦੁਆਰੇ ਦਾ ਕਾਫ਼ੀ ਹਿੱਸਾ ਸਾਕਾ ਨੀਲਾ ਤਾਰਾ ਸਮੇਂ 1984 ਵਿੱਚ ਨੁਕਸਾਨਿਆ ਗਿਆ ਸੀ, ਜਿਸ ਕਰਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਗਈ। ਗੁਰਦੁਆਰੇ ਦੇ ਬਿਲਕੁਲ ਸਾਹਮਣੇ ਵਿਸ਼ਾਲ ਸਰੋਵਰ ਹੈ। ਸਰਵੋਰ ਦੇ ਚਾਰੇ ਪਾਸੇ ਪਰਿਕਰਮਾ ਵਿੱਚ ਸ਼ਾਨਦਾਰ ਵਰਾਂਡਾ ਬਣਿਆ ਹੋਇਆ ਹੈ। ਇਸ ਦੇ ਨਾਲ     ਹੀ ਸਰਾਂ ਅਤੇ  ਭਾਈ ਮਹਾਂ ਸਿੰਘ  ਦੀਵਾਨ ਹਾਲ ਦੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ।
ਗੁਰਦੁਆਰਾ ਤੰਬੂ ਸਾਹਿਬ: ‘ਖਿਦਰਾਣੇ ਦੀ ਜੰਗ’ ਦੌਰਾਨ ਦਸਮ ਪਿਤਾ ਦੀਆਂ ਫ਼ੌਜਾਂ ਨੇ ਇਸ ਅਸਥਾਨ ’ਤੇ ਕਰੀਰਾਂ, ਮੱਲ੍ਹੇ ਤੇ ਝਾੜੀਆਂ ਆਦਿ ਜੰਗਲੀ ਦਰੱਖ਼ਤਾਂ ਉੱਪਰ ਆਪਣੀਆਂ ਚਾਦਰਾਂ ਅਤੇ ਹੋਰ ਬਸਤਰ ਪਾ ਕੇ ਫ਼ੌਜੀ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ। ਇਸ ਜੰਗੀ ਨੁਕਤੇ ਕਾਰਨ ਦੁਸ਼ਮਣਾਂ ਨੂੰ ਲੱਗਾ ਸੀ ਕਿ ਖ਼ਾਲਸਾ ਫ਼ੌਜ ਵੱਡੀ ਗਿਣਤੀ ਵਿੱਚ ਹੈ ਪਰ ਅਸਲ ਵਿੱਚ ਉਸ ਸਮੇਂ ਗੁਰੂ ਜੀ ਦੇ ਨਾਲ ਬਹੁਤ ਥੋੜ੍ਹੇ ਸਿੰਘ ਸਨ। ਦਸਮ ਪਿਤਾ ਨੇ ਦੁਸ਼ਮਣ ਦੇ ਹੌਂਸਲੇ ਪਸਤ ਕਰਨ ਲਈ ਇਹ ਤਰੀਕਾ ਅਪਣਾਇਆ ਸੀ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ: ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਜਿਸ ਜਗ੍ਹਾ ’ਤੇ ਆਪਣੇ ਹੱਥੀਂ ਸਸਕਾਰ ਕੀਤਾ, ਉਸ ਜਗ੍ਹਾ ’ਤੇ ਇਹ ਗੁਰਦੁਆਰਾ ਸੁਸ਼ੋਭਿਤ ਹੈ। ਇਸ ਅਸਥਾਨ ’ਤੇ 12 ਫ਼ਰਵਰੀ (21 ਵਿਸਾਖ) ਤੋਂ 3 ਮਈ ਤਕ 40 ਮੁਕਤਿਆਂ ਦੀ ਯਾਦ ਵਿੱਚ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰ ਕੇ ਭੋਗ ਪਾਏ ਜਾਂਦੇ ਹਨ। ਵਰਣਨਯੋਗ ਹੈ ਕਿ ਖਿਦਰਾਣੇ ਦੀ ਢਾਬ ਉੱਤੇ ਜੰਗ ਗਰਮੀ ਦੇ ਮੌਸਮ ਵਿੱਚ ਲੜੀ ਗਈ ਸੀ ਪਰ ਇਸ ਨਾਲ ਸਬੰਧਿਤ ਉਤਸਵ ਮਾਘੀ ਦੇ ਮਹੀਨੇ ਮਨਾਇਆ ਜਾਂਦਾ ਹੈ ਕਿਉਂਕਿ ਪੁਰਾਣੇ ਸਮਿਆਂ ਵਿੱਚ ਪਾਣੀ ਦੀ ਘਾਟ ਹੋਣ ਕਰਕੇ ਅਤੇ ਰੇਤਲਾ ਇਲਾਕਾ ਹੋਣ ਕਰਕੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਗੁਰਦੁਆਰਾ ਮਾਈ ਭਾਗੋ: ਸਿੱਖ ਇਤਿਹਾਸ ਵਿੱਚ ਮਾਈ ਭਾਗੋ ਨੂੰ ਸਨਮਾਨਯੋਗ ਸਥਾਨ ਹਾਸਲ ਹੈ।  ਉਨ੍ਹਾਂ ਦਾ ਜ਼ਿਕਰ ਸਿੱਖ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਵਿੱਚ ਸ਼ੁਮਾਰ ਹੈ। ਮਾਈ ਭਾਗੋ ਦੀ ਪ੍ਰੇਰਣਾ ਤੇ ਅਗਵਾਈ ਸਦਕਾ ਹੀ ਸਾਥ ਛੱਡ ਗਏ ਸਿੰਘਾਂ ਨੇ ਇਸ ਅਸਥਾਨ ’ਤੇ ਯੁੱਧ ਕੀਤਾ ਅਤੇ ਵੀਰਗਤੀ ਪ੍ਰਾਪਤ ਕੀਤੀ ਸੀ। ਮਾਈ ਭਾਗੋ ਦੀ ਯਾਦ    ਵਿੱਚ ਗੁਰਦੁਆਰਾ ਤੰਬੂ ਸਾਹਿਬ ਦੇ ਬਿਲਕੁਲ ਨਾਲ ਗੁਰਦੁਆਰਾ ਮਾਈ ਭਾਗੋ ਸੁਸ਼ੋਭਿਤ ਹੈ।
ਇਤਿਹਾਸਕ ਅਜਾਇਬ ਘਰ: ਇੱਥੇ ਸਿੱਖ ਇਤਿਹਾਸ ਨਾਲ ਸਬੰਧਿਤ ਚਿੱਤਰ ਰੱਖੇ ਹੋਏ ਹਨ। ਇਹ ਅਜਾਇਬ ਘਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਦੇ ਵਿਚਕਾਰ ਸਥਿਤ ਹੈ। ਇਸ ਦੇ ਨਾਲ ਹੀ ਸ਼੍ਰਮੋਣੀ ਕਮੇਟੀ ਦਾ ਦਫ਼ਤਰ ਹੈ।
ਲੰਗਰ ਤੇ ਸਰਾਂ: ਨਾਕਾ ਨੰਬਰ ਤਿੰਨ ਦੇ ਨਾਲ ਹੀ ਬਹੁਤ ਵੱਡੀ ਸਰਾਂ ਹੈ। ਇੱਥੇ ਯਾਤਰੀ ਕਮਰਾ ਕਿਰਾਏ ’ਤੇ ਲੈ ਕੇ ਰਹਿ ਸਕਦੇ ਹਨ। ਲੰਗਰ ਦੀ ਵਿਸ਼ਾਲ ਇਮਾਰਤ ਹੈ, ਜਿੱਥੇ ਹਰ ਵੇਲੇ ਲੰਗਰ ਤਿਆਰ ਮਿਲਦਾ ਹੈ।
ਟਿੱਬੀ ਸਾਹਿਬ ਕੰਪਲੈਕਸ ਵਿੱਚ ਸਥਿਤ ਗੁਰਦੁਆਰੇ ਇਹ ਹਨ:
ਗੁਰਦੁਆਰਾ ਟਿੱਬੀ ਸਾਹਿਬ: ਜੰਗੀ ਨੁਕਤਾ-ਏ-ਨਜ਼ਰ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਉੱਚੀ ਟਿੱਬੀ ’ਤੇ ਮੋਰਚਾ ਲਾਇਆ ਹੋਇਆ ਸੀ, ਜਿੱਥੋਂ ਉਹ ਫ਼ੌਜ ਦੀ ਕਮਾਂਡ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾਂ ਨੂੰ ਭਾਜੜਾਂ ਵੀ ਪਾਉਂਦੇ ਸਨ। ਇਹ ਗੁਰਦੁਆਰਾ ਸ਼ਹਿਰ ਦੀ ਪੱਛਮੀ ਬਾਹੀ ’ਤੇ ਸਥਿਤ ਹੈ।
ਗੁਰਦੁਆਰਾ ਰਕਾਬਸਰ ਸਾਹਿਬ: ਇਸ ਅਸਥਾਨ ’ਤੇ ਗੁਰੂ ਜੀ ਦੇ ਘੋੜੇ ਦੀ ਰਕਾਬ ਡਿੱਗੀ ਸੀ। ਇਹ ਰਕਾਬ ਹੁਣ ਵੀ      ਇੱਥੇ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ। ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਦਾਤਣਸਰ ਸਾਹਿਬ: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਗਏ ਸਿੱਖੀ ਅਸੂਲਾਂ ਵਿੱਚ ਸਰੀਰ  ਦੀ ਨਿਯਮਬੱਧ ਸਫ਼ਾਈ ਰੱਖਣਾ ਵੀ ਸ਼ਾਮਲ ਹੈ। ਗੁਰੂ ਜੀ ਨੇ ਲੜਾਈ ਦੇ ਕਠਿਨ ਸਮੇਂ ਵਿੱਚ ਵੀ ਆਪਣਾ ਨਿਤਨੇਮ ਨਹੀਂ ਛੱਡਿਆ। ਆਪਣੇ ਨਿਤਨੇਮ ਅਨੁਸਾਰ ਗੁਰੂ ਜੀ ਸਵੇਰੇ ਉੱਠ ਕੇ ਦਾਤਣ ਕੁਰਲਾ ਕਰਦੇ ਸਨ। ਇਸ ਅਸਥਾਨ ’ਤੇ ਗੁਰਦੁਆਰਾ ਦਾਤਣਸਰ ਸਾਹਿਬ ਸੁਸ਼ੋਭਿਤ ਹੈ।
ਹੋਲਾ ਮਹੱਲਾ: ਮਾਘੀ ਦੇ ਮੇਲੇ ਦੀ ਸਮਾਪਤੀ ਹੋਲੇ ਮਹੱਲੇ ਨਾਲ ਹੁੰਦੀ ਹੈ। ਇਸ ਹੋਲੇ ਮਹੱਲੇ ਮੌਕੇ ਦੂਰ ਦੁਰਾਡੇ ਤੋਂ ਸੰਗਤਾਂ ਸ਼ਾਮਲ ਹੁੰਦੀਆਂ ਹਨ। ਨਿਹੰਗ ਸਿੰਘ ਆਪਣੇ ਜਾਹੋ ਜਲਾਲ ਨਾਲ ਗੱਤਕਾ ਅਤੇ ਘੋੜ ਦੌੜ ਦੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ।

ਸੰਪਰਕ: 94173-58073


Comments Off on ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.