ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ

Posted On January - 10 - 2017

11001CD _HARIMANDIR NEWਜਸਬੀਰ ਸਿੰਘ ‘ਤੇਗ’

ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨਾ ਹਰ ਸਿੱਖ ਲੋਚਦਾ ਹੈ। ਇਸ ਮਹਾਨ ਅਸਥਾਨ ਦਾ ਸਿਰਜਣਾ ਦਿਵਸ 1 ਮਾਘ 1645 (ਮੁਤਾਬਿਕ 15 ਦਸੰਬਰ 1588), 14 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਜੋ ਵੀ ਇਨਸਾਨ ਇਸ ਪਾਵਨ ਅਸਥਾਨ ਦੀ ਅਨੂਪਮ ਛਬਿ ਦੇਖਦਾ ਹੈ, ਉਹ ਵਿਸਮਾਦਿਤ ਹੋ ਜਾਂਦਾ ਹੈ ਤੇ ਉਸ ਦੇ ਮੂੰਹੋਂ ਆਪਮੁਹਾਰੇ ਨਿਕਲਦਾ ਹੈ:
‘’ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’’
ਕੁਝ ਇਤਿਹਾਸਕਾਰਾਂ ਦਾ ਮੱਤ ਤੇ ਪ੍ਰਚਲਤ ਧਾਰਨਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ   ਨੀਂਹ ਪੱਥਰ ਸਾਈਂ ਮੀਆਂ ਮੀਰ ਨੇ ਰੱਖਿਆ ਸੀ। ਸੂਰਜ ਪ੍ਰਕਾਸ਼ ਗ੍ਰੰਥ ਦੇ ਹਵਾਲੇ ਮੁਤਾਬਿਕ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਰੱਖਿਆ ਸੀ। ਇਸ ਵਿਚਾਰ ਨੂੰ ਹੀ ਇਸ ਲੇਖ ਵਿੱਚ ਦਰਸਾਇਆ ਗਿਆ ਹੈ।
ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਇੱਕ ਸਰਬ ਸਾਂਝਾ ਕੇਂਦਰੀ ਅਸਥਾਨ ਬਣਾਉਣਾ ਜ਼ਰੂਰੀ ਜਾਣ ਕੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਚੌਥੇ ਗੁਰੂ ਰਾਮਦਾਸ ਜੀ ਨੂੰ ਸੁਮੱਤ ਦੇ ਕੇ ਭੇਜਿਆ ਤੇ ਚੌਥੇ ਪਾਤਸ਼ਾਹ ਨੇ ਸੰਮਤ 1621 ਵਿੱਚ ਸੰਤੋਖਸਰ ਨਾਂ ਦਾ ਤਲਾਅ ਪੁਟਵਾਇਆ ਤੇ ਇੱਕ ਪਿੰਡ ਬੰਨ੍ਹਿਆ ‘ਗੁਰੂ ਕਾ ਚੱਕ’। ਇੱਥੇ 52 ਤਰ੍ਹਾਂ ਦੇ ਵੱਖ-ਵੱਖ ਕਿਰਤ ਕਰਨ ਵਾਲਿਆਂ ਨੂੰ ਲਿਆ ਕੇ ਵਸਾਇਆ, ਜਿਨ੍ਹਾਂ ਦੇ ਨਾਮ ’ਤੇ ਅੱਜ ਵੀ ਬਾਜ਼ਾਰ ਪ੍ਰਚੱਲਿਤ ਹਨ, ਜਿਵੇਂ ਗੁਰੂ ਬਾਜ਼ਾਰ, ਬਾਜ਼ਾਰ ਠਠਿਆਰਾਂ ਆਦਿ। ਗੁਰੂ ਅਮਰਦਾਸ ਜੀ ਦੇ ਕਹਿਣ ’ਤੇ ਸੰਮਤ 1634 ਨੂੰ ਦੁਖ-ਭੰਜਨੀ ਬੇਰ ਤੋਂ ਅੰਮ੍ਰਿਤ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਗਈ। ਇਸ ਪਿੱਛੋਂ ‘ਗੁਰੂ ਕਾ ਚੱਕ’ ਤੋਂ ਅੰਮ੍ਰਿਤਸਰ ਨਾਂ ਪ੍ਰਚੱਲਿਤ ਹੋਇਆ।
ਅੰਮ੍ਰਿਤ-ਸਰੋਵਰ ਦੀ ਤਿਆਰੀ ਦੌਰਾਨ ਹੀ ਦਰਗਾਹੀ ਸੱਦੇ ਨੂੰ ਜਾਣ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਆਪਣੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਸੌਂਪ ਦਿੱਤੀ ਤੇ ਤੀਜੇ ਪਾਤਸ਼ਾਹ ਵੱਲੋਂ ਦਿੱਤੇ ਸੰਕੇਤ ਮੁਤਾਬਿਕ ਗੁਰੂ ਅਰਜਨ ਦੇਵ ਜੀ ਨੂੰ ਸਮਝਾ ਦਿੱਤਾ ਕਿ ਅੰਮ੍ਰਿਤ ਸਰੋਵਰ ਦੇ ਵਿਚਕਾਰ ਇਮਾਰਤ ਤਿਆਰ ਕਰਵਾਉਣੀ ਹੈ। ਪੰਚਮ ਪਾਤਸ਼ਾਹ ਨੇ ਗੁਰੂ ਪਿਤਾ ਦੇ ਆਦੇਸ਼ ਨੂੰ ਮਨ ਧਾਰਿਆ। ਚੌਥੇ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਅੰਮ੍ਰਿਤ-ਸਰੋਵਰ ਦੀ ਤਿਆਰੀ ਦਾ ਕੰਮ ਪੰਜਵੇਂ ਪਾਤਸ਼ਾਹ ਨੇ ਗੁਰਸਿੱਖਾਂ ਦੀ ਮਦਦ ਨਾਲ ਆਰੰਭਿਆ। ਪ੍ਰਮੁੱਖ ਗੁਰਸਿੱਖਾਂ ਨਾਲ ਸ਼ੁਭ ਸਮਾਂ ਵਿਚਾਰ ਕੇ ਪੰਚਮ ਪਾਤਸ਼ਾਹ 1 ਮਾਘ 1645 (15 ਦਸੰਬਰ, 1588) ਨੂੰ ਸੰਗਤਾਂ ਸਮੇਤ ਅੰਮ੍ਰਿਤ-ਸਰੋਵਰ ਦੇ ਮੱਧ ਆਏ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਅਰਦਾਸ ਲਈ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ ਚਾਰ ਗੁਰੂ ਸਾਹਿਬਾਨ ਦਾ ਨਾਂ ਲੈ ਕੇ ਸਤਿਕਾਰ ਸਹਿਤ ਕਾਰਜ ਦੀ ਆਰੰਭਤਾ ਲਈ ਅਰਦਾਸ ਕੀਤੀ। ਅਰਦਾਸ ਪਿੱਛੋਂ ਗੁਰੂ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਤੇ ਸੇਵਾ ਅਰੰਭੀ।
ਗੁਰੂ ਸਾਹਿਬ ਨੇ ਇਮਾਰਤ ਬਣਾਉਣ ਵਾਲੇ ਚੰਗੇ ਕਾਰੀਗਰ ਦੇਸ਼ ਭਰ ਵਿੱਚੋਂ ਮੰਗਵਾਏ। ਪ੍ਰਮੁੱਖ ਗੁਰਸਿੱਖਾਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ। ਇੱਟਾਂ ਲਈ ਭੱਠਾ ਤਿਆਰ ਕਰਵਾਇਆ ਗਿਆ। ਕਾਰੀਗਰਾਂ ਨੂੰ ਇਕੱਤਰ ਕਰ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਨਕਸ਼ਾ ਸਮਝਾਇਆ, ਜੋ ਇਸ ਤੋਂ ਪਹਿਲਾਂ ਇਸ ਧਰਤੀ ’ਤੇ ਅੰਕਿਤ ਨਹੀਂ ਸੀ। ਸੱਚਖੰਡ ਦਾ ਜੋ ਨਕਸ਼ਾ ਗੁਰੂ ਰਾਮਦਾਸ ਜੀ ਪਾਸੋਂ ਸਮਝਿਆ ਸੀ, ਪੰਜਵੇਂ ਪਾਤਸ਼ਾਹ ਨੇ ਉਸ ਨੂੰ ਮੂਰਤੀ-ਮਾਨ ਕੀਤਾ। ਇਮਾਰਤਸਾਜ਼ੀ ਦਾ ਮਸਾਲਾ ਇੱਟਾਂ ਆਦਿ ਗੁਰਸਿੱਖ ਤਿਆਰ ਕਰਦੇ ਗਏ ਤੇ ਕਾਰੀਗਰ ਗੁਰੂ ਸਾਹਿਬ ਦੇ ਦੱਸੇ ਮੁਤਾਬਿਕ ਇਮਾਰਤ ਉਸਾਰਦੇ ਗਏ। ਇਸ ਕਾਰਜ ਲਈ ਗੁਰੂ ਸਾਹਿਬ ਨੇ ਆਪ ਟੋਕਰੀ ਉਠਾ ਕੇ ਸੇਵਾ ਵਿੱਚ ਹਿੱਸਾ ਲਿਆ ਤੇ ਇਹ ਸ਼ਬਦ ਉਚਾਰਨ ਕੀਤਾ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।
ਜਿਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਹੋ ਗਈ, ਗੁਰੂ ਸਾਹਿਬ ਸਮੇਤ ਸਾਰੇ ਗੁਰਸਿੱਖਾਂ ਦੇ ਮਨ ਹੁਲਾਸ ਨਾਲ ਭਰ ਗਏ। ਸੰਪੂਰਨਤਾ ਦੀ ਅਰਦਾਸ ਹੋਈ। ਗੁਰੂ ਸਾਹਿਬ ਨੇ ਸਭ ਗੁਰਸਿੱਖਾਂ ਨੂੰ ਮਾਣ-ਸਨਮਾਨ ਦੇ ਕੇ ਨਿਵਾਜਿਆ।
ਇਸ ਕਾਰਜ ਪਿੱਛੋਂ ਗੁਰੂ ਸਾਹਿਬ ਨੇ ਵਿਚਾਰਿਆ ਕਿ ਇਹ ਭਵਸਾਗਰ ਤੋਂ ਪਾਰ ਹੋਣ ਲਈ ਜਹਾਜ਼ ਤਿਆਰ ਹੈ। ਹੁਣ ਨਾਮ ਬਾਣੀ ਦਾ ਜਹਾਜ਼ ਤਿਆਰ ਕੀਤਾ ਜਾਵੇ ਤਾਂ ਕਿ ਸੰਸਾਰੀਆਂ ਦੇ ਤਪਦੇ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ। ਸਮੁੱਚੀ ਮਾਨਵਤਾ ਦੇ ਭਲੇ ਹਿੱਤ ਗੁਰੂ ਜੀ ਨੇ ਗੁਰੂ ਗ੍ਰੰਥ ਸਹਿਬ ਦੀ ਸੰਪਾਦਨਾ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ 1661 ਬਿਕਰਮੀ ਭਾਦਰੋਂ ਸੁਦੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ।
ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦਾ ਤੀਰਥ ਹੈ, ਜਿੱਥੋਂ ਦੇ ਦਰਸ਼ਨ ਦੀ    ਹਰ ਹਿਰਦੇ ਵਿੱਚ ਲੋਚਾ ਰਹਿੰਦੀ ਹੈ।  ਇੱਥੇ 24 ਘੰਟੇ ਨਾਮ ਬਾਣੀ ਦਾ ਪ੍ਰਵਾਹ ਚਲਦਾ ਹੈ।

ਸੰਪਰਕ: 9888647225 


Comments Off on ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.