ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਸੱਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਹਨ ਬੁਝਾਰਤਾਂ

Posted On January - 7 - 2017

12912cd _cute_sikh_grandchildਡਾ. ਲਖਵੀਰ ਸਿੰਘ ਨਾਮਧਾਰੀ
ਬੁਝਾਰਤਾਂ ਦੀ ਉਤਪਤੀ ਮਨੁੱਖੀ ਸੂਝ-ਬੂਝ ਦੇ ਨਾਲ ਹੀ ਹੋਈ ਮੰਨੀ ਜਾ ਸਕਦੀ ਹੈ। ਜਿਵੇਂ ਸਾਡੇ ਰਹਿਣ-ਸਹਿਣ, ਖਾਣ-ਪੀਣ, ਰਸਮਾਂ-ਰਿਵਾਜ ਅਤੇ ਸੱਭਿਆਚਾਰ ਵਿੱਚੋਂ ਮੁਹਾਵਰੇ, ਅਖਾਣ, ਅਖੌਤਾਂ, ਲੋਕ ਬੋਲੀਆਂ, ਲੋਕਗੀਤ ਹੋਂਦ ਵਿੱਚ ਆਏ, ਬੁਝਾਰਤਾਂ ਵੀ ਇਵੇਂ ਹੀ ਭੂਤਕਾਲ ਵਿੱਚ ਸਮੇਂ-ਸਮੇਂ ਮਨ ਅਤੇ ਸੋਚ ਬੁੱਧੀ ਅਨੁਸਾਰ ਸੰਸਾਰ ਵਿੱਚੋਂ ਪੈਦਾ ਹੁੰਦੀਆਂ ਰਹੀਆਂ ਮੰਨੀਆਂ ਜਾ ਸਕਦੀਆਂ ਹਨ। ਬੁਝਾਰਤਾਂ ਸਾਲਾਂ ਜਾਂ ਦਹਾਕਿਆਂ ਵਿੱਚ ਪੈਦਾ ਨਹੀਂ ਹੋਈਆਂ, ਸਗੋਂ ਸਦੀਆਂ ਵਿੱਚ ਪੰਜਾਬੀ ਲੋਕਧਾਰਾ ਵਿੱਚੋਂ ਰਿੜ੍ਹਕ-ਰਿੜ੍ਹਕ ਕੇ ਪ੍ਰਚੱਲਤ ਹੋਈਆਂ ਹਨ। ਇਸੇ ਲਈ ਹੀ ਬੁਝਾਰਤਾਂ ਵਿੱਚੋਂ ਸਾਡੇ ਬੀਤ ਚੁੱਕੇ ਜੀਵਨ, ਸਮੇਂ-ਸਮੇਂ ਦੇ ਬੋਲਣ ਢੰਗ, ਪੁਰਾਤਨ ਸ਼ਬਦ ਅਤੇ ਸਿਰਜਣ ਕਲਾ ਦਾ ਹੁਨਰ ਝਲਕਾਰੇ ਮਾਰਦਾ ਹੈ। ਬੁਝਾਰਤਾਂ ਬੋਲ-ਚਾਲ ਦੀ ਸੌਖੀ ਠੇਠ ਭਾਸ਼ਾ ਦੀ ਲੈਅ, ਸੁਰ, ਤਾਲ ਵਿੱਚ ਪਰੋਈਆਂ ਹੋਈਆਂ ਹਨ ਅਤੇ ਮਨੁੱਖੀ ਮਨ ਵਿੱਚ ਪੈਦਾ ਹੋਏ ਜੀਵਨ ਅਨੁਭਵ, ਰੌਚਕਤਾ ਅਤੇ ਮਨ ਦੀਆਂ ਡੂੰਘਾਈਆਂ ਦੇ ਦਿਲ-ਖਿੱਚਵੇਂ ਭੰਡਾਰ ਦੀ ਵੀ ਗੱਲ ਕਰਦੀਆਂ ਹਨ। ਬਹੁਤੀਆਂ ਬਾਤਾਂ ਤਾਂ ਕੁੱਜੇ ਵਿੱਚ ਬੰਦ ਸਮੁੰਦਰ ਹੀ ਹੁੰਦੀਆਂ ਹਨ।
ਦੁਨੀਆਂ ਦੀ ਹਰ ਬੋਲੀ, ਹਰ ਭਾਸ਼ਾ ਅਤੇ ਹਰ ਦੇਸ਼ ਵਿੱਚ ਬੁਝਾਰਤਾਂ ਉਪਲੱਬਧ ਹਨ। ਬੁਝਾਰਤਾਂ ਨੂੰ ਅੰਗਰੇਜ਼ੀ ਵਿੱਚ ਰਿਡਲ, ਜਰਮਨੀ ਵਿੱਚ ਰਤੀਜ਼ਲ, ਫਰਾਂਸੀਸੀ ਵਿੱਚ ਡੈਟਨੰਦੀ, ਚੀਨੀ ਵਿੱਚ ਮੀ.ਯੂ., ਸਿੰਧੀ ਵਿੱਚ ਗੁਝਾਰਤ, ਪਸਤੋ ਵਿੱਚ ਅੜ, ਹਿੰਦੀ ਵਿੱਚ ਪਹੇਲੀ, ਸੰਸਕ੍ਰਿਤ ਵਿੱਚ ਪਹੇਲਕਾ, ਪਰਸੀ ਵਿੱਚ ਚੀਸਤਾਂ, ਅਰਬੀ ਵਿੱਚ ਲਗਜ਼ ਪੰਜਾਬੀ ਵਿੱਚ ਬੁਝਾਰਤਾਂ ਜਾਂ ਬਾਤਾਂ ਆਖਦੇ ਹਨ।
ਬੁਝਾਰਤਾਂ ਪੁਰਾਤਨ ਜ਼ਿੰਦਗੀ ਦੀ ਖੁੱਲ੍ਹੀ-ਡੁੱਲ੍ਹੀ ਵਿਹਲ ਅਤੇ ਸਹਿਜਤਾ ਵਿੱਚੋਂ ਪੈਦਾ ਹੋ ਕੇ ਰੌਚਕਤਾ ਭਰਪੂਰ ਪਲਾਂ, ਸੱਥਾਂ ਦੀਆਂ ਰੌਣਕਾਂ ਅਤੇ ਤ੍ਰਿੰਝਣਾ ਰਾਹੀਂ ਪੀੜ੍ਹੀ ਦਰ ਪੀੜ੍ਹੀ ਵਡੇਰਿਆਂ ਕੋਲੋਂ ਅਗਲੀ ਪੀੜ੍ਹੀ ਕੋਲ ਆਉਂਦੀਆਂ ਰਹੀਆਂ ਹਨ। ਜਿੱਥੇ ਦਾਦੀ ਸਵੇਰੇ ਉੱਠ ਕੇ ਮਧਾਣੀ ਨਾਲ ਦੁੱਧ ਰਿੜਕਦੀ, ਬੱਚੇ ਨੂੰ ਗੋਦੀ ਵਿੱਚ ਬਿਠਾ ਕੇ ਲੋਰੀਆਂ ਦਿੰਦੀ, ਉੱਥੇ ਆਥਣ ਵੇਲੇ ਰੋਟੀ ਖਾਣ ਤੋਂ ਬਾਅਦ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੀ ਅਤੇ ਬੁਝਾਰਤਾਂ ਵੀ ਪਾਉਂਦੀ ਜੋ ਬਾਲ ਮਨਾਂ ਵਿੱਚ ਅਸਚਰਜਤਾ, ਹੈਰਾਨੀ ਅਤੇ ਜਾਣਕਾਰੀ ਪੈਦਾ ਕਰਦੀਆਂ। ਨਿੱਕੇ-ਨਿੱਕੇ ਬੱਚਿਆਂ ਲਈ ਨਿੱਕੀਆਂ-ਨਿੱਕੀਆਂ ਸ਼ੁਰੂਆਤੀ ਬਾਤਾਂ ਅਜਿਹੀਆਂ ਹੁੰਦੀਆਂ:-
ਮੈਂ ਬਾਤ ਪਾਵਾਂ, ਤੇਰਾ ਨੱਕ ਵੱਢ ਖਾਵਾਂ   (ਪਿਆਜ਼)
ਐਨੀ ਕੁ ਟਾਟ, ਭਰੀ ਸਬਾਤ    (ਮੋਮਬੱਤੀ ਜਾਂ ਦੀਵਾ)
ਔਹ ਗਈ, ਔਹ ਗਈ        (ਨਜ਼ਰ)
ਬੁਝਾਰਤਾਂ ਦੀ ਸਿਰਜਣਾਤਮਕ ਕਿਰਿਆ, ਵਾਕਾਂ ਦਾ ਢੁਕਵਾਂਪਣ, ਗੱਲ ਕਰਨ ਦੀ ਅਸਚਰਜਤਾ, ਮੁਹਾਵਰੇਦਾਰ ਵਾਕਾਂਸ਼ ਦੀ ਵਰਤੋਂ, ਗੁੰਦਵੀਂ ਜੜਤ ਅਤੇ ਸੁਚੱਜੀ ਬੁਣਤ ਕਮਾਲ ਦੀ ਹੈ। ਬੁਝਾਰਤਾਂ ਦੀ ਲੁਕਵੀਂ ਸਮਾਨਤਾ ਜਿੱਥੇ ਬੁਝਾਕਲ ਨੂੰ ਉੱਤਰ ਸਪੱਸ਼ਟ ਕਰਨ ਲਈ ਸੋਚਾਂ ਵਿੱਚ ਪਾ ਦਿੰਦੀ ਹੈ, ਉੱਥੇ ਬੁਝਾਰਤਾਂ ਦਿਮਾਗ਼ ਦੀ ਪਰਖ ਕਰਨ ਜਾਂ ਦਿਮਾਗ ਨੂੰ ਤੇਜ਼ ਕਰਨ ਦਾ ਵਧੀਆ ਫਾਰਮੂਲਾ ਵੀ ਹਨ। ਬੁਝਾਰਤਾਂ ਵਿੱਚ ਜਿਵੇਂ ਗੁੜ ਬਣਾਉਣ ਦੇ ਢੰਗ ਨੂੰ ਅਜਿਹੇ ਸ਼ਬਦਾਂ ਵਿੱਚ ਪਰੋਇਆ ਹੈ ਕਿ ‘‘ਲੱਕੜੀਆਂ ਦਾ ਪਾਣੀ ਕੱਢ ਕੇ ਇੱਟਾਂ ਰੋੜੇ ਬਣਾ ਦਿੱਤੇ।’’ ਜਦੋਂ ਪ੍ਰਸ਼ਨ ਦਾ ਉੱਤਰ ਸਪਸ਼ੱਟ ਹੁੰਦਾ ਹੈ ਤਾਂ ਅਸਚਰਜਤਾ, ਹੈਰਾਨੀ ਅਤੇ ਹਾਸਾ-ਠੱਠਾ ਪੈਦਾ ਹੁੰਦਾ ਹੈ-ਬਾਤ ਹੈ-
ਇੱਕ ਬਾਤ ਕਰਤਾਰੇ ਪਾਈ, ਸੁਣ ਵੇ ਭਾਈ ਹਕੀਮਾਂ।
ਲੱਕੜੀਆਂ ਦਾ ਪਾਣੀ ਕੀਤਾ, ਚੁੱਕ ਬਣਾਈਆਂ ਢੀਮਾਂ।
(ਗੰਨੇ ਅਤੇ ਗੁੜ ਦੀਆਂ ਭੇਲੀਆਂ)
ਬੁਝਾਰਤਾਂ ਲੁਕਵੀਂ ਸਮਾਨਤਾ ਵਿੱਚ ਅਟੱਲ ਸੱਚਾਈ ਦੀ ਗੱਲ ਕਰਦੀਆਂ ਹਨ। ਬੀਤ ਚੁੱਕੇ ਸਮਿਆਂ ਵਿੱਚ ਕੁੜੀਆਂ ਤ੍ਰਿੰਝਣਾਂ ਵਿੱਚ ਬੈਠ ਕੇ ਚਰਖੇ ਕੱਤਦੀਆਂ, ਕਾਨੇ ਗੱਡ ਕੇ ਸਲਾਈਆਂ ਨਾਲ ਤਾਣੇ ਤਣਦੀਆਂ, ਕੁੱਚ ਨਾਲ ਸੂਤ ਦੀ ਪਾਣ ਕਰਦੀਆਂ, ਪੂਣੀਆਂ ਕੱਤ ਕੇ ਤਿਆਰ ਕੀਤੇ ਗਲੋਟਿਆਂ ਦੇ ਅਟੇਰਨ ਤੇ ਅੱਟੀ ਤਿਆਰ ਕੀਤੀ ਜਾਂਦੀ, ਅੱਟੀ ਨੂੰ ਊਰੀ ’ਤੇ ਪਾ ਕੇ ਚਰਖੇ ਨਾਲ ਨੜ੍ਹਿਆਂ ਤੇ ਵਲ੍ਹੇਟਿਆ ਜਾਂਦਾ। ਘਰ ਵਿੱਚ ਸਬਾਤ ਵਿੱਚ ਬਣੀ ਹੋਈ ਕੁੰਬਲ (ਖੱਡੀ) ਵਿੱਚ ਉਸ ਨੂੰ ਤੁਰ ਨਾਲ ਗੰਢਿਆ ਜਾਂਦਾ, ਤਾਣੀ ਨੂੰ ਪਣਖ ਨਾਲ ਤਣ ਕੇ ਘਰ ਵਿੱਚ ਹੀ ਖੇਸ, ਕੱਪੜੇ ਤਿਆਰ ਹੋ ਜਾਂਦੇ। ਸਮੇਂ ਨੇ ਸੁਆਣੀਆਂ ਦੀ ਇਹ ਕਲਾ ਸਾਡੇ ਕੋਲੋਂ ਖੋਹ ਲਈ ਹੈ, ਪਰ ਬਾਤਾਂ ਦੇ ਭੰਡਾਰ ਅੱਜ ਵੀ ਇਹ ਖੋ ਚੁੱਕੀ ਕਲਾ ਅਤੇ ਪੰਜਾਬੀ ਸ਼ਬਦ ਭੰਡਾਰ ਨੂੰ ਸਾਂਭੀ ਬੈਠੇ ਹਨ ਜਿਵੇਂ…
ਸੁੱਕਾ ਢੀਂਗਰ ਆਂਡੇ ਦੇਵੇ (ਚਰਖਾ)
ਨਿੱਕਾ ਜਿਹਾ ਪਟਵਾਰੀ, ਉਹ ਦੀ ਸੁਥੂ ਬੜੀ ਭਾਰੀ (ਅਟੇਰਨ)
ਜਿੱਥੇ ਬੁਝਾਰਤਾਂ ਚੁੱਲ੍ਹੇ-ਚੌਂਕੇ, ਹਾਰੇ-ਹਾਰੀਆਂ, ਮਧਾਣੀਆਂ, ਚੱਕਲੇ-ਵੇਲਣਿਆਂ,  ਉਖਲੀਆਂ, ਮੂਹਲੀਆਂ, ਕੋਹਲੂਆਂ, ਟਿੰਡਾਂ, ਕੁੱਪਾਂ, ਸੁਹਾਗਿਆਂ ਦੀ ਗੱਲ ਕਰਦੀਆਂ ਹਨ, ਉੱਥੇ ਬੁਝਾਰਤਾਂ ਬਨਸਪਤੀ, ਫ਼ਸਲਾਂ, ਰੁੱਖਾਂ, ਜਾਨਵਰਾਂ, ਪਸ਼ੂ-ਪੰਛੀਆਂ ਦੀ ਵੀ ਬਾਤ ਪਾਉਂਦੀਆਂ ਹਨ ਜਿਵੇਂ:-
ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ, ਨਦੀ ਨਹਾਉਣ ਚੱਲੀਆਂ।     (ਖੂਹ ਦੀਆਂ ਟਿੰਡਾਂ)
ਨਵੀਂ ਨਵੇਲੀ ਬਹੂ ਆਈ, ਚਾਰ ਲਿਆਈ ਕਾਕੇ।
ਦੋ ਰੁੜ੍ਹਦੇ, ਦੋ ਤੁਰਦੇ, ਇਕ ਪੱਟ ’ਤੇ ਬੈਠਾ ਝਾਕੇ। (ਗੱਡਾ)
ਬੁਝਾਰਤਾਂ ਦੀ ਅਮੀਰ ਵਿਰਾਸਤ ਰਿਸ਼ਤੇ-ਨਾਤਿਆਂ, ਸਾਕੇਦਾਰੀਆਂ, ਸਾਲਿਆਂ, ਜੀਜਿਆਂ, ਚਾਚਿਆਂ, ਭਰਾਵਾਂ, ਸਹੁਰਿਆਂ, ਨੂੰਹਾਂ, ਸਾਢੂਆਂ, ਧੀਆਂ, ਜਵਾਈਆਂ, ਕਨਵੇਟੀਆਂ ਦੀ ਵੀ ਗੱਲ ਕਰਦੀਆਂ ਹਨ। ਬੁਝਾਰਤਾਂ ਵਿੱਚ ਸਾਕੇਦਾਰੀ ਪ੍ਰਣਾਲੀ ਨੂੰ ਅਜਿਹੇ ਢੰਗ ਨਾਲ ਪਰੋਇਆ ਹੋਇਆ ਹੈ ਕਿ ਅਸਚਰਜਤਾ ਪੈਦਾ ਹੋਣੀ ਸੁਭਾਵਕ ਹੈ-
ਇਹਦੀ ਸੱਸ ਤੇ ਮੇਰੀ ਸੱਸ ਨੇ ਦੋਵੇਂ ਮਾਵਾਂ ਧੀਆਂ।
ਭੈਣੋ-ਭੈਣ ਪਤੀਹਸ ਲੱਗੇ, ਨੂੰਹ ਬਾਬੇ ਦੀ ਸਾਲੀ।
ਮੁੰਡੇ-ਕੁੜੀਆਂ ਮਾਸੀ ਕਹਿੰਦੇ, ਬੁੱਝਣੀ ਬਾਤ ਸੁਖਾਲੀ।
(ਚਾਚਾ-ਭਤੀਜਾ, ਸਾਢੂ)
ਬਾਤਾਂ ਗਿਆਨ ਦਾ ਭੰਡਾਰ ਵੀ ਹਨ। ਬਾਤਾਂ ਵਿੱਚ ਬਾਲ ਮਨ ਦੇ ਵਿਕਾਸ ਲਈ ਤਕਸੀਮ, ਗੁਣਾਂ, ਜੋੜ, ਘਟਾਓ ਅਤੇ ਹਿਸਾਬ ਸਬੰਧੀ ਅਰਥ-ਭਰਪੂਰ ਜਾਣਕਾਰੀ ਵੀ ਹੈ। ਬਾਤਾਂ ਕਿੱਲਿਆਂ, ਹੈਕਟੇਅਰਾਂ, ਕਨਾਲਾਂ, ਮਰਲਿਆਂ, ਗਜ਼ਾਂ, ਦਿਨ, ਮਹੀਨੇ, ਸਾਲਾਂ ’ਤੇ ਵੀ ਰੌਸ਼ਨੀ ਪਾਉਂਦੀਆਂ ਹਨ:-
ਇੱਕ ਜੱਟ ਦੀਆਂ ਅੱਠ ਧੀਆਂ।
ਇੱਕ ਧੀ ਤੇ ਵੀਹ-ਵੀਹ ਜਵਾਈ।
ਇੱਕ ਜਵਾਈ ਦੀਆਂ ਨੌਂ-ਨੌਂ ਧੀਆਂ।
(ਕਿੱਲਾ, ਕਨਾਲ, ਮਰਲੇ, ਸਰਸਾਹੀਆਂ)
ਕੁਦਰਤ ਦੀ ਸੁਹੱਪਣਤਾ ਅਤੇ ਅਦਭੁੱਤਤਾ ਦਾ ਝਲਕਾਰਾ ਵੀ ਬੁਝਾਰਤਾਂ ਵਿੱਚੋਂ ਮਿਲਦਾ ਹੈ। ਧਰਤੀ, ਆਕਾਸ਼, ਪਤਾਲ, ਸਮੁੰਦਰ, ਪਹਾੜ, ਚੰਦ, ਸੂਰਜ, ਗ੍ਰਹਿਆਂ ਅਤੇ ਤਾਰਿਆਂ ਦੇ ਝੁਰਮਟਾਂ ਸਬੰਧੀ ਵੀ ਬਾਤਾਂ ਦੇ ਭੰਡਾਰ ਹਨ। ਇਸ ਤਰ੍ਹਾਂ ਬੁਝਾਰਤਾਂ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਹਨ। ਚੰਗੇ ਭਵਿੱਖ ਲਈ ਭੂਤਕਾਲ ਨਾਲ ਅਤੀ ਜ਼ਰੂਰੀ ਹਨ। ਅੱਜ ਬੁਝਾਰਤਾਂ ਦੇ ਗਿਆਨ ਭੰਡਾਰ ਦੇ ਵਿਸ਼ਲੇਸ਼ਣ ਦੀ ਜ਼ਰੂਰਤ ਹੈ, ਜਿਸ ਨਾਲ ਨਵੀਂ ਪੀੜ੍ਹੀ ਆਪਣੇ ਇਸ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਹੋ ਸਕੇਗੀ, ਜਿਸ ਨਾਲ ਇਸ ਰੌਚਕਤਾ ਭਰਪੂਰ ਲੋਕਧਾਰਾ ਦੀਆਂ ਹੋਰ ਡੂੰਘੀਆਂ ਪਰਤਾਂ ਖੁੱਲ੍ਹਣਗੀਆਂ।
ਸੰਪਰਕ: 98768-50680


Comments Off on ਸੱਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਹਨ ਬੁਝਾਰਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.