ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਹਿੰਸਕ ਢੰਗਾਂ ਦੀ ਵਰਤੋਂ ਕਿਉਂ ?

Posted On January - 11 - 2017

ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਰੱਤਾਖੇੜਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹੇ ਜਾਣ ਦੀ ਘਟਨਾ ਅਫ਼ਸੋਸਨਾਕ ਰੁਝਾਨ ਦੀ ਪ੍ਰਤੀਕ ਹੈ। ਜੁੱਤੀ ਵਗਾਹੁਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਇੱਕ ਮੁਤਵਾਜ਼ੀ ਜਥੇਦਾਰ ਦਾ ਭਰਾ ਹੈ ਅਤੇ ਉਸ ਦਾ ਸਬੰਧ ਇੱਕ ਗਰਮਖਿਆਲੀਆ ਸੰਸਥਾ ਨਾਲ ਦੱਸਿਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਸ੍ਰੀ ਬਾਦਲ ਵੱਲ ਜੁੱਤੀ ਵਗਾਹੁਣ ਦੀ ਘਟਨਾ ਵਾਪਰੀ। ਕੁਝ ਸਾਲ ਪਹਿਲਾਂ ਵੀ ਇੱਕ ਸਿਆਸੀ ਕਾਨਫਰੰਸ ਦੌਰਾਨ ਧਨੌਲਾ (ਜ਼ਿਲ੍ਹਾ ਬਰਨਾਲਾ) ਦੇ ਇੱਕ ਯੁਵਕ ਨੇ ਮੁੱਖ ਮੰਤਰੀ ਵੱਲ ਜੁੱਤੀ ਵਗਾਹੀ ਸੀ। ਉਦੋਂ ਤੇ ਹੁਣ ਵਾਲੀ ਘਟਨਾ ਵਿੱਚ ਫ਼ਰਕ ਇਹ ਹੈ ਕਿ ਉਦੋਂ ਭੀੜ ਵਿੱਚੋਂ ਵਗਾਹੀ ਜੁੱਤੀ ਮੁੱਖ ਮੰਤਰੀ ਦੇ ਨੇੜੇ ਨਹੀਂ ਸੀ ਪਹੁੰਚ ਸਕੀ ਜਦੋਂਕਿ ਹੁਣ ਉਹ ਮੁੱਖ ਮੰਤਰੀ ਦੀ ਐਨਕ ਉੱਤੇ ਵੱਜੀ ਜਿਸ ਕਾਰਨ ਐਨਕ ਨੂੰ ਨੁਕਸਾਨ ਹੋਣ ਤੋਂ ਇਲਾਵਾ ਉਨ੍ਹਾਂ ਦੀ ਖੱਬੀ ਅੱਖ ਸੁੱਜਣ ਦੀ ਖ਼ਬਰ ਹੈ। ਇਹ ਗੱਲ ਸਹੀ ਹੈ ਕਿ ਸ੍ਰੀ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਖ਼ਿਲਾਫ਼ ਪੰਜਾਬ ਦੀ ਵਸੋਂ ਦੇ ਇੱਕ ਵੱਡੇ ਵਰਗ ਵਿੱਚ ਵਿਆਪਕ ਰੋਹ ਹੈ, ਪਰ ਰੋਹ ਦੇ ਪ੍ਰਗਟਾਵੇ ਜਾਂ ਸਰਕਾਰ ਨੂੰ ਤਿਰਸਕਾਰੇ ਜਾਣ ਦੀ ਵਿਧੀ ਜਮਹੂਰੀ ਹੋਣੀ ਚਾਹੀਦੀ ਹੈ। ਜਮਹੂਰੀਅਤ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ। ਉਂਜ ਵੀ, ਹਿੰਸਾ ਦਾ ਬਹੁਤੀ ਵਾਰ ਜਵਾਬ ਹਿੰਸਾ ਵਿੱਚ ਹੀ ਮਿਲਦਾ ਹੈ। ਇਸ ਲਈ ਭਾਵਨਾਵਾਂ ਦੇ ਵੇਗ ਵਿੱਚ ਵਹਿ ਕੇ ਗ਼ੈਰ-ਕਾਨੂੰਨੀ ਢੰਗ-ਤਰੀਕੇ ਅਪਨਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ।
ਪੰਜਾਬ ਵਿੱਚ ਪੁਰਅਮਨ ਚੋਣਾਂ ਦਾ ਇਤਿਹਾਸ ਕਾਫੀ ਪੁਰਾਣਾ ਹੈ। ਰਾਜ ਦੇ ਲੋਕ ਚੋਣਾਂ ਦੇ ਦਿਨਾਂ ਦੌਰਾਨ ਹਿੰਸਾ ਤੋਂ ਖ਼ਾਸ ਤੌਰ ’ਤੇ ਗੁਰੇਜ਼ ਕਰਦੇ ਰਹੇ ਹਨ। ਖਾੜਕੂਵਾਦ ਦੇ ਸਮੇਂ ਨੂੰ ਛੱਡ ਕੇ ਬਾਕੀ ਸਾਰੀਆਂ ਚੋਣਾਂ ਦੌਰਾਨ ਵੋਟਾਂ ਵਾਲੇ ਦਿਨ ਵੀ ਨਾਂ-ਮਾਤਰ ਹਿੰਸਾ ਹੀ ਹੁੰਦੀ ਰਹੀ ਹੈ। ਇਸ ਪਿਰਤ ਨੂੰ ਬਰਕਰਾਰ ਰੱਖੇ ਜਾਣ ਦੀ ਲੋੜ ਹੈ। ਇਹ ਸਹੀ ਹੈ ਕਿ ਬਾਦਲਾਂ ਦੇ ਦਸ ਸਾਲਾਂ ਦੇ ਰਾਜ-ਕਾਲ ਦੌਰਾਨ ਪੁਲੀਸ ਦਾ ਡੰਡਾ ਜਾਇਜ਼-ਨਾਜਾਇਜ਼ ਤੌਰ ’ਤੇ ਸਰਕਾਰ ਦੇ ਵਿਰੋਧੀਆਂ ਉੱਤੇ ਹੀ ਵਰ੍ਹਿਆ ਹੈ ਅਤੇ ਸਮਾਜ ਦੇ ਬਹੁਤੇ ਵਰਗਾਂ ਨੂੰ ਅਕਾਲੀ ਦਲ ਦੇ ਵੱਡੇ-ਛੋਟੇ ਆਗੂਆਂ ਤੇ ਉਨ੍ਹਾਂ ਦੇ ਲਫ਼ਟੈਣਾਂ ਨੇ ਆਰਥਿਕ ਤੇ ਸਮਾਜਿਕ ਤੌਰ ’ਤੇ ਨਪੀੜਿਆ ਹੀ ਹੈ। ਨਸ਼ਿਆਂ ਦੇ ਚਲਣ ਤੇ ਬੇਰੁਜ਼ਗਾਰੀ ਵੱਖਰੇ ਤੌਰ ’ਤੇ ਵਧੇ ਪਰ ਇਸ ਕਿਸਮ ਦੇ ਜਬਰ ਜਾਂ ਸ਼ੋਸ਼ਣ ਦਾ ਜਮਹੂਰੀ ਜਵਾਬ ਹਰ ਵੋਟਰ ਕੋਲ ਮੌਜੂਦ ਹੈ ਅਤੇ ਇਸ ਜਵਾਬ ਦੀ ਵਰਤੋਂ ਕਰਨ ਦਾ ਸਮਾਂ ਹੁਣ ਦੂਰ ਨਹੀਂ। ਅਜਿਹੇ ਆਲਮ ਵਿੱਚ ਹਿੰਸਕ ਤੌਰ-ਤਰੀਕਿਆਂ ਦੀ ਵਰਤੋਂ ਕਿਉਂ?
ਦਰਅਸਲ, ਪਿਛਲੇ ਚਾਰ ਦਿਨਾਂ ਤੋਂ ਪੰਜਾਬ ਵਿੱਚ ਵੱਖ ਵੱਖ ਧਿਰਾਂ ਦੇ ਆਗੂਆਂ ਜਾਂ ਪਾਰਟੀ ਉਮੀਦਵਾਰਾਂ ਖ਼ਿਲਾਫ਼ ਹਿੰਸਕ ਘਟਨਾਵਾਂ ਲਗਾਤਾਰ ਵਾਪਰਦੀਆਂ ਆ ਰਹੀਆਂ ਹਨ। ਜਲਾਲਾਬਾਦ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਦੀ ਇੱਕ ਗੱਡੀ ਉੱਪਰ ਪਥਰਾਓ, ਮੋਗਾ ਜ਼ਿਲ੍ਹੇ ਵਿੱਚ ਇੱਕ ਕਾਂਗਰਸੀ ਆਗੂ ਦਰਸ਼ਨ ਸਿੰਘ ਬਰਾੜ ਦੇ ਦਫ਼ਤਰ ਉੱਤੇ ਹਮਲਾ ਜਾਂ ਬਠਿੰਡਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਵੱਲ ਅਕਾਲੀ ਦਲ ਦੇ ਵਰਕਰਾਂ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾਏ ਜਾਣ ਵਰਗੀਆਂ ਘਟਨਾਵਾਂ ਜਮਹੂਰੀ ਸੋਚ ਤੇ ਸੁਹਜ ਦੇ ਸੁੰਗੜੇਵੇਂ ਦੀਆਂ ਪ੍ਰਤੀਕ ਹਨ। ਇਹ ਮਰਜ਼ ਕਿਸੇ ਇੱਕ ਸਿਆਸੀ ਧਿਰ ਤਕ ਸੀਮਤ ਨਹੀਂ ਬਲਕਿ ਸਾਰੀਆਂ ਸਿਆਸੀ ਧਿਰਾਂ ਵਿੱਚ ਫੈਲੀ ਹੋਈ ਹੈ। ਇਸ ਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ ਅਜਿਹੀਆਂ ਘਟਨਾਵਾਂ ਉੱਪਰ ਪ੍ਰਤੀਕਰਮ ਪ੍ਰਗਟਾਉਣ ਵੇਲੇ ਸਿਆਸੀ ਹਸਤੀਆਂ ਜੋ ਸ਼ਬਦਾਵਲੀ ਵਰਤਦੀਆਂ ਹਨ, ਉਹ ਸਿੱਧੇ-ਅਸਿੱਧੇ ਤੌਰ ’ਤੇ ਹਮਲਾਵਰ ਧਿਰ ਦਾ ਪੱਖ ਪੂਰਨ ਵਾਲੀ ਹੁੰਦੀ ਹੈ। ‘ਆਪ’ ਦੇ ਇੱਕ ਸੰਸਦ ਮੈਂਬਰ ਵੱਲੋਂ ਆਪਣੇ ਪ੍ਰਤੀਕਰਮ ਵਿੱਚ ਵਰਤੀ ਭਾਸ਼ਾ ਏਨੀ ਉਕਸਾਊ ਸੀ ਕਿ ਦੂਜੀ ਧਿਰ ਨੇ ਇਸ ਦੇ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਇੰਜ ਹੀ ਮੁੱਖ ਮੰਤਰੀ ਵੱਲ ਜੁੱਤੀ ਵਗਾਹੇ ਜਾਣ ਬਾਰੇ ਕਾਂਗਰਸ ਦੇ ਇੱਕ ਜ਼ਿੰਮੇਵਾਰ ਨੇਤਾ ਦਾ ਪ੍ਰਤੀਕਰਮ ਵੀ ਜੁੱਤੀ ਵਗਾਹੁਣ ਵਾਲੇ ਨੂੰ     ਥਾਪੜੇ ਵਾਂਗ ਜਾਪਦਾ ਹੈ। ਅਜਿਹੀ ਬਿਆਨਬਾਜ਼ੀ ਆਪਣੇ ਲਈ ਵੀ ਕੰਡੇ ਬੀਜਣ  ਵਾਂਗ ਹੁੰਦੀ ਹੈ। ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਲੋਕਤੰਤਰੀ ਵਿਰੋਧ ਵਿੱਚ ਵੀ ਆਸਥਾ ਰੱਖਣੀ ਤੇ ਦਰਸਾਉਣੀ ਚਾਹੀਦੀ ਹੈ, ਭੜਕਾਹਟ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ।


Comments Off on ਹਿੰਸਕ ਢੰਗਾਂ ਦੀ ਵਰਤੋਂ ਕਿਉਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.