ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਖ਼ੁਦ ਨਾਲ ਵੀ ਕਰੀਏ ਗੁਫ਼ਤਗੂ

Posted On January - 7 - 2017

12912cd _photo caption (5)ਦੀਪਤੀ ਬਬੂਟਾ
ਘਰ-ਪਰਿਵਾਰ, ਸਾਕ ਸਬੰਧੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ ਤੇ ਇਨ੍ਹਾਂ ਦੇ ਆਲੇ-ਦੁਆਲੇ ਹੀ ਉਮਰ ਚੱਕਾ ਚੱਲਦਾ ਰਹਿੰਦਾ ਹੈ। ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਲਈ ਉਧੇੜ-ਬੁਣ ਕਰਨਾ ਜ਼ਰੂਰੀ ਹੈ, ਪਰ ਕੋਈ ਇੱਕ ਸੁਪਨਾ ਆਪਣੇ ਲਈ ਬੁਣਨਾ ਵੀ ਜ਼ਰੂਰੀ ਹੈ ਜੋ ਤੁਹਾਡੀ ਆਪਣੀ ਸ਼ਖ਼ਸੀਅਤ ਦੇ ਰੇਖਾ-ਚਿੱਤਰ ਦਾ ਸਭ ਤੋਂ ਖ਼ੂਬਸੂਰਤ ਨਮੂਨਾ ਬਣ ਕੇ ਦੂਜਿਆਂ ਨੂੰ ਖਿੱਚ ਪਾਵੇ ਤੇ ਖ਼ਾਸ ਹੋਣ ਦਾ ਅਹਿਸਾਸ ਹੋ ਜਾਵੇ। ਸੌਣਾ-ਜਾਗਣਾ, ਖਾਣਾ-ਪੀਣਾ, ਰੋਜ਼ੀ-ਰੋਟੀ ਕਮਾਉਣਾ ਰੋਜ਼ਾਨਾ ਜ਼ਿੰਦਗੀ ਦੀ ਦੌੜ ਹਨ ਜਿਸ ’ਚ ਇੱਕ-ਦੂਜੇ ਨੂੰ ਪਛਾੜਨ ਦੇ ਚੱਕਰ ਵਿੱਚ ਅਸੀਂ ਖ਼ੁਦ ਤੋਂ ਦੂਰ ਹੁੰਦੇ-ਹੁੰਦੇ ਸਵੈ ਦੀ ਪਛਾਣ ਤਕ ਭੁੱਲ ਕੇ ਭੀੜ ਦਾ ਹਿੱਸਾ ਬਣ ਜਾਂਦੇ ਹਾਂ। ਇਸ ਭੀੜ ਤੋਂ ਵੱਖ ਖੜ੍ਹਾ ਹੋਣ ਦਾ ਇੱਕੋ-ਇੱਕ ਰਾਹ ਹੈ ਆਪੇ ਨਾਲ ਸੰਵਾਦ ਰਚਾਉਂਦਿਆਂ ਖ਼ੁਦ ਦੀ ਪਛਾਣ ਕਰਨੀ।
ਸਬੰਧਾਂ ਦੀ ਸਾਂਝ ਬਚਾਉਣ ਲਈ ਜੇਕਰ ਸਮੇਂ-ਸਮੇਂ ’ਤੇ ਆਪਸੀ ਗੱਲਬਾਤ ਮਹੱਤਵ ਰੱਖਦੀ ਹੈ ਤਾਂ ਖ਼ੁਦ ਨਾਲ ਸਾਂਝ ਬਣਾਉਣ ਲਈ ਆਪੇ ਨਾਲ ਸੰਵਾਦ ਰਚਾਉਣਾ ਵੀ ਬੇਹੱਦ ਜ਼ਰੂਰੀ ਹੈ। ਖ਼ੁਦ ਦਾ ਹਾਲ ਜਾਣਨਾ, ਆਪਣੇ ਅੰਦਰ ਦੇ ਜ਼ਖ਼ਮਾਂ ਦੀ ਪੀੜ ਪਛਾਣਨੀ ਵੀ ਜ਼ਰੂਰੀ ਹੈ।
ਖ਼ੁਦ ਨਾਲ ਗੁਫ਼ਤਗੂ ਕਰਨ ਲਈ ਆਪੇ ’ਤੇ ਝਾਤ ਪਾਉਂਦਿਆਂ ਖ਼ੁਦੀ ਨੂੰ ਨਿਹਾਰਨਾ ਤੇ ਇਸ ਪ੍ਰਕਿਰਿਆ ਦੌਰਾਨ ਟੁੱਟਦੇ-ਜੁੜਦੇ ਵਿਚਾਰਾਂ ਦੀ ਪੜਚੋਲ ਕਰਦਿਆਂ ਮਾੜੇ ਵਿਚਾਰਾਂ ਨੂੰ ਛੰਡ ਕੇ ਚੰਗੇ ਵਿਚਾਰਾਂ ਦਾ ਧਾਰਨੀ ਬਣਿਆ ਜਾ ਸਕਦਾ ਹੈ। ਸਵੈ-ਪੜਚੋਲ ਕਰਦਿਆਂ ਜਿੱਥੇ ਖ਼ੁਦ ਨੂੰ ਸਲਾਹੁਣਾ ਜ਼ਰੂਰੀ ਹੈ, ਉੱਥੇ ਨੀਰਸਤਾ ਅਤੇ ਨਕਾਰਾਤਮਕਤਾ ਦਾ ਪੱਖ ਭਾਰੀ ਪੈਂਦਿਆਂ ਖ਼ੁਦ ਨੂੰ ਫਿਟਕਾਰਨਾ ਵੀ ਜ਼ਰੂਰੀ ਹੈ।
ਆਪੇ ਨਾਲ ਗੁਫ਼ਤਗੂ ਦਾ ਸਿਲਸਿਲਾ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਗਹਿਰੀ ਨੀਂਦ ਦਾ ਤਿਆਗ ਜ਼ਰੂਰੀ ਹੈ। ਸਵੇਰ ਦੀ ਨੀਂਦ ਮਨੁੱਖ ਨੂੰ ਆਪਣੇ ਕਲਾਵੇ ’ਚ ਘੁੱਟਦੀ ਹੈ, ਪਰ ਇਸ ਦਾ ਮੋਹ ਤਿਆਗਣ ਵਾਲੇ ਹੀ ਹੋਰਾਂ ਨੂੰ ਪਛਾੜ ਸਫਲਤਾ ਦੀ ਕਤਾਰ ’ਚ ਮੋਹਰੀ ਖੜ੍ਹੇ ਹੁੰਦੇ ਹਨ। ਅੱਖਾਂ ਦਾ ਖੁੱਲ੍ਹਣਾ ਹੀ ਜਾਗਣਾ ਨਹੀਂ ਹੁੰਦਾ। ਅੱਖਾਂ ਖੋਲ੍ਹ ਕੇ ਬਿਸਤਰੇ ’ਚ ਸਿਰ ਦੇ ਕੇ ਰੱਖਣਾ ਤਾਂ ਸੁੱਤੇ ਹੋਣ ਨਾਲੋਂ ਵੀ ਭਿਆਨਕ ਅਵਸਥਾ ਹੈ ਕਿਉਂਕਿ ਇਹ ਆਲਸ ਹੀ ਦਰਿੱਦਰਤਾ ਬਣ ਕੇ ਨਿਰਾਸ਼ਾ ਦੀ ਹਾਲਤ ਦਾ ਆਧਾਰ ਬਣਦਾ ਹੈ।
ਜੀਵਨ ਦਾ ਆਧਾਰ ਬਣਾਉਣ ਵਾਲੇ ਮਨੁੱਖ ਤੋਂ ਆਲਸ, ਦਰਿੱਦਰਤਾ, ਨਿਰਾਸ਼ਾ, ਅਸਫਲਤਾ ਭੈਅ ਖਾਂਦੇ ਹਨ। ਸੁੱਤੇ ਹੋਏ ਵੀ ਜਾਗਣ ਦੀ ਅਵਸਥਾ ਪ੍ਰਾਪਤ ਕਰਨਾ ਹੀ ਅਸਲ ਜਾਗਣਾ ਹੈ, ਜਿੱਥੇ ਨਿਰੰਤਰ ਆਪੇ ਨਾਲ ਸਵਾਲ ਕਰਦਿਆਂ ਹੁੰਗਾਰੇ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਖ਼ੁਦ ਨੂੰ ਸਵਾਲ ਕਰੋ, ਜਨਮ ਤੋਂ ਮੌਤ ਤੱਕ ਦੇ ਸਫ਼ਰ ਵਿੱਚ ਮੈਂ ਕੌਣ ਹਾਂ? ਮੈਂ ਕੀ ਹਾਂ? ਮੈਂ ਕਿਉਂ ਹਾਂ? ਮੈਂ ਕਿੱਥੇ ਹਾਂ? ਮੈਂ ਕਿਸ ਲਈ ਹਾਂ? ਜੇ ਮੌਤ ਹੀ ਹਕੀਕਤ ਹੈ ਤਾਂ ਜੀਵਨ ਦਾ ਅਰਥ ਕੀ ਹੈ? ਮਕਸਦ ਕੀ ਹੈ?
ਇੱਥੇ ਕੋਈ ਤੁਹਾਡੇ ਸੁਪਨੇ ਪੂਰੇ ਕਰਨ ਲਈ ਨਹੀਂ, ਬਲਕਿ ਹਰ ਕੋਈ ਆਪਣੇ ਸੁਪਨਿਆਂ ਦੀ ਪੂਰਤੀ ਦੇ ਮੱਕੜਜਾਲ ਵਿੱਚ ਉਲਝਿਆ ਹੋਇਆ ਹੈ। ਆਪਣੀ ਉਲਝਣ ਵਿੱਚੋਂ ਨਿਕਲਣ ਲਈ ਤੁਸੀਂ ਉਨ੍ਹਾਂ ਲਈ ਜ਼ਰੀਆ ਹੋ ਸਕਦੇ ਹੋ, ਰਸਤਾ ਹੋ ਸਕਦੇ ਹੋ ਤੇ ਪੌੜੀ ਵੀ। ਜ਼ਰੂਰਤ ਹੈ ਆਪਣੇ ਆਪ ਨੂੰ ਯਕੀਨ ਦੁਆਉਣ ਦੀ ਕਿ ਮੈਂ ਉਹ ਕੀਮਤੀ ਮੋਤੀ ਹਾਂ, ਜਿਸ ਦੀ ਕੀਮਤ ਹਰ ਕੋਈ ਆਪਣੀ ਸੋਝੀ ਮੁਤਾਬਿਕ ਪਾਉਂਦਾ ਜਾਂਦਾ ਹੈ ਤੇ ਆਖ਼ਿਰ ਇੱਕ ਦਿਨ ਜੌਹਰੀ ਹੀਰੇ ਅਤੇ ਪੱਥਰ ਵਿਚਲਾ ਫ਼ਰਕ ਪਛਾਣ ਕੇ ਤੁਹਾਡੇ ਸਾਹਮਣੇ ਤੁਹਾਡੀ ਅਸਲ ਕੀਮਤ ਉਜਾਗਰ ਕਰ ਦਿੰਦਾ ਹੈ। ਫਿਰ ਤੁਸੀਂ ਜ਼ਰੀਆ ਨਹੀਂ ਖ਼ੁਦ ਮੰਜ਼ਿਲ ਹੋ ਜਾਂਦੇ ਹੋ।
ਕਿਸੇ ਨੂੰ ਸ਼ੀਸ਼ਾ ਦਿਖਾਉਣ ਤੋਂ ਪਹਿਲਾਂ ਖ਼ੁਦ ਸ਼ੀਸ਼ੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣਾ ਜ਼ਰੂਰੀ ਹੈ। ਜੇ ਆਪਣੇ ਅੰਦਰ ਝਾਤ ਮਾਰਦਿਆਂ ਸਿਰ ਝੁਕ ਜਾਵੇ ਤਾਂ ਇਸ ਤੋਂ ਵੱਡੀ ਸ਼ਰਮਿੰਦਗੀ ਨਹੀਂ। ਜੇਕਰ ਖ਼ੁਦ ਨੂੰ ਨਿਹਾਰਦਿਆਂ ਚਿਹਰੇ ਦੀ ਲਾਲੀ ਖਿੜ ਉੱਠੇ ਤਾਂ ਇਸ ਤੋਂ ਵੱਡਾ ਫਖ਼ਰ ਕੋਈ ਹੋਰ ਹੋ ਹੀ ਨਹੀਂ ਸਕਦਾ। ਮਨ ਦੀ ਆਵਾਜ਼ ਸੁਣੋਂ, ਸੁਣੇ ਦਾ ਹੁੰਗਾਰਾ ਭਰੋ ਤੇ ਫਿਰ ਜੋ ਸੁਣਿਆ ਹੈ ਉਸ ਨੂੰ ਸਮਝ ਕੇ ਆਪੇ ਨੂੰ ਸਵਾਲ ਕਰਦਿਆਂ ਆਪਣੇ ਅੰਦਰੋਂ ਜੁਆਬ ਭਾਲਣਾ ਤੇ ਫਿਰ ਸਿੱਖੇ ਸਬਕ ਨੂੰ ਜੀਵਨ ਆਚਰਨ ’ਚ ਢਾਲਣਾ ਹੀ ਸ਼ਖ਼ਸੀਅਤ ਦਾ ਸ਼ਿੰਗਾਰ ਹੈ।
ਜ਼ਰੂਰਤ ਹੈ ਕਿਸੇ ਵਾਸਤੇ ਨਹੀਂ, ਬਲਕਿ ਆਪੇ ਲਈ ਖੁੱਲ੍ਹੀ ਕਿਤਾਬ ਬਣਨ ਦੀ। ਚਿਰਾਂ ਬਾਅਦ ਵੀ ਪੰਨਾ ਫੋਲੀਏ ਤਾਂ ਆਪੇ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ। ਖ਼ੁਦ ਨਾਲ ਹੱਸਣਾ, ਖ਼ੁਦ ਨਾਲ ਰੋਣਾ, ਖੁਦ ਨਾਲ ਦੋਸਤੀ ਕਰਕੇ ਆਪਣਾ ਆਲੋਚਕ ਬਣਨਾ, ਆਪਣੇ ਨਾਲ ਦੁਸ਼ਮਣੀ ਪਾ ਕੇ ਦੋਸਤੀ ਦੇ ਅਰਥ ਪਛਾਣਨਾ, ਦੂਜਿਆਂ ਨੂੰ ਦੀਵਾ ਦਿਖਾਉਣ ਦੀ ਬਜਾਏ ਖ਼ੁਦ ਦੀਵੇ ਦੀ ਲੋਅ ਤੋਂ ਚਾਨਣ ਲੈ ਕੇ ਦੂਜਿਆਂ ਨੂੰ ਰੌਸ਼ਨੀਆਂ ਵੰਡਣ ਦੀ ਪ੍ਰਵਿਰਤੀ ਪਾਲਣੀ ਅਤੇ ਝੂਠੀ ਜ਼ਿੰਦਗੀ ਜਿਊਣ ਦੀ ਆਦਤ ਤੋਂ ਛੁਟਕਾਰਾ ਪਾ ਕੇ ਖ਼ੁਦ ਨਾਲ ਸੱਚੇ ਬਣਨ ਦੀ ਲੋੜ ਹੈ। ਭਾਵੇਂ ਸੌਖਾ ਤਾਂ ਨਹੀਂ, ਪਰ ਇੱਕ ਵਾਰ ਜੇ ਆਪਣੇ ਆਪ ਨਾਲ ਸੱਚੇ ਹੋਣ ਦਾ ਹੌਸਲਾ ਆ ਗਿਆ ਤਾਂ ਯਕੀਨਨ ਨਾ ਕੇਵਲ ਜੀਵਨ ਖ਼ੂਬਸੂਰਤ ਹੋ ਜਾਏਗਾ, ਬਲਕਿ ਮੌਤ ਦੇ ਭੈਅ ਤੋਂ ਵੀ ਮੁਕਤੀ ਮਿਲ ਜਾਵੇਗੀ।
ਕਿਸੇ ਦੇ ਦੁੱਖ ਦਿੱਤਿਆਂ ਰੋ ਪਏ, ਕਿਸੇ ਦੇ ਹਸਾਇਆਂ ਹੱਸ ਪਏ, ਅਜਿਹੇ ਕਠਪੁਤਲੀ ਜੀਵਨ ਨੂੰ ਤਿਆਗ ਕੇ ਕਿਉਂ ਨਾ ਆਪਣੇ ਹਾਸਿਆਂ-ਰੋਣਿਆਂ ਦੀ ਵਾਗਡੋਰ ਕੇਵਲ ਆਪਣੇ ਹੱਥ ਹੀ ਰੱਖੀ ਜਾਵੇ। ਮਨੁੱਖੀ ਜੀਵਨ ਬਹੁਮੁੱਲਾ ਹੈ। ਇਸ ਦੀਆਂ ਕਈ ਤੰਦਾਂ ਕਈ ਵਾਰ ਉਲਝ ਜਾਂਦੀਆਂ ਹਨ। ਇਨ੍ਹਾਂ ਨੂੰ ਸੁਲਝਾਉਣ ਦਾ ਵੀ ਇੱਕ ਮੂਲ-ਮੰਤਰ ਹੈ ਤੇ ਉਹ ਹੈ ਆਪਣੇ ਮਨ ਨਾਲ ਗੱਲਾਂ ਕਰਨਾ। ਤਾਂ ਫਿਰ ਆਓ, ਖ਼ੁਦ ਨਾਲ ਵੀ ਕਰੀਏ ਗੁਫ਼ਤਗੂ ਤੇ ਬਣ ਜਾਈਏ ਖ਼ੁਦ ਦੇ ਸੱਚੇ ਸਾਥੀ।
ਸੰਪਰਕ: 98146-70707


Comments Off on ਖ਼ੁਦ ਨਾਲ ਵੀ ਕਰੀਏ ਗੁਫ਼ਤਗੂ
1 Star2 Stars3 Stars4 Stars5 Stars (1 votes, average: 1.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.