ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ

Posted On February - 16 - 2017

11602CD _YOUNG_DOCTORਅਧਰੰਗ ਦਾ ਮਤਲਬ ਹੈ ਸਰੀਰ ਦੇ ਇੱਕ ਪਾਸੇ ਦੇ ਪੱਠਿਆਂ ਜਾਂ ਮਾਸਪੇਸ਼ੀਆਂ ਦਾ ਕੰਮ ਨਾ ਕਰਨਾ। ਆਮ ਭਾਸ਼ਾ ਵਿੱਚ ਇਸ ਨੂੰ ਸਰੀਰ ਦਾ ਇੱਕ ਪਾਸਾ ਮਾਰਿਆ ਜਾਣਾ ਕਿਹਾ ਜਾਂਦਾ ਹੈ। ਸਰੀਰ ਦੇ ਅਜਿਹੇ ਹਿੱਸੇ ਵਿੱਚ ਸੂਖਮਤਾ ਖ਼ਤਮ ਹੋਣ (ਸੈਂਸਰੀ ਲੌਸ) ਕਰਕੇ ਨਾ ਤਾਂ ਕੁਝ ਮਹਿਸੂਸ ਹੁੰਦਾ ਹੈ (ਜਿਵੇਂ ਚੁਭਨ, ਦਰਦ ਜਾਂ ਸਾੜ ਆਦਿ) ਤੇ ਨਾ ਹੀ ਪੱਠੇ ਕੰਮ ਕਰਦੇ ਹਨ; ਤਕਨੀਕੀ ਤੌਰ ’ਤੇ ਇਸ ਨੂੰ ‘ਮੋਟਰ ਲੌਸ’ ਕਿਹਾ ਜਾਂਦਾ ਹੈ।
ਕਾਰਨ: ਪਾਸਾ ਮਾਰੇ ਜਾਣ ਦਾ ਮੁੱਖ ਕਾਰਨ ਤਾਂ ਨਾੜੀ ਤੰਤਰ, ਖ਼ਾਸ ਕਰਕੇ ਸੁਖਮਣਾ ਨਾੜੀ ਦਾ ਨੁਕਸਾਨਿਆ ਜਾਣਾ ਹੀ ਹੁੰਦਾ ਹੈ। ਨਾੜੀ ਤੰਤਰ ਦੇ ਨੁਕਸਾਨੇ ਜਾਣ ਦੇ ਕੁਝ ਅਹਿਮ ਕਾਰਨ ਹਨ:
* ਦਿਮਾਗ ਦੀ ਨਾੜੀ ਫਟ ਜਾਣਾ
* ਸਿਰ ਜਾਂ ਰੀੜ੍ਹ ਦੀ ਹੱਡੀ ਦੀ ਸੱਟ
* ਦੁਰਘਟਨਾ ਜਾਂ ਲੜਾਈ ਝਗੜੇ ਵਿੱਚ ਨਾੜਾਂ ਕੱਟੀਆਂ ਜਾਣੀਆਂ
* ਪੋਲੀਓ ਵਰਗੇ ਰੋਗ ਨਾਲ ਨਾੜਾਂ ਨੁਕਸਾਨੀਆਂ ਜਾਣੀਆਂ
* ਦਿਮਾਗ ਦਾ ਪੈਰਾਲਾਇਸਿਸ (ਸੈਰੀਬਰਲ ਪਾਲਸੀ)
* ਬਜ਼ੁਰਗਾਂ ਵਿੱਚ ਹੋਣ ਵਾਲੀ ਪਾਰਕਿਨਸੋਨਿਜ਼ਮ ਬਿਮਾਰੀ
ਮੋਟਰ-ਨਿਊਰੋਨ ਰੋਗ: ਇਸ ਵਿੱਚ ਨਾੜੀਆਂ ਦੇ ਰੋਗ ਕਾਰਨ ਬੜੀ ਤੇਜ਼ੀ ਨਾਲ ਪੱਠੇ ਕਮਜ਼ੋਰ ਹੋ ਜਾਂਦੇ ਹਨ।
ਬੌਟੂਲਿਜ਼ਮ: ਇੱਕ ਕਿਸਮ ਦੇ ਬੈਕਟੀਰੀਆ (ਕਲੌਸਟ੍ਰੀਡੀਅਮ ਬੌਟੁਲਿਜ਼ਮ), ਦੀ ਇਨਫੈਕਸ਼ਨ ਦੇ ਜ਼ਹਿਰੀਲੇ ਪਦਾਰਥਾਂ ਨਾਲ ਲੱਤਾਂ-ਬਾਹਵਾਂ ਦੀਆਂ ਨਾੜੀਆਂ ਤੇ ਪੱਠਿਆਂ ਵਿੱਚ ਕਮਜ਼ੋਰੀ ਆ ਜਾਣੀ, ਜੋ ਘਾਤਕ ਵੀ ਹੋ ਸਕਦੀ ਹੈ।
ਸਪਾਇਨਾ ਬਾਇਫਿਡਾ: ਸਪਾਇਨ ਜਾਂ ਰੀੜ੍ਹ ਦੀ ਹੱਡੀ ਦਾ ਜਮਾਂਦਰੂ ਨੁਕਸ ਜਿਸ ਕਾਰਨ ਸੁਖਮਣਾ ਨਾੜੀ ਦਾ ਹੇਠਲਾ ਹਿੱਸਾ ਕੰਮ ਨਹੀਂ ਕਰਦਾ।
ਝੂਠਾ ਜਾਂ ਨਕਲੀ ਅਧਰੰਗ: ਕੁਝ ਕਾਰਨਾਂ ਜਾਂ ਸਮੱਸਿਆਵਾਂ ਕਰਕੇ ਜਦੋਂ ਕੋਈ ਵਿਅਕਤੀ ਅੰਗ ਨਹੀਂ ਹਿਲਾ ਸਕਦਾ ਤਾਂ ਉਸ ਸਥਿੱਤੀ ਨੂੰ ਝੂਠਾ ਅਧਰੰਗ ਕਿਹਾ ਜਾ ਸਕਦਾ ਹੈ। ਉਂਜ ਅਸਲ ਵਿੱਚ ਨਾੜੀਆਂ ਜਾਂ ਪੱਠਿਆਂ ਦਾ ਪੈਰਾਲਾਇਸਿਸ ਨਹੀਂ ਹੁੰਦਾ, ਜਿਵੇਂ:
* ਕਿਸੇ ਅੰਗ ਵਿੱਚ ਬਹੁਤ ਪੀੜ ਹੋ ਰਹੀ ਹੋਵੇ ਤਾਂ
* ਸੰਭੋਗ ਦੀ ਚਰਮ ਸੀਮਾ ਤੋਂ ਬਾਅਦ ਆਨੰਦ ਦੀ ਸਥਿਤੀ ਵਿੱਚ
* ਸ਼ਿਸ਼ੂਆਂ ਵਿੱਚ ਜਮਾਂਦਰੂ ਸੁਜਾਕ (ਸਿਫਲਿਸ)

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

ਪੈਰਾਲਾਇਸਿਸ ਦੀਆਂ ਨਿਸ਼ਾਨੀਆਂ ਤੇ ਲੱਛਣ: ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਪੈਰਾਲਾਇਸਿਸ ਕਿਨ੍ਹਾਂ ਕਾਰਨਾਂ ਕਰਕੇ ਤੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਹੋਇਆ ਹੈ। ਸੱਟ ਜਾਂ ਦਿਮਾਗ ਦੀ ਨਾੜੀ ਫਟਣ ਨਾਲ ਸਰੀਰ ਦੇ ਕਿਸੇ ਅੰਗ ਦੀ ਹਿਲਜੁਲ, ਇਕਦਮ ਬੰਦ ਹੋ ਜਾਂਦੀ/ ਸਕਦੀ ਹੈ ਜਾਂ ਫਿਰ ਹੌਲੀ ਹੌਲੀ ਕਮਜ਼ੋਰੀ ਹੁੰਦੀ ਹੈ ਤੇ ਇਹ ਕਮਜ਼ੋਰੀ ਵਧਦੀ ਜਾਂਦੀ ਹੈ। ਇਸ ਦੇ ਅਸਿੱਧੇ ਅਸਰ ਨਾਲ ਕੁਝ ਤਬਦੀਲੀਆਂ ਪੈਦਾ ਹੁੰਦੀਆਂ ਹਨ ਜਿਵੇਂ:
* ਖ਼ੂਨ ਦੇ ਦੌਰੇ ਤੇ ਸਾਹ ਵਿੱਚ
* ਗੁਰਦਿਆਂ ਤੇ ਅੰਤੜੀਆਂ ਵਿੱਚ
* ਹੱਡੀਆਂ, ਜੋੜਾਂ ਤੇ ਪੱਠਿਆਂ ਵਿੱਚ
* ਪੱਠਿਆਂ ਦਾ ਆਕੜ ਜਾਣਾ
* ਕੜੱਲਾਂ ਪੈਣੀਆਂ
* ਹਿਲਜੁੱਲ ਘਟਣ ਨਾਲ ਦਬਾਅ ਵਾਲੀ ਥਾਂ ’ਤੇ ਜ਼ਖ਼ਮ ਬਣ ਜਾਣਾ (ਪ੍ਰੈਸ਼ਰ ਸੋਰ)
* ਸੋਜ, ਲੱਤਾਂ ਦੀਆਂ ਨਾੜਾਂ ਅੰਦਰ ਖ਼ੂਨ ਜੰਮ ਜਾਣਾ
* ਅੰਗ ਪੀੜ ਕਰਨੇ ਤੇ ਸੁੰਨ ਰਹਿਣੇ
* ਚਮੜੀ ’ਤੇ ਸੱਟ
* ਬੈਕਟੀਰੀਆ ਦੀਆਂ ਇਨਫੈਕਸ਼ਨਾਂ
* ਕਬਜ਼
* ਪਿਸ਼ਾਬ ਦਾ ਕੰਟਰੋਲ ਖ਼ਤਮ ਹੋ ਜਾਣਾ
* ਸੰਭੋਗ ਸਮੱਸਿਆਵਾਂ
* ਸਰੀਰ ਦਾ ਸੰਤੁਲਣ ਵਿਗੜ ਜਾਣਾ
* ਸੁਭਾਅ ਵਿੱਚ ਤਬਦੀਲੀ, ਬੋਲਣ, ਆਵਾਜ਼ ਤੇ ਬੁਰਕੀ ਲੰਘਾਉਣ ਵਿੱਚ ਰੁਕਾਵਟ
* ਨਜ਼ਰ ਵਿੱਚ ਫ਼ਰਕ
* ਵਿਚਾਰਾਂ ਵਿੱਚ ਤਬਦੀਲੀਆਂ ਆਦਿ।
ਅਧਰੰਗ ਵਾਲੇ ਰੋਗੀਆਂ ਦਾ ਇਲਾਜ ਤੇ ਦੇਖ-ਭਾਲ: ਪੱਕੇ ਤੌਰ ’ਤੇ ਹੋਏ ਨੁਕਸਾਨ ਕਾਰਨ ਅੰਗ ਮਾਰੇ ਹੋਣ ਤਾਂ ਉਸ ਦਾ ਕੋਈ ਇਲਾਜ ਨਹੀਂ ਹੈ ਪਰ ਅਜਿਹੇ ਕੇਸਾਂ ਵਿੱਚ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਰੋਗੀ ਨੂੰ ਇਸੇ ਤਰ੍ਹਾਂ ਦੀ ਜ਼ਿੰਦਗੀ ਬਿਤਾਉਣ ਲਈ ਸਿੱਖਿਅਤ ਕੀਤਾ ਜਾਵੇ, ਉਹ ਆਪਣੇ-ਆਪ ਨੂੰ ਉਸ ਸਥਿੱਤੀ ਅਨੁਸਾਰ ਢਾਲ ਲਵੇ ਤੇ ਰੋਜ਼-ਮੱਰਾ ਦੇ ਕਾਰਜਾਂ ਵਾਸਤੇ ਕਿਸੇ ਦੂਜੇ ’ਤੇ ਨਿਰਭਰ ਨਾ ਰਹੇ। ਇੱਕ ਹੋਰ ਉਦੇਸ਼ ਹੁੰਦਾ ਹੈ ਕਿ ਪਾਸਾ ਮਾਰੇ ਜਾਣ ਨਾਲ ਸਬੰਧਿਤ ਸਿਹਤ ਸਮੱਸਿਆਵਾਂ ਅਤੇ ਉਲਝਣਾਂ ਜੋ ਉਤਪੰਨ ਹੋ ਸਕਦੀਆਂ ਹਨ। ਇਨ੍ਹਾਂ ਤੋਂ ਬਚਾਅ ਕਰਨ ਦੇ ਤਰੀਕੇ ਅਪਨਾਉਣੇ ਚਾਹੀਦੇ ਹਨ, ਜਿਵੇਂ ਕਿਸੇ ਹੱਥ-ਬਾਂਹ ਜਾਂ ਲੱਤ-ਪੈਰ ’ਤੇ ਪ੍ਰੈਸ਼ਰ ਵਾਲੀ ਜਗ੍ਹਾ ’ਤੇ ਜ਼ਖ਼ਮ ਬਣ ਜਾਣੇ ਆਦਿ।
ਪੈਰਾਲਾਇਸਿਸ ਵਾਲੇ ਅਜਿਹੇ ਰੋਗੀਆਂ ਵਾਸਤੇ ਕਈ ਤਰ੍ਹਾਂ ਦੇ ਢੰਗ ਤਰੀਕੇ ਉਪਲਭਦ ਹਨ, ਉਦਾਹਰਣ ਵਜੋਂ- ਚੱਲਣ ਫਿਰਨ ਵਾਸਤੇ ਵ੍ਹੀਲ ਚੇਅਰ। ਇਹ ਕੁਰਸੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ:
ਹੱਥਾਂ ਨਾਲ ਚਲਾਉਣ ਵਾਲੀਆਂ: ਜਿਹੜੇ ਵਿਅਕਤੀਆਂ ਦੇ ਸਰੀਰ ਦਾ ਉੱਪਰਲਾ ਭਾਗ ਠੀਕ ਤੇ ਤੰਦਰੁਸਤ ਹੁੰਦਾ ਹੈ ਉਹ ਆਪਣੀ ਤਾਕਤ ਨਾਲ ਖ਼ੁਦ ਵ੍ਹੀਲ ਚੇਅਰ ਚਲਾ ਲੈਂਦੇ/ਸਕਦੇ ਹਨ।
ਬਿਜਲੀ ਨਾਲ ਚੱਲਣ ਵਾਲੀਆਂ ਕੁਰਸੀਆਂ: ਜਿਨ੍ਹਾਂ ਦੇ ਸਰੀਰ ਦੇ ਉਪਰਲੇ ਹਿੱਸੇ ਦੇ ਪੱਠੇ ਵੀ ਕੰਮ ਨਾ ਕਰਦੇ ਹੋਣ। ਅਜਿਹੇ ਵਿਅਕਤੀਆਂ ਵਾਸਤੇ, ਹਵਾਈ ਅੱਡਿਆਂ ਤੇ ਜਨਤਕ ਸੁਵਿਧਾ ਦੀਆਂ ਹੋਰ ਥਾਵਾਂ ’ਤੇ ਵ੍ਹੀਲ-ਚੇਅਰ ਦੀ ਸੇਵਾ ਮੁਫ਼ਤ ਮਿਲਦੀ ਹੈ।
ਪਿਸ਼ਾਬ ਦਾ ਕੰਟਰੋਲ ਨਾ ਹੋਵੇ: ਰੀੜ੍ਹ ਦੀ ਹੱਡੀ ਦੀ ਸੱਟ ਜਾਂ ਕਿਸੇ ਬਿਮਾਰੀ ਕਾਰਨ ਪਿਸ਼ਾਬ ਦਾ ਕੰਟਰੋਲ ਖ਼ਤਮ ਹੋ ਗਿਆ ਹੋਵੇ ਤਾਂ ਪਿਸ਼ਾਬ ਵਾਲੀ ਨਾਲੀ (ਕੈਥੀਟਰ) ਲਗਾ ਦਿੱਤੀ ਜਾਂਦੀ ਹੈ ਤਾਂ ਕਿ ਪਿਸ਼ਾਬ ਨਿਕਲਣ ਨਾਲ ਕਪੜੇ ਗਿੱਲੇ ਨਾ ਰਹਿਣ। ਕੈਥੀਟਰ ਪਲਾਸਟਿਕ ਦੀ ਇੱਕ ਨਰਮ ਤੇ ਪਤਲੀ ਜਿਹੀ ਨਾਲੀ ਹੁੰਦੀ ਹੈ ਜੋ ਪੁਰਸ਼ਾਂ ਤੇ ਔਰਤਾਂ ਵਾਸਤੇ ਵੱਖ ਵੱਖ ਕਿਸਮਾਂ ਤੇ ਆਕਾਰਾਂ ਵਿੱਚ ਉਪਲਭਦ ਹੈ। ਇਹ ਨਾਲੀ ਪਿਸ਼ਾਬ ਵਾਲੇ ਰਸਤੇ ਰਾਹੀਂ ਜਾਂ ਪੇਟ ਵਿੱਚ ਮੋਰੀ ਕਰਕੇ ਮਸਾਨੇ ਤਕ ਭੇਜੀ ਜਾਂਦੀ ਹੈ। ਪਿਸ਼ਾਬ ਇੱਕ ਬੈਗ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ ਜਿਸ ਨੂੰ ਕੁਝ ਸਮੇਂ ਬਾਅਦ ਖਾਲੀ ਕਰ ਲਿਆ ਜਾਂਦਾ ਹੈ। ਪਿਸ਼ਾਬ ਪ੍ਰਣਾਲੀ ਦੀਆਂ ਇਨਫੈਕਸ਼ਨਾਂ ਤੋਂ ਬਚਣ ਵਾਸਤੇ ਇਸ ਨਾਲੀ ਦੀ ਸਾਫ਼-ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ।
ਪਖਾਨੇ ਦਾ ਕੰਟਰੋਲ ਨਾ ਹੋਵੇ: ਰੀੜ੍ਹ ਦੀ ਹੱਡੀ ਦੀ ਸੱਟ ਜਾਂ ਕਿਸੇ ਬਿਮਾਰੀ ਕਾਰਨ ਪਖਾਨੇ ਦਾ ਕੰਟਰੋਲ ਖ਼ਤਮ ਹੋ ਜਾਵੇ ਤਾਂ ਪਿਸ਼ਾਬ ਨਾਲੋਂ ਵੀ ਵੱਡੀ ਮੁਸੀਬਤ ਬਣ ਜਾਂਦੀ ਹੈ। ਟੱਟੀ ਨਾ ਆਵੇ ਤਾਂ ਸਖ਼ਤ ਹੋ ਕੇ ਬੰਨ੍ਹ ਪੈਣ ਅਤੇ ਜੇ ਵਧੇਰੇ ਆਵੇ ਤਾਂ ਬਿਸਤਰੇ ਖ਼ਰਾਬ ਹੋਣ ਦੀ ਸਮੱਸਿਆ ਆਉਂਦੀ ਹੈ। ਕਈਆਂ ਕੇਸਾਂ ਵਿੱਚ ਅਪ੍ਰੇਸ਼ਨ ਦੁਆਰਾ ਪੇਟ ਦੇ ਹੇਠਲੇ ਭਾਗ ਵਿੱਚ ਗੁਦਾ ਬਣਾ ਕੇ ਉਸ ਨਾਲ ਬੈਗ ਲਗਾ ਦਿੱਤਾ ਜਾਂਦਾ ਹੈ ਜੋ ਸਮੇਂ ਸਮੇਂ ’ਤੇ ਖਾਲੀ ਕਰ ਲਿਆ ਜਾਂਦਾ ਹੈ।
ਲਕਵਾ ਜਾਂ ਮੂੰਹ ਵਿੰਗਾ ਹੋਣਾ: ਚਿਹਰੇ ਦੇ ਪੱਠਿਆਂ ਵਾਲੀ ਨਾੜੀ (ਫੇਸ਼ੀਅਲ ਨਰਵ) ਦੇ ਪੈਰਾਲਾਇਸਿਸ ਨਾਲ ਲਕਵਾ ਹੋ ਜਾਂਦਾ ਹੈ, ਉਸ ਪਾਸੇ ਦੀਆਂ ਮਾਸਪੇਸ਼ੀਆਂ ਲਟਕ ਜਾਂਦੀਆਂ ਹਨ। ਇਸ ਦੇ ਕਾਰਨ ਹਨ:
* ਸਿਰ ਦੀ ਸੱਟ
* ਸਿਰ ਜਾਂ ਧੌਣ ਵਿੱਚ ਕੋਈ ਗਿਲ੍ਹਟੀ
* ਦਿਮਾਗ ਦੀ ਨਾੜੀ ਦਾ ਫਟ ਜਾਣਾ
* ਨਾੜੀ ਦੀ ਕੋਈ ਇਨਫੈਕਸ਼ਨ ਤੇ
* ਪੈਰੋਟਿਡ ਗਲੈਂਡ (ਤਰਲ ਗ੍ਰੰਥੀ) ਦੇ ਅਪ੍ਰੇਸ਼ਨ ਤੋਂ ਬਾਅਦ।
ਕੁਝ ਸਥਿਤੀਆਂ (ਤਰਲ ਗ੍ਰੰਥੀ ਪੈਰੋਟਿਡ ਗਲੈਂਡ ਦੇ ਅਪ੍ਰੇਸ਼ਨ ਤੋਂ ਬਾਅਦ) ਵਿੱਚ ਸਮਾਂ ਪਾ ਕੇ ਲਕਵਾ ਆਪਣੇ-ਆਪ ਠੀਕ ਹੋ ਜਾਂਦਾ ਹੈ। ਬਾਕੀ ਹਾਲਤਾਂ ਵਿੱਚ ਜਾਂਚ ਤੋਂ ਬਾਅਦ ਪੱਕਾ ਡਾਇਗਨੋਸਿਸ ਬਨਣ ’ਤੇ ਇਲਾਜ ਕੀਤਾ ਜਾਂਦਾ ਹੈ।
ਧਿਆਨ ਰੱਖਣ ਵਾਲੀਆਂ ਗੱਲਾਂ:
ਜਿਸ ਬਿਮਾਰੀ ਕਾਰਨ ਅਧਰੰਗ ਜਾਂ ਪੈਰਾਲਾਇਸਿਸ ਹੋਇਆ ਹੈ ਉਸ ਦੇ ਇਲਾਜ ਦੇ ਨਾਲ ਨਾਲ ਰੋਗੀ ਦੀ ਸਾਫ਼-ਸਫ਼ਾਈ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜੇ ਵਧੇਰੇ ਅਪੰਗਤਾ ਕਰਕੇ ਉਹ ਮੰਜੇ ’ਤੇ ਹੀ ਪਿਆ ਰਹਿੰਦਾ ਹੈ ਤਾਂ ਸਰੀਰ ਪਿਛਲੇ ਪਾਸੇ ਜ਼ਖ਼ਮ (ਬੈਡ ਸੋਰ) ਹੋਣ ਤੋਂ ਬਚਾਉਣ ਲਈ ਪਾਸਾ ਬਦਲਦੇ ਰਹਿਣਾ ਤੇ ਪਾਊਡਰ ਲਗਾ ਕੇ ਰੱਖਣਾ ਚਾਹੀਦਾ ਹੈ। ਰੋਗੀ ਦੀ ਮਨੋ-ਸਥਿੱਤੀ ਠੀਕ ਰੱਖਣ ਲਈ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਗੱਲਾਂ-ਬਾਤਾਂ, ਅਖ਼ਬਾਰਾਂ, ਟੀ.ਵੀ. ਆਦਿ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਦੁਆਲੇ ਦੀ ਜ਼ਿੰਦਗੀ ਵਿੱਚ ਮਰੀਜ਼ ਦੀ ਰੁਚੀ ਬਣੀ ਰਹੇ। ਜਿਹੜੇ ਅੰਗ ਕੰਮ ਕਰਦੇ ਹਨ, ਉਨ੍ਹਾਂ ਦੀ ਵਰਜ਼ਿਸ਼ ਤੇ ਬਾਕੀਆਂ ਦੀ ਫਿਜ਼ੀਓਥੈਰੇਪੀ ਕਰਵਾਉਣੀ ਚਾਹੀਦੀ ਹੈ।
ਸੰਪਰਕ: 83508-00237


Comments Off on ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.