ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਉੱਡਦੀ ਖਬਰ

Posted On February - 12 - 2017

ਚੋਣ ਕਮਿਸ਼ਨ ਦੀ ਚਿੱਠੀ ਦਾ ਭੇਤ
ਚੋਣ ਕਮਿਸ਼ਨ ਦੇ ਸਕੱਤਰ ਅਵਿਨਾਸ਼ ਕੁਮਾਰ ਵੱਲੋਂ 27 ਜਨਵਰੀ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਲਿਖੀ ਚਿੱਠੀ ਸੱਤਾ ਦੇ ਗਲਿਆਰਿਆਂ ਵਿੱਚ ਇਕ ਗੁੱਝਾ ਭੇਤ ਬਣੀ ਹੋਈ ਹੈ। ਇਸ ਚਿੱਠੀ ਵਿੱਚ ਕਮਿਸ਼ਨ ਵੱਲੋਂ ਸਖਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਇਸ ਚਿੱਠੀ ਤੋਂ ਬਾਅਦ ਹੀ 28 ਜਨਵਰੀ ਨੂੰ ਸਰਕਾਰ ਨੇ ਮੁੱਖ ਸਕੱਤਰ ਤੋਂ ਤਿੰਨ ਵਿਭਾਗਾਂ ਸਿੰਚਾਈ, ਪ੍ਰਸ਼ਾਸਕੀ ਸੁਧਾਰ ਅਤੇ ਮੈਗਸੀਪਾ ਦਾ ਚਾਰਜ ਵਾਪਸ ਲੈ ਲਿਆ ਸੀ। ਉੱਡਦੀ ਖਬਰ ਹੈ ਕਿ ਇਸ ਚਿੱਠੀ ਦੀ ਭਿਣਕ ਮੁੱਖ ਮੰਤਰੀ ਦਫਤਰ ਨੂੰ ਵੀ ਨਹੀਂ ਪੈਣ ਦਿੱਤੀ ਗਈ। ਇਹ ਵੱਖਰੀ ਗੱਲ ਹੈ ਕਿ ਹੁਣ ਚੋਣ ਕਮਿਸ਼ਨ ਦੇ ਦਿੱਲੀ ਸਥਿਤ ਅਧਿਕਾਰੀਆਂ ਵੱਲੋਂ ਇਹ ਚਿੱਠੀ sukhbir badaਜਨਤਕ ਕਰ ਦਿੱਤੀ ਗਈ ਹੈ, ਜਿਸ ਕਰਕੇ ਇਸ ਦੀ ਭਰਵੀਂ ਚਰਚਾ ਹੋ ਰਹੀ ਹੈ।

ਸੁਖਬੀਰ ਦੀ ਸ਼ਰਧਾ ਤੇ ਬੇਚੈਨੀ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਇਕ ਦਿਨ ਪਹਿਲਾਂ ਸ਼ਾਮ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ  ਪਤਨੀ ਹਰਸਿਮਰਤ ਕੌਰ ਬਾਦਲ ਤੇ ਸਾਲਾ ਬਿਕਰਮ ਸਿੰਘ ਮਜੀਠੀਆ ਜਗਰਾਉਂ ਨੇੜੇ ਇਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਪਹੁੰਚੇ। ਉਸ ਵੇਲੇ ਸੁਖਬੀਰ ਐਨੇ ਤਣਾਅ ਦਾ ਸ਼ਿਕਾਰ ਸਨ ਕਿ ਉਹ ਉਸ ਸਥਾਨ ਦੇ ਅੰਦਰ ਵੀ ਮੋਬਾਈਲ ’ਤੇ ਉੱਚੀ-ਉੱਚੀ ਬੋਲਦੇ ਰਹੇ। ਜਦੋਂ ਹਰਸਿਮਰਤ ਕੌਰ ਬਾਦਲ ਨੇ ਵੇਖਿਆ ਕਿ ਮੀਡੀਆ ਵਾਲੇ ਸੁਖਬੀਰ ਨੂੰ ਨੋਟ ਕਰ ਰਹੇ ਹਨ ਤਾਂ ਉਨ੍ਹਾਂ ਨੇ ਬੜੀ ਸ਼ਾਇਸਤਗੀ ਨਾਲ ਸੁਖਬੀਰ ਨੂੰ ਨੇੜਲੇ ਕਮਰੇ ਵਿੱਚ ਗੱਲ ਕਰਨ ਲਈ ਭੇਜ ਦਿੱਤਾ। ਸੁਖਬੀਰ ਦੀ ਹਾਲਤ ਇਹ ਸੀ ਕਿ ਉਨ੍ਹਾਂ ਦੀ ਆਵਾਜ਼ ਕਮਰੇ ਵਿੱਚੋਂ ਵੀ ਸੰਗਤ ਨੂੰ ਵਾਰ-ਵਾਰ  ਭਟਕਾ ਰਹੀ ਸੀ। ਅਰਦਾਸ ਵੇਲੇ ਵੀ ਉਨ੍ਹਾਂ ਦੀ ਬੇਚੈਨੀ ਉਬਾਲੇ ਮਾਰ ਰਹੀ ਸੀ। ਉੱਡਦੀ ਖਬਰ ਹੈ ਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਵੀ ਇਸੇ ਸਥਾਨ ਹਾਜ਼ਰ ਸਨ। ਉਨ੍ਹਾਂ ਦੀ ਉੱਥੇ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ, ਪਰ ਧਾਰਮਿਕ ਸਥਾਨ ਦੇ ਪ੍ਰਬੰਧਕਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਜਿੱਤ-ਹਾਰ ਬਾਰੇ ਭਰੋਸੇ ਦੀ ਭਾਸ਼ਾ
ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਭਾਵੀ ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਦੀ ਨੀਂਦ ਉੱਡੀ ਹੋਈ ਹੈ। ਤਿੰਨਾਂ  ਮੁੱਖ ਧਿਰਾਂ ਦੇ ਉਮੀਦਵਾਰ ਨਿੱਤ ਦਿਨ ਆਪਣੇ ਹਮਾਇਤੀਆਂ ਕੋਲੋਂ ਰਿਪੋਰਟਾਂ ਪ੍ਰਾਪਤ ਕਰਕੇ ਜਿੱਤ-ਹਾਰ ਦੇ ਅੰਦਾਜ਼ੇ ਲਾਉਂਦੇ ਰਹਿੰਦੇ ਹਨ। ਹਮਾਇਤੀ ਵੀ ਉਨ੍ਹਾਂ ਨੂੰ ਢਾਰਸ ਦੇਣ ਲਈ ਜਿੱਤ ਦਾ ਭਰੋਸਾ ਦਿੰਦੇ ਰਹਿੰਦੇ ਹਨ। ਮਾਝੇ ਦੇ ਸੀਨੀਅਰ ਨੇਤਾ ਨੂੰ ਉਸ ਦੀ ਚੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦਾਅਵਾ ਕੀਤਾ ਕਿ ਜਿੱਤ ਯਕੀਨੀ ਹੈ ਤੇ ਹੋਵੇਗੀ ਵੀ ਕਾਫੀ ਫਰਕ ਨਾਲ। ਉਸ ਕੋਲੋਂ ਪਾਰਟੀ ਦੀ ਜਿੱਤ ਬਾਰੇ ਪੁੱਛਿਆ ਤਾਂ ਉਸ ਨੇ ਦਾਅਵਾ ਕੀਤਾ ਕਿ ਪਾਰਟੀ ਸਰਕਾਰ ਬਣਾਏਗੀ। ਪਾਰਟੀ ਦੇ ਹੋਰ ਉਮੀਦਵਾਰਾਂ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਜੇਕਰ  ਕੋਈ ਪੂਰੇ ਵਿਸ਼ਵਾਸ ਤੇ ਠੋਕਵੇਂ ਲਹਿਜੇ ਵਿੱਚ ਜੁਆਬ ਦੇਵੇ ਤਾਂ ਸਮਝ ਲਈਦਾ ਹੈ ਕਿ ਜਿੱਤ ਦੀ ਆਸ ਹੈ। ਜੇਕਰ ਕੋਈ ਕਹਿ ਦੇਵੇ ‘ਵਾਹਿਗੁਰੂ ਭਲੀ ਕਰੇਗਾ।’ ਤਾਂ ਗੱਲ ਸਮਝ ਲੱਗ ਜਾਂਦੀ ਹੈ ਕਿ ਇਸ ਉਮੀਦਵਾਰ ਨੂੰ ਆਪਣੀ ਬੇੜੀ ਕਿਸੇ ਤਣ-ਪੱਤਣ ਲੱਗਣ ਦੀ ਆਸ ਨਹੀਂ।

ਸਾਨੂੰ ਨਹੀਂ ਡਰ ਜਾਂਚ ਦਾ…
ਵਿਧਾਨ ਸਭਾ ਚੋਣਾਂ ਲਈ ਡੇਰਾ ਸੱਚਾ ਸੌਦਾ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਗਏ ਕਾਂਗਰਸੀਆਂ ਬਾਰੇ ਜਾਂਚ ਇਕ ਤਰ੍ਹਾਂ ਅਕਾਲੀਆਂ ਹਵਾਲੇ ਹੈ। ਸ੍ਰੀ ਅਕਾਲ ਤਖ਼ਤ ਦੇ 2007 ਦੇ ਹੁਕਮਨਾਮੇ ਦੇ ਸੰਦਰਭ ’ਚ  ਜਥੇਦਾਰ ਦੇ ਹੁਕਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਉਸ ਦੇ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਹਨ। ਕਿਉਂਕਿ ਕਮੇਟੀ ਅਕਾਲੀ ਉਮੀਦਵਾਰਾਂ ਤੋਂ ਇਲਾਵਾ ਹੋਰਨਾਂ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲੈ ਰਹੀ ਹੈ। ਇਸ ਲਈ ਕਾਂਗਰਸ ’ਚ ਕੁਝ ਚਿੰਤਾ ਹੋਣੀ ਸੁਭਾਵਿਕ ਹੀ ਹੈ। ਉਂਜ, ਜਿਹੜੇ ਉਮੀਦਵਾਰ ‘ਪਤਿਤ’ ਹਨ, ਉਹ ਫਿਕਰਮੰਦ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ  ਅਕਾਲ ਤਖ਼ਤ ’ਤੇ ਤਲਬ ਨਹੀਂ ਕੀਤਾ ਜਾਵੇਗਾ।
-ਦਵਿੰਦਰਪਾਲ, ਅੰਮ੍ਰਿਤਪਾਲ ਧਾਲੀਵਾਲ, ਬਲਵਿੰਦਰ ਜੰਮੂ ਤੇ ਰਵੇਲ ਸਿੰਘ ਭਿੰਡਰ
 


Comments Off on ਉੱਡਦੀ ਖਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.