ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਉੱਦਮੀਆਂ ਵਾਲਾ ਉੱਦਮ ਨਹੀਂ ਆ ਰਿਹਾ ਨਜ਼ਰ…

Posted On February - 26 - 2017

25 feb 2ਪਿਛਲੇ ਹਫ਼ਤੇ ਮੈਨੂੰ ਚੰਡੀਗੜ੍ਹ ਵਿੱਚ ‘ਟਾਈ’ (ਟੀਆਈਈ) ਨਾਮੀ ਇੱਕ ਉੱਦਮੀ ਸੰਗਠਨ ਵੱਲੋਂ ਭਾਸ਼ਣ ਦੇਣ ਲਈ ਸੱਦਾ ਮਿਲਿਆ। ਸ਼ੁਰੂ ਵਿੱਚ ਹੀ ਮੈਂ ਸਰੋਤਿਆਂ ਨੂੰ ਦੱਸਿਆ ਕਿ ਪ੍ਰਬੰਧਕਾਂ ਵਿੱਚੋਂ ਕਿਸੇ ਤੋਂ ਜ਼ਰੂਰ ਕੋਈ ਗ਼ਲਤੀ ਹੋਈ ਹੈ ਕਿਉਂਕਿ ਭਾਰਤ ਵਿੱਚ ਉੱਦਮ ਦੇ ਜਜ਼ਬੇ ਨੂੰ ਅਖੌਤੀ ਉੱਦਮੀਆਂ ਤੋਂ ਬਚਾਉਣ ਦੀ ਲੋੜ ਹੈ। ਹਾਲੇ ਤੱਕ ਸ਼ਾਇਦ ਹੀ ਅਜਿਹਾ ਕੋਈ ਕਾਰੋਬਾਰੀ ਜਾਂ ਵੱਡਾ ਵਪਾਰੀ ਸਾਡੇ ਸਾਹਮਣੇ ਆਇਆ ਹੋਵੇ ਜਿਹੜਾ ਉੱਦਮੀ ਦੀ ਇਸ ਸਨਾਤਨੀ ਪਰਿਭਾਸ਼ਾ ਉੱਤੇ ਖ਼ਰਾ ਉਤਰਦਾ ਹੋਵੇ ਕਿ ਉੱਦਮੀ ਉਹ ਵਿਅਕਤੀ ਹੈ ਜਿਹੜਾ ਜੋਖ਼ਿਮ ਉਠਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਜਿਸ ਦੇ ਅੰਦਰ ਕੁੱਝ ਨਵਾਂ ਕਰ ਗੁਜ਼ਰਨ ਦੀ ਸਿੱਕ ਹੈ। ਮੈਂ ਆਪਣਾ ਭਾਸ਼ਣ ਚੰਡੀਗੜ੍ਹ ਦੇ ਇਨ੍ਹਾਂ ਸਰੋਤਿਆਂ ਨੂੰ ਇਹ ਕਹਿ ਕੇ ਮੁਕਾਇਆ ਕਿ ਉੱਦਮੀ ਹੋਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ। ਕਿਫ਼ਾਇਤੀ ਹੋਣ ਨੂੰ ਉੱਦਮੀ ਤਰਬੀਅਤੀ ਨਾਲ ਮੇਲਣ ਦੀ ਗ਼ਲਤੀ ਨਹੀਂ ਕੀਤੀ ਜਾਣੀ ਚਾਹੀਦੀ।
ਮੇਰਾ ਇਸ ‘ਟਾਈ’ ਵਾਲੇ ਲੈਕਚਰ ਬਾਰੇ ਲਿਖਣ ਦਾ ਕੋਈ ਵਿਚਾਰ ਨਹੀਂ ਸੀ ਪਰ ਥੋੜ੍ਹੇ ਦਿਨ ਪਹਿਲਾਂ 15 ਸਾਲ ਪੁਰਾਣੀ ਫ਼ਿਲਮ  ‘‘ਸਿਰੈਂਡੀਪਿਟੀ” ਦੇਖਣ ਦਾ ਸਬੱਬ ਬਣਿਆ ਜਿਸ ਵਿੱਚ ਇੱਕ ਕਿਰਦਾਰ ਨੂੰ ਕਰੋੜਪਤੀ ਦੀ ਪਰਿਭਾਸ਼ਾ ਦੇਣ ਲਈ ਕਿਹਾ ਜਾਂਦਾ ਹੈ। ਪਰਿਭਾਸ਼ਾ ਇਹ ਦੱਸੀ ਗਈ, ‘‘ਕਾਲੇਜ ਦੀ ਪੜ੍ਹਾਈ ਅਧਵਾਟੇ ਛੱਡ ਕੇ ਭੱਜੇ ਫੁਨਸੀਆਂ ਨਾਲ ਭਰੇ ਮੂੰਹਾਂ ਵਾਲੇ ਲੋਕ ਜਿਹੜੇ ਕੁੱਝ ਵੀ ਠੋਸ ਉਤਪਾਦ ਨਾ ਪੈਦਾ ਕਰਨ ਵਾਲੀਆਂ ਇੰਟਰਨੈੱਟ ਕੰਪਨੀਆਂ ਬਣਾ ਕੇ ਚੋਖਾ ਨਾਵਾਂ ਕਮਾਉਂਦੇ ਹਨ, ਕੋਈ ਲਾਭਕਾਰੀ ਸੇਵਾਵਾਂ ਪ੍ਰਦਾਨ ਨਹੀਂ ਕਰਦੇ, ਅਤੇ ਅਜਿਹਾ ਹੋਣ ਦੇ ਬਾਵਜੂਦ  ਅਤੇ ਆਪਣੇ ਸਾਰੇ ਹੀ ਆਲਸੀ ਤੇ ਹਰਾਮੀ ਸ਼ੇਅਰਧਾਰਕਾਂ ਲਈ ਮੁਨਾਫ਼ਾ ਵੀ ਖੱਟੀ ਜਾਂਦੇ ਹਨ।’’

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

ਪਿਛਲੇ ਕੁੱਝ ਸਾਲਾਂ ਦੌਰਾਨ ਅਸੀਂ ਆਪਣੇ-ਆਪ ਨੂੰ ਇਹ ਸਮਝਾਉਣ ਲੱਗੇ ਰਹੇ ਹਾਂ ਕਿ ਬਾਜ਼ਾਰ ਕੋਲ ਇੱਕ ਜਾਦੂ ਦੀ ਛੜੀ ਹੈ ਜਿਹੜੀ ਤੁਹਾਨੂੰ ਰਾਤੋਂ ਰਾਤ ਕਰੋੜਪਤੀ ਬਣਾ ਦੇਵੇਗੀ। ‘ਅਖੌਤੀ ਆਰਥਿਕ ਸੁਧਾਰਕਾਂ’ ਅਤੇ ਗੱਲਾਂ ਦੇ ਧਨੀ ਲੋਕਾਂ ਨੇ ਇੱਕ ਮਾਇਆ ਜਾਲ ਜਿਹਾ ਬੁਣਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਕਿ ਲੱਖਾਂ ਕਰੋੜਾਂ ਡਾਲਰ ਬਸ ਇਵੇਂ ਹੀ ਖਿੰਡੇ ਪਏ ਕਿਸੇ ਅਜਿਹੇ ਕਰਮਾਂ ਦੇ ਬਲੀ ਨੂੰ ਉਡੀਕ ਰਹੇ ਹਨ ਜਿਹੜਾ ਬਿਨਾਂ ਡੱਕਾ ਦੂਹਰਾ ਕੀਤੇ ਆ ਕੇ ਜਦੋਂ ਮਰਜ਼ੀ ਇਨ੍ਹਾਂ ਨੂੰ ਹੂੰਝ ਲਵੇ। ਕਰਨਾ ਕੀ ਹੈ, ਬਸ ਆਪਣੇ ਅੰਦਰ ਇਨ੍ਹਾਂ ਨੂੰ ਸਮੇਟਣ ਲਈ ਜਿਗਰਾ ਅਤੇ ਅੱਗ ਚਾਹੀਦੀ ਹੈ ਚਾਹੇ ਇਹਦੇ ਲਈ ਆਪਣੇ ਦਾਦੀ ਨੂੰ ਵੀ ਦਰੜ ਕੇ ਕਿਉਂ ਨਾ ਅੱਗੇ ਵਧਣਾ ਪਵੇ। ਅੱਖਾਂ ’ਤੇ ਪਰਦਾ ਪਾਉਣ ਵਾਲੀ ਕਹਾਣੀ ਜੋ ਘੜੀ ਜਾਂਦੀ ਹੈ, ਉਹ ਇਹ ਹੈ ਕਿ ਹਰੇਕ ਭਾਰਤੀ ਦੇ ਅੰਦਰ ਇੱਕ ਉੱਦਮੀ ਸੁੱਤਾ ਪਿਆ ਹੈ ਅਤੇ ਸਰਕਾਰ, ਸਨਅਤ ਅਤੇ ਸਮਾਜ ਨੇ ਮਹਿਜ਼ ਤਾਂ ਇਸ ਨੂੰ ਜਗਾਉਣ ਦੀ ਭੂਮਿਕਾ ਨਿਭਾਉਣੀ ਹੈ।
ਮੈਂ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਮਿਹਨਤ, ਮਿਆਰ, ਮਾਦੇ ਅਤੇ ਇਮਾਨਦਾਰੀ ਤੋਂ ਬਿਨਾਂ ਹੋਰ ਕੋਈ ਛੋਟੀ ਪਹੀ ਨਹੀਂ ਜਿਹੜੀ ਕਾਮਯਾਬੀ ਦੇ ਦਰ ਤੱਕ ਲੈ ਜਾਵੇ। ਭਾਰਤ ਦੇ ਵੱਡੇ-ਵੱਡੇ ਕਾਰੋਬਾਰੀਆਂ ਦੇ ਕਾਮਯਾਬੀ ਦੇ ਕਿੱਸੇ ਪੜ੍ਹੋ ਤਾਂ ਕੋਈ ਵੀ ਤੁਹਾਨੂੰ ਜਰਮਨ ਉੱਦਮੀ ਰਾਬਰਟ ਬੌਸ਼ ਵਾਂਗ ਇਹੋ ਜਿਹੀ ਗੱਲ ਕਹਿੰਦਾ ਨਹੀਂ ਮਿਲੇਗਾ ਕਿ ਉਸ ਨੂੰ ਹਮੇਸ਼ਾ ਇਹ ਡਰ ਲੱਗਾ ਰਹਿੰਦਾ ਸੀ ਕਿ ਕੋਈ ਉਸ ਦੇ ਬਣਾਏ ਉਤਪਾਦ ਨੂੰ ਚੈੱਕ ਕਰ ਕੇ ਸਾਬਤ ਕਰ ਦੇਵੇਗਾ ਕਿ ਇਹ ਘਟੀਆ ਮਿਆਰ ਦਾ ਹੈ।
ਇੱਕਾ ਦੁੱਕਾ ਅਪਵਾਦਾਂ ਨੂੰ ਛੱਡ ਕੇ ਸਨਅਤ ਦੀ ਦੁਨੀਆ ਵਿੱਚ ਸਾਡੇ ਕੋਲ ਕਾਮਯਾਬੀ ਦੇ ਮਾਡਲ ਉਹ ਲੋਕ ਹਨ ਜਿਹੜੇ ਸਿਆਸਤਦਾਨਾਂ, ਵੱਡੇ ਸਿਵਿਲ ਅਧਿਕਾਰੀਆਂ ਅਤੇ ਪੱਤਰਕਾਰਾਂ ਨਾਲ ਚੰਗੇ ਸਬੰਧ ਬਣਾਉਣ ਦੇ ਮਾਹਿਰ ਹਨ। ਨਾਲੇ ਅਸੀਂ ਵੀ ਝੂਠੇ ਸੁਪਨੇ ਬਥੇਰੇ ਖਿਲਾਰੇ ਹੋਏ ਹਨ। ਰਾਤੋਂ-ਰਾਤ ਕਰੋੜਪਤੀ ਬਣਨ ਵਾਲੇ ਇੱਕ ਅੱਧ ਕਰਮਾਂ ਵਾਲੇ ਬੰਦੇ ਪਿੱਛੇ ਹਜ਼ਾਰਾਂ ਅਜਿਹੇ ਨਿਰਾਸ਼ ਲੋਕ ਹੁੰਦੇ ਹਨ ਜਿਹੜੇ ਚਕਨਾਚੂਰ ਹੋਏ ਸੁਪਨਿਆਂ ਦੇ ਬੋਝ ਥੱਲੇ ਦੱਬੇ ਹਰ ਵੇਲੇ ਝੂਰਦੇ ਰਹਿੰਦੇ ਹਨ। ਹਰੇਕ ਕਾਮਯਾਬ ਆਈਆਈਐੱਮ ਗਰੈਜੂਏਟ ਦੇ ਪਸਪਰਦਾ ਜਾਅਲੀ ਜਿਹੇ ਬਿਜ਼ਨੈੱਸ ਸਕੂਲਾਂ ’ਚੋਂ ਨਿਕਲੇ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਅਧਕਚਰਾ ਜਿਹੇ ਨੌਜਵਾਨ ਹੁੰਦੇ ਹਨ ਜਿਨ੍ਹਾਂ ਨੂੰ ਨੌਕਰੀ ਮਿਲਣੀ ਨਾਮੁਮਕਿਨ ਹੁੰਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘‘ਮੇਕ-ਇਨ-ਇੰਡੀਆ” ਲਹਿਰ ਇਸ ਲਈ ਫੇਲ੍ਹ ਹੋ ਰਹੀ ਹੈ ਕਿਉਂਕਿ ਸਾਡੇ ਕੋਲ ਬਹੁਤੇ ਉੱਦਮੀ ਅਜਿਹੇ ਹਨ ਜੋ ਭਾਰਤ ਵਿੱਚ ਸਾਮਾਨ ਤਿਆਰ ਕਰਨ ਦਾ ਜੋਖ਼ਿਮ ਸਹੇੜਨ ਨਾਲੋਂ ਚੀਨੀ ਸਾਮਾਨ ਦੇ ਪੰਜ ਸਿਤਾਰਾ ਸੇਲਜ਼ਮੈਨ ਬਣਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ।

ਸਾਲ ਕੁ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਬੜਾ ਰੱਫੜ ਪਿਆ ਸੀ। ਮੁੱਦਾ ਰਾਸ਼ਟਰਵਾਦ ਦੀ ਪਾਵਨਤਾ ਪ੍ਰਤੀ ਸਾਡੀ ਨਾਕਸ ਸੂਝ ਸੀ। ਅਚਾਨਕ ਇਹ ਲੱਗਣ ਲੱਗਾ ਕਿ ਅਸੀਂ ਐਨੇ ਜ਼ਿਆਦਾ ਸੰਵੇਦਨਸ਼ੀਲ ਹੋ ਗਏ ਹਾਂ ਕਿ ਚੰਦ ਕੁ ਰਾਸ਼ਟਰ-ਵਿਰੋਧੀ ਨਾਅਰਿਆਂ ਨਾਲ ਹੀ ਸਾਰਾ ਰਾਸ਼ਟਰੀ ਢਾਂਚਾ ਢਹਿਢੇਰੀ ਹੋ ਜਾਏਗਾ। ਹਫ਼ਤਿਆਂ-ਬੱਧੀ ਇਲੈਕਟ੍ਰਾਨਿਕ ਮੀਡੀਆ ਦੇ ਪ੍ਰੋਗਰਾਮ ਸੰਚਾਲਕ ਗਲ਼ਾ ਫਾੜ-ਫਾੜ ਕੇ ਪੂਰੇ ਤੈਸ਼ ਨਾਲ ਰਾਸ਼ਟਰਵਾਦ ਦੀ ਪਰਿਭਾਸ਼ਾ ਦੇਣ ਲਈ ਚੀਖ਼ਦੇ ਰਹੇ। ਆਪਣੇ ਸਿਆਸੀ ਪ੍ਰਭੂਆਂ ਦੇ ਇਸ਼ਾਰੇ ’ਤੇ ਦਿੱਲੀ ਦੇ ਪੁਲੀਸ ਮੁਖੀ ਅਤੇ ਉਸ ਦੇ ਲਾਮ-ਲਸ਼ਕਰ ਨੇ ਯੂਨੀਵਰਸਿਟੀ ਕੈਂਪਸ ’ਤੇ ਧਾਵਾ ਬੋਲ ਦਿੱਤਾ। ਇੰਜ ਹੀ ਸੰਘ ਪਰਿਵਾਰ ਇਸ ਨਾਲ ਇਤਫ਼ਾਕ ਨਾ ਰੱਖਣ ਵਾਲੇ ਖੱਬੇ-ਪੱਖੀਆਂ ਤੇ ‘ਉਦਾਰਵਾਦੀਆਂ’ ਨੂੰ ਜੁੱਤੀ ਥੱਲੇ ਦਬਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਪੁਲੀਸ ਅਤੇ ਸੰਘ ਪਰਿਵਾਰ ਦਾ ਦਾਅਵਾ ਸੀ ਕਿ ਉਨ੍ਹਾਂ- ਜੀ ਹਾਂ, ਸਿਰਫ਼ ਉਨ੍ਹਾਂ- ਕੋਲ ਹੀ ਇਹ ਤੈਅ ਕਰਨ ਦਾ ਅਧਿਕਾਰ ਸੀ ਕਿ ਕੌਣ ਦੇਸ਼ਭਗਤ ਹੈ ਅਤੇ ਕੌਣ ਰਾਸ਼ਟਰ -ਵਿਰੋਧੀ।
ਇੱਕ ਹੋਰ ਸਾਲ ਬਾਅਦ ਹੁਣ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਹੈ ਕਿ ਬਹਿਸ-ਮੁਬਾਹਿਸੇ, ਅਸਹਿਮਤੀ ਦੇ ਪ੍ਰਗਟਾਵੇ ਅਤੇ ਸੰਵਾਦ ਲਈ ਜਾਣੀ ਜਾਂਦੀ ਇਸ ਯੂਨੀਵਰਸਿਟੀ ਵਿੱਚ ਵਾਪਰੇ ਸਾਰੇ ਘਟਨਾਕ੍ਰਮ ਦੇ ਪਿੱਛੇ ਕਿਸੇ ਸ਼ਾਤਿਰ ਦਿਮਾਗ਼ ਦੀ ‘ਸੁਘੜਤਾ’ ਨਾਲ ਤਿਆਰਸ਼ੁਦਾ ਯੋਜਨਾ ਸੀ। ਇਹ ਟਕਰਾਉ ਇਸ ਨੁਕਤੇ ਨੂੰ ਚੰਗੀ ਤਰ੍ਹਾਂ  ਸਮਝਾਉਣ ਲਈ ਸੀ ਕਿ ਆਲੋਚਨਾ ਅਤੇ ਖ਼ੁਦਮੁਖ਼ਤਿਆਰੀ ਦੀ ਮੰਗ ਕਰਨ ਵਾਲਿਆਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਵੇਗਾ ਫਿਰ ਚਾਹੇ ਉਹ ਵਿਦਿਆਰਥੀ ਹੋਣ, ਅਧਿਆਪਕ ਹੋਣ ਜਾਂ ਵਾਈਸ-ਚਾਂਸਲਰ ਹੋਣ। ਰਾਸ਼ਟਰਵਾਦ ਦੇ ਨਾਂ ’ਤੇ ਉਨ੍ਹਾਂ ਨੂੰ ਕਬੂਲੀਅਤ ਦੀਆਂ ਮੰਗਾਂ ਸਾਹਮਣੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਗਿਆ।
ਸਰਕਾਰ ਜਿੱਤ ਗਈ, ਪਰ ਯੂਨੀਵਰਸਿਟੀਆਂ ਹਾਰ ਗਈਆਂ। ਪੁਲੀਸ ਵਾਲੇ ਛਾ ਗਏ ਪਰ ਸਿੱਖਿਆ-ਸ਼ਾਸਤਰੀ ਨੱਥੇ ਗਏ। ਵਾਈਸ-ਚਾਂਸਲਰਾਂ ਦੀ ਇਖ਼ਲਾਕੀ ਸੱਤਾ ਜ਼ਿਬ੍ਹਾ ਹੋ ਗਈ ਕਿਉਂਕਿ ਉਨ੍ਹਾਂ ਨੇ ਅੜਨ ਦੀ ਬਜਾਇ ਥਾਣੇਦਾਰਾਂ ਦਾ ਰੂਪ ਧਾਰ ਲੈਣ ਵਿੱਚ ਸਿਆਣਪ ਸਮਝੀ।
ਕਿਉਂਕਿ ਇਹ ਹੱਲਾ ਰਾਸ਼ਟਰਵਾਦ ਨੂੰ ਲੈ ਕੇ ਸੀ ਲਿਹਾਜ਼ਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਅਧਿਆਪਨ ਅਮਲੇ ਨੇ ਇਸ ਦੇ ਅਰਥਾਂ, ਇਸ ਦੇ ਮੁੱਲ-ਪ੍ਰਬੰਧ ਅਤੇ ਆਦਰਸ਼ਾਂ ਬਾਰੇ ਸੰਵਾਦ ਰਚਾਉਣ ਦਾ ਫ਼ੈਸਲਾ ਕੀਤਾ। ਫ਼ਰਵਰੀ-ਮਾਰਚ 2016 ਵਿੱਚ ਉਨ੍ਹਾਂ ਨੇ ਇੱਕ ਵਰਕਸ਼ਾਪ ਵਰਗੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿੱਚ ਰੋਮਿਲਾ ਥਾਪਰ, ਨਿਵੇਦਿਤਾ ਮੈਨਨ, ਤਾਨੀਆ ਸਰਕਾਰ, ਗੋਪਾਲ ਗੁਰੂ, ਅਪੂਰਵਾਨੰਦ, ਪ੍ਰਭਾਤ ਪਟਨਾਇਕ ਅਤੇ ਹੋਰਨਾਂ ਨੇ ਵਾਰੀ ਵਾਰੀ ਇਸ ਵਿਸ਼ੇ ’ਤੇ ਮੰਥਨ ਕੀਤਾ।
ਇਹ ਭਾਸ਼ਣ ਹੁਣ ‘‘ਵ੍ਹਟ ਦਿ ਨੇਸ਼ਨ ਰੀਅਲੀ ਵਾਂਟਸ ਟੂ ਨੋ” ਸਿਰਲੇਖ ਵਾਲੀ ਇੱਕ ਕਿਤਾਬ ਦਾ ਰੂਪ ਲੈ ਚੁੱਕੇ ਹਨ।
ਇਸ ਕਿਤਾਬ ਦੇ ਸੰਪਾਦਕ ਦੱਸਦੇ ਹਨ ਕਿ ਇਸ ਸਾਰੀ ਕਾਰਵਾਈ ਦਾ ਮਕਸਦ ਕੀ ਸੀ: ‘‘ਇਸ ਪ੍ਰੋਗਰਾਮ ਨੇ ਦਰਸਾ ਦਿੱਤਾ ਕਿ ਅਸੀਂ  ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਾਲੇ ਬਹਿਸ-ਮੁਬਾਹਿਸੇ, ਵਿਚਾਰ-ਚਰਚਾ ਅਤੇ ਅਸਹਿਮਤੀ ਨੂੰ ਬੋਲਣ ਦੀ ਆਜ਼ਾਦੀ ਦੇ ਨਜ਼ਰੀਏ ਤੋਂ ਕਿੰਨਾ ਮਹੱਤਵ ਦਿੰਦੇ ਹਾਂ। ਇਸ ਦੇ ਨਾਲ ਹੀ ਅਸੀਂ ਦੂਜੇ ਦੀ ਗੱਲ ਨੂੰ ਠਰੰਮ੍ਹੇ, ਸ਼ਿਸ਼ਟਾਚਾਰ ਅਤੇ ਅਦਬ ਨਾਲ ਸੁਣਨ ਨੂੰ ਵੀ ਉਨੀ ਹੀ ਮਹੱਤਤਾ ਦਿੰਦੇ ਹਾਂ। ਇਹ ਸਾਡੇ ਸੁਣਵਾਈ ਦੇ ਅਧਿਕਾਰ ਦਾ ਹਿੱਸਾ ਹੈ।” ਹਰ ਭਾਸ਼ਣ ਅੰਦਰ ਰਾਸ਼ਟਰਵਾਦ ਦੇ ਉੱਚ ਜਜ਼ਬੇ ਦੀ ਅਮੀਰੀ ਦਾ ਕੋਈ ਨਾ ਕੋਈ ਪਹਿਲੂ ਉੱਘੜ ਕੇ ਸਾਹਮਣੇ ਆਉਂਦਾ ਹੈ। ਅਤੇ, ਭੀੜ ਨੂੰ ਇਸ ਉੱਚਤਾ ਦੇ ਨਿਗਰਾਨ ਬਣਾ ਕੇ ਅਸੀਂ ਇਸ ਜਜ਼ਬੇ ਦੀ ਮਹਾਨਤਾ ਦੀ ਤੌਹੀਨ ਕਰਦੇ ਹਾਂ।
ਪਿਛਲੀ ਸਦੀ ਉਸ ਭਿਆਨਕਤਾ ਦੀ ਜ਼ਾਮਨ ਹੈ ਜਿਹੜੀ ਮਾਤਭੂਮੀ ਪ੍ਰਤੀ ਹੇਜ ਦੇ ਨਾਂ ਤੇ ਬਰਪਾ ਕੀਤੀ ਗਈ। ਹੁਣ 21ਵੀਂ ਸਦੀ ਵਿੱਚ ਵੀ ਉਸੇ ਜ਼ਹਿਨੀਅਤ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਾਨੂੰ ਭਾਰਤ ਵਾਸੀਆਂ ਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਜਾਂ ਫਿਰ ਜਿਵੇਂ ਕਿਤਾਬ ਦੇ ਸੰਪਾਦਕ ਕਹਿੰਦੇ ਹਨ ਕਿ ‘‘ਇਸ ਤੰਗ ਨਜ਼ਰੀਏ ਵਾਲੇ ਨਵ-ਰਾਸ਼ਟਰਵਾਦ ਦੀਆਂ ਜੜ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ ਜਿਹੜਾ ਜਨਤਕ ਜੀਵਨ ਵਿੱਚ ਦਮਨਕਾਰੀ, ਬਹੁਮੱਤਵਾਦੀ ਧੌਂਸ ਬਣ ਕੇ ਛਾਇਆ ਹੋਇਆ ਹੈ।’’
ਹਰ ਸਮਝਦਾਰ, ਸੰਜੀਦਾ ਅਤੇ ਸਿਆਣੇ ਭਾਰਤੀ ਨੂੰ ਇਹ ਕਿਤਾਬ ਨਾ ਸਿਰਫ਼ ਜ਼ਰੂਰ ਪੜ੍ਹਨੀ ਚਾਹੀਦੀ ਹੈ ਬਲਕਿ ਆਪਣੀ ਕਿਤਾਬਾਂ ਵਾਲੀ ਅਲਮਾਰੀ ਵਿੱਚ ਸਜਾ ਕੇ ਵੀ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਆਪਣੇ ਬੱਚਿਆਂ, ਮਾਪਿਆਂ, ਦੋਸਤਾਂ ਅਤੇ ਗੁਆਂਢੀਆਂ ਨੂੰ ਤੋਹਫ਼ੇ ਦੇ ਤੌਰ ’ਤੇ ਵੀ ਦੇਣ ਯੋਗ ਹੈ। ਮੈਨੂੰ ਯਕੀਨਨੁਮਾ ਤੌਖ਼ਲਾ ਹੈ ਆਉਣ ਵਾਲੇ ਦਿਨਾਂ ਵਿੱਚ ਇਹ ਸਾਨੂੰ ਸਾਰਿਆਂ ਨੂੰ ਹੀ ਪੜ੍ਹਨੀ ਪਵੇਗੀ।

11107CD _11 JULY Fਵਿਰਾਟ ਕੋਹਲੀ ਦੀ ਟੀਮ ਨੂੰ ਆਸਟਰੇਲਿਆਈ ਕ੍ਰਿਕਟਰਾਂ ਨੇ ਪੁਣੇ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਤਿੰਨ ਦਿਨਾਂ ਤੋਂ ਵੀ ਘੱਟ ਸਮੇਂ ਦੇ ਅੰਦਰ ਪੂਰੀ ਤਰ੍ਹਾਂ ਧੋ ਕੇ ਰੱਖ ਦਿੱਤਾ।  ਮੈਂ ਕਿਸੇ ਦੋਸਤ ਨਾਲ ਸ਼ਰਤ ਲਾ ਕੇ ਹਾਰ ਗਿਆ ਜਿਹੜਾ ਅੜਿਆ ਹੋਇਆ ਸੀ ਕਿ ਚੌਥੀ ਪਾਰੀ ਦੌਰਾਨ ਭਾਰਤ ਡੇਢ ਸੌ ਤੋਂ ਨਹੀਂ ਟੱਪ ਸਕੇਗਾ ਜਦੋਂ ਕਿ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਕੋਹਲੀ ਦੀ ਟੀਮ ਬਿਨਾਂ ਲੜੇ ਥੱਲੇ ਨਹੀਂ ਲੱਗੇਗੀ। ਕਿੱਤਾਵਰ ਕ੍ਰਿਕਟ ਮਾਹਿਰੀਨ ਸਾਨੂੰ ਲੰਮੀਆਂ ਚੌੜੀਆਂ ਤਫਸੀਲਾਂ ਨਾਲ ਦੱਸਣਗੇ ਕਿ ਕਿਉਂ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਹਰਾਏ ਜਾਣ ਦਿੱਤਾ।
ਮੈਂ ਪੁਣੇ ਵਾਲੀ ਜ਼ਬਰਦਸਤ ਸ਼ਿਕਸਤ ਨੂੰ ਇੱਕ ਵਡੇਰੇ ਨਜ਼ਰੀਏ ਤੋਂ ਦੇਖਦਾ ਹਾਂ। ਇਸ ਨੂੰ ਇੱਕ ਚਿਤਾਵਨੀ ਸਮਝਣਾ ਚਾਹੀਦਾ ਹੈ ਕਿ ਅਸੀਂ ਖ਼ੁਦ ਹੀ ਜਾਲ ਵਿਛਾਉਣ ਅਤੇ ਖ਼ੁਦ ਹੀ ਉਸ ਵਿੱਚ ਫਸ ਜਾਣ ਦੀ ਫਿਰਾਕ ਵਿੱਚ ਰਹਿੰਦੇ ਹਾਂ। ਰਾਸ਼ਟਰ ਵਜੋਂ ਅਸੀਂ ਬਹੁਤ ਹੀ ਸ਼ੇਖ਼ੀਖ਼ੋਰ ਹੋ ਗਏ ਹਾਂ। ਖ਼ੁਦ ਨੂੰ ਸ਼ਾਬਾਸੀ ਦੇਣੀ ਕੋਈ ਮਾੜੀ ਗੱਲ ਨਹੀਂ ਪਰ ਸਾਨੂੰ ਇਸ ਨੂੰ ਆਪਣੀ ਖ਼ੁਦਨੁਮਾਈ ਦਾ ਜ਼ਰੀਆ ਨਹੀਂ ਬਣਾ ਲੈਣਾ ਚਾਹੀਦਾ। ਆਪਣੇ ਹੀ ਮੁਲਕ ਅੰਦਰ ਅਸੀਂ ਜਿਵੇਂ ਮਰਜ਼ੀ ਆਪਣੀ ਹੋਣਹਾਰਤਾ, ਇਮਾਨਦਾਰੀ ਅਤੇ ਨਵੀਨ ਸੋਚ ਦੀਆਂ ਫੜ੍ਹਾਂ ਮਾਰੀ ਜਾਈਏ ਪਰ ਬਾਹਰਲੇ ਲੋਕਾਂ ਦੀ ਕੋਈ ਵੀ ਮਜਬੂਰੀ ਨਹੀਂ ਕਿ ਉਹ ਸਾਡੀ ਸਹੂਲਤ ਦੇ ਮੁਤਾਬਕ ਆਪਣੇ ਮਿਆਰਾਂ ਵਿੱਚ ਲਚਕ ਲਿਆਉਣ। ਆਸਟ੍ਰੇਲੀਅਨ ਕਪਤਾਨ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਉਨ੍ਹਾਂ ਕੋਲ ਕੋਹਲੀ ਨਾਲ ਨਿਪਟਣ ਲਈ ਪੂਰੀ ਵਿਉਂਤਬੰਦੀ ਹੈ। ਅਤੇ, ਇਹੋ ਵਿਉਂਤਬੰਦੀ ਪੁਣੇ ਵਿੱਚ ਦਿਖਾਈ ਵੀ ਗਈ।
ਸਾਡੇ ਔਸਤ ਪੱਧਰ ਦੇ ਸਿਆਸੀ ਨੇਤਾ ਆਪਣੀਆਂ ਪ੍ਰਾਪਤੀਆਂ ਬਾਰੇ ਬੜੇ ਭਰਮ ਭੁਲੇਖੇ ਪੈਦਾ ਕਰ ਦਿੰਦੇ ਹਨ ਜਿਹੜੇ ਕੌਮਾਂਤਰੀ ਮੁਕਾਬਲੇਬਾਜ਼ੀ ਵਿੱਚ ਪਹਿਲੇ ਘੰਟੇ ਵਿੱਚ ਹੀ ਤਿੜਕ ਜਾਂਦੇ ਹਨ। ਆਪਣੇ ਦੇਸ਼ ਵਿੱਚ ਅਸੀਂ ਇੱਕ ਦੂਜੇ ਨੂੰ ਝੱਈਆਂ ਲੈ ਲੈ ਪੈੱਦੇ ਹਾਂ ਅਤੇ ਜੋ ਗੱਲ ਪਸੰਦ ਨਹੀ ਆਉਂਦੀ ਉਸ ਨੂੰ ਦਬਾਅ ਦਿੰਦੇ ਹਾਂ। ਪਰ ਦੁਨੀਆ ਚੁੱਪ ਨਹੀਂ ਰਹਿੰਦੀ ਅਤੇ ਨਾ ਹੀ ਇੱਕ ਪਾਸੇ ਥੱਪੜ ਖਾਣ ਬਾਅਦ ਦੂਜੀ ਗੱਲ੍ਹ ਅੱਗੇ ਕਰਦੀ ਹੈ। ਬਾਹਰਲਾ ਕੋਈ ਵੀ ਭਾਰਤ ਅਤੇ ਇਸ ਦੇ ਬੜਬੋਲੇ ਨੁਮਾਇੰਦਿਆਂ ਨਾਲ ਲਿਹਾਜ਼ ਕਰਨ ਲਈ ਆਪਣਾ ਦਰਜਾ ਨਹੀਂ ਨਿਵਾਉਂਦਾ।
ਕੋਹਲੀ ਨੇ ਸੰਕੇਤ ਦਿੱਤਾ ਹੈ ਕਿ ਉਹ ਅਤੇ ਉਸ ਦੇ ਸਾਥੀ ਪੁਣੇ ਦੀ ਸ਼ਿਕਸਤ ਤੋਂ ਸਬਕ ਸਿੱਖਣਗੇ। ਚਲੋ, ਦੇਖਦੇ ਹਾਂ ਕੀ ਹੁੰਦਾ ਹੈ!
ਉਦੋਂ ਤੱਕ ਕਿਉਂ ਨਾ ਆਪਾਂ ਮਿਲ ਕੇ ਕੌਫ਼ੀ ਦਾ ਆਨੰਦ ਲਈਏ!

ਈਮੇਲ: kaffeeklatsch@tribuneindia.com


Comments Off on ਉੱਦਮੀਆਂ ਵਾਲਾ ਉੱਦਮ ਨਹੀਂ ਆ ਰਿਹਾ ਨਜ਼ਰ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.