ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਕਿਵੇਂ ਕਰੀਏ ਨੁਕਤਾਚੀਨੀ ?

Posted On February - 25 - 2017

ਗੁਰਸ਼ਰਨ ਸਿੰਘ ਨਰੂਲਾ

ਆਪਣੀ ਨੁਕਤਾਚੀਨੀ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ। ਭਲਾਂ ਕਿਉਂ? ਇੱਕ ਵੱਡਾ ਕਾਰਨ ਤਾਂ ਇਹ ਹੈ ਕਿ ਇਹ ਦੋ ਵਿਅਕਤੀਆਂ ਵਿੱਚ ਦੁਫੇੜ ਪੈਦਾ ਕਰਦੀ ਹੈ। ਇਹ ਉਨ੍ਹਾਂ ਵਿੱਚ ਦੁਫੇੜ ਪੈਦਾ ਕਰਦੀ ਹੈ ਜੋ ਨੁਕਤਾਚੀਨੀ ਕਰਦਾ ਹੈ ਅਤੇ ਜਿਸ ਦੇ ਕੰਮ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਨੁਕਤਾਚੀਨੀ ਇਸ ਲਈ ਹਜ਼ਮ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਸਹਿਣ ਕਰਨ ਵਾਲੇ ਦਾ ਦਰਜਾ ਹੀਣਤਾ ਵਾਲਾ ਹੁੰਦਾ ਹੈ ਅਤੇ ਕਰਨ ਵਾਲੇ ਦਾ ਉੱਚਾ। ਕੋਈ ਵੀ ਆਪਣੇ ਆਪ ਨੂੰ ਨੀਵਾਂ ਨਹੀਂ ਦੇਖਣਾ ਚਾਹੁੰਦਾ। ਇਹ ਹਰੇਕ ਦੀ ਫਿਤਰਤ ਦਾ ਅਨਿਖੜਵਾਂ ਅੰਗ ਹੈ। ਇਸ ਨੂੰ ਅਹਿਮ ਜਾਂ ਸਵੈਮਾਣ ਕਿਹਾ ਜਾ ਸਕਦਾ ਹੈ। ਜਦੋਂ ਕਿਸੇ ਦੇ ਸਵੈਮਾਣ ਨੂੰ ਠੇਸ ਪਹੁੰਚਦੀ ਹੈ ਤਾਂ ਉਹ ਵਿਦਰੋਹ ਕਰਦਾ ਹੈ।
ਨੁਕਤਾਚੀਨੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸਿਹਤਮੰਦ ਅਤੇ ਦੂਜੀ ਨਾਕਾਰਾਤਾਮਕ। ਪਹਿਲੀ ਕਿਸਮ ਦੀ ਨੁਕਤਾਚੀਨੀ ਚੰਗੇ ਅਤੇ ਬੁੱਧੀਮਾਨ ਵਿਅਕਤੀ ਕਰਦੇ ਹਨ। ਸ਼ਾਇਦ ਉਨ੍ਹਾਂ ਦਾ ਹੱਕ ਵੀ ਬਣਦਾ ਹੈ ਕਿਉਂਕਿ ਉਨ੍ਹਾਂ ਨੂੰ ਲੰਬਾ ਤਜਰਬਾ ਹੁੰਦਾ ਹੈ। ਇਨ੍ਹਾਂ ਵਿੱਚ ਅਧਿਆਪਕ ਅਤੇ ਮਾਪਿਆਂ ਨੂੰ ਗਿਣਿਆ ਜਾ ਸਕਦਾ ਹੈ। ਨਾਕਾਰਾਤਮਕ ਨੁਕਤਾਚੀਨੀ ਘੱਟ ਗਿਆਨਵਾਨ ਮਨੁੱਖ ਕਰਦੇ ਹਨ ਜਿਨ੍ਹਾਂ ਨੂੰ ਬੱਚਿਆਂ ਅਤੇ ਮਨੁੱਖ ਦੇ ਮਨੋਵਿਗਿਆਨ ਦੀ ਸਮਝ ਨਹੀਂ ਹੁੰਦੀ। ਇੱਥੇ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਦੋਨੋਂ ਕਿਸਮ ਦੀ ਨੁਕਤਾਚੀਨੀ ਵਿੱਚ ਅੰਤਰ ਬਹੁਤ ਘੱਟ ਹੁੰਦਾ ਹੈ। ਇਹ ਫ਼ੈਸਲਾ ਕਰਨਾ ਮੁਸ਼ਕਿਲ ਹੈ ਕਿ ਕਿਹੜੀ ਨੁਕਤਾਚੀਨੀ ਵਧੀਆ ਹੈ ਤੇ ਕਿਹੜੀ ਘਟੀਆ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਨੁਕਤਾਚੀਨੀ ਕਰਦੇ ਹੀ ਕਿਉਂ ਹਾਂ। ਇੱਕ ਪਹਿਲੂ ਇਹ ਹੈ ਕਿ ਕਿਸੇ ਦੀ ਗ਼ਲਤੀ ਕੱਢ ਕੇ ਆਪਣੀ ਹਾਊਮੇ ਨੂੰ ਪੱਠੇ ਪਾਉਂਦੇ ਹਾਂ ਅਤੇ ਦੂਜੇ ਨੂੰ ਆਪਣੇ ਢੰਗ ਨਾਲ ਕੰਮ ਕਰਨ ਦਾ ਵੱਲ ਸਿਖਾਉਣਾ ਚਾਹੁੰਦੇ ਹਾਂ। ਹਰੇਕ ਨੂੰ ਆਪਣੇ ਕੰਮ ਦੀ ਵਿਧੀ ਚੰਗੀ ਲੱਗਦੀ ਹੈ, ਪਰ ਅਜਿਹੀ ਨੁਕਤਾਚੀਨੀ ਦਾ ਚੰਗਾ ਸਿੱਟਾ ਘੱਟ ਹੀ ਨਿਕਲਦਾ ਹੈ। ਆਮ ਤੌਰ ’ਤੇ ਕਈ ਲੋਕਾਂ ਦਾ ਇਹ ਸੁਭਾਅ ਹੀ ਬਣ ਜਾਂਦਾ ਹੈ ਅਤੇ ਉਹ ਹਰੇਕ ਦੇ ਕੰਮ ਵਿੱਚ ਕੋਈ ਨਾ ਕੋਈ ਨੁਕਸ ਲੱਭ ਹੀ ਲੈਂਦੇ ਹਨ। ਬਹੁਤੀ ਵਾਰ ਇਹ ਨੁਕਤਾਚੀਨੀ ਸੱਸ- ਨੂੰਹ, ਪਿਓ-ਪੁੱਤਰ ਅਤੇ ਮਾਲਕ-ਨੌਕਰ ਦਰਮਿਆਨ ਦੇਖੀ ਜਾਂਦੀ ਹੈ।
ਗੰਭੀਰ ਹੋ ਕੇ ਵਿਚਾਰ ਕੀਤਾ ਜਾਵੇ ਤਾਂ ਨੁਕਤਾਚੀਨੀ ਦਾ ਮਕਸਦ ਸੁਧਾਰ ਹੁੰਦਾ ਹੈ। ਅਸੀਂ ਬੱਚੇ, ਨੌਕਰ ਜਾਂ ਹੋਰ ਵਿਅਕਤੀ ਜਿਸ ਨਾਲ ਸਾਡਾ ਰੋਜ਼ਾਨਾ ਵਾਹ ਪੈਂਦਾ ਹੈ, ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹਾਂ। ਸੁਧਾਰ ਦਾ ਦੂਜਾ ਤਰੀਕਾ ਕਿਸੇ ਨੂੰ ਵਿਵੇਕ ਅਤੇ ਦਲੀਲ ਨਾਲ ਸਮਝਾਉਣਾ ਜਾਂ ਪੜ੍ਹਾਉਣਾ ਹੁੰਦਾ ਹੈ। ਹੁਣ ਵਿਡੰਬਨਾ ਇਹ ਹੈ ਕਿ ਕੋਈ ਮਨੁੱਖ ਪੜ੍ਹਾਇਆ ਜਾਣਾ ਪਸੰਦ ਨਹੀਂ ਕਰਦਾ। ਇਹ ਮਨੁੱਖ ਦਾ ਮਨੋਵਿਗਿਆਨ ਹੈ। ਪੜ੍ਹਾਏ ਜਾਣ ਵਿੱਚ ਉਸ ਦੇ ਸਵੈਮਾਣ ਨੂੰ ਸੱਟ ਲੱਗਦੀ ਹੈ।
ਇਸ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਨਿਜੱਠੋਗੇ। ਇੱਕ ਘਰ ਵਿੱਚ ਕੰਮ ਕਰਨ ਵਾਲੀ ਨੇ ਝਾੜੂ ਲਾਉਂਦਿਆਂ ਜ਼ਮੀਨ ਉੱਤੇ ਪਿਆ ਕੱਚ ਦਾ ਗਿਲਾਸ ਤੋੜ ਦਿੱਤਾ ਹੈ। ਮਾਲਕਣ ਗੁੱਸੇ ਵਿੱਚ ਚੀਕ ਕੇ ਕਹਿੰਦੀ ਹੈ ‘ਤੂੰ ਅੰਨ੍ਹੀ ਹੈਂ? ਤੈਨੂੰ ਦਿਸਦਾ ਨਹੀਂ ਸੀ। ਤੈਨੂੰ ਪਤਾ ਹੈ ਅੱਜਕੱਲ੍ਹ ਕੱਚ ਦਾ ਸਾਮਾਨ ਕਿੰਨਾ ਮਹਿੰਗਾ ਆਉਂਦਾ ਹੈ। ਤੂੰ ਪਹਿਲਾਂ ਵੀ…..।’ ਨੌਕਰਾਣੀ ਸਹਿਣ ਨਹੀਂ ਕਰਦੀ ਅਤੇ ਕਹਿੰਦੀ ਹੈ, ‘ਮੈਂ ਇਸ ਦੀ ਕੀਮਤ ਭਰ ਦਿਆਂਗੀ ਅਤੇ ਇਹ ਮੇਰੀ ਤਨਖਾਹ ਵਿੱਚੋਂ ਕੱਟ ਲੈਣਾ। ਮੈਂ ਕੱਲ੍ਹ ਤੋਂ ਤੁਹਾਡਾ ਕੰਮ ਨਹੀਂ ਕਰਾਂਗੀ।’ ਇੱਥੇ ਦੋਨੋਂ ਧਿਰਾਂ ਦੀ ਗੱਲਬਾਤ ਗੁੱਸੇ ਜਾਂ ਅਵੇਸ਼ ਵਿੱਚ ਆ ਕੇ ਕੀਤੀ ਗਈ ਹੈ। ਜਿਸ ਵਿੱਚ ਕੋਈ ਤਰਕ ਨਹੀਂ।
ਨਿਰੋਲ ਨੁਕਤਾਚੀਨੀ ਮੁਕਤ ਮਾਹੌਲ ਪੈਦਾ ਕਰਨਾ ਸ਼ਾਇਦ ਨਾਮੁਮਕਿਨ ਹੈ, ਪਰ ਕੁਝ ਕੁ ਸੁਝਾਵਾਂ ’ਤੇ ਅਮਲ ਕਰਕੇ ਥੋੜ੍ਹਾ ਸੁਧਾਰ ਕੀਤਾ ਜਾ ਸਕਦਾ ਹੈ। ਆਪਣੇ ਨੌਕਰ ਅਤੇ ਬੱਚਿਆਂ ਨੂੰ ਆਪਣੇ ਤੋਂ ਵੱਖਰੇ ਜਾਂ ਬਿਗਾਨੇ ਨਾ ਸਮਝਿਆ ਜਾਵੇ। ਉਨ੍ਹਾਂ ਦੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਜਾਵੇ। ਉਨ੍ਹਾਂ ਦੇ ਸਵੈਮਾਣ ਨੂੰ ਜਾਗਦਾ ਰੱਖਿਆ ਜਾਵੇ। ਇਸ ਤਰ੍ਹਾਂ ਉਨ੍ਹਾਂ ਨੂੰ ਤੁਹਾਡੀ ਛੋਟੀ ਮੋਟੀ ਨੁਕਤਾਚੀਨੀ ਚੁੱਭੇਗੀ ਨਹੀਂ। ਉਨ੍ਹਾਂ ਪ੍ਰਤੀ ਨਫ਼ਰਤ ਤਾਂ ਕਦੇ ਵੀ ਨਾ ਉਪਜਣ ਦਿੱਤੀ ਜਾਵੇ। ਆਪਣੀ ਗੱਲਬਾਤ ਵਿੱਚ ਮਿਠਾਸ ਪੈਦਾ ਕੀਤੀ ਜਾਵੇ। ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਪਿਆਰ ਪੈਦਾ ਹੋਵੇ, ਨਫ਼ਰਤ ਨਹੀਂ। ਗੱਲਬਾਤ ਸੁਝਾਅ ਦੇ ਢੰਗ ਦੀ ਹੋਵੇ। ਬਜਾਏ ‘ਤੂੰ ਇੰਜ ਕਰ’ ਕਹਿਣ ਦੇ ਜੇ ਅਸੀਂ ‘ਜੇ ਇੰਜ ਕਰੀਏ ਤਾਂ ਕਿਵੇਂ ਲੱਗੇਗਾ।’ ਕਹਿ ਦਈਏ ਤਾਂ ਉਸ ਨੂੰ ਹੁਲਾਰਾ ਮਿਲੇਗਾ ਅਤੇ ਤੁਹਾਨੂੰ ਚੰਗਾ ਹੁੰਗਾਰਾ। ਜੇ ਕਿਸੇ ਨੇ ਕੋਈ ਗ਼ਲਤੀ ਜਾਂ ਨੁਕਸਾਨ ਕੀਤਾ ਹੈ ਤਾਂ ਜਿੱਥੋਂ ਤਕ ਹੋ ਸਕੇ ਉਸ ਨੂੰ ਉਸੇ ਵਕਤ ਨਾ ਜਤਾਇਆ ਜਾਵੇ। ਥੋੜ੍ਹਾ ਸਬਰ ਰੱਖ ਲਿਆ ਜਾਵੇ। ਇਵੇਂ ਗ਼ਲਤੀ ਕਰਨ ਵਾਲੇ ਨੂੰ ਸਵੈ ਪੜਚੋਲ ਰਾਹੀਂ ਆਪਣੀ ਗ਼ਲਤੀ ਦਾ ਅਹਿਸਾਸ ਹੋ ਜਾਵੇਗਾ ਅਤੇ ਉਹ ਅੱਗੇ ਤੋਂ ਚੌਕਸ ਰਹੇਗਾ। ਜੇ ਲੋੜ ਪਵੇ ਤਾਂ ਕਿਸੇ ਚੰਗੇ ਮਾਹੌਲ ਵਿੱਚ ਉਸ ਦਾ ਸੁਧਾਰਮਈ ਤਰੀਕੇ ਨਾਲ ਜ਼ਿਕਰ ਵੀ ਕੀਤਾ ਜਾ ਸਕਦਾ ਹੈ।

ਸੰਪਰਕ: 93165-44777


Comments Off on ਕਿਵੇਂ ਕਰੀਏ ਨੁਕਤਾਚੀਨੀ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.