ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

Posted On February - 17 - 2017

ਮਮਤਾ ਪਾਠਕ*
11702cd _Ladyfinger_vegetableਭਿੰਡੀ ਬਹਾਰ ਰੁੱਤ ਦੀ ਇੱਕ ਮਹੱਤਵਪੂਰਨ ਸਬਜ਼ੀ ਹੈ। ਇਸ ਵਿੱਚ ਕਈ ਖ਼ੁਰਾਕੀ ਤੱਤ ਜਿਵੇਂ ਕਿ ਖਣਿਜ ਪਦਾਰਥ ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਰੁੱਤ ਵਿੱਚ ਪੀਲੀਏ ਰੋਗ ਦਾ ਹਮਲਾ ਘੱਟ ਹੋਣ ਕਰਕੇ ਵੱਧ ਮੁਨਾਫ਼ੀ ਕਮਾਇਆ ਜਾ ਸਕਦਾ ਹੈ। ਇਸ ਫ਼ਸਲ ਦੀ ਕਾਸ਼ਤ ਲਈ ਕੁਝ ਨੁਕਤੇ ਹੇਠਾਂ ਦਿੱਤੇ ਗਏ ਹਨ:
ਉੱਨਤ ਕਿਸਮਾਂ-
ਪੰਜਾਬ-8: ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਤਣੇ ਉੱਤੇ ਜਾਮਨੀ ਰੰਗ ਦੇ ਡੱਬ ਹੁੰਦੇ ਹਨ। ਇਸ ਦੇ ਫਲ ਪਤਲੇ, ਲੰਮੇ, ਗੂੜੇ ਹਰੇ ਰੰਗ ਦੇ ਅਤੇ ਪੰਜ ਨੁੱਕਰਾਂ ਵਾਲੇ ਹੁੰਦੇ ਹਨ। ਇਸ ਕਿਸਮ ਵਿੱਚ ਪੀਲੀਏ ਰੋਗ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ। ਇਹ ਕਿਸਮ ਫਲ ਛੇਦਕ ਸੁੰਡੀ ਦੇ ਹਮਲੇ ਨੂੰ ਕੁਝ ਹੱਦ ਤਕ ਸਹਾਰ ਸਕਦੀ ਹੈ। ਇਸ ਦਾ ਔਸਤ ਝਾੜ 55 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਪਦਮਨੀ: ਇਸ ਦੇ ਫਲ ਤੇਜ਼ੀ ਨਾਲ ਵਧਣ ਵਾਲੇ, ਗੂੜੇ ਹਰੇ, ਪਤਲੇ ਲੰਮੇ ਪੰਜ ਧਾਰੀਆਂ ਵਾਲੇ ਹੁੰਦੇ ਹਨ, ਜੋ ਕਿ ਜ਼ਿਆਦਾ ਦੇਰ ਤਕ ਨਰਮ ਰਹਿੰਦੇ ਹਨ। ਇਸ ਕਿਸਮ ਨੂੰ ਪੀਲੀਏ ਦੀ ਬਿਮਾਰੀ ਘਟ ਲਗਦੀ ਹੈ। ਇਸ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ-7: ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਤਣੇ ’ਤੇ ਜਾਮਨੀ ਰੰਗ ਦੇ ਡੱਬ ਹੁੰਦੇ ਹਨ। ਪੱਤਿਆਂ, ਤਣੇ ਅਤੇ ਡੰਡੀ ਉੱਤੇ ਲੂੰ ਹੁੰਦੇ ਹਨ। ਇਸ ਕਿਸਮ ਦੇ ਫਲ ਦਰਮਿਆਨੇ ਲੰਬੇ ਹਰੇ, ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਫਲ ਦੀ ਨੋਕ ਖੁੰਢੀ ਹੁੰਦੀ ਹੈ। ਇਸ ਕਿਸਮ ਵਿੱਚ ਪੀਲੀਏ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ। ਇਸ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦਾ ਸਮਾਂ ਅਤੇ ਢੰਗ: ਬਹਾਰ ਰੁੱਤ ਵਿੱਚ ਭਿੰਡੀ ਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਵੱਟਾਂ ਉੱਪਰ ਕਰਨੀ ਚਾਹੀਦੀ ਹੈ। ਪੰਦਰਾਂ ਤੋਂ ਅਠਾਰਾਂ ਕਿਲੋ ਬੀਜ ਪ੍ਰਤੀ ਏਕੜ ਅੱਧ ਫਰਵਰੀ ਦੀ ਬਿਜਾਈ ਵਾਸਤੇ, 8-10 ਕਿਲੋ ਬੀਜ ਮਾਰਚ ਦੀ ਬਿਜਾਈ ਵਾਸਤੇ ਕਾਫ਼ੀ ਹੈ। ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜੇ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਲਈ ਪਾਣੀ ਵਿੱਚ ਭਿਉਂ ਲਿਆ ਜਾਵੇ ਤਾਂ ਬੀਜ ਅਗੇਤਾ ਅਤੇ ਇੱਕ ਸਾਰ ਉੱਗਦਾ ਹੈ।
ਖਾਦਾਂ ਦੀ ਵਰਤੋਂ: ਬਿਜਾਈ ਤੋਂ ਪਹਿਲਾਂ ਖੇਤ ਦੀ ਮਿੱਟੀ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ। ਦਰਮਿਆਨੀਆਂ ਜ਼ਮੀਨਾਂ ਲਈ ਖੇਤ ਦੀ ਤਿਆਰੀ ਵੇਲੇ 15-20 ਟਨ ਗਲੀ-ਸੜੀ ਰੂੜੀ ਪਾ ਕੇ ਚੰਗੀ ਤਰ੍ਹਾਂ ਵਾਹ ਲੈਣਾ ਚਾਹੀਦਾ ਹੈ। ਜ਼ਿਆਦਾ ਝਾੜ ਲੈਣ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਜ਼ਰੂਰੀ ਹੈ। ਭਿੰਡੀ ਨੂੰ ਸਿਰਫ਼ ਨਾਈਟ੍ਰੋਜਨ ਖਾਦਾਂ ਪਾਉਣ ਦੀ ਹੀ ਸਿਫ਼ਾਰਸ਼ ਕੀਤੀ ਗਈ ਹੈ। ਭਰਪੂਰ ਫ਼ਸਲ ਲਈ 36 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ ਆਮ ਜ਼ਮੀਨਾਂ ਵਾਸਤੇ ਸਿਫ਼ਾਰਸ਼ ਕੀਤੀ ਜਾਂਦੀ ਹੈ। ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾਓ।
ਨਦੀਨਾਂ ਦੀ ਰੋਕਥਾਮ: ਨਦੀਨ  ਫ਼ਸਲ ਦਾ ਕਾਫ਼ੀ ਨੁਕਸਾਨ ਕਰਦੇ ਹਨ। ਭਿੰਡੀ ਦਾ ਚੰਗਾ ਝਾੜ ਲੈਣ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਬੀਜ ਉੱਗਣ ਤੋਂ 2 ਹਫ਼ਤੇ ਬਾਅਦ ਕਰੋ। ਇਸ ਪਿੱਛੋਂ ਗੋਡੀਆਂ ਪੰਦਰਾਂ-ਪੰਦਰਾਂ ਦਿਨਾਂ ਬਾਅਦ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਵਾਸਤੇ ਦਵਾਈਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਫ਼ਸਲ ਬੀਜਣ ਤੋਂ 4 ਦਿਨ ਪਹਿਲਾਂ 800 ਮਿਲੀਮੀਟਰ ਤੋਂ ਇੱਕ ਲਿਟਰ ਬਾਸਾਲਿਨ 45 ਈ.ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਅਤੇ ਇਸ ਪਿੱਛੋਂ ਖੇਤ ਵਿੱਚ ਹੈਰੋ ਜ਼ਰੂਰ ਫੇਰੋ। ਜੇ ਉੱਪਰ ਦੱਸੀ ਦਵਾਈ ਨਾ ਮਿਲੇ ਤਾਂ 2 ਲਿਟਰ ਲਾਸੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਇੱਕ ਦਿਨ ਬਾਅਦ ਛਿੜਕੋ। ਦਵਾਈ ਨੂੰ 200-225 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਸਪਰੇਅ ਕਰੋ। ਜੇ ਇਸ ਪਿੱਛੋਂ ਖੇਤ ਵਿੱਚ ਕਾਫ਼ੀ ਨਦੀਨ ਜਾਪਣ ਤਾਂ ਬਿਜਾਈ ਤੋਂ 60 ਦਿਨਾਂ ਬਾਅਦ ਇੱਕ ਗੋਡੀ ਕਰੋ। ਸਟੌਂਪ 30 ਈ.ਸੀ. ਇੱਕ ਲਿਟਰ ਪ੍ਰਤੀ ਏਕੜ ਜਾਂ 750 ਮਿਲੀਲਿਟਰ ਪ੍ਰਤੀ ਏਕੜ ਅਤੇ ਇੱਕ ਗੋਡੀ ਨਦੀਨਾਂ ਦੀ ਰੋਕਥਾਮ ਕਰਨ ਵਿੱਚ ਬਰਾਬਰ ਕਾਮਯਾਬ ਹਨ। ਇਸ ਤੋਂ ਇਲਾਵਾ ਲਾਸੋ 50 ਈ.ਸੀ. 2 ਲਿਟਰ ਪ੍ਰਤੀ ਏਕੜ ਬਿਜਾਈ ਤੋਂ ਇੱਕ ਦਿਨ ਬਾਅਦ ਵਰਤੀ ਜਾ ਸਕਦੀ ਹੈ।
ਪਾਣੀ: ਬਿਜਾਈ ਠੀਕ ਵੱਤਰ ਵਾਲੀ ਜ਼ਮੀਨ ਵਿੱਚ ਕਰੋ। ਗਰਮੀਆਂ ਵਿੱਚ ਪਹਿਲਾ ਪਾਣੀ 4-5 ਦਿਨਾਂ ਬਾਅਦ ਅਤੇ ਫਿਰ 6-7 ਦਿਨ ਦੇ ਵਕਫ਼ੇ ਉੱਤੇ ਲਾਓ। ਕੁੱਲ 10-12 ਪਾਣੀਆਂ ਦੀ ਲੋੜ ਹੈ।
ਤੁੜਾਈ: ਕਿਸਮ ਅਤੇ ਮੌਸਮ ਮੁਤਾਬਿਕ ਫ਼ਸਲ 45-50 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਜਾਂਦੀ ਹੈ। ਛੋਟੀ ਤੇ ਨਰਮ ਭਿੰਡੀ ਵੱਡੀ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਵਿਕਦੀ ਹੈ। ਇਸ ਲਈ ਜਦੋਂ ਭਿੰਡੀ ਤਕਰੀਬਨ ਦਸ ਸੈਂਟੀਮੀਟਰ ਲੰਬੀ ਹੋਵੇ ਤਾਂ ਤੋੜ ਲੈਣੀ ਚਾਹੀਦੀ ਹੈ। ਆਮ ਤੌਰ ’ਤੇ 10-12 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ।
*ਸਬਜ਼ੀ ਵਿਭਾਗ, ਪੀਏਯੂ,  ਲੁਧਿਆਣਾ।


Comments Off on ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.