ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕੀ ਪੰਜਾਬ ਵਿੱਚ ਖੱਬੇ ਮੋਰਚੇ ਦੀ ਸੁਰਜੀਤੀ ਸੰਭਵ ਹੈ?

Posted On February - 20 - 2017

ਕੇ. ਐਸ. ਚਾਵਲਾ

ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ

ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ

ਕੀ ਪੰਜਾਬ ਵਿੱਚ ਖੱਬਾ ਮੋਰਚਾ ‘ਹਾਸ਼ੀਏ’ ’ਤੇ ਚਲਿਆ ਗਿਆ ਹੈ? ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਵਿੱਚ ਖੱਬੇ-ਪੱਖੀਆਂ ਦੀ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਕੋਈ ਮੌਜੂਦਗੀ ਨਹੀਂ ਰਹੀ। ਚਾਰ ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਖੱਬੀਆਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖੱਬਾ ਮੋਰਚਾ ਬਹੁਤ ਜਲਦ ‘ਮੁੜ ਪੈਰਾਂ ਸਿਰ’ ਹੋਵੇਗਾ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹ ਦਾਅਵਾ ਕਰਦੇ ਹਨ ਕਿ ਦਿਹਾਤੀ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦੇ ਗੁੱਸੇ ਨੇ ਉਨ੍ਹਾਂ ਦੀ ਵਾਪਸੀ ਦਾ ਰਾਹ ਖੋਲ੍ਹਿਆ ਹੈ। ਪਰ ਉਹ ਮੰਨਦੇ ਹਨ ਕਿ ਪਿਛਲੇ ਸਮੇਂ ਵਿੱਚ ਖੱਬੀਆਂ ਪਾਰਟੀਆਂ ਦੇ ਆਪਸੀ ਮਤਭੇਦ ਅਤੇ ਅਕਾਲੀ ਦਲ ਵੱਲੋਂ ਨੌਜਵਾਨਾਂ ਨੂੰ ਦਿੱਤੇ ‘ਲਾਲਚਾਂ’ ਕਾਰਨ ਖੱਬੇ ਪੱਖੀ ਲਹਿਰ ਲੀਹੋਂ ਲੱਥ ਗਈ, ਜਿਸ ਨੂੰ ਲੀਹ ’ਤੇ ਲਿਆਉਣਾ ਹੁਣ ਔਖਾ ਕੰਮ ਹੈ।
1960-70ਵਿਆਂ ਵਿੱਚ ਖੱਬੇ- ਪੱਖੀਆਂ ਦੇ ਉੱਭਰ ਦੇ ਦਿਨਾਂ ਨੂੰ ਇਸ ਲੇਖਕ ਨੇ ਦੇਖਿਆ ਹੈ। ਉਨ੍ਹਾਂ ਦਿਨਾਂ ਵਿੱਚ ਖੱਬੇ-ਪੱਖੀ ਲਹਿਰ ਬਹੁਤ ਮਜ਼ਬੂਤ ਸੀ। ਖ਼ਾਸ ਕਰਕੇ ਨੌਜਵਾਨਾਂ ਤੇ ਵਿਦਿਆਰਥੀਆਂ ਅਤੇ ਪੇਂਡੂ ਤਬਕੇ ਦੀ ਕਿਰਸਾਨੀ ਵਿੱਚ ਖੱਬੇ-ਪੱਖੀਆਂ ਵਿੱਚ ਖਾਸਾ ਆਧਾਰ ਸੀ। ਅਕਤੂਬਰ, 1972 ਵਿੱਚ ਪੰਜਾਬ ਨੇ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀਆਂ ਦੀ ਤਾਕਤ ਦੇ ਨਮੂਨੇ ਦੇਖੇ ਸਨ। ਇਸ ਮਹੀਨੇ ਮੋਗਾ ਦੇ ਇੱਕ ਸਿਨਮਾਘਰ ਵਿੱਚ ਵਿਦਿਆਰਥੀਆਂ ਤੇ ਪੁਲੀਸ ਵਿਚਾਲੇ ਲੜਾਈ ਹੋਈ। ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੰਜ ਵਿਦਿਆਰਥੀ ਮਰ ਗਏੇ। ਉਦੋਂ ਪੰਜਾਬ  ਸਟੂਡੈਂਟਸ ਯੂਨੀਅਨ (ਪੀਐਸਯੂ) ‘ਨਕਸਲਵਾਦੀਆਂ’ ਦੇ ਪ੍ਰਭਾਵ ਹੇਠ ਹੁੰਦੀ ਸੀ। ਫਿਰ ਪੂਰੇ ਤਿੰਨ ਦਿਨ ਪੰਜਾਬ ਵਿੱਚ ਵਿਦਿਆਰਥੀਆਂ ਦਾ ‘ਰਾਜ’ ਰਿਹਾ ਅਤੇ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸਥਿਤੀ ’ਤੇ ਕਾਬੂ ਪਾਉਣ ਵਿੱਚ ਅਸਫਲ ਜਾਪੀ। ਉਦੋਂ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਨੂੰ ਬਣਿਆ ਮਸਾਂ ਛੇ ਮਹੀਨੇ ਹੋਏ ਸਨ। ਵਿਦਿਆਰਥੀਆਂ ਦੇ ਇਸ ਸੰਘਰਸ਼ ਵਿੱਚ ਹੋਰ ਖੱਬੇ-ਪੱਖੀ ਸੰਗਠਨ ਜਿਵੇਂ ਕਿ ਐਸਐਫਆਈ (ਸੀਪੀਐਮ) ਅਤੇ ਏਆਈਐਸਐਫ (ਸੀਪੀਆਈ) ਵੀ ਆ  ਸ਼ਾਮਲ ਹੋਏ। ਵਿਦਿਆਰਥੀਆਂ ਦਾ ਇਹ ਸੰਘਰਸ਼ ਸੂਬੇ ਦੇ ਵੱਡੀ ਗਿਣਤੀ ਵਿੱਦਿਅਕ ਅਦਾਰਿਆਂ ਵਿੱਚ ਉਦੋਂ ਤਕ ਜਾਰੀ ਰਿਹਾ ਜਦੋਂ ਤਕ ਪੀਐਸਯੂ ਆਗੂ ਪ੍ਰਿਥੀਪਾਲ ਰੰਧਾਵਾ ਪੀਏਯੂ ਵਿੱਚ ਆਪਣੇ ਰਾਜਸੀ ਵਿਰੋਧੀਆਂ ਦੇ ਹਮਲੇ ਦਾ ਸ਼ਿਕਾਰ ਹੋਣ ਕਾਰਨ ਜਾਨ ਨਹੀਂ ਗੁਆ ਬੈਠਾ। ਇਸ ਘਟਨਾ ਤੋਂ ਬਾਅਦ ਮੋਗੇ ਦਾ ਰੀਗਲ ਸਿਨਮਾ ਅੱਜ ਤਕ ਨਹੀਂ ਖੁੱਲ੍ਹਿਆ।
ਦੂਜੇ ਪਾਸੇ ਪੰਜਾਬ ਵਿੱਚ ਨਕਸਲਵਾਦੀ  ਲਹਿਰ ਦੀਆਂ ਗਤੀਵਿਧੀਆਂ ਸਾਲ 1966-67 ਤੋਂ 1970 ਤਕ ਇਕਦਮ ਵਧ ਗਈਆਂ। 1970 ਵਿੱਚ ਸੂਬੇ ਵਿੱਚੋਂ ਨਕਸਲਵਾਦੀ ਲਹਿਰ ਦੇ ਮੋਢੀ ਬੂਝਾ ਸਿੰਘ ਨੂੰ ਜਲੰਧਰ ਪੁਲੀਸ ਨੇ ਇੱਕ ਮੁਕਾਬਲੇ ਵਿੱਚ ਮਾਰ ਮੁਕਾਇਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨਕਸਲਵਾਦੀ ਪੁਲੀਸ ਵੱਲੋਂ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ। ਜਸਟਿਸ ਗੁਰਨਾਮ ਸਿੰਘ ਦੀ ਮੁੱਖ ਮੰਤਰੀ ਵਜੋਂ ‘ਰੁਖ਼ਸਤਗੀ’ ਤੋਂ ਬਾਅਦ ਉਸ ਸਮੇਂ ਪੰਜਾਬ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ। ਉਸ ਵੇਲੇ ਮਾਲਵਾ ਖਿੱਤੇ ਵਿੱਚ ਖ਼ਾਸ ਕਰਕੇ ਸੰਗਰੂਰ, ਮਾਨਸਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਨਕਸਲਵਾਦੀਆਂ ’ਤੇ ਪੁਲੀਸ ਦਾ ਅੱਤਿਆਚਾਰ ਬਹੁਤ ਵਧ ਗਿਆ ਸੀ। ਉਸ ਸਮੇਂ ਪੰਜਾਬ ਪੁਲੀਸ ਦੇ ਮੁਖੀ ਆਈ. ਜੀ. ਅਸ਼ਵਨੀ ਕੁਮਾਰ ਨੇ ਅਗਵਾਈ ਕੀਤੀ ਸੀ ਕਿਉਂਕਿ ਕਾਂਗਰਸ ਪਾਰਟੀ ਦੀ ਹਾਲਤ ਉਦੋਂ ਬਹੁਤ ਪਤਲੀ ਹੁੰਦੀ ਜਾ ਰਹੀ ਸੀ।  ਇਸ ਲਈ 1967 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਪਹਿਲੀ ਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਤੇ ਅਕਾਲੀ ਦਲ ਦੇ ਆਗੂ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਗ਼ੈਰ-ਕਾਂਗਰਸ ਸਰਕਾਰ ਬਣੀ। ਇਸ ਗ਼ੈਰ-ਕਾਂਗਰਸ ਸਰਕਾਰ ਵਿੱਚ ਅਕਾਲੀ ਦਲ, ਸੀਪੀਆਈ ਤੇ ਸੀਪੀਐੱਮ, ਜਨਸੰਘ, ਸੋਸ਼ਲਿਸਟ ਪਾਰਟੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ (ਆਰਪੀਆਈ) ਨੇ ਭਾਗੀਦਾਰੀ ਕੀਤੀ। ਅੰਮ੍ਰਿਤਸਰ ਟਰੇਡ ਯੂਨੀਅਨ ਦੇ  ਉੱਘੇ ਆਗੂ ਕਮਾਰੇਡ ਸਤਪਾਲ ਡਾਂਗ ਅਤੇ ਜਨਸੰਘ ਦੇ ਡਾ. ਬਲਦੇਵ ਪ੍ਰਕਾਸ਼ ਨੂੰ ਵਜ਼ੀਰ ਬਣਾਇਆ ਗਿਆ। ਉਦੋਂ ਖੱਬੇ-ਪੱਖੀ ਪਾਰਟੀਆਂ ਦੀ ਤਾਕਤ ‘ਫ਼ੈਸਲਾਕੁਨ’ ਸੀ ਅਤੇ ਕਿਸੇ ਵੀ ਸਿਆਸੀ ਆਗੂ ਨੇ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ।
ਸਾਲ 1980 ਵਿੱਚ ਪੰਜਾਬ ਵਿੱਚ ਅਤਿਵਾਦ ਦੇ ਉੱਭਾਰ ਨਾਲ ਖੱਬੇ-ਪੱਖੀ ਲਹਿਰ ਨੂੰ ਕਾਫ਼ੀ ਨੁਕਸਾਨ ਸਹਿਣਾ ਪਿਆ। ਇਨ੍ਹਾਂ ਪਾਰਟੀਆਂ ਦੇ ਵੱਡੀ ਗਿਣਤੀ ’ਚ ਆਗੂਆਂ ਤੇ ਵਰਕਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੇ ਬਾਵਜੂਦ ਖੱਬੀਆਂ ਪਾਰਟੀਆਂ ਨੇ ਅਤਿਵਾਦ ਖ਼ਿਲਾਫ਼ ਦਲੇਰਾਨਾ ਲੜਾਈ ਲੜੀ। ਦੂਜੇ ਪਾਸੇ ਹੋਰ ਪਾਰਟੀਆਂ ਅਤਿਵਾਦ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੋਂ ਡਰਦੀਆਂ ਰਹੀਆਂ।
ਪੰਜਾਬ ਵਿੱਚ ਖੱਬੇ-ਪੱਖੀ ਲਹਿਰ ਉਦੋਂ ‘ਲੜਖੜਾ’ ਗਈ ਜਦੋਂ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਜਾਂ ਸੀਪੀਐਮ ਦੇ ਆਗੂਆਂ ਵਿੱਚ ਆਪਸੀ ਮਤਭੇਦ ਪੈਦਾ ਹੋ ਗਏ ਅਤੇ ਕਈਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਹਰਕਿਸ਼ਨ ਸਿੰਘ ਸੁਰਜੀਤ ਹੋਰਨਾਂ ਆਗੂਆਂ ਨਾਲੋਂ ਵਿਚਾਰਧਾਰਕ ਮਤਭੇਦਾਂ ਕਾਰਨ ਪਾਰਟੀ ਤੋਂ ਕਿਨਾਰਾ ਕਰ ਗਿਆ ਜੋ ਕਿ ਬਾਅਦ ਵਿੱਚ ਸੀਪੀਐੱਮ ਦਾ ਜਨਰਲ ਸਕੱਤਰ ਵੀ ਬਣਿਆ। ਇੱਥੇ ਦੱਸਣਾ ਬਣਦਾ ਹੈ ਕਿ ਕਿਸੇ ਵੇਲੇ ਹਰਕਿਸ਼ਨ ਸਿੰਘ ਸੁਰਜੀਤ ਅਕਾਲੀ ਦਲ ਦੇ ਬਹੁਤ ਨੇੜੇ ਸੀ ਅਤੇ ਉਸ ਨੂੰ ਅਕਾਲੀ ਦਲ ਦੇ ਬੁੱਧੀਮਾਨ ਸਲਾਹਕਾਰ ਵਜੋਂ ਜਾਣਿਆ ਜਾਂਦਾ ਸੀ। ਇਹ ਹਰਕਿਸ਼ਨ ਸਿੰਘ ਸੁਰਜੀਤ ਹੀ ਸੀ ਜਿਸ ਨੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਤਰਮੀਮ ਕਰਵਾਈ।
ਪੰਜਾਬ ਵਿੱਚ ਅਕਾਲੀ ਦਲ-ਭਾਜਪਾ ਗੱਠਜੋੜ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਨੌਜਵਾਨ ਵਰਗ ਸਰਕਾਰ ਵਿੱਚ ਅਹੁਦੇਦਾਰੀਆਂ ਮਿਲਣ ਕਾਰਨ ਖੱਬੀਆਂ ਪਾਰਟੀਆਂ ਤੋਂ ਦੂਰ ਹੋ ਗਿਆ। ਉਂਜ ਵੀ ਅਕਾਲੀ ਦਲ ਦਾ ਯੂਥ ਵਿੰਗ ਵੀ ਚੋਖਾ ਮਜ਼ਬੂਤ ਰਿਹਾ, ਪਰ ਯੂਥ ਵਿੰਗ ਦੇ ਆਗੂਆਂ ਦੀਆਂ ਕਥਿਤ ‘ਗ਼ੈਰਕਾਨੂੰਨੀ’ ਗਤੀਵਿਧੀਆਂ ਨੇ ਇੱਕ ਵਾਰ ਫਿਰ ਨੌਜਵਾਨਾਂ ਨੂੰ ਆਪਣੇ ਭਵਿੱਖ ਲਈ ‘ਫ਼ਿਕਰਮੰਦ’ ਕਰ ਦਿੱਤਾ।
ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਲਈ ਬਹੁਤ ਕੰਮ ਕੀਤਾ ਕਿਉਂਕਿ ਇਨ੍ਹਾਂ ਨੂੰ ਉਮੀਦ ਹੈ ਕਿ ‘ਆਪ’ ਇਨ੍ਹਾਂ ਨੂੰ ਰੁਜ਼ਗਾਰ ਦੇਵੇਗੀ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਬਹਾਲ ਹੋਵੇਗੀ। ਇਸੇ ਦੌਰਾਨ ਖੱਬੇ- ਪੱਖੀ ਧੜੇ ਵੀ ਪੰਜਾਬ ਦੀ ਵਿਆਪਕ ਹਾਲਤ ਸੁਧਾਰਨ ਸਮੇਤ ਪੇਂਡੂ ਖੇਤਰਾਂ ਦਲਿਤਾਂ ਤੇ ਮਜ਼ਦੂਰਾਂ ਵਿੱਚ ਆਪਣਾ ਪਹਿਲਾਂ ਵਾਲਾ ਆਧਾਰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਵਿੱਚ ਹਨ।

ਕੇ.ਐੱਸ. ਚਾਵਲਾ*

ਕੇ.ਐੱਸ. ਚਾਵਲਾ

ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਦਾ ਕਹਿਣਾ ਹੈ ਕਿ ਖੱਬੇ ਮੋਰਚੇ ਨੇ ਚਾਰ ਗਰੁੱਪਾਂ ਨਾਲ ਰਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 52 ਉਮੀਦਵਾਰ ਖੜ੍ਹੇ ਕੀਤੇ। ਇਨ੍ਹਾਂ ਧੜਿਆਂ ਵਿੱਚ ਸੀ.ਪੀ.ਐੱਮ.ਐੱਲ. (ਲਿਬਰੇਸ਼ਨ), ਸੀ.ਪੀ.ਐੱਮ., ਸੀ.ਪੀ.ਆਈ. ਅਤੇ ਆਰ.ਐੱਮ.ਪੀ.ਆਈ. ਆਦਿ ਸ਼ਾਮਲ ਹਨ। ਇਨ੍ਹਾਂ 52 ਉਮੀਦਵਾਰਾਂ ਨੂੰ ਲੋਕਾਂ ਕੋਲੋਂ ਸਹਿਯੋਗ ਮਿਲਿਆ। ਪਾਸਲਾ ਅਨੁਸਾਰ ਪੰਜਾਬ ਵਿੱਚ ਖੱਬਾ ਮੋਰਚਾ ਬਹੁਤ ਜਲਦ ਮਹੱਤਵਪੂਰਨ ਮੁੱਦੇ ਲੈ ਕੇ ਆਵੇਗਾ ਜੋ ਨੌਜਵਾਨ ਵਰਗ ਅਤੇ ਦਲਿਤਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ।
ਸੰਪਰਕ: 99886-44244


Comments Off on ਕੀ ਪੰਜਾਬ ਵਿੱਚ ਖੱਬੇ ਮੋਰਚੇ ਦੀ ਸੁਰਜੀਤੀ ਸੰਭਵ ਹੈ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.