ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਕੈਦੀ ਨੰਬਰ 9234 ਨਾਲ ਜੁੜੇ ਸਿਆਸੀ ਤੇ ਜਮਹੂਰੀ ਸਬਕ

Posted On February - 17 - 2017

17 feb 2017ਤਾਮਿਲ ਨਾਡੂ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਨਵੇਂ ਮੁੱਖ ਮੰਤਰੀ ਦਾ ਨਾਮ ਵੀ. ਕੇ. ਸ਼ਸ਼ੀਕਲਾ ਨਹੀਂ ਹੈ। ਭਾਵੇਂ ਇਹ ਨਵਾਂ ਚਿਹਰਾ ਏਡਾਪੜੀ ਕੇ. ਪਲਾਨੀਸਵਾਮੀ ਹੋਰ ਕੋਈ ਨਹੀਂ, ਸ਼ਸ਼ੀਕਲਾ ਦਾ ਹੀ ਕਰੀਬੀ ਹੈ, ਫਿਰ ਵੀ ਭਾਰਤੀ ਲੋਕਤੰਤਰ ਨੂੰ ਇਸ ਜਮਹੂਰੀ ਚੋਣ ’ਤੇ ਕੁਝ ਜਸ਼ਨ ਜ਼ਰੂਰ ਮਨਾਉਣੇ ਚਾਹੀਦੇ ਹਨ। ਸੱਤਾ ਉੱਤੇ ਕਬਜ਼ਾ ਕਰਨ ਦੀਆਂ ਸ਼ਸ਼ੀਕਲਾ ਦੀਆਂ ਚਾਲਾਂ ਨੂੰ ਅਦਾਲਤੀ ਦਖ਼ਲ ਨੇ ਰੋਕ ਦਿੱਤਾ ਹੈ। ਚੇਨਈ ਦੇ ਸਕੱਤਰੇਤ ਦੀ ਮਾਲਕਣ ਬਣਨ ਦੀ ਥਾਂ ਮੈਡਮ ਸ਼ਸ਼ੀਕਲਾ ਨੂੰ ਹੁਣ ਬੈਂਗਲੁਰੂ ਦੀ ਕੇਂਦਰੀ ਜੇਲ੍ਹ ਦੇ ਸੈੱਲ ਨੰਬਰ 9234 ਦੇ ਭੀੜ-ਭੜੱਕੇ ਵਿੱਚ ਰਹਿਣਾ ਹੋਵੇਗਾ। ਅਜਿਹੇ ਹਾਲਾਤ ’ਤੇ ਰਾਹਤ ਦੀ ਇਹ ਭਾਵਨਾ ਕਿਉਂ?
ਪਿਛਲੇ ਦਹਾਕਿਆਂ ਦੌਰਾਨ ਭਾਰਤੀ ਜਮਹੂਰੀਅਤ ਨੇ ਸੱਚਮੁਚ ਨਿਯਮਾਂ ਦੀਆਂ ਅਨੇਕਾਂ ਉਲੰਘਣਾਵਾਂ ਤੇ ਬੇਢੰਗੀਆਂ ਗੱਲਾਂ ਨੂੰ ਹੁੰਦਿਆਂ ਵੇਖਿਆ ਹੈ। ਅਸੀਂ ਤਾਂ ਬਿਹਾਰ ਉੱਤੇ ਰਾਜ ਕਰ ਚੁੱਕੀ ਰਾਬੜੀ ਦੇਵੀ ਵਾਲੀ ਦ੍ਰਿਸ਼ਵਲੀ ਵੀ ਦੇਖੀ ਹੋਈ ਹੈ। ਉਹ ਦ੍ਰਿਸ਼ਾਵਲੀ ਵੀ ਜੈਲਲਿਤਾ ਦੇ ਦੇਹਾਂਤ ਵਰਗੀ ਹੀ ਸਥਿਤੀ ਦੀ ਉਪਜ ਸੀ। ਸਾਡੇ ਕੋਲ ਜਿੱਥੇ ਪਰਿਵਾਰਵਾਦ ਦੀ ਸਿਆਸਤ ਵਾਲਾ ਰੂਪ ਮੌਜੂਦ ਹੈ, ਉੱਥੇ ਹੀ ਅੱਜ ਦ੍ਰਿੜ੍ਹ-ਪ੍ਰਤੀਬੱਧਤਾ ਵੀ ਆ ਚੁੱਕੀ ਹੈ। ਚੌਟਾਲਿਆਂ, ਬਾਦਲਾਂ, ਮੁਫ਼ਤੀਆਂ, ਅਬਦੁੱਲਿਆਂ, ਗਾਂਧੀਆਂ, ਦੇਵੇ ਗੌੜਿਆਂ, ਕਰੁਣਾਨਿਧੀਆਂ, ਲਾਲੂ ਯਾਦਵਾਂ ਆਦਿ ਨੇ ਪਤਾ ਨਹੀਂ ਕਿੰਨੀ ਵਾਰ ਸਾਡੀ ਜਮਹੂਰੀਅਤ ਦੇ ਸੰਕਲਪ ਦਾ ਮਜ਼ਾਕ ਉੱਡਇਆ ਹੈ। ਇਸ ਸਭ ਦੇ ਬਾਵਜੂਦ ਸ਼ਸ਼ੀਕਲਾ ਦੇ ਮੁੱਖ ਮੰਤਰੀ ਬਣਨ ਲਈ ਲੱਗੇ ਜ਼ੋਰ ਵਿੱਚ ਕੁਝ ਅਜਿਹਾ ਹੰਗਾਮਾਖ਼ੇਜ਼ ਤੇ ਨਮੋਸ਼ੀ-ਭਰਪੂਰ ਸੀ ਕਿ ਉਸ ਨੇ ਸਾਡੀ ਸਮੂਹਿਕ ਮਾਨਸਿਕ ਸ਼ਾਂਤੀ ਤੇ ਸਥਿਰਤਾ ਨੂੰ ਭੰਗ ਕਰ ਕੇ ਰੱਖ ਦਿੱਤਾ। ਰਾਬੜੀ ਦੇਵੀ 1997 ’ਚ ਮੁੱਖ ਮੰਤਰੀ ਬਣੀ ਸੀ; 20 ਸਾਲਾਂ ਬਾਅਦ, ਸਾਨੂੰ ਨਹੀਂ ਲੱਗਦਾ ਕਿ ਸਾਨੂੰ ‘ਸ਼ਸ਼ੀਕਲਾ ਨੂੰ ਮੁੱਖ ਮੰਤਰੀ’ ਬਣਨ ਦੇਣਾ ਚਾਹੀਦਾ ਹੈ। ਕੀ ਏਨੇ ਸਾਲਾਂ ਵਿੱਚ ਅਸੀਂ ਕੋਈ ਨਿੱਗਰ ਸਿਆਸੀ ਵਿਵਸਥਾ ਵੀ ਵਿਕਸਿਤ ਨਹੀਂ ਕਰ ਸਕੇ? ਕੀ ਪਿਛਲੇ ਦੋ ਦਹਾਕਿਆਂ ਦੌਰਾਨ ਸਾਡੀ ਜਮਹੂਰੀਅਤ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ?  ਅਜਿਹਾ ਤੀਖਣ ਰੂਪ ਵਿੱਚ ਕਿਉਂ ਜਾਪ ਰਿਹਾ ਹੈ ਕਿ ਸਾਡੀ ਜਮਹੂਰੀਅਤ ਹੁਣ ਆਪਣੀ ਕੀਮਤ ਗੁਆਉਂਦੀ ਜਾ ਰਹੀ ਹੈ, ਇਕੱਲੇ ਤਾਮਿਲ ਨਾਡੂ ’ਚ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਵਿੱਚ ਹੀ ਅਜਿਹੀ ਹਾਲਤ ਬਣੀ ਹੋਈ ਹੈ।
ਸ਼ਾਇਦ ਅਸੀਂ ਇਸ ਕਰ ਕੇ ਖ਼ਫ਼ਾ ਹੋ ਗਏ ਸਾਂ ਕਿਉਂਕਿ ਮੈਡਮ ਸ਼ਸ਼ੀਕਲਾ ਨੇ ‘ਪਰਿਵਾਰ’ ਦੇ ਸਿਧਾਂਤ ਨੂੰ ਅੱਗੇ ਵਧਾ ਕੇ ‘ਕੁਟੁੰਬ’ ਦੇ ਰੂਪ ਵਿੱਚ ਅੱਗੇ ਵਧਾਉਣਾ ਚਾਹਿਆ ਸੀ। ਏਆਈਏਡੀਐੱਮਕੇ ਦੀ ਲੀਡਰਸ਼ਿਪ ਲਈ ਉਸ ਦਾ ਇੱਕੋ-ਇੱਕ ਦਾਅਵਾ ਇਹ ਸੀ ਕਿ ਕਿ ਉਹ ‘ਅੰਮਾ’ ਦੀ ਸਭ ਤੋਂ ਭਰੋਸੇਯੋਗ ਸਹੇਲੀ ਤੇ ਸਹਿਯੋਗੀ ਰਹੀ ਸੀ ਤੇ ਇੰਜ ਉਸ ਨੂੰ ਲੱਗਦਾ ਸੀ ਕਿ ਉਹ ਇਸੇ ‘ਯੋਗਤਾ’ ਦੇ ਬਲਬੂਤੇ ਇੱਕ ਇਨਕਲਾਬੀ ਆਗੂ ਦੀ ਵਿਰਾਸਤ ਨੂੰ ਅੱਗੇ ਲਿਜਾ ਸਕਦੀ ਹੈ। ਉਸ ਦੀ ਅਜਿਹੀ ਸੋਚ ਤੋਂ ਅਚਾਨਕ ਅਸੀਂ ਆਪਣੀਆਂ ਜਮਹੂਰੀ ਭਾਵਨਾਵਾਂ ਨੂੰ ਠੇਸ ਲੱਗਦੀ ਮਹਿਸੂਸ ਕੀਤੀ। ਉਸ ਨੇ ਪੋਇਸ ਗਾਰਡਨ ’ਚ ਅੰਦਰਖਾਤੇ ਜੈਲਲਿਤਾ ਦੀ ਭਾਵੇਂ ਜੋ ਮਰਜ਼ੀ ਮਦਦ ਕੀਤੀ ਹੋਵੇ ਪਰ ਇਸ ਨੇੜਤਾ ਨਾਲ ਉਹ ਕਿਸੇ ਵੱਡੇ ਜਨਤਕ ਅਹੁਦੇ ਲਈ ਯੋਗ ਨਹੀਂ ਹੋ ਜਾਂਦੀ। ਸਾਰੇ ਦੇਸ਼ ਨੇ ਵੇਖਿਆ ਕਿ ਕਿਵੇਂ ਇੱਕ ਸਥਾਪਤ ਪਾਰਟੀ, ਜਿਸ ਦੀ ਸੰਸਦ ਦੇ ਦੋਵੇਂ ਸਦਨਾਂ ਵਿੱਚ ਵਰਨਣਯੋਗ ਮੌਜੂਦਗੀ ਹੈ, ਅੰਦਰੋਂ-ਅੰਦਰੀਂ ਸਾਜ਼ਿਸ਼ਾਂ ਦੀ ਸ਼ਿਕਾਰ ਹੋ ਚੁੱਕੀ ਸੀ। ਅਚਾਨਕ ਸਾਨੂੰ ਸਮਝ  ਆ ਗਿਆ ਕਿ ਸਾਡੀਆਂ ਸਿਆਸੀ ਪਾਰਟੀਆਂ ਆਪਣੀ ਉਚਿਤਤਾ ਤੇ ਸਤਿਕਾਰ ਕਿਉਂ ਗੁਆ ਬੈਠੀਆਂ ਹਨ।
ਇਹ ਗੱਲ ਮੰਨਣਯੋਗ ਹੈ ਕਿ ਤਾਮਿਲ ਨਾਡੂ ‘ਕੁਟੁੰਬ’ (ਖ਼ਾਨਦਾਨ) ਨਾਂ ਦੀ ਮਰਜ਼ ਤੋਂ ਅਭਿੱਜ ਨਹੀਂ ਹੈ। ਹਾਲੇ ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਕਰੁਣਾਨਿਧੀ ਪਰਿਵਾਰ ਵਿੱਚ ਕਿਵੇਂ ਆਪਸ ਵਿੱਚ ਲੜਨ ਵਾਲੇ ਪੁੱਤਰਾਂ, ਲਾਲਚੀ ਕਿਸਮ ਦੇ ਚਚੇਰੇ-ਮਮੇਰੇ ਭਰਾਵਾਂ-ਭੈਣਾਂ, ਧੀਆਂ, ਰਸਮੀ ਤੇ ਗ਼ੈਰ-ਰਸਮੀ ਪਤਨੀਆਂ ਨੇ ਆਪੋ-ਆਪਣੇ ਹਿਸਾਬ ਨਾਲ ਅਜਿਹਾ ਹੀ ਹੰਗਾਮਾ ਖੜ੍ਹਾ ਕੀਤਾ ਸੀ। ਹਰ ਕੋਈ ਦੂਜੇ ਨਾਲੋਂ ਵਧੇਰੇ ਜ਼ਿੱਦੀ ਵਿਖਾਈ ਦਿੱਤਾ ਸੀ। ਹਰੇਕ ਵਿਅਕਤੀ ਸਰਕਾਰ ਦੇ ਰਸਮੀ ਢਾਂਚੇ ਵਿੱਚੋਂ ਆਪੋ-ਆਪਣੇ ਹਿਸਾਬ ਨਾਲ ਲਾਹਾ ਲੈਣ ਲਈ ਕਾਹਲਾ ਪਿਆ ਹੋਇਆ ਸੀ। ਉਸ ਕਿਸਮ ਦੇ ਪਰਿਵਾਰਕ ਨਿਯੰਤ੍ਰਣ ਤੇ ਉਸ ਤੋਂ ਹੋਣ ਵਾਲੇ ਲਾਹਿਆਂ ਨੂੰ ‘ਆਮ ਜਿਹੀ ਗੱਲ’ ਅਤੇ ‘ਪ੍ਰਵਾਨਿਤ’ ਮੰਨਿਆ ਗਿਆ ਸੀ। ਪਰ ਇਸ ਸਭ ਦੀ ਦੁਰਗੰਧ ਨਵੀਂ ਦਿੱਲੀ ਤੱਕ ਫੈਲ ਗਈ ਸੀ। ਡੀਐੱਮਕੇ ਦਾ ਪ੍ਰਥਮ ਪਰਿਵਾਰ ਇਸ ਪਰਿਵਾਰਕ-ਕੰਟਰੋਲ ਅਤੇ ਕਮਾਂਡ ਦੇ ਮਾਡਲ ਦੀ ਰੂਪ-ਰੇਖਾ ਵਜੂਦ ਵਿੱਚ ਲਿਆਉਣ ਦਾ ਦਾਅਵਾ ਕਰ ਸਕਦਾ ਹੈ। ਕਰੁਣਾਨਿਧੀ ਖ਼ਾਨਦਾਨ ਦੇ ਹੱਕ ਵਿੱਚ ਇੱਕੋ-ਇੱਕ ਠੋਸ ਪੱਖ ਇਹੋ ਸੀ ਕਿ ਉਸ ਦੇ ਪ੍ਰਮੁੱਖ ਕਰਤਿਆਂ-ਧਰਤਿਆਂ ਨੇ ਚੋਣਾਂ ਲੜ ਕੇ ਖ਼ੁਦ ਨੂੰ ਸਿਆਸੀ ਆਗੂਆਂ ਵਜੋਂ ਸ਼ੁੱਧ ਤੇ ਪ੍ਰਮਾਣਿਤ ਕੀਤਾ ਹੋਇਆ ਸੀ।

ਹਰੀਸ਼ ਖਰੇ

ਹਰੀਸ਼ ਖਰੇ

ਪਰਿਵਾਰਵਾਦ ਨਾਲ ਅਜਿਹੀ ਨੇੜਤਾ ਦੇ ਬਾਵਜੂਦ, ਜਿਸ ਢੰਗ ਨਾਲ ਸ਼ਸ਼ੀਕਲਾ ਏਆਈਡੀਐੱਮਕੇ ਦੀ ਲੀਡਰਸ਼ਿਪ ਨੂੰ ਆਪਣੇ ਢੰਗ ਨਾਲ ਅਗ਼ਵਾ ਕਰਨਾ ਚਾਹ ਰਹੀ ਸੀ, ਉਸ ਨੂੰ ਲੈ ਕੇ ਕੁਝ ਵਧੇਰੇ ਹੀ ਅਸਹਿਮਤੀ ਵੀ ਪਾਈ ਜਾ ਰਹੀ ਸੀ। ਇਹ ਬਹੁਤ ਮਾੜੀ ਗੱਲ ਹੈ ਕਿ ਸਿਆਸੀ ਪਾਰਟੀਆਂ ਹੁਣ ਪਰਿਵਾਰਕ ਵਾਰਸਾਂ ਦੀਆਂ ਸੰਪਤੀਆਂ ਬਣ ਕੇ ਰਹਿ ਗਈਆਂ ਹਨ ਅਤੇ ਹੁਣ ਇੱਕ ਸਿਆਸੀ ਸੰਗਠਨ ਨੂੰ ਇੱਕ ਕੁਟੁੰਬ ਦੀ ਵਿਵਸਥਾ ਵਿੱਚ ਤਬਦੀਲ ਕਰਨ ਦਾ ਯਤਨ ਕੀਤਾ ਗਿਆ ਸੀ। ਸ਼ਸ਼ੀਕਲਾ ਨੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਲਾਹ ਕੇ ਜਮਹੂਰੀ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦਾ ਯਤਨ ਕੀਤਾ ਸੀ। ਹਰੇਕ ਸੂਖਮ-ਭਾਵੀ ਨਿਗਰਾਨ ਨੇ ਇਹ ਵੇਖਿਆ ਕਿ ਸ਼ਸ਼ੀਕਲਾ ਦਾ ਕਦੇ ਕੋਈ ਜਨਤਕ ਤਜਰਬਾ ਜਾਂ ਜਨਤਕ ਜੀਵਨ ਨਹੀਂ ਰਿਹਾ। ਜੈਲਲਿਤਾ ਦੇ ਕੁਟੁੰਬ ਦਾ ਹਿੱਸਾ ਬਣੇ ਰਹਿਣ ਕਾਰਨ ਉਂਜ ਉਸ ਨੂੰ ਏਆਈਏਡੀਐੱਮਕੇ ਦੇ ਅੰਦਰੂਨੀ ਮਾਮਲਿਆਂ ਬਾਰੇ ਗਿਆਨ ਜ਼ਰੂਰ ਹੋ ਸਕਦਾ ਹੈ ਪਰ ਅਜਿਹੀਆਂ ਅੰਦਰਖਾਤੇ ਦੀਆਂ ਸਾਜ਼ਿਸ਼ਾਂ ਨਾਲ ਉਹ ਕਿਸੇ ਜਨਤਕ ਅਹੁਦੇ ਦੀਆਂ ਰੀਤਾਂ ਤੇ ਜ਼ਿੰਮੇਵਾਰੀਆਂ ਤੋਂ ਜਾਣੂ ਨਹੀਂ ਹੋ ਸਕਦੀ ਸੀ। ਜੈਲਲਿਤਾ ਭਾਵੇਂ ਘਰੇਲੂ ਪੱਧਰ ਉੱਤੇ ਉਸ ਵਿੱਚ ਜਿੰਨਾ ਮਰਜ਼ੀ ਭਰੋਸਾ ਪ੍ਰਗਟਾਉਂਦੀ ਰਹੀ ਹੋਵੇ ਪਰ ਇਹ ਗੱਲ ਮੁੱਖ ਮੰਤਰੀ ਵਜੋਂ ਉਸ ਦੀ ਭੂਮਿਕਾ ਲਈ ਕੋਈ ਸਰਟੀਫ਼ਿਕੇਟ ਨਹੀਂ ਸਮਝੀ ਜਾ ਸਕਦੀ।
ਇਕ ਗ਼ੈਰ-ਜਮਹੂਰੀ ਵਰਤਾਰੇ ਦੇ ਵਾਪਰਨ ਤੋਂ ਜੋ ਬਚਾਅ ਹੋਇਆ ਹੈ, ਇਸ ਤੋਂ ਸਾਡੇ ਲਈ ਇੱਕ ਚੁਣਾਵੀ ਫ਼ਤਵੇ ਦੇ ਅਰਥ ਅਤੇ ਉਦੇਸ਼ ਨੂੰ ਮੁੜ-ਪਰਿਭਾਸ਼ਿਤ ਕਰਨ ਦੀ ਜ਼ਰੂਰਤ ਉਜਾਗਰ ਹੋਈ ਹੈ। ਇਹ ਵੇਲਾ ਤੇ ਯੁੱਗ ਜਮਹੂਰੀ ਨਾਰਾਜ਼ਗੀ ਤੇ ਅਸੰਤੁਸ਼ਟੀ ਦਾ ਹੈ, ਜਿਸ ਵਿੱਚ ਕੋਈ ਵੀ ਆਗੂ ਜਾਂ ਸਿਆਸੀ ਪਾਰਟੀ ਇਹ ਦਾਅਵਾ ਨਹੀਂ ਕਰ ਸਕਦੀ ਕਿ ਵਿਧਾਨ ਸਭਾ/ਲੋਕ ਸਭਾ ਵਿੱਚ ਇੰਨੀਆਂ ਸੀਟਾਂ ਨਾਲ ਉਸ ਨੂੰ ਸੱਤਾਵਾਦ ਦੇ ਤਜਰਬਿਆਂ ਦਾ ਕੋਈ ਲਾਇਸੈਂਸ ਮਿਲ ਗਿਆ ਹੈ। ਭਾਰਤ ਦੀਆਂ ਸਿਆਸੀ ਪਾਰਟੀਆਂ ਜਵਾਬਦੇਹੀ ਦੀਆਂ ਜ਼ਿਆਦਾਤਰ ਸੰਸਥਾਗਤ ਵਿਵਸਥਾਵਾਂ ਤੋਂ ਪਰ੍ਹਾਂ ਹਨ। ਸ਼ਸ਼ੀਕਲਾ ਮੁੱਖ ਮੰਤਰੀ ਦੀ ਗੱਦੀ ਹਥਿਆਉਣ ਦੇ ਇੰਨੀ ਜ਼ਿਆਦਾ ਨੇੜੇ ਜਾ ਸਕੀ ਕਿਉਂਕਿ ਏਆਈਡੀਐੱਮਕੇ ਇੱਕ ਅਜਿਹੀ ਪਾਰਟੀ ਹੈ ਕਿ ਜਿਸ ਉੱਤੇ ਜਨਤਾ ਕੋਈ ਕਿੰਤੂ-ਪ੍ਰੰਤੂ ਨਹੀਂ ਕਰਦੀ। ਪਰ ਹੁਣ ਜਨਤਾ ਦੀਆਂ ਪਾਰਖੂ ਨਜ਼ਰਾਂ ਤੋਂ ਅਜਿਹਾ ਬਚਾਅ ਸੰਭਵ ਨਹੀਂ ਹੋ ਸਕੇਗਾ।
ਇੰਜ ਵੀ ਹੁੰਦਾ ਹੈ ਕਿ ਜੇ ਕੋਈ ਸਿਆਸੀ ਪਾਰਟੀ ਆਪਣੇ ਕਿਸੇ ‘ਆਗੂ’ ਦੀ ਅਗਵਾਈ ਹੇਠ ਵੱਡੀਆਂ ਜਿੱਤਾਂ ਹਾਸਲ ਕਰਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਦੇਵੀ-ਦੇਵਤਿਆਂ ਵਰਗਾ ਆਦਰ-ਮਾਣ ਦੇਣਾ ਸ਼ੁਰੂ ਕਰ ਦਿੱਤਾ ਜਾਵੇ। ਕਿਸੇ ਵੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਜਮਹੂਰੀ ਸਾਧਾਰਨਤਾ ਤੋਂ ਵਧੇਰੇ ਉਤਾਂਹ ਨਹੀਂ ਉਠਾਇਆ ਜਾਣਾ ਚਾਹੀਦਾ। ਕਿਸੇ ਚੋਣ ਵਿੱਚ ਜਿੱਤ ਹਾਸਲ ਕਰ ਲੈਣ ਦਾ ਇਹ ਮਤਲਬ ਵੀ ਨਹੀਂ ਹੁੰਦਾ ਕਿ ਕਿਸੇ ਨੂੰ ਫ਼ੈਸਲਾ ਲੈਣ ਅਤੇ ਸਰਕਾਰ ਦੇ ਕਾਨੂੰਨੀ ਕੰਮ-ਕਾਜ ਦੀਆਂ ਸਥਾਪਤ ਕਾਰਜ-ਵਿਧੀਆਂ ਵਿੱਚ ਤਬਦੀਲੀਆਂ ਕਰਨ ਦਾ ਕੋਈ ਫ਼ਤਵਾ ਮਿਲ ਗਿਆ ਹੈ।
ਹਕੂਮਤੀ ਵਿਵਸਥਾਵਾਂ ਵਿੱਚ ਕੁਝ ਗ਼ੈਰ-ਭਰੋਸੇਯੋਗ ਗਤੀਵਿਧੀਆਂ ਦੇ ਹੋਣ ਬਾਰੇ ਜਾਣਕਾਰੀ ਤਾਮਿਲ ਨਾਡੂ ਦੇ ਘਟਨਾਕ੍ਰਮ ਤੋਂ ਸਾਹਮਣੇ ਆਈ ਹੈ। ਇਹ ਕੋਈ ਤਸੱਲੀ ਵਾਲੀ ਗੱਲ ਨਹੀਂ ਹੈ ਕਿ ਡੀਐੱਮਕੇ ਅਤੇ ਏਆਈਡੀਐੱਮਕੇ ਜਿਹੀਆਂ ਪਾਰਟੀਆਂ ਵਾਰੋ-ਵਾਰੀ ਆਪਣੇ ਆਗੂਆਂ, ਕਾਡਰਾਂ ਤੇ ਕਾਰਕੁਨਾਂ ਨੂੰ ਆਮ ਨਾਗ਼ਰਿਕਾਂ ਉੱਤੇ ਨਾਖ਼ੁਸ਼ੀ ਥੋਪਣ ਦੀ ਇਜਾਜ਼ਤ ਦਿੰਦੀਆਂ ਰਹਿਣ। ਹੁਣ ਇਹ ਗੱਲ ਨੋਟ ਕਰਨ ਦਾ ਵੇਲਾ ਆ ਗਿਆ ਹੈ ਕਿ ਅਜਿਹੀਆਂ ਉਲੰਘਣਾਵਾਂ ਤੇ ਆਪਹੁਦਰੀਆਂ ਇਸ ਕਰਕੇ ਚੁਣੌਤੀ ਤੋਂ ਬਚਦੀਆਂ ਆਈਆਂ ਹਨ ਕਿਉਂਕਿ ਅਫ਼ਸਰਸ਼ਾਹੀ ਇਨ੍ਹਾਂ ਆਪਹੁਦਰੀਆਂ ਵਿੱਚ ਸਾਥ ਦੇਣ ਲੱਗੀ ਹੈ। ਜੇ ਕਿਤੇ ਸ਼ਸ਼ੀਕਲਾ ਦੀ ਮੁੱਖ ਮੰਤਰੀ ਬਣਨ ਦੀ ਚਾਲ ਕਾਮਯਾਬ ਹੋ ਜਾਂਦੀ, ਤਾਂ ਉਸ ਨੂੰ ਕੁਝ ਮੁੱਠੀ-ਭਰ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਤੇ ਸੂਬਾ-ਪੱਧਰੀ ਅਧਿਕਾਰੀਆਂ ਦੀ ਜੀ-ਹਜ਼ੂਰੀ ਵੀ ਸਹਿਜੇ ਹੀ ਬਿਨਾ ਕਿਸੇ ਵਿਰੋਧ ਦੇ ਮਿਲ ਜਾਣੀ ਸੀ। ਅਜਿਹੀਆਂ ਮਿਲੀਭੁਗਤਾਂ ਤੇ ਸਾਜ਼ਿਸ਼ਾਂ ਨੂੰ ਕੇਵਲ ਤਾਮਿਲ ਨਾਡੂ ’ਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ਤੇ ਦਿੱਲੀ ਵਿੱਚ ਵੀ ਖ਼ਤਮ ਕਰਨਾ ਹੋਵੇਗਾ।
ਹਾਲੇ ਕੋਈ ਇਹ ਅਨੁਮਾਨ ਨਹੀਂ ਲਾ ਸਕਦਾ ਕਿ ਤਾਮਿਲ ਨਾਡੂ ਦਾ ਨਵਾਂ ਮੁੱਖ ਮੰਤਰੀ, ਸ਼ਸ਼ੀਕਲਾ ਨਾਲ ਜੁੜੇ ਮਾਫ਼ੀਆ ਦੇ ਇਸ਼ਾਰਿਆਂ ਉੱਤੇ ਚੱਲਦਾ ਰਹੇਗਾ ਜਾਂ ਇਸ ਦਾ ਵਿਰੋਧ ਕਰੇਗਾ ਪਰ ਸਭ ਨੂੰ ਇਹ ਆਸ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਹੁਦੇ ਨਾਲ ਜੁੜਿਆ ਤਾਮ-ਝਾਮ ਤੇ ਸ਼ੋਭਾ ਹਨੇਰੇ-ਸਵੇਰੇ ਤਾਂ ਜ਼ਰੂਰ ਬਹਾਲ ਹੋਣਗੇ। ਵਧੀਆ ਤੇ ਵਾਜਬ ਢੰਗ ਨਾਲ ਸ਼ਾਸਨ ਚਲਾਉਣ ਨਾਲ ਉਸ ਅਹੁਦੇ ਦਾ ਆਪਣਾ ਇੱਕ ਜਨਤਕ ਅਕਸ ਕਾਇਮ ਹੋਵੇਗਾ ਤੇ ਆਮ ਲੋਕਾਂ ਦਾ ਸਮਰਥਨ ਮਿਲੇਗਾ। ਚੰਗੇ ਸ਼ਾਸਨ ਦੇ ਇਹੋ ਤਾਂ ਦੋ ਬੁਨਿਆਦੀ ਗੁਣ ਹੁੰਦੇ ਹਨ। ਚੰਗੇ ਨਾਗ਼ਰਿਕਾਂ ਨੂੰ ਹੁਣ ਆਪਣੀ ਆਵਾਜ਼ ਮਿਲ ਗਈ ਹੈ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਨਵੇਂ ‘ਗੁੰਡਿਆਂ’ ਨੂੰ ਇਹ ਆਵਾਜ਼ ਦਬਾਉਣ ਦੀ ਖੁੱਲ੍ਹ ਨਾ ਲੈਣ ਦੇਣ।
ਸ਼ਾਇਦ ਹੁਣ ਇਹ ਆਖਣਾ ਸੰਭਵ ਹੈ ਕਿ ਅਸੀਂ ਆਪਣੇ ਰਾਸ਼ਟਰੀ ਸਿਆਸੀ ਜੀਵਨ ਵਿੱਚ ਤਬਦੀਲੀ ਦੇ ਇੱਕ ਦੌਰ ਵਿੱਚ ਦਾਖ਼ਲ ਹੋ ਰਹੇ ਹਾਂ। ਬਦਲ ਰਹੇ ਭਾਰਤ ਵਿੱਚ ਅਸੀਂ ਹੁਣ ਇਹ ਮੰਗ ਕਰਨ ਕਰਨ ਲਈ ਤਿਆਰ ਜਾਪਦੇ ਹਾਂ ਕਿ ਸਿਆਸੀ ਵਿਵਸਥਾਵਾਂ; ਕੇਵਲ ਇੱਕ ‘ਨੇਤਾ’ ਦੀ ਇੱਛਾ ਜਾਂ ‘ਕਾਡਰਾਂ ਦੀ ਮੰਗ’ ਜਾਂ ਪਾਰਟੀ ਦੇ ‘ਅੰਦਰੂਨੀ ਮਾਮਲਿਆਂ’ ਦੀ ਇੱਛਾ ਨਾਲੋਂ ਵਿਸ਼ਾਲ ਤੇ ਪ੍ਰਭਾਵਸ਼ਾਲੀ ਹੁੰਦੀਆਂ ਹਨ। ਇਸੇ ਲਈ ਸਾਡੀ ਜਮਹੂਰੀ ਊਰਜਾ ਤੇ ਗੁੰਜਾਇਮਾਨਤਾ ਹਨੇਰੇ-ਸਵੇਰੇ ਇਹ ਮੰਗ ਜ਼ਰੂਰ ਕਰੇਗੀ ਕਿ ਸਿਆਸੀ ਪਾਰਟੀਆਂ ਆਮ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੀ ਸੰਸਥਾ ਬਣਨ, ਨਾ ਕਿ ਉਹ ਕਿਸੇ ਇੱਕ ਦੇ ਨਿੱਜੀ ਕੰਟਰੋਲ ਤੇ ਕਮਾਂਡ ਦੀਆਂ ਸ਼ਿਕਾਰ ਹੋ ਕੇ ਰਹਿ ਜਾਣ। ਤਾਮਿਲ ਨਾਡੂ ਵਿੱਚ ਉੱਠੇ ਦਰਦ ਦੇ ਦੌਰੇ ਨਾਲ   ਜੁੜੇ ਸਬਕ ਦੱਖਣ ਭਾਰਤੀ ਪਠਾਰ ਤਕ ਮਹਿਦੂਦ ਨਹੀਂ ਰਹਿ ਜਾਣੇ ਚਾਹੀਦੇ।ਂ


Comments Off on ਕੈਦੀ ਨੰਬਰ 9234 ਨਾਲ ਜੁੜੇ ਸਿਆਸੀ ਤੇ ਜਮਹੂਰੀ ਸਬਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.