ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਕੰਨੀਂ ਸੁਣਿਆ ਅੱਖੀਂ ਵੇਖਿਆ

Posted On February - 25 - 2017

ਡਾ. ਨਰੇਸ਼

ਸਆਦਤ ਹਸਨ ਮੰਟੋ

ਸਆਦਤ ਹਸਨ ਮੰਟੋ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਾਨੀਪਤ ਵਿੱਚ ਆਲ ਇੰਡੀਆ ਮੁਸ਼ਾਇਰਾ ਸੀ। ਉਦੋਂ ਪਾਨੀਪਤ, ਕਰਨਾਲ ਜ਼ਿਲ੍ਹੇ ਦੀ ਸਬ-ਡਿਵੀਜ਼ਨ ਸੀ। ਕਰਨਾਲ ਦੇ ਡੀ.ਸੀ. ਸੁਖਦੇਵ ਪ੍ਰਸਾਦ ਨੇ ਬੜੇ ਚਾਅ ਨਾਲ ਆਯੋਜਨ ਕੀਤਾ ਸੀ। ਉਸੇ ਦਿਨ ਪਾਨੀਪਤ ਦੇ ਪਬਲਿਕ ਪਾਰਕ ਨੂੰ ‘ਹਾਲੀ ਪਾਰਕ’ ਨਾਂ ਦਿੱਤਾ ਜਾਣਾ ਸੀ। ਸੁਖਦੇਵ ਪ੍ਰਸਾਦ ਨੇ ਫ਼ੈਸਲਾ ਕੀਤਾ ਕਿ ਸਾਰੇ ਸ਼ਾਇਰ ਮੌਲਾਨਾ ਹਾਲੀ ਦੇ ਮਜ਼ਾਰ ’ਤੇ ਜਾ ਕੇ ਫ਼ਾਤਿਹਾ ਪੜ੍ਹਨਗੇ। ਅਸੀਂ ਸਾਰੇ ਹੋਟਲ ਤੋਂ ਤੁਰਨ ਲੱਗੇ ਤਾਂ ਸਾਹਿਰ ਲੁਧਿਆਣਵੀ ਦੀ ਹਾਲਤ ਵੇਖਣ ਯੋਗ ਸੀ। ਉਸ ਨੂੰ ਬੜੀ ਘਬਰਾਹਟ ਹੋ ਰਹੀ ਸੀ। ਮੈਨੂੰ ਇੱਕ ਪਾਸੇ ਲਿਜਾ ਕੇ ਆਖਣ ਲੱਗਾ, ‘‘ਯਾਰ, ਮੈਂ ਨਾ ਜਾਵਾਂ ਤਾਂ ਕੋਈ ਫ਼ਰਕ ਪਵੇਗਾ?’’ ਮੈਂ ਆਖਿਆ, ‘‘ਵੇਖ ਲੈ, ਅਖ਼ਬਾਰ ਵਾਲੇ ਤੇਰੇ ਨਾ ਜਾਣ ਨੂੰ ਹਾਲੀ ਪ੍ਰਤੀ ਬਗ਼ਾਵਤ ਨਾ ਛਾਪ ਦੇਣ।’’ ਉਹ ਹੋਰ ਵੀ ਘਬਰਾ ਗਿਆ। ਮੈਂ ਪੁੱਛਿਆ, ‘‘ਸਮੱਸਿਆ ਕੀ ਹੈ?’’ ਆਖਣ ਲੱਗਾ, ‘‘ਯਾਰ, ਮੈਂ ਕਦੇ ਫ਼ਾਤਿਹਾ ਨਹੀਂ ਪੜ੍ਹਿਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਜਿਹੇ ਮੌਕੇ ਕਰੀਦਾ ਕੀ ਹੈ।’’ ਮੈਂ ਆਖਿਆ, ‘‘ਤੂੰ ਸਾਡੇ ਨਾਲ ਚੱਲ, ਉੱਥੇ ਜਾ ਕੇ ਫ਼ਾਤਿਹਾ ਨਾ ਪੜ੍ਹੀ।’’ ਬੋਲਿਆ, ‘‘ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਨਾਂਮਾਤਰ ਦਾ ਹੀ ਮੁਸਲਮਾਨ ਹਾਂ।’’
ਉਸ ਨੂੰ ਇਸ ਉਲਝਣ ਤੋਂ ਮੁਕਤੀ ਦਿਵਾਉਣ ਲਈ ਮੈਂ ਉਸ ਨੂੰ ਦੱਸਿਆ ਕਿ ਅਸੀਂ ਸਾਰਿਆਂ ਨੇ ਸਿਰਫ਼ ਦੁਆ ਲਈ ਹੱਥ ਉਠਾਉਣੇ ਹਨ, ਫ਼ਾਤਿਹਾ ਤਾਂ ਲੁਧਿਆਣੇ ਤੋਂ ਵਿਸ਼ੇਸ਼ ਤੌਰ ’ਤੇ ਸੱਦੇ ਗਏ ਮੌਲਾਨਾ ਹਬੀਬੁਰ ਰਹਿਮਾਨ ਪੜ੍ਹਨਗੇ। ਜਿੰਨਾ ਚਿਰ ਮੌਲਾਨਾ ਫ਼ਾਤਿਹਾ ਪੜ੍ਹਨਗੇ, ਓਨਾ ਚਿਰ ਤੂੰ ਹਾਲੀ ਦੀ ਰੂਹ ਨੂੰ ਯਕੀਨ ਦਿਵਾਉਂਦਾ ਰਹੀ ਕਿ ਤੂੰ ਉਸ ਤੋਂ ਬਾਗ਼ੀ ਨਹੀਂ। ਸਾਹਿਰ ਦੀ ਜਾਨ ਵਿੱਚ ਜਾਨ ਆਈ, ਪਰ ਮਜ਼ਾਰ ’ਤੇ ਜਾ ਕੇ ਵੀ ਉਸ ਨੂੰ ਇਹ ਧੁੜਧੁੜੀ ਲੱਗੀ ਰਹੀ ਕਿ ਕਿਧਰੇ ਉਸ ਦੇ ਇਸਲਾਮੀ ਕਰਮਕਾਂਡ ਤੋਂ ਨਾ-ਵਾਕਿਫ਼ ਹੋਣ ਦਾ ਭਾਂਡਾ ਨਾ ਭੱਜ ਜਾਵੇ।
* * *

ਸਾਹਿਰ ਲੁਧਿਆਣਵੀ

ਸਾਹਿਰ ਲੁਧਿਆਣਵੀ

ਇਨਕਲਾਬੀ ਸ਼ਾਇਰ ਜੋਸ਼ ਮਲੀਹਾਬਾਦੀ ਨੂੰ ਆਪਣੇ ਪਠਾਣ ਹੋਣ ’ਤੇ ਬੜਾ ਮਾਣ ਸੀ ਹਾਲਾਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਮਾਤਾ ਮਹਾਰਾਜਾ ਧੌਲਪੁਰ ਰਾਣਾ ਭਗਵੰਤ ਸਿੰਘ ਦੀ ਪੋਤਰੀ ਸੀ। ਉਸ ਦਾ ਨਾਂ ਬਿਸਮਿੱਲਾ ਬੇਗ਼ਮ ਸੀ। ਜੋਸ਼ ਦਾ ਨਾਨਾ ਖ਼ਵਾਜਾ ਮੁਹੰਮਦ ਖ਼ਾਂ, ਰਾਣਾ ਹੋਰਾਂ ਦਾ ਪੁੱਤਰ ਸੀ ਜਿਸ ਦੀ ਮਾਤਾ ਦਾ ਨਾਂ ਗਜਰਾ ਸੀ। ਰਾਣਾ ਨੇ ਆਪਣੇ ਇਸਲਾਮ ਕਬੂਲ ਕਰਨ ਵਾਲੇ ਪੁੱਤਰ ਨੂੰ ਬੜੀ ਵੱਡੀ ਜਾਗੀਰ ਦੇ ਛੱਡੀ ਸੀ।  12 ਜੂਨ 1942 ਨੂੰ ਜੋਸ਼ ਦੇ ਮਾਮੇ ਰੁਸਤਮ ਅਲੀ ਖ਼ਾਂ ਦਾ ਦੇਹਾਂਤ ਹੋਇਆ ਤਾਂ ਜੋਸ਼ ਦੀ ਮਾਤਾ ਨੇ ਜਾਗੀਰ ’ਤੇ ਆਪਣਾ ਦਾਅਵਾ ਠੋਕ ਦਿੱਤਾ। ਰੁਸਤਮ ਅਲੀ ਬੇਔਲਾਦ ਮਰਿਆ ਸੀ। ਜਾਗੀਰ ਹਾਸਲ ਕਰਨ ਲਈ ਬਿਸਮਿੱਲਾ ਬੇਗ਼ਮ ਨੇ ਸਰ ਤੇਜ ਬਹਾਦਰ ਸਪਰੂ ਨੂੰ ਵਕੀਲ ਕੀਤਾ। ਜੋਸ਼ ਆਪ ਵੀ ਮੁਕੱਦਮੇ ਦੀ ਪੈਰਵੀ ਲਈ ਸਪਰੂ ਹੋਰਾਂ ਦੇ ਘਰ ਦੇ ਫੇਰੇ ਮਾਰਦਾ ਰਿਹਾ।
* * *
ਜਦੋਂ ਸ਼ਾਇਰ ਜਿਗਰ ਮੁਰਾਦਾਬਾਦੀ ਅਤੇ ਕਹਾਣੀਕਾਰ ਸਆਦਤ ਹਸਨ ਮੰਟੋ ਪਹਿਲੀ ਵਾਰ ਲਾਹੌਰ ਵਿੱਚ ਇੱਕ-ਦੂਜੇ ਨੂੰ ਮਿਲੇ ਤਾਂ ਕਿਸੇ ਨੇ ਉਨ੍ਹਾਂ ਦੀ ਜਾਣ-ਪਛਾਣ ਕਰਵਾਉਂਦਿਆਂ ਆਖਿਆ, ‘‘ਮੰਟੋ! ਇਹ ਮੁਰਾਦਾਬਾਦ ਦੇ ਜਿਗਰ ਹਨ।’’ ਆਪਣੀ ਪਛਾਣ ਦੱਸਦਿਆਂ ਮੰਟੋ ਬੋਲਿਆ, ‘‘ਜੀ, ਮੈਂ ਲਾਹੌਰ ਦਾ ਗੁਰਦਾ ਹਾਂ।’’
* * *
ਇੱਕ ਸ਼ਾਇਰ ਤਹਿਸੀਲਦਾਰ ਸੀ। ਕੰਵਰ ਮਹਿੰਦਰ ਸਿੰਘ ਬੇਦੀ ਉਸ ਦੇ ਜ਼ਿਲ੍ਹੇ ਦੇ ਡੀ.ਸੀ. ਸਨ। ਇੱਕ ਮੁਸ਼ਾਇਰਾ ਹੋਇਆ। ਤਹਿਸੀਲਦਾਰ ਆਮੰਤ੍ਰਿਤ ਸ਼ਾਇਰਾਂ ਵਿੱਚ ਸ਼ਾਮਿਲ ਨਹੀਂ ਸੀ, ਪਰ ਆ ਧਮਕਿਆ ਸੀ। ਉਹ ਆਪਣੇ ਡੀ.ਸੀ. ਨੂੰ ਸਿੱਧਾ ਤਾਂ ਆਖ ਨਹੀਂ ਸਕਦਾ ਸੀ, ਇਸ ਲਈ ਉਸ ਨੇ ਦੋ-ਚਾਰ ਲੋਕਾਂ ਪਾਸੋਂ ਚਿੱਟਾਂ ਭਿਜਵਾਈਆਂ ਕਿ ਫਲਾਣੇ ਸ਼ਾਇਰ ਨੂੰ ਪੜ੍ਹਵਾਓ। ਕੰਵਰ ਸਾਹਿਬ ਨੇ ਇਸ਼ਾਰਾ ਕਰਕੇ ਤਹਿਸੀਲਦਾਰ ਨੂੰ ਆਪਣੇ ਪਾਸ ਬੁਲਾਇਆ ਤੇ ਪੁੱਛਿਆ, ‘‘ਸਟੇਸ਼ਨ ਲੀਵ ਲੈ ਕੇ ਆਇਆ ਹੈਂ ਜਾਂ ਬਿਨਾਂ ਲੀਵ ਤੋਂ ਹੀ ਹੈੱਡ ਕੁਆਰਟਰ ਛੱਡ ਆਇਆ?’’ ‘‘ਸਰ…’’ ਤਹਿਸੀਲਦਾਰ ਹਕਲਾਉਣ ਲੱਗਾ। ‘‘ਚੱਲ ਆਪਣੀ ਤਹਿਸੀਲੇ ਪਹੁੰਚ, ਅਸੀਂ ਉੱਥੇ ਆ ਕੇ ਹੀ ਤੇਰੀ ਸ਼ਾਇਰੀ ਸੁਣਦੇ ਹਾਂ।’’ ਸ਼ਾਇਰ ਤਹਿਸੀਲਦਾਰ ਡੌਰ-ਭੌਰ ਹੋ ਕੇ ਮੰਚ ਤੋਂ ਹੇਠਾਂ ਉਤਰਿਆ ਅਤੇ ਗਧੇ ਦੇ ਸਿਰ ਦੇ ਸਿੰਗਾਂ ਵਾਂਗ ਗਾਇਬ ਹੋ ਗਿਆ।
* * *

ਡਾ. ਨਰੇਸ਼

ਡਾ. ਨਰੇਸ਼

ਇੱਕ ਸ਼ਾਇਰ ਨੇ ਆਪਣੇ ਇੱਕ ਦੋਸਤ ਸ਼ਾਇਰ ਦੀ ਗ਼ਜ਼ਲ ਮੁਸ਼ਾਇਰੇ ਵਿੱਚ ਪੜ੍ਹ ਦਿੱਤੀ। ਦੋਸਤ ਨੂੰ ਪਤਾ ਲੱਗਾ ਤਾਂ ਉਸ ਨੂੰ ਰੋਹ ਚੜ੍ਹ ਗਿਆ। ਵਰ੍ਹਿਆਂ ਪਹਿਲਾਂ ਰਸਾਲੇ ਵਿੱਚ ਛਪੀ ਆਪਣੀ ਗ਼ਜ਼ਲ ਲੈ ਕੇ ਉਹ ਪ੍ਰਬੰਧਕਾਂ ਪਾਸ ਗਿਆ ਅਤੇ ਸ਼ਿਕਾਇਤ ਕੀਤੀ। ਪ੍ਰਬੰਧਕਾਂ ਨੇ ਸ਼ਾਇਰ ਨੂੰ ਸੱਦ ਕੇ ਪੁੱਛਿਆ ਕਿ ਤੂੰ ਚੋਰੀ ਦੀ ਗ਼ਜ਼ਲ ਕਿਉਂ ਪੜ੍ਹੀ? ਤੂੰ ਆਪ ਸ਼ਾਇਰ ਨਹੀਂ ਹੈਂ? ਬਿਨਾਂ ਘਬਰਾਇਆਂ ਸ਼ਾਇਰ ਨੇ ਜਵਾਬ ਦਿੱਤਾ, ‘‘ਜੇ ਤੁਹਾਡੇ ਪਾਸ ਧੁਲੀ ਹੋਈ ਕਮੀਜ਼ ਨਾ ਹੋਵੇ ਅਤੇ ਤੁਹਾਨੂੰ ਕਿਧਰੇ ਜਾਣਾ ਪੈ ਜਾਵੇ ਤਾਂ ਕੀ ਤੁਸੀਂ ਦੋਸਤ ਦੀ ਕਮੀਜ਼ ਨਹੀਂ ਪਹਿਨ ਲੈਂਦੇ? ਤੁਹਾਡੀ ਜੁੱਤੀ ਟੁੱਟੀ ਹੋਵੇ ਤਾਂ ਦੋਸਤ ਦੀ ਜੁੱਤੀ ਨਹੀਂ ਪਾ ਲੈਂਦੇ? ਇਸ ਨੂੰ ਚੋਰੀ ਆਖਦੇ ਹੋ ਤੁਸੀਂ?’’
* * *
ਮੇਰੇ ਮਾਮਾ ਜੀ ਸਵਰਗੀ ਰਤਨ ਦੇਵ ਭੰਡਾਰੀ ਸੁਤੰਤਰਤਾ ਸੰਗਰਾਮੀ ਸਨ ਅਤੇ ਕਾਂਗਰਸ ਦੇ ਸਿਰਕੱਢ ਨੇਤਾ ਵੀ। ਲਾਹੌਰ ਰਹਿੰਦੇ ਸਨ। ਹਰ ਪਾਸੇ ਸ਼ਿਅਰੋ-ਸ਼ਾਇਰੀ ਦਾ ਮਾਹੌਲ ਸੀ। ਉਨ੍ਹਾਂ ਵੀ ਸ਼ਾਇਰੀ ਕਰਨ ਦੀ ਲੋਚਾ ਕੀਤੀ। ਇੱਕ ਗ਼ਜ਼ਲ ਲਿਖ ਕੇ ਉਹ ਕਿਸੇ ਉਸਤਾਦ ਸ਼ਾਇਰ ਪਾਸ ਲੈ ਗਏ। ਉਸਤਾਦ ਨੇ ਕਿਹਾ, ‘‘ਸੁਣਾਓ।’’ ਮਾਮਾ ਜੀ ਨੇ ਗ਼ਜ਼ਲ ਸੁਣਾ ਦਿੱਤੀ। ਗ਼ਜ਼ਲ ਦਾ ਇੱਕ ਸ਼ਿਅਰ ਸੀ:
ਹਮ ਮਿਠਾਈ ਬਾਂਟਤੇ ਫਿਰਤੇ ਹੈਂ ਆਜ,
ਹੈ ਹਮਾਰੀ ਭੈਂਸ ਨੇ ਕੱਟਾ ਦੀਆ।
ਗ਼ਜ਼ਲ ਸੁਣ ਕੇ ਉਸਤਾਦ ਨੇ ਆਖਿਆ, ‘‘ਮਿਸਰੇ ਤਾਂ ਬਹਿਰ ਵਿੱਚ ਹਨ। ਖ਼ਿਆਲ ਦੀ ਤੂੰ ਜਾਣ। ਉਂਜ, ਮੇਰੀ ਸਲਾਹ ਇਹ ਹੈ ਕਿ ਤੂੰ ਸ਼ਾਇਰੀ ਦੇ ਕੰਜਰਖਾਨੇ ਵਿੱਚ ਨਾ ਹੀ ਪੈ।’’
* * *
ਪਟਿਆਲੇ ਇੱਕ ਬੜਾ ਵੱਡਾ ਮੁਸ਼ਾਇਰਾ ਹੋਇਆ। ਆਯੋਜਨ ਇੱਕ ਸਰਕਾਰੀ ਅਫ਼ਸਰ ਨੇ ਕੀਤਾ ਸੀ। ਉਹ ਆਪ ਵੀ ਸ਼ਾਇਰ ਸੀ। ਮੁਸ਼ਾਇਰੇ ਵਿੱਚ ਫ਼ਿਰਾਕ ਗੋਰਖਪੁਰੀ ਵੀ ਸ਼ਾਮਲ ਹੋਏ। ਸ਼ਾਇਰਾਂ ਦੇ ਠਹਿਰਨ ਦਾ ਪ੍ਰਬੰਧ ਤਾਂ ਉਸ ਨੇ ਸਰਕਟ ਹਾਊਸ ਵਿੱਚ ਕੀਤਾ ਸੀ, ਪਰ ਮੈਨੂੰ ਅਤੇ ਫ਼ਿਰਾਕ ਸਾਹਿਬ ਨੂੰ ਉਸ ਨੇ ਆਪਣੇ ਘਰ ਠਹਿਰਾਇਆ।
ਰਾਤੀਂ ਡੇਢ ਵਜੇ ਦੇ ਕਰੀਬ ਮੁਸ਼ਾਇਰਾ ਖ਼ਤਮ ਹੋਇਆ। ਖਾਣਾ ਖਾਂਦਿਆਂ-ਕਰਦਿਆਂ ਢਾਈ ਵੱਜ ਗਏ। ਤਿੰਨ ਵਜੇ ਦੇ ਕਰੀਬ ਅਸੀਂ ਉਸ ਦੇ ਘਰ ਪੁੱਜੇ। ਅਜੇ ਬਿਸਤਰਿਆਂ ਵਿੱਚ ਵੜੇ ਹੀ ਸਾਂ ਕਿ ਉਹ ਆਪਣੀ ਕਿਤਾਬ ਦਾ ਖਰੜਾ ਲੈ ਕੇ ਆ ਧਮਕਿਆ। ਆਖਣ ਲੱਗਾ, ‘‘ਫ਼ਿਰਾਕ ਸਾਹਿਬ, ਮੈਂ ‘ਸ਼ਾਹਨਾਮਾ ਹਿੰਦ’ ਲਿਖਿਆ ਹੈ। ਆਗਿਆ ਹੋਵੇ ਤਾਂ ਦੋ-ਚਾਰ ਬੰਦ ਅਰਜ਼ ਕਰਾਂ?’’ ਫ਼ਿਰਾਕ ਹੁਰਾਂ ਦੀਦੇ ਘੁਮਾ ਕੇ ਆਖਿਆ, ‘‘ਛਪਣ ਦੇਵੋ, ਪੜ੍ਹਾਂਗੇ।’’ ਮੇਜ਼ਬਾਨ ਨੇ ਬੜੀ ਨਿਮਰਤਾ ਨਾਲ ਆਖਿਆ, ‘‘ਜੀ, ਮੇਰੀ ਇੱਛਾ ਹੈ ਕਿ ਇਸ ਦੀ ਭੂਮਿਕਾ ਤੁਸੀਂ ਲਿਖਦੇ।’’ ਫ਼ਿਰਾਕ ਸਾਹਿਬ ਮੁਸਕੁਰਾਏ। ਬੋਲੇ, ‘‘ਤੁਸੀਂ ਐਡਾ ਵੱਡਾ ਸ਼ਾਹਨਾਮਾ ਲਿਖ ਸੁੱਟਿਆ ਤਾਂ ਭੂਮਿਕਾ ਦਾ ਇੱਕ ਪੰਨਾ ਵੀ ਲਿਖ ਲੈਣਾ ਸੀ।’’ ਮੇਜ਼ਬਾਨ ਨੇ ਆਖਿਆ, ‘‘ਜੀ, ਲਿਖ ਛੱਡਿਆ ਹੈ, ਹੁਕਮ ਹੋਵੇ ਤਾਂ ਅਰਜ਼ ਕਰਾਂ?’’ ਫ਼ਿਰਾਕ ਸਾਹਿਬ ਉੱਠ ਕੇ ਬੈਠ ਗਏ। ਬੋਲੇ, ‘‘ਵਿਖਾਓ।’’ ਮੇਜ਼ਬਾਨ ਨੇ ਕਾਗਜ਼ ਪੇਸ਼ ਕਰ ਦਿੱਤਾ। ‘‘ਕਲਮ ਦਿਓ,’’ ਫ਼ਿਰਾਕ ਹੁਰਾਂ ਆਖਿਆ। ਅਫ਼ਸਰ ਨੇ ਬੋਝੇ ਵਿੱਚੋਂ ਕੱਢ ਕੇ ਪੈੱਨ ਪੇਸ਼ ਕਰ ਦਿੱਤਾ। ਫ਼ਿਰਾਕ ਨੇ ਦਸਤਖਤ ਕੀਤੇ ਅਤੇ ਕਾਗਜ਼ ਉਸ ਨੂੰ ਮੋੜਦਿਆਂ ਬੋਲੇ, ‘‘ਰਤਾ ਬੱਤੀ ਬੁਝਾ ਦਿਓ। ਸੌਣ ਲਈ ਹੁਣ ਰਾਤ ਤਾਂ ਕਿਹੜੀ ਬਾਕੀ ਹੈ।’’
ਮੇਜ਼ਬਾਨ ਸ਼ੁਕਰੀਆ ਅਦਾ ਕਰਕੇ ਚਲਾ ਗਿਆ ਤਾਂ ਮੈਂ ਆਖਿਆ, ‘‘ਫ਼ਿਰਾਕ ਸਾਹਿਬ, ਇੱਕ ਵਾਰੀ ਪੜ੍ਹ ਤਾਂ ਲੈਣਾ ਸੀ, ਖੌਰੇ ਕੀ ਲਿਖਿਆ ਹੋਵੇਗਾ। ਭੂਮਿਕਾ ਤਾਂ ਤੁਹਾਡੇ ਨਾਂ ਹੇਠਾਂ ਹੀ ਛਪੇਗੀ।’’ ਫ਼ਿਰਾਕ ਸਾਹਿਬ ਬੋਲੇ, ‘‘ਤੂੰ ਚਾਹੁੰਦਾ ਕੀ ਹੈਂ, ਮੈਂ ਉਸ ਦੇ ਹੱਥੋਂ ਜ਼ਿਬ੍ਹਾ ਹੋ ਜਾਂਦਾ? ਹੁਣ ਜੋ ਲਿਖਿਆ ਹੋਵੇ, ਉਹ ਜਾਣੇ। ਸੌਂ ਜਾ, ਮੈਨੂੰ ਵੀ ਸੌਣ ਦੇ।’’

ਸੰਪਰਕ: 94173-65676


Comments Off on ਕੰਨੀਂ ਸੁਣਿਆ ਅੱਖੀਂ ਵੇਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.