ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕੰਨੀਂ ਸੁਣਿਆ ਅੱਖੀਂ ਵੇਖਿਆ

Posted On February - 18 - 2017
   ਡਾ. ਨਰੇਸ਼

ਡਾ. ਨਰੇਸ਼

ਰਾਜੇ-ਮਹਾਰਾਜਿਆਂ ਦਾ ਦੌਰ ਸੀ। ਰਿਆਸਤ ਮਾਲੇਰਕੋਟਲਾ ਦੇ ਰਾਜ-ਕਵੀ, ਪੂਰਬ ਇੰਸਪੈਕਟਰ ਸਕੂਲਜ਼, ਸ਼ੇਖ਼ ਬਸ਼ੀਰ ਹਸਨ ‘ਬਸ਼ੀਰ’ ਆਪਣੇ ਵੱਡੇ ਸਾਰੇ ਘਰ ਦੇ ਵੱਡੇ ਸਾਰੇ ਵਿਹੜੇ ਵਿੱਚ ਬਿਰਾਜਮਾਨ ਸਨ। ਵਿਹੜੇ ਵਿੱਚ ਇਕ ਮੇਜ਼ ਉਪਰ ਰੇਡੀਓ ਰੱਖਿਆ ਹੋਇਆ ਸੀ ਅਤੇ ਇਕ ਤਿਪਾਈ ਉੱਪਰ ਪਾਣੀ ਦੀ ਸੁਰਾਹੀ ਅਤੇ ਚਾਂਦੀ ਦੇ ਦੋ ਗਲਾਸ। ਉਸਤਾਦ ਮੌਲਾਨਾ ਕਮਾਲ, ਮੇਜਰ ਅਬਦੁਲ ਹਮੀਦ ਫ਼ਰਹਤ ਅਤੇ ਮੈਂ ਕੁਰਸੀਆਂ ’ਤੇ ਬੈਠੇ ਸੀ। ਰੇਡੀਓ ’ਤੇ ਇਕ ਗ਼ਜ਼ਲ ਸ਼ੁਰੂ ਹੋਈ ਤਾਂ ਸ਼ੇਖ਼ ਸਾਹਿਬ ਦੇ ਚਿਹਰੇ ’ਤੇ ਨੂਰ ਆ ਗਿਆ। ਬੋਲੇ, ‘‘ਇਹ ਬੀਬੀ ਸਾਡੀ ਗ਼ਜ਼ਲ ਕਿੱਥੋਂ ਚੁੱਕ ਲਿਆਈ।’’ ਗਾਇਕਾ ਸ਼ਿਅਰ ਦਾ ਪਹਿਲਾ ਮਿਸਰਾ ਗਾਉਂਦੀ ਤਾਂ ਸ਼ੇਖ਼ ਸਾਹਿਬ ਲਹਿਕ ਕੇ ਦੂਜਾ ਮਿਸਰਾ ਬੋਲ ਦਿੰਦੇ। ਉਨ੍ਹਾਂ ਦੀ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਗਾਇਕਾ ਨੇ ਜਦੋਂ ਗ਼ਜ਼ਲ ਦਾ ਮਕਤਾ ਗਾਇਆ ਅਤੇ ਉਸ ਵਿੱਚ ਸ਼ਾਇਰ ਦਾ ਤਖ਼ੱਲੁਸ ਬਸ਼ੀਰ ਦੀ ਥਾਂ ‘ਜ਼ਮੀਰ’ ਪੜ੍ਹਿਆ ਤਾਂ ਸ਼ੇਖ਼ ਸਾਹਿਬ ਦਾ ਰੰਗ ਉੱਡ ਗਿਆ। ਸਾਰੀ ਖ਼ੁਸ਼ੀ ਖੰਭ ਲਾ ਕੇ ਉੱਡ ਗਈ। ਚਿਹਰਾ ਲਮਕ ਗਿਆ।

ਜੋਸ਼ ਮਲੀਹਾਬਾਦੀ

ਜੋਸ਼ ਮਲੀਹਾਬਾਦੀ

ਅਸਲ ਵਿੱਚ ਉਨ੍ਹਾਂ ਨੂੰ ਯਾਦ ਹੀ ਨਹੀਂ ਸੀ ਕਿ ਉਹ ਇਹ ਗ਼ਜ਼ਲ ਨਵਾਬ ਇਫ਼ਤਿਖ਼ਾਰ ਅਲੀ ਖ਼ਾਂ ਨੂੰ ਦੇ ਚੁੱਕੇ ਸਨ, ਜਿਨ੍ਹਾਂ ਦਾ ਤਖ਼ੱਲੁਸ ‘ਜ਼ਮੀਰ’ ਸੀ। ਇਹ ਤਖ਼ੱਲੁਸ ਵੀ ਅਸਲੋਂ ਉਨ੍ਹਾਂ ਆਪ ਹੀ ਨਵਾਬ ਸਾਹਿਬ ਨੂੰ ਦਿੱਤਾ ਸੀ ਤਾਂ ਜੋ ਜਦੋਂ ਵੀ ਹੁਕਮ ਹੋਵੇ, ਉਹ ਆਪਣੀ ਗ਼ਜ਼ਲ ਦੇ ਮਕਤੇ ਵਿੱਚ ਬਸ਼ੀਰ ਦੀ ਥਾਂ ’ਤੇ ਜ਼ਮੀਰ ਲਿਖ ਕੇ ਗ਼ਜ਼ਲ ਨਵਾਬ ਸਾਹਿਬ ਨੂੰ ਪੇਸ਼ ਕਰ ਦੇਣ।
ਂਂਂ
‘ਜੋਸ਼’ ਮਲੀਹਾਬਾਦੀ ‘ਆਜਕਲ’ ਦੇ ਸੰਪਾਦਕ ਬਣੇ ਤਾਂ ਦਿੱਲੀ ਦੇ ਸ਼ਾਇਰ ਆਮ ਤੌਰ ’ਤੇ ਅਤੇ ਬਾਹਰੋਂ ਆਏ ਸ਼ਾਇਰ ਖ਼ਾਸ ਤੌਰ ’ਤੇ ਜੋਸ਼ ਸਾਹਿਬ ਨੂੰ ਸਲਾਮ ਕਰਨ ਜਾਣ ਲੱਗੇ। ਉਦੋਂ ਸ਼ਾਇਦ ਇਹੋ ਇਕ ਰਸਾਲਾ ਸੀ, ਜੋ ਰਚਨਾਵਾਂ ਦਾ ਸੇਵਾ ਫਲ ਦਿੰਦਾ ਸੀ। ਦਿੱਲੀ ਦਾ ਇਕ ਨੌਜਵਾਨ ਸ਼ਾਇਰ ਵੀ ਸਲਾਮ ਕਰਨ ਗਿਆ। ਜੋਸ਼ ਹੁਰਾਂ ਅੰਦਰ ਬੁਲਾ ਲਿਆ। ਉਸ ਨੇ ਸਲਾਮ ਕਰਦਿਆਂ ਪੁੱਛਿਆ, ‘‘ਹਜ਼ੂਰ ਕੇ ਮਿਜ਼ਾਜ ਕੈਸੇ ਹੈਂ?’’ ਜੋਸ਼ ਸਾਹਿਬ ਬੋਲੇ, ‘‘ਸਾਹਿਬਜ਼ਾਦੇ! ਅਪਨਾ ਤੋ ਏਕ ਹੀ ਮਿਜ਼ਾਜ ਹੈ, ਵੋ ਅੱਛਾ ਹੈ। ਜਿਨ ਕੇ ਪਾਸ ਏਕ ਸੇ ਜ਼ਿਆਦਾ ਮਿਜ਼ਾਜ ਹੈਂ, ਉਨ ਸੇ ਮਾਲੂਮ ਕਰ ਲੋ।’’ ਨੌਜਵਾਨ ਸ਼ਾਇਰ ਸ਼ਰਮਿੰਦਾ ਹੋ ਕੇ ਰਹਿ ਗਿਆ। ਸਮਝ ਪੈ ਗਈ ਕਿ ਮਿਜ਼ਾਜ ਸ਼ਬਦ ਇੱਕ-ਬਚਨ ਹੈ, ਬਹੁ-ਬਚਨ ਨਹੀਂ।
ਂਂਂ

ਘਨ੍ਹੱਈਆ ਲਾਲ ਕਪੂਰ

ਘਨ੍ਹੱਈਆ ਲਾਲ ਕਪੂਰ

‘ਬੀਸਵੀਂ ਸਦੀ’ ਦੇ ਸੰਪਾਦਕ ਖ਼ੁਸ਼ਤਰ ਗਿਰਾਮੀ ਨੇ ਪ੍ਰਸਿੱਧ ਗੀਤਕਾਰ ਰਾਜਾ ਮਹਿਦੀ ਅਲੀ ਖ਼ਾਂ ਨੂੰ ਚਿੱਠੀ ਲਿਖ ਕੇ ਰਸਾਲੇ ਦੇ ਸਾਲਾਨਾ ਅੰਕ ਲਈ ਕਵਿਤਾ ਦੀ ਮੰਗ ਕੀਤੀ। ਰਾਜਾ ਹੁਰਾਂ ਜਵਾਬ ਵਿੱਚ ਲਿਖਿਆ, ‘‘ਤੂੰ ਮੇਰੇ ਪਾਸੋਂ ਕਵਿਤਾ ਦੀ ਮੰਗ ਕੀਤੀ ਹੈ। ਪਰ ਕਿਉਂ? ਮੈਂ ਕੋਈ ਸ਼ਾਇਰ ਹਾਂ? ਸ਼ਾਇਰ ਹੋਵੇਗਾ ਤੇਰਾ ਪਿਓ, ਮੈਂ ਤਾਂ ਸ਼ਰੀਫ਼ ਆਦਮੀ ਹਾਂ।’’
ਂਂਂ
ਇਕ ਵਾਰੀ ਜੋਸ਼ ਮਲੀਹਾਬਾਦੀ ਉਸ ਸਮੇਂ ਦੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਮਿਲਣ ਗਏ। ਉਨ੍ਹਾਂ ਦੇ ਨਾਂ ਦੀ ਪਰਚੀ ਅੰਦਰ ਭੇਜ ਦਿੱਤੀ ਗਈ। ਕਾਫ਼ੀ ਦੇਰ ਉਹ ਵੇਟਿੰਗ ਰੂਮ ਵਿੱਚ ਬੈਠੇ ਅੰਦਰ ਬੁਲਾਏ ਜਾਣ ਦੀ ਉਡੀਕ ਕਰਦੇ ਰਹੇ। ਅਖੀਰ ਉਨ੍ਹਾਂ ਦਾ ਸਬਰ ਜਵਾਬ ਦੇ ਗਿਆ। ਹੋਰ ਉਡੀਕ ਕਰਨੀ ਉਨ੍ਹਾਂ ਦੀ ਹਉਮੈ ਨੂੰ ਗਵਾਰਾ ਨਹੀਂ ਸੀ। ਉਨ੍ਹਾਂ ਇਕ ਕਾਗਜ਼ ਲੈ ਕੇ ਉਸ ’ਤੇ ਇਕ ਸ਼ਿਅਰ ਲਿਖਿਆ ਅਤੇ ਕਾਗਜ਼ ਸਟਾਫ਼ ਦੇ ਹਵਾਲੇ ਕਰਕੇ ਤੁਰ ਆਏ। ਸ਼ਿਅਰ ਸੀ-
ਕਿਸ ਲੀਏ ਅਪਨਾ ਖ਼ੂਨ ਖੌਲਾਨਾ।
ਫਿਰ ਕਿਸੀ ਔਰ ਵਕਤ ਮੌਲਾਨਾ।
ਂਂਂ
11802CD _SATYARTHIਪੰਡਤ ਹਰੀਚੰਦ ‘ਅਖ਼ਤਰ’ ਬੜੇ ਬਾ-ਕਮਾਲ ਸ਼ਾਇਰ ਸਨ। ਉਹ ਸਾਧਾਰਨ ਗੱਲਬਾਤ ਵੀ ਸ਼ਾਇਰੀ ਵਿੱਚ ਕਰ ਸਕਦੇ ਸਨ। ਇਸ ਤਰ੍ਹਾਂ ਸ਼ਿਅਰ ਕਹਿਣ ਨੂੰ ਉਰਦੂ ਵਿੱਚ ‘ਫਿਲਬਦੀ’ ਆਖਦੇ ਹਨ।
ਮੁਸ਼ਾਇਰਾ ਹੋ ਰਿਹਾ ਸੀ। ਇਕ ਸ਼ਾਇਰ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗ਼ਜ਼ਲ ਪੜ੍ਹ ਰਿਹਾ ਸੀ। ਉਸ ਦੀ ਗ਼ਜ਼ਲ ਦੇ ਕਾਫ਼ੀਆ-ਰਦੀਫ਼ ਸਨ: ‘‘ਬਾਤ ਕਿਆ ਕਿਆ, ਰਾਤ ਕਿਆ ਕਿਆ।’’ ਉਸ ਨੇ ਇਕ ਮਿਸਰਾ ਲਹਿਕ-ਲਹਿਕ ਕੇ, ਤਰਜ਼ਾਂ ਬਦਲ-ਬਦਲ ਕੇ ਪੜ੍ਹਿਆ:
ਯੇ ਦਿਲ ਹੈ ਯੇ ਜਿਗਰ ਹੈ ਯੇ ਕਲੇਜਾ
ਮੰਚ ’ਤੇ ਬੈਠੇ ਪੰਡਤ ਹੁਰੀਂ ਦੂਜੇ ਮਿਸਰੇ ਦੀ ਉਡੀਕ ਕਰਦੇ ਥੱਕ ਗਏ ਤਾਂ ਫ਼ਿਲਬਦੀ ਬੋਲੇ- ਕਸਾਈ ਲਾਇਆ ਹੈ ਸੌਗ਼ਾਤ ਕਿਆ ਕਿਆ।
ਂਂਂ
ਪ੍ਰਸਿੱਧ ਵਿਅੰਗਕਾਰ ਘਨੱਈਆ ਲਾਲ ਕਪੂਰ ਮੋਗੇ ਦੇ ਡੀ.ਐਮ. ਕਾਲਜ ਵਿੱਚ ਅੰਗਰੇਜ਼ੀ ਦੇ ਅਧਿਆਪਕ ਸਨ। ਬੜੇ ਹੀ ਸ਼ਾਂਤ, ਮਿੱਠਬੋਲੜੇ, ਸੱਜਣ ਪੁਰਸ਼ ਸਨ। ਕਾਲਜ ਵਿੱਚ ਹੋਈ ਕਿਸੇ ਘਟਨਾ ਦੇ ਸੰਦਰਭ ਵਿੱਚ ਇਕ ਦਿਨ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਸੱਦ ਬੁਲਾਇਆ। ਉਸ ਦੇ ਦਫ਼ਤਰ ਵਿੱਚ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਵੀ ਬੈਠੇ ਹੋਏ ਸਨ। ਪ੍ਰਿੰਸੀਪਲ ਨੂੰ ਕਿਸੇ ਗੱਲ ਤੋਂ ਰੋਹ ਚੜ੍ਹਿਆ ਆਇਆ ਸੀ। ਉਸ ਨੇ ਕਪੂਰ ਸਾਹਿਬ ਨੂੰ ਖ਼ਾਸਾ ਅਵਾ-ਤਵਾ ਬੋਲਿਆ। ਕਪੂਰ ਹੁਰੀਂ ਚੁੱਪ ਬੈਠੇ ਰਹੇ। ਅਖ਼ੀਰ ਉਨ੍ਹਾਂ ਇਕ ਕਾਗਜ਼ ਚੁੱਕਿਆ, ਉਸ ’ਤੇ ਇਕ ਸ਼ਿਅਰ ਝਰੀਟਿਆ ਅਤੇ ਕਾਗਜ਼ ਪ੍ਰਿੰਸੀਪਲ ਦੀ ਮੇਜ਼ ’ਤੇ ਰੱਖ ਕੇ ਬਾਹਰ ਆ ਗਏ। ਸ਼ਿਅਰ ਸੀ:
ਚੁੱਪ ਰਹੇ ਹਮ ਅਦਬ ਸੇ ਮਹਿਫ਼ਿਲ ਮੇਂ,
ਵਰਨਾ ਕਿਸ ਬਾਤ ਕਾ ਜਵਾਬ ਨਾ ਥਾ।
ਂਂਂ
ਚਾਲੀ-ਪੰਜਾਹ ਵਰ੍ਹੇ ਪਹਿਲਾਂ ਦਿੱਲੀ ਦੀ ਜਾਮਾ ਮਸਜਿਦ ਸਾਹਮਣੇ, ਮੌਲਵੀ ਸਮੀਉੱਲਾ ਦੀ ਦੁਕਾਨ ਉਪਰਲੇ ਚੁਬਾਰੇ ਵਿੱਚ ਹਰ ਐਤਵਾਰ ਕਵੀ ਗੋਸ਼ਠੀ ਹੁੰਦੀ ਸੀ। ਆਮ ਤੌਰ ’ਤੇ ਸੰਚਾਲਨ ਗੁਲਜ਼ਾਰ ਦੇਹਲਵੀ ਕਰਦੇ ਹੁੰਦੇ ਸਨ। ਇਨ੍ਹਾਂ ਗੋਸ਼ਠੀਆਂ ਵਿੱਚ ਸ਼ਾਇਰ ਹੀ ਸਰੋਤੇ ਹੁੰਦੇ ਸਨ। ਗੁਲਜ਼ਾਰ ਨੂੰ ਕਈ ਵਾਰੀ ਕੁਝ ਸ਼ਾਇਰਾਂ ਦੇ ਨਾਂ ਵੀ ਪਤਾ ਨਹੀਂ ਹੁੰਦੇ ਸਨ, ਇਸ ਲਈ ਉਹ ਸ਼ਾਇਰ ਨੂੰ ਬੇਨਤੀ ਕਰ ਦਿੰਦਾ ਸੀ ਕਿ ਆਪਣੇ ਪਰਿਚੈ ਅਤੇ ਕਲਾਮ ਨਾਲ ਨਵਾਜੋ। ਇਹੋ ਜਿਹੇ ਹੀ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਉਸ ਨੇ ਬੇਨਤੀ ਕੀਤੀ। ਵਿਅਕਤੀ ਨੇ ਨਿਮਰਤਾ-ਪੂਰਵਕ ਆਖਿਆ ਕਿ ਮੈਂ ਸ਼ਾਇਰ ਨਹੀਂ ਹਾਂ, ਸਿਰਫ ਸ਼ਿਅਰ ਸੁਣਨ ਦਾ ਸ਼ੌਕ ਹੈ ਮੈਨੂੰ। ਗੁਲਜ਼ਾਰ ਨੇ ਕਈ ਵਾਰੀ ਇਸਰਾਰ ਕੀਤਾ ਪਰ ਉਹ ਹਰ ਵਾਰੀ ਇਹੋ ਆਖਦਾ ਰਿਹਾ।
ਗੋਸ਼ਠੀ ਵਿੱਚ ਸ਼ਾਮਲ ਦੇਵਿੰਦਰ ਸਤਿਆਰਥੀ, ਆਪਣੀ ਥਾਂ ਤੋਂ ਉੱਠੇ, ਲਗਪਗ ਟਹਿਲਦੇ ਹੋਏ ਉਸ ਵਿਅਕਤੀ ਦੇ ਸਾਹਮਣੇ ਜਾ ਖਲੋਏ। ਬੋਲੇ, ‘‘ਰਤਾ ਉੱਠ ਖਾ ਭਰਾਵਾ।’’ ਵਿਅਕਤੀ ਸਤਿਆਰਥੀ ਹੁਰਾਂ ਨੂੰ ਪਛਾਣਦਾ ਸੀ। ਅਦਬ-ਆਦਾਬ ਕਰਦਿਆਂ ਉੱਠ ਖਲੋਤਾ। ਸਤਿਆਰਥੀ ਜੀ ਨੇ ਆਪਣੀਆਂ ਦੋਵੇਂ ਬਾਹਵਾਂ ਖੋਲ੍ਹ ਕੇ ਆਖਿਆ, ‘‘ਆ ਮੇਰੀ ਹਿੱਕ ਨਾਲ ਲਗ ਯਾਰਾ। ਜੇ ਤੈਨੂੰ ਸੱਚਮੁੱਚ ਹੀ ਸ਼ਿਅਰ ਸੁਣਨ ਦਾ ਸ਼ੌਕ ਹੈ ਤਾਂ ਤੂੰ ਹੁਣ ਤੱਕ ਸੀ ਕਿੱਥੇ, ਮੈਂ ਤਾਂ ਰਿਕਸ਼ੇ ਵਾਲਿਆਂ ਨੂੰ ਪੈੇਸੇ ਦੇ ਕੇ ਸ਼ਿਆਰ ਸੁਣਾਉਂਦਾ ਰਿਹਾ ਹਾਂ।’’
(ਬਾਕੀ ਅਗਲੇ ਐਤਵਾਰ)
ਸੰਪਰਕ: 94173-65676
ਂਂਂ
ਪਾਣੀਪਤ ਵਿਚ ਆਲ ਇੰਡੀਆ ਮੁਸ਼ਾਇਰਾ ਸੀ। ਉਦੋਂ ਪਾਣੀਪਤ ਜ਼ਿਲ੍ਹਾ ਨਹੀਂ ਬਣਿਆ ਸੀ, ਕਰਨਾਲ ਜ਼ਿਲ੍ਹੇ ਦੀ ਸਬ-ਡਿਵੀਜ਼ਨ ਸੀ। ਕਰਨਾਲ ਦੇ ਡੀ.ਸੀ. ਸੁਖਦੇਵ ਪ੍ਰਸ਼ਾਦ ਨੇ ਬੜੇ ਚਾਅ ਨਾਲ ਆਯੋਜਨ ਕੀਤਾ ਸੀ। ਉਸੇ ਦਿਨ ਪਾਣੀਪਤ ਦੇ ਪਬਲਿਕ ਪਾਰਕ ਨੂੰ ‘‘ਹਾਲੀ ਪਾਰਕ’’ ਨਾਂ ਦਿੱਤਾ ਜਾਣਾ ਸੀ। ਸੁਖਦੇਵ ਪ੍ਰਸ਼ਾਦ ਨੇ ਫ਼ੈਸਲਾ ਕੀਤਾ ਕਿ ਸਾਰੇ ਸ਼ਾਇਰ ਮੌਲਾਨਾ ਹਾਲੀ ਦੇ ਮਜ਼ਾਰ ’ਤੇ ਜਾ ਕੇ ਫ਼ਾਤਿਹਾ ਪੜ੍ਹਨਗੇ। ਅਸੀਂ ਸਾਰੇ ਹੋਟਲ ਤੋਂ ਤੁਰਨ ਲੱਗੇ ਤਾਂ ‘ਸਾਹਿਰ’ ਲੁਧਿਆਣਵੀ ਦੀ ਹਾਲਤ ਵੇਖਣ ਯੋਗ ਸੀ। ਬੜੀ ਘਬਰਾਹਟ ਹੋ ਰਹੀ ਸੀ ਉਸ ਨੂੰ। ਮੈਨੂੰ ਇਕ ਪਾਸੇ ਲਿਜਾ ਕੇ ਆਖਣ ਲੱਗਾ, ‘‘ਯਾਰ, ਮੈਂ ਨਾ ਜਾਵਾਂ ਤਾਂ ਕੋਈ ਫ਼ਰਕ ਪਵੇਗਾ?’’ ਮੈਂ ਆਖਿਆ, ‘‘ਵੇਖ ਲੈ, ਅਖ਼ਬਾਰ ਵਾਲੇ ਤੇਰੇ ਨਾ ਜਾਣ ਨੂੰ ਹਾਲੀ ਪ੍ਰਤੀ ਬਗ਼ਾਵਤ ਨਾ ਛਾਪ ਦੇਣ।’’ ਉਹ ਹੋਰ ਵੀ ਘਬਰਾ ਗਿਆ। ਮੈਂ ਪੁੱਛਿਆ, ‘‘ਪ੍ਰਾਬਲਮ ਕੀ ਹੈ?’’ ਆਖਣ ਲੱਗਾ, ‘‘ਯਾਰ, ਮੈਂ ਕਦੀ ਫ਼ਾਤਿਹਾ ਹੀ ਨਹੀਂ ਪੜ੍ਹੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਜਿਹੇ ਮੌਕੇ ਕਰੀਦਾ ਕੀ ਹੈ।’’ ਮੈਂ ਆਖਿਆ, ‘‘ਤੂੰ ਸਾਡੇ ਨਾਲ ਚੱਲ, ਉੱਥੇ ਜਾ ਕੇ ਫ਼ਾਤਿਹਾ ਨਾ ਪੜ੍ਹੀਂ।’’ ਬੋਲਿਆ, ‘‘ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਨਾਂਮਾਤਰ ਦਾ ਹੀ ਮੁਸਲਮਾਨ ਹਾਂ।’’
ਉਸ ਨੂੰ ਇਸ ਉਲਝਣ ਤੋਂ ਮੁਕਤੀ ਦਿਵਾਉਣ ਲਈ ਮੈਂ ਉਸ ਨੂੰ ਦੱਸਿਆ ਕਿ ਅਸੀਂ ਸਾਰਿਆਂ ਨੇ ਕੇਵਲ ਦੁਆ ਲਈ ਹੱਥ ਉਠਾਉਣੇ ਹਨ, ਫ਼ਾਤਿਹਾ ਤਾਂ ਲੁਧਿਆਣੇ ਤੋਂ ਵਿਸ਼ੇਸ਼ ਤੌਰ ’ਤੇ ਸੱਦੇ ਗਏ ਮੌਲਾਨਾ ਹਬੀਬੁਰ ਰਹਿਮਾਨ ਪੜ੍ਹਨਗੇ। ਜਿੰਨਾ ਚਿਰ ਮੌਲਾਨਾ ਫ਼ਾਤਿਹਾ ਪੜ੍ਹਨਗੇ, ਓਨਾ ਚਿਰ ਤੂੰ ਹਾਲੀ ਦੀ ਰੂਹ ਨੂੰ ਯਕੀਨ ਦਿਵਾਉਂਦਾ ਰਹੀਂ ਕਿ ਤੂੰ ਉਸ ਤੋਂ ਬਾਗ਼ੀ ਨਹੀਂ। ਸਾਹਿਰ ਦੀ ਜਾਨ ਵਿੱਚ ਜਾਨ ਆਈ ਪਰ ਮਜ਼ਾਰ ’ਤੇ ਜਾ ਕੇ ਵੀ ਉਸ ਨੂੰ ਇਹ ਧੁੜਧੁੜੀ ਲੱਗੀ ਰਹੀ ਕਿ ਕਿਧਰੇ ਉਸ ਦੇ ਇਸਲਾਮੀ ਕਰਮਕਾਂਡ ਤੋਂ ਨਾ-ਵਾਕਿਫ਼ ਹੋਣ ਦਾ ਭਾਂਡਾ-ਭੰਨ ਨਾ ਹੋ ਜਾਵੇ।
ਸ਼ਾਇਰੇ-ਇਨਕਲਾਬ ‘ਜੋਸ਼’ ਮਲੀਹਾਬਾਦੀ ਨੂੰ ਆਪਣੇ ਪਠਾਣ ਹੋਣ ’ਤੇ ਬੜਾ ਮਾਣ ਸੀ ਹਾਲਾਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਮਾਤਾ ਮਹਾਰਾਜਾ ਧੌਲਪੁਰ ਰਾਣਾ ਭਗਵੰਤ ਸਿੰਘ ਦੀ ਪੋਤਰੀ ਸੀ। ਉਸ ਦਾ ਨਾਂ ਬਿਸਮਿੱਲਾ ਬੇਗ਼ਮ ਸੀ। ਜੋਸ਼ ਦਾ ਨਾਨਾ ਖ਼ਵਾਜਾ ਮੁਹੰਮਦ ਖ਼ਾਂ ਰਾਣਾ ਹੁਰਾਂ ਦਾ ਪੁੱਤਰ ਸੀ, ਜਿਸ ਦੀ ਮਾਤਾ ਦਾ ਨਾਂ ਗਜਰਾ ਸੀ। ਰਾਣਾ ਨੇ ਆਪਣੇ ਇਸਲਾਮ ਕਬੂਲ ਕਰਨ ਵਾਲੇ ਪੁੱਤਰ ਨੂੰ ਬੜੀ ਵੱਡੀ ਜਾਗੀਰ ਦੇ ਛੱਡੀ ਸੀ।  12 ਜੂਨ, 1942 ਨੂੰ ਜੋਸ਼ ਦੇ ਮਾਮੇ ਰੁਸਤਮ ਅਲੀ ਖ਼ਾਂ ਦਾ ਦੇਹਾਂਤ ਹੋਇਆ ਤਾਂ ਜੋਸ਼ ਦੀ ਮਾਤਾ ਨੇ ਜਾਗੀਰ ’ਤੇ ਆਪਣਾ ਦਾਅਵਾ ਠੋਕ ਦਿੱਤਾ। ਰੁਸਤਮ ਅਲੀ ਬੇ-ਔਲਾਦ ਮਰਿਆ ਸੀ। ਜਾਗੀਰ ਹਾਸਲ ਕਰਨ ਲਈ ਬਿਸਮਿੱਲਾ ਬੇਗਮ ਨੇ ਸਰ ਤੇਜ਼ ਬਹਾਦਰ ਸਪਰੂ ਨੂੰ ਵਕੀਲ ਕੀਤਾ। ਜੋਸ਼ ਆਪ ਵੀ ਮੁਕੱਦਮੇ ਦੀ ਪੈਰਵੀ ਲਈ ਸਪਰੂ ਹੁਰਾਂ ਦੇ ਘਰ ਦੇ ਫੇਰੇ ਮਾਰਦਾ ਰਿਹਾ।
ਂਂਂ
ਸ਼ਾਇਰ ‘ਜਿਗਰ’ ਮੁਰਾਦਾਬਾਦੀ ਅਤੇ ਕਹਾਣੀਕਾਰ ਸਆਦਤ ਹਸਨ ਮੰਟੋ ਨੇ ਜਦੋਂ ਪਹਿਲੀ ਵਾਰ ਲਾਹੌਰ ਵਿਖੇ ਇਕ-ਦੂਜੇ ਦੇ ਦਰਸ਼ਨ ਕੀਤੇ ਤਾਂ ਕਿਸੇ ਨੇ ਉਨ੍ਹਾਂ ਦਾ ਪਰਿਚੈ ਕਰਾਉਂਦਿਆਂ ਆਖਿਆ, ‘‘ਮੰਟੋ! ਇਹ ਮੁਰਾਦਾਬਾਦ ਦੇ ਜਿਗਰ ਹਨ।’’ ਆਪਣਾ ਪਰਿਚੈ ਆਪ ਦਿੰਦਿਆਂ ਮੰਟੋ ਬੋਲਿਆ, ‘‘ਜੀ, ਮੈਂ ਲਾਹੌਰ ਦਾ ਗੁਰਦਾ ਹਾਂ।’’
ਂਂਂ
ਇਕ ਸ਼ਾਇਰ ਤਹਿਸੀਲਦਾਰ ਸੀ। ਕੰਵਰ ਮਹਿੰਦਰ ਸਿੰਘ ਬੇਦੀ ਉਸ ਦੇ ਜ਼ਿਲ੍ਹੇ ਦੇ ਡੀ.ਸੀ. ਸਨ। ਇਕ ਮੁਸ਼ਾਇਰਾ ਹੋਇਆ। ਤਹਿਸੀਲਦਾਰ ਅਮੰਤ੍ਰਿਤ ਸ਼ਾਇਰਾਂ ਵਿੱਚ ਸ਼ਾਮਲ ਨਹੀਂ ਸੀ ਪਰ ਆ ਧਮਕਿਆ ਸੀ। ਉਹ ਆਪਣੇ ਡੀ.ਸੀ. ਨੂੰ ਸਿੱਧਿਆਂ ਤਾਂ ਆਖ ਨਹੀਂ ਸਕਦਾ ਸੀ, ਇਸ ਲਈ ਉਸ ਨੇ ਦੋ-ਚਾਰ ਲੋਕਾਂ ਪਾਸੋਂ ਚਿੱਟਾਂ ਭਿਜਵਾਈਆਂ ਕਿ ਫਲਾਣੇ ਸ਼ਾਇਰ ਨੂੰ ਪੜ੍ਹਵਾਓ। ਕੰਵਰ ਸਾਹਿਬ ਨੇ ਇਸ਼ਾਰਾ ਕਰਕੇ ਤਹਿਸੀਲਦਾਰ ਨੂੰ ਆਪਣੇ ਪਾਸ ਬੁਲਾਇਆ ਤੇ ਪੁੱਛਿਆ, ‘‘ਸਟੇਸ਼ਨ ਲੀਵ ਲੈ ਕੇ ਆਇਆ ਏ ਜਾਂ ਬਿਨਾਂ ਲੀਵ ਤੋਂ ਹੀ ਹੈੱਡ ਕੁਆਰਟਰ ਛੱਡ ਆਇਆ ਏਂ?’’ ‘‘ਸਰ..’’ ਤਹਿਸੀਲਦਾਰ ਹਕਲਾਉਣ ਲੱਗਾ। ‘‘ਚਲ ਆਪਣੀ ਤਹਿਸੀਲੇ ਪਹੁੰਚ, ਅਸੀਂ ਉਥੇ ਆ ਕੇ ਹੀ ਤੇਰੀ ਸ਼ਾਇਰੀ ਸੁਣਦੇ ਹਾਂ।’’ ਸ਼ਾਇਰ ਤਹਿਸੀਲਦਾਰ ਡੌਰ-ਭੌਰ ਹੋ ਕੇ ਮੰਚ ਤੋਂ ਹੇਠਾਂ ਉਤਰਿਆ ਅਤੇ ਗਧੇ ਦੇ ਸਿਰ ਦੇ ਸਿੰਗਾਂ ਵਾਂਗ ਗਾਇਬ ਹੋ ਗਿਆ।
ਂਂਂ
ਇਕ ਸ਼ਾਇਰ ਨੇ ਆਪਣੇ ਇਕ ਦੋਸਤ ਸ਼ਾਇਰ ਦੀ ਗ਼ਜ਼ਲ ਮੁਸ਼ਾਇਰੇ ਵਿੱਚ ਪੜ੍ਹ ਦਿੱਤੀ। ਦੋਸਤ ਨੂੰ ਪਤਾ ਲੱਗਾ ਤਾਂ ਉਸ ਨੂੰ ਰੋਹ ਚੜ੍ਹ ਗਿਆ। ਵਰ੍ਹਿਆਂ ਪਹਿਲਾਂ ਰਸਾਲੇ ਵਿੱਚ ਛਪੀ ਆਪਣੀ ਗ਼ਜ਼ਲ ਲੈ ਕੇ ਉਹ ਪ੍ਰਬੰਧਕਾਂ ਪਾਸ ਗਿਆ ਅਤੇ ਸ਼ਿਕਾਇਤ ਕੀਤੀ। ਪ੍ਰਬੰਧਕਾਂ ਨੇ ਸ਼ਾਇਰ ਨੂੰ ਸੱਦ ਕੇ ਪੁੱਛਿਆ ਕਿ ਤੂੰ ਚੋਰੀ ਦੀ ਗ਼ਜ਼ਲ ਕਿਉਂ ਪੜ੍ਹੀ? ਤੂੰ ਆਪ ਸ਼ਾਇਰ ਨਹੀਂ ਹੈਂ? ਬਿਨਾਂ ਘਬਰਾਇਆਂ ਸ਼ਾਇਰ ਨੇ ਜਵਾਬ ਦਿੱਤਾ, ‘‘ਜੇਕਰ ਤੁਹਾਡੇ ਪਾਸ ਧੁਲੀ ਹੋਈ ਕਮੀਜ਼ ਨਾ ਹੋਵੇ ਅਤੇ ਤੁਹਾਨੂੰ ਕਿਧਰੇ ਜਾਣਾ ਪੈ ਜਾਵੇ ਤਾਂ ਕੀ ਤੁਸੀਂ ਦੋਸਤ ਦੀ ਕਮੀਜ਼ ਨਹੀਂ ਪਹਿਨ ਲੈਂਦੇ? ਤੁਹਾਡੀ ਜੁੱਤੀ ਟੁੱਟੀ ਹੋਵੇ ਤਾਂ ਦੋਸਤ ਦੀ ਜੁੱਤੀ ਨਹੀਂ ਪਾ ਲੈਂਦੇ? ਇਸ ਨੂੰ ਚੋਰੀ ਆਖਦੇ ਹੋ ਤੁਸੀਂ?’’
ਂਂਂ
ਮੇਰੇ ਮਾਮਾ ਜੀ ਸਵਰਗੀ ਰਤਨ ਦੇਵ ਭੰਡਾਰੀ ਸੁਤੰਤਰਤਾ ਸੰਗਰਾਮੀ ਸਨ ਅਤੇ ਕਾਂਗਰਸ ਦੇ ਸਿਰਕੱਢ ਨੇਤਾ ਵੀ। ਲਾਹੌਰ ਰਹਿੰਦੇ ਸਨ। ਹਰ ਪਾਸੇ ਸ਼ਿਅਰੋ-ਸ਼ਾਇਰੀ ਦਾ ਮਾਹੌਲ ਸੀ। ਉਨ੍ਹਾਂ ਵੀ ਸ਼ਾਇਰੀ ਕਰਨ ਦੀ ਲੋਚਾ ਕੀਤੀ। ਇਕ ਗ਼ਜ਼ਲ ਲਿਖ ਕੇ ਉਹ ਕਿਸੇ ਉਸਤਾਦ ਸ਼ਾਇਰ ਪਾਸ ਲੈ ਗਏ। ਉਸਤਾਦ ਨੇ ਕਿਹਾ, ‘‘ਸੁਣਾਓ।’’ ਮਾਮਾ ਜੀ ਨੇ ਗ਼ਜ਼ਲ ਸੁਣਾ ਦਿੱਤੀ। ਗ਼ਜ਼ਲ ਦਾ ਇਕ ਸ਼ਿਅਰ ਸੀ-
ਹਮ ਮਿਠਾਈ ਬਾਂਟਤੇ ਫਿਰਤੇ ਹੈਂ ਆਜ,
ਹੈ ਹਮਾਰੀ ਭੈਂਸ ਨੇ ਕੱਟਾ ਦੀਆ।
ਗ਼ਜ਼ਲ ਸੁਣ ਕੇ ਉਸਤਾਦ ਨੇ ਆਖਿਆ, ‘‘ਮਿਸਰੇ ਤਾਂ ਬਹਿਰ ਵਿੱਚ ਹਨ। ਖਿਆਲ ਦੀ ਤੂੰ ਜਾਣ। ਉਂਜ ਮੇਰੀ ਸਲਾਹ ਇਹ ਹੈ ਕਿ ਤੂੰ ਸ਼ਾਇਰੀ ਦੇ ਕੰਜਰਖਾਨੇ ਵਿੱਚ ਨਾ ਹੀ ਪੈ।’’
ਂਂਂ
ਪਟਿਆਲੇ ਇਕ ਬੜਾ ਵੱਡਾ ਮੁਸ਼ਾਇਰਾ ਹੋਇਆ। ਆਯੋਜਨ ਇਕ ਸਰਕਾਰੀ ਅਫ਼ਸਰ ਨੇ ਕੀਤਾ ਸੀ। ਉਹ ਆਪ ਵੀ ਸ਼ਾਇਰ ਸੀ ਮੁਸ਼ਾਇਰੇ ਵਿੱਚ ‘ਫ਼ਿਰਾਕ’ ਗੋਰਖਪੁਰੀ ਵੀ ਸ਼ਾਮਲ ਹੋਏ। ਸ਼ਾਇਰਾਂ ਦੇ ਠਹਿਰਨ ਦਾ ਪ੍ਰਬੰਧ ਤਾਂ ਉਸ ਨੇ ਸਰਕਟ ਹਾਊਸ ਵਿੱਚ ਕੀਤਾ ਸੀ ਪਰ ਮੈਨੂੰ ਅਤੇ ਫ਼ਿਰਾਕ ਸਾਹਿਬ ਨੂੰ ਉਸ ਨੇ ਆਪਣੇ ਘਰ ਠਹਿਰਾਇਆ।
ਰਾਤੀਂ ਡੇਢ ਵਜੇ ਦੇ ਕਰੀਬ ਮੁਸ਼ਾਇਰਾ ਖਤਮ ਹੋਇਆ। ਖਾਣਾ ਖਾਂਦਿਆਂ-ਕਰਦਿਆਂ ਢਾਈ ਵੱਜ ਗਏ। ਤਿੰਨ ਵਜੇ ਦੇ ਕਰੀਬ ਅਸੀਂ ਉਸ ਦੇ ਘਰ ਪੁੱਜੇ। ਅਜੇ ਬਿਸਤਰਿਆਂ ਵਿੱਚ ਵੜੇ ਹੀ ਸਾਂ ਕਿ ਉਹ ਆਪਣੀ ਕਿਤਾਬ ਦਾ ਖਰੜਾ ਲੈ ਕੇ ਆ ਧਮਕਿਆ। ਆਖਣ ਲੱਗਾ, ‘‘ਫ਼ਿਰਾਕ ਸਾਹਿਬ, ਮੈਂ ‘ਸ਼ਾਹਨਾਮਾ ਹਿੰਦ’ ਲਿਖਿਆ ਹੈ। ਆਗਿਆ ਹੋਵੇ ਤਾਂ ਦੋ-ਚਾਰ ਬੰਦ ਅਰਜ਼ ਕਰਾਂ?’’ ਫ਼ਿਰਾਕ ਹੁਰਾਂ ਦੀਦੇ ਘੁਮਾ ਕੇ ਆਖਿਆ, ‘‘ਛਪਣ ਦੇਵੋ, ਪੜ੍ਹਾਂਗੇ।’’ ਮੇਜ਼ਬਾਨ ਨੇ ਬੜੀ ਨਿਮਰਤਾ ਨਾਲ ਆਖਿਆ, ‘‘ਜੀ, ਮੇਰੀ ਇੱਛਾ ਹੈ ਕਿ ਇਸ ਦੀ ਭੂਮਿਕਾ ਤੁਸੀਂ ਲਿਖਦੇ।’’ ਫ਼ਿਰਾਕ ਸਾਹਿਬ ਮੁਸਕਰਾਏ। ਬੋਲੇ, ‘‘ਤੁਸੀਂ ਐਡਾ ਵੱਡਾ ਸ਼ਾਹਨਾਮਾ ਲਿਖ ਸੁੱਟਿਐ ਤਾਂ ਭੂਮਿਕਾ ਦਾ ਇਕ ਪੰਨਾ ਵੀ ਲਿਖ ਲੈਣਾ ਸੀ।’’ ਮੇਜ਼ਬਾਨ ਨੇ ਆਖਿਆ, ‘‘ਜੀ, ਲਿਖ ਛੱਡਿਐ, ਹੁਕਮ ਹੋਵੇ ਤਾਂ ਅਰਜ਼ ਕਰਾਂ?’’ ਫ਼ਿਰਾਕ ਸਾਹਿਬ ਉਠ ਕੇ ਬੈਠ ਗਏ। ਬੋਲੇ, ‘‘ਵਿਖਾਓ।’’ ਮੇਜ਼ਬਾਨ ਨੇ ਕਾਗਜ਼ ਪੇਸ਼ ਕਰ ਦਿੱਤਾ। ‘‘ਕਲਮ ਦਿਓ, ‘‘ਫ਼ਿਰਾਕ ਹੁਰਾਂ ਆਖਿਆ। ਅਫਸਰ ਨੇ ਬੋਝੇ ਵਿੱਚੋਂ ਕੱਢ ਕੇ ਪੈਨ ਪੇਸ਼ ਕਰ ਦਿੱਤਾ। ਫ਼ਿਰਾਕ ਹੁਰਾਂ ਦਸਤਖਤ ਕੀਤੇ ਅਤੇ ਕਾਗਜ਼ ਉਸ ਨੂੰ ਮੋੜਦਿਆਂ ਬੋਲੇ, ‘‘ਰਤਾ ਬੱਤੀ ਬੁਝਾ ਦਿਓ। ਸੌਣ ਲਈ ਹੁਣ ਰਾਤ ਤਾਂ ਕਿਹੜੀ ਬਾਕੀ ਹੈ।’’
ਮੇਜ਼ਬਾਨ ਸ਼ੁਕਰੀਆ ਅਦਾ ਕਰਕੇ ਚਲਾ ਗਿਆ ਤਾਂ ਮੈਂ ਆਖਿਆ, ‘‘ਫ਼ਿਰਾਕ ਸਾਹਿਬ, ਇਕ ਵਾਰੀ ਪੜ੍ਹ ਤਾਂ ਲੈਣਾ ਸੀ, ਖੌਰੇ ਕੀ ਲਿਖਿਆ ਹੋਵੇਗਾ। ਭੂਮਿਕਾ ਤਾਂ ਤੁਹਾਡੇ ਨਾਂ ਹੇਠਾਂ ਹੀ ਛਪੇਗੀ।’’ ਫ਼ਿਰਾਕ ਸਾਹਿਬ ਬੋਲੇ, ‘‘ਤੂੰ ਚਾਹੁੰਦਾ ਕੀ ਏਂ, ਮੈਂ ਜ਼ਿਬਹ ਹੋ ਜਾਂਦਾ ਉਸ ਦੇ ਹੱਥੋਂ? ਹੁਣ ਜੋ ਲਿਖਿਆ ਹੋਵੇ, ਉਹ ਜਾਣੇ। ਸੌਂ ਜਾਹ, ਮੈਨੂੰ ਵੀ ਸੌਣ ਦੇ।’’


Comments Off on ਕੰਨੀਂ ਸੁਣਿਆ ਅੱਖੀਂ ਵੇਖਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.