ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਖ਼ਤਮ ਹੋਈ ਰਿਸ਼ਤੇ ਜੋੜਨ ਦੀ ਸਾਦਗੀ

Posted On February - 27 - 2017

ਗੱਜਣਵਾਲਾ ਸੁਖਮਿੰਦਰ
12702cd _engagementਪਹਿਲੇ ਵੇਲ਼ਿਆਂ ਵਿੱਚ ਜਦੋਂ ਲੜਕਾ-ਲੜਕੀ ਦਾ ਰਿਸ਼ਤਾ ਤੈਅ ਹੁੰਦਾ ਸੀ ਤਾਂ ਉਦੋਂ ਦੀ ਚੁਣਨ ਪ੍ਰਕਿਰਿਆ ਬੇਲੋੜੀ ਨਾਟਕਬਾਜ਼ੀ ਤੋਂ ਮੁਕਤ ਅਤੇ ਸਹਿਜ ਹੁੰਦੀ ਸੀ। ਕੁੜੀ ਨੂੰ ਵੇਖਣ ਜਾਂਦੇ ਤਾਂ ਅਕਸਰ ‘ਹਾਂ’ ਹੀ ਹੋਇਆ ਕਰਦੀ ; ਨਾਂਹ ਕਰਨ ਦਾ ਕਿਸੇ ਦਾ ਹੀਆ ਨਾ ਪੈਂਦਾ। ਅੱਜ ਉਹ ਗੱਲਾਂ ਨਹੀਂ ਰਹੀਆਂ।  ਆਜ਼ਾਦੀ ਤੇ ਨਵੇਂ ਅਖਾਉਤੀ ਸਵੈ-ਵਿਸ਼ਵਾਸੀ ਗਿਆਨ ਨੇ ਸਾਰੀਆਂ ਮਰਿਆਦਾਵਾਂ ਤੇ ਰਵਾਇਤਾਂ ਹੀ ਬਦਲ ਦਿੱਤੀਆਂ ਹਨ।
ਅੱਜਕੱਲ੍ਹ ਮੁੰਡਾ-ਕੁੜੀ ਦੀ ਚੋਣ ਆਪਣੇ ਵੱਲੋਂ ਟੁਣਕਾ ਕੇ ਕਸਵੱਟੀਆਂ ਲਾ ਕੇ ਹੁੰਦੀ ਹੈ। ਤਾਲੀਮ, ਸਰੀਰਕ ਬਣਤਰ, ਰੰਗ, ਬੋਲਬਾਣੀ ਸਭ ਪਰਖਣ ਦਾ ਯਤਨ ਹੁੰਦਾ ਹੈ। ਅੱਜ ਦੇ ਰਿਸ਼ਤੇ ਦ੍ਰਿਸ਼ਟ ’ਤੇ ਟਿਕੇ ਹੁੰਦੇ ਹਨ ਜੋ ਅੱਖਾਂ, ਕੰਨਾਂ ਨੂੰ ਜਚਦਾ ਹੈ, ਉਸ ਅਨੁਸਾਰ ਹੀ ਪਸੰਦ ਕੀਤਾ ਜਾਂਦਾ ਹੈ। ਪਰ ਪਹਿਲਾਂ ਬਹੁਤ ਕੁਝ ਰੱਬੀ ਰਜ਼ਾ ’ਤੇ ਛੱਡ ਦਿੱਤਾ ਜਾਂਦਾ ਸੀ। ਉਦੋਂ ਦੇ ਮਾਪਦੰਡ ਵਿੱਚ ਸ਼ਰਮ, ਹਯਾ, ਮਿਹਨਤ, ਸਾਦਗੀ ਤੇ ਕਮਾਈ ਦਾ ਵਾਸਾ ਸੀ।
ਅਜੋਕੇ ਦੌਰ ਵਿੱਚ ਜਦੋਂ ਰਿਸ਼ਤਾ ਤੈਅ ਕਰਨ ਵੇਲੇ ਵੇਖ ਵਿਖਾਈ ਹੁੰਦੀ ਹੈ ਤਾਂ ਦੋਨੋਂ ਧਿਰਾਂ ਕਿਸੇ ਸਾਂਝੇ ਥਾਂ ਹੋਟਲ ਵਗੈਰਾ ਵਿੱਚ ਇਕੱਤਰ ਹੁੰਦੀਆਂ ਹਨ। ਕੁੜੀ ਮੁੰਡਾ ਸਜ ਸੰਵਰ ਕੇ ਜਾਂਦੇ ਹਨ।  ਉੱਥੇ ਜਾਂਦਿਆਂ ਹੀ ਕੋਲਡ ਡਰਿੰਕ ਵਰਤਾਈ ਜਾਂਦੀ ਹੈ। ਫਿਰ ਮਾਹੌਲ ਨੂੰ ਸੁਖਾਵਾਂ ਬਣਾਈ ਰੱਖਣ ਦੇ ਖਿਆਲ ਨਾਲ ਦੋਨੋਂ ਧਿਰਾਂ ਹਲਕਾ ਫੁਲਕਾ ਖਾਈ ਜਾਂਦੀਆਂ ਹਨ ਤੇ ਪੁੱਛਣ ਵਾਲੀਆਂ ਗੱਲਾਂ ਇੱਕ ਦੂਜੇ ਤੋਂ ਪੁੱਛੀ ਜਾਂਦੀਆਂ ਹਨ। ਕੁੜੀ ਅਤੇ ਮੁੰਡੇ ਤੋਂ ਉਨ੍ਹਾਂ ਦੀ ਪੜ੍ਹਾਈ ਅਤੇ ਭਵਿੱਖੀ ਇਰਾਦੇ ਬਾਰੇ ਪੁੱਛਿਆ ਜਾਂਦਾ ਹੈ। ਅਜਿਹੇ ਸਵਾਲਾਂ ਤੋਂ ਪਿੱਛੋਂ ਜਦੋਂ ਲੱਗਦਾ ਹੈ ਕਿ ਹੋਰ ਤਸੱਲੀ ਕਰ ਲਈ ਜਾਵੇ ਤਾਂ ਦੋਨਾਂ ਦੇ ਮਾਪੇ ਲੜਕਾ-ਲੜਕੀ ਨੂੰ ਅਲੱਗ ਬਿਠਾ ਦਿੰਦੇ ਹਨ ਤਾਂ ਜੋ ਆਪਸੀ ਗੱਲ ਖੁੱਲ੍ਹ ਜਾਵੇ। ਮਕਸਦ ਇਹ ਹੁੰਦਾ ਹੈ ਕਿ ਦੋਨੋਂ ਚੰਗੀ ਤਰ੍ਹਾਂ ਇੱਕ ਦੂਜੇ ਨੂੰ ਜਾਣ ਲੈਣ। ਗੱਲ ਕੀ ਦੋਹਾਂ ਧਿਰਾਂ ਵੱਲੋਂ ਆਪਣੇ ਜਾਣੇ ਪੂਰੀ ਤਰ੍ਹਾਂ ਮਿਣ-ਤੋਲ ਕੇ ਰਿਸ਼ਤਾ ਲੱਭਣ ਦਾ ਯਤਨ ਹੁੰਦਾ ਹੈ।
ਪੁਰਾਣੇ ਵੇਲਿਆਂ ਵਿੱਚ ਰਿਸ਼ਤੇ ਜੋੜਨ ਦੀਆਂ ਬਾਤਾਂ ਬਹੁਤ ਹੀ ਪਵਿੱਤਰ ਤੇ ਨਿਆਰੀਆਂ ਹੁੰਦੀਆਂ ਸਨ। ਉਦੋਂ ਸਾਕ ਕਰਾਉਣਾ ਪੁੰਨ ਦਾ ਕਾਰਜ ਸਮਝਿਆ ਜਾਂਦਾ ਸੀ। ਅੱਜ ਤਾਂ ਅਖ਼ਬਾਰਾਂ ਵਿੱਚ ਮੈਟਰੀਮੋਨੀਅਲ ਰਾਹੀਂ ਰਿਸ਼ਤੇ ਕੀਤੇ ਜਾਂਦੇ ਹਨ ਜੋ ਘੋਖਾਂ ਕਰਨ ਪਿੱਛੋਂ ਫਿਰ ਵੀ ਤੋੜ ਨਹੀਂ ਚੜ੍ਹਦੇ। ਪਹਿਲੇ ਵੇਲਿਆਂ ਵਿੱਚ ਜਦੋਂ ਧੀ- ਪੁੱਤ ਜੁਆਨ ਹੋ ਜਾਂਦਾ ਸੀ ਤਾਂ ਰਿਸ਼ਤੇ ਲਈ ਮਾਮੀਆਂ, ਮਾਸੀਆਂ ਦੱਸ ਪਾਉਂਦੀਆਂ। ਉਹ ਹੀ ਸਾਕ ਲਿਆਉਂਦੀਆਂ ਤੇ ਸਾਕ ਬਿਨਾਂ ਚਿੰਤਾ ਕੀਤੇ ਅਦਬ ਸਹਿਤ ਸਿਰੇ ਚੜ੍ਹ ਜਾਂਦੇ।
12702cd _Gajjanwalaਸਾਡੀ ਦਾਦੀ ਮਾਂ ‘ਰਾਜੋ’ ਨੇ ਜਦੋਂ ਆਪਣੀ ਭਤੀਜੀ ਛਿੰਦਰੋ ਦਾ ਸਾਕ ਕਰਵਾਉਣਾ ਸੀ ਤਾਂ ਮੁੰਡਾ ਵੇਖਣ ਲਈ ਛਿੰਦਰੋ ਦਾ ਚਾਚਾ ਕੱਚਿਆਂ ਰਾਹਾਂ ਤੋਂ ਪੈਦਲ ਚਲ ਕੇ ਆਇਆ ਸੀ। ਸਾਰੇ ਪਾਣੀ- ਧਾਣੀ ਪੀ ਕੇ ਦਲਾਨ ਵਿੱਚ ਬੈਠੇ ਸਨ। ਜਿਹੜਾ ਮੁੰਡਾ ਵਿਖਾਉਣਾ ਸੀ, ਉਹ ਖੇਤ ਵਿੱਚ ਕਣਕ ਦੀ ਬਿਜਾਈ ਹਿਤ ਰੌਣੀ ਕਰਨ ਲਈ ਵੱਟਾਂ ਬੰਨੇ ਘੜਦਾ ਸੀ। ਉਸ ਨੂੰ ਬੁਲਾਉਣ ਲਈ ਇੱਕ ਜੁਆਕ ਨੂੰ ਇਹ ਕਹਿ ਕੇ ਖੇਤ ਭੇਜਿਆ ਕਿ ਉਸ ਨੂੰ ਕਹਿਣਾ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ। ਸਾਰੇ ਮੰੰਜਿਆਂ ’ਤੇ ਬੈਠੇ ਗੱਲਾਂ ਕਰ ਰਹੇ ਸਨ। ਜਦੋਂ ਮੁੰਡਾ ਅੰਦਰ ਵੜਿਆ ਤਾਂ ਉਹ ਸਿਰੋਂ ਨੰਗਾ, ਲੰਮਾ ਘਸਮੈਲਾ ਜਿਹਾ ਉਸ ਦੇ ਕੁੜਤਾ ਪਹਿਨਿਆ ਹੋਇਆ ਸੀ ਅਤੇ ਮੋਢੇ ’ਤੇ ਕਹੀ ਰੱਖੀ ਹੋਈ ਸੀ। ਉਸ ਦੇ ਨੰਗੇ ਪੈਰ ਤੇ ਗੋਡਿਆਂ ਤਕ ਮਿੱਟੀ ਚੜ੍ਹੀ ਹੋਈ। ਮੁੜਕੋ-ਮੁੜਕੀ ਹੋਏ ਲੜਕੇ ਦੇ ਪਿੰਡੇ ’ਤੇ ਧੂੜ ਜੰਮੀ ਹੋਈ ਸੀ। ਪੱਕੇ ਰੰਗ ਕਾਰਨ ਉਹ ਹੋਰ ਵੀ ਕਾਲਾ ਲੱਗੇ। ਇਸ ਸਭ ਨਾਲ ਉਸ ਦਾ ਚਿਹਰਾ ਮੋਹਰਾ ਅਣਪਛਾਤਾ ਜਿਹਾ ਬਣਿਆ ਹੋਇਆ ਸੀ। ਜਦੋਂ ਉਹ ਹਲਕਾ ਜਿਹਾ ਸਿਰ ਝੂਕਾ ਕੇ ਨੀਂਵੀਂ ਪਾ ਕੇ ਸੰਗਦਾ ਹੋਇਆ ਕੋਲੋਂ ਦੀ ਅੱਗੇ ਲੰਘਿਆ ਤਾਂ ਦਾਦੀ ਮਾਂ ਨੇ ਵੇਖਣ ਆਏ ਆਪਣੇ ਭਰਾ, ਮਤਲਬ ਛਿੰਦਰੋ ਦੇ ਚਾਚੇ ਨੂੰ ਆਖਿਆ ‘ਮੰਗਲਾ! ਆਹ ਐ ਭਾਈ ਮੁੰਡਾ ਜੀਹਦੀ ਬਾਬਤ ਤੈਨੂੰ ਸੱਦਿਆ।’ ਤਾਂ ਕਿਤਾਬੀ ਗਿਆਨ ਤੋਂ ਬਿਲਕੁਲ ਕੋਰੇ ਚਾਚੇ ਮੰਗਲ ਨੇ ਦ੍ਰਿਸ਼ਟ ਤੇ ਅਦ੍ਰਿਸ਼ਟ ਦੋਨਾਂ ਨੂੰ ਵਿਚਾਰ ਕੇ ਇਹ ਕਹਿ ਕੇ ਦਾਦੀ ਮਾਂ ਰਾਜੋ ਨੂੰ ਰੁਪਈਆ ਫੜਾ ਦਿੱਤਾ, ‘ਰਾਜੋ! ਮੁੰਡਾ ਕਮਾਊ ਲੱਗਦਾ। ਮੇਰੀ ਜਾਚੇ ਕੁੜੀ ਭੁੱਖੀ ਨਹੀਂ ਮਰੂਗੀ। ਕਾਲੇ ਗੋਰੇ ਰੰਗ ਵਿੱਚ ਕੀ ਪਿਆ। ਹੱਥਾਂ ਵਿੱਚ ਬਰਕਤ ਹੋਣੀ ਚਾਹੀਦੀ ਐ। ਰਾਜੋ! ਸਾਡੇ ਵੱਲੋਂ ‘ਹਾਂ’ ਹੈ। ਜਦੋਂ ਕਰਨਾ ਹੋਇਆ ਦੱਸ ਦੇਣਾ।’
ਸੰਪਰਕ: 99151-06449


Comments Off on ਖ਼ਤਮ ਹੋਈ ਰਿਸ਼ਤੇ ਜੋੜਨ ਦੀ ਸਾਦਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.