ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖ਼ਤਰਨਾਕ ਹੈ ਡੇਰਿਆਂ ਪ੍ਰਤੀ ਵਧਦਾ ਰੁਝਾਨ

Posted On February - 20 - 2017

ਗੁਰਵੀਰ ਸਿੰਘ
12002cd _dera perokarਪੰਜਾਬ ਵਿੱਚ ਡੇਰਿਆਂ ਅਤੇ ਡੇਰੇਦਾਰਾਂ ਦੇ ਕੱਟੜ ਪੈਰੋਕਾਰਾਂ ਦੀ ਭਰਮਾਰ ਹੈ। ਸਦੀਆਂ ਪਹਿਲਾਂ ਮਨੂ ਵੱਲੋਂ ਨਿਰਧਾਰਤ ਕੀਤੀ ਵਰਣ-ਵੰਡ ਡੇਰਿਆਂ ਵੱਲ ਵਹੀਰਾਂ ਘੱਤ ਕੇ ਜਾਂਦੇ ਸ਼ਰਧਾਲੂਆਂ ਅੰਦਰ ਵੀ ਸਾਫ਼ ਝਲਕਦੀ ਹੈ। ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਹੱਦ ਤਕ ਸਮਾਜ ਦੇ ਉੱਚ ਵਰਗ ਅਤੇ ਨਿਮਨ ਵਰਗ ਦੇ ਆਪੋ ਆਪਣੇ ਡੇਰੇਦਾਰ ਗੁਰੂ ਹਨ। ਮਿਸਾਲ ਦੇ ਤੌਰ ’ਤੇ ਮਾਝੇ ਵਿੱਚ ਸਥਿਤ ਇੱਕ ਪ੍ਰਮੁੱਖ ਡੇਰੇ ਦੇ ਬਹੁਗਿਣਤੀ ਸ਼ਰਧਾਲੂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਖਾਂਦੇ ਪੀਂਦੇ ਪਰਿਵਾਰ ਹਨ। ਇਹ ਡੇਰਾ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਨਾ ਕਰਨ ਕਰਕੇ ਵੀ ਜਾਣਿਆ ਜਾਂਦਾ ਹੈ। ਦੂਜੇ ਪਾਸੇ ਹਰਿਆਣਾ ਵਿਖੇ ਸਿਰਸਾ ਵਿਖੇ ਸਥਿਤ ਡੇਰੇ ਦੇ ਪੈਰੋਕਾਰਾਂ ਵਿੱਚ ਵੱਡੀ ਗਿਣਤੀ ਮਾਲਵੇ ਦੇ ਪੇਂਡੂ ਖੇਤਰ ਦੇ ਗ਼ਰੀਬ ਤਬਕੇ ਦੇ ਲੋਕਾਂ ਦੀ ਹੈ। ਸਿੱਖ ਵਿਦਵਾਨਾਂ ਦੀ ਇਹ ਆਮ ਧਾਰਨਾ ਹੈ ਕਿ ਗੁਰਦੁਆਰਿਆਂ ਵਿੱਚ ਜਾਤੀ ਪ੍ਰਥਾ ’ਤੇ ਆਧਾਰਿਤ ਵਿਤਕਰੇਬਾਜ਼ੀ ਸਮਾਜ ਵੱਲੋਂ ਹਾਸ਼ੀਏ ’ਤੇ ਧੱਕੇ ਵਰਗਾਂ ਵੱਲੋਂ ਡੇਰਿਆਂ ਵੱਲ ਮੁਹਾਰਾਂ ਮੋੜਨ ਦਾ ਇੱਕ ਪ੍ਰਮੁੱਖ ਕਾਰਨ ਹੈ। ਬੇਸ਼ੱਕ ਪੇਂਡੂ ਖੇਤਰਾਂ ਵਿੱਚ ‘ਜੱਟਵਾਦ’ ਸਿੱਖ ਸਿਧਾਂਤਾਂ ’ਤੇ ਆਧਾਰਿਤ ਸਮਾਜਿਕ ਸਮਾਨਤਾ ਨੂੰ ਢਾਹ ਲਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਵਰਤਮਾਨ ਮਾਹੌਲ ਵਿੱਚ ਹੈਂਕੜ ਭਰਪੂਰ ਜੱਟਪੁਣੇ ਨੂੰ ਹਵਾ ਦੇਣ ਵਿੱਚ ਪੰਜਾਬੀ ਸੰਗੀਤ ਦਾ ਵੀ ਯੋਗਦਾਨ ਵੇਖਣ ਨੂੰ ਮਿਲ ਰਿਹਾ ਹੈ।
ਉਪਰੋਕਤ ਤੋਂ ਇਲਾਵਾ ਪੰਜਾਬ ਵਿੱਚ ਇੱਕ ਵੱਡੀ ਗਿਣਤੀ ਸਿੱਖ ਡੇਰੇਦਾਰਾਂ ਦੀ ਵੀ ਪਾਈ ਜਾਂਦੀ ਹੈ ਜੋ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਦਾਅਵਾ ਕਰਦੇ ਹਨ। ਸਿੱਖ ਡੇਰੇਦਾਰਾਂ ਨੇ ਆਪਣੀ ਇੱਕ ਜਥੇਬੰਦੀ ਬਣਾਈ ਹੋਈ ਹੈ ‘ਸੰਤ ਸਮਾਜ’। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਧਰਮੀ ਮਹਾਂਪੁਰਸ਼ਾਂ ਦੀ ਆਬਾਦੀ ਇੰਨੀ ਹੋ ਗਈ ਹੈ ਕਿ ਉਹ ਸਮਾਜ ਦਾ ਹਿੱਸਾ ਨਾ ਹੋ ਕੇ ਇੱਕ ਵੱਖਰੇ ਸੰਤ ਸਮਾਜ ਦੇ ਰੂਪ ’ਚ ਵਿਚਰਦੇ ਹਨ। ਸੰਤਾਂ ਦੇ ਸਮਾਜ ਦੇ ਸੰਦਰਭ ਵਿੱਚ ਆਮ ਲੋਕਾਂ/ਸੰਗਤ ਦਾ ਸਮਾਜ ਕੀ ਸਥਾਨ ਰੱਖਦਾ ਹੈ? ਕੀ ਹੁਣ ਦੋ ਵੱਖੋ ਵੱਖਰੇ ਸਮਾਜ ਹਨ? ਜਨ ਸਾਧਾਰਨ ਦੇ ਸਮਾਜ ਨੂੰ ਤਾਂ ਫਿਰ ‘ਸੰਗਤ ਸਮਾਜ’ ਜਿਹਾ ਕੋਈ ਢੁਕਵਾਂ ਰੁਤਬਾ ਮਿਲ ਜਾਣਾ ਚਾਹੀਦਾ ਹੈ। ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਡੇਰੇ ’ਚ ਤਾਂ ਲੰਗਰ ਛਕਾਉਣ ਵੇਲੇ ਵੀ ਜਾਤੀ ਪ੍ਰਥਾ ਦਾ ਪੂਰਾ ਮਾਣ ਸਤਿਕਾਰ ਰੱਖਿਆ ਜਾਂਦਾ ਹੈ। ਇਨ੍ਹਾਂ ਪ੍ਰਸਥਿਤੀਆਂ ਨੂੰ ਵਾਚਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਮਨੂਵਾਦੀ ਵਿਚਾਰਧਾਰਾ ਇੱਕ ਵੱਖਰਾ ਲਿਬਾਸ ਅਤੇ ਅੰਦਾਜ਼ ਧਾਰਨ ਕਰਕੇ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦੇ ਮਨੁੱਖਤਾਵਾਦੀ ਸਿਧਾਂਤ ਨੂੰ ਲਲਕਾਰ ਰਹੀ ਹੋਵੇ।
ਹੁਣ ਗੱਲ ਕਰੀਏ ਡੇਰੇਦਾਰਾਂ ਅਤੇ ਸਿਆਸਤ ਦੇ ਖਿਡਾਰੀਆਂ ਦੀ ਸਾਂਝ ਭਿਆਲੀ ਦੀ। ਇਹ ਗੱਲ ਬੜੀ ਸਪੱਸ਼ਟ ਹੈ ਕਿ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਹੀ ਡੇਰੇਦਾਰਾਂ ਨੂੰ ਭਰਮਾਉਣ ਦੀ ਟਿੱਲ ਲਾਉਂਦੀਆਂ ਹਨ, ਪਰ ਅਜਿਹੇ ਦੌਰ ਅਤੇ ਹਾਲਾਤਾਂ ਦੌਰਾਨ ਵੀ ਜਦੋਂ ਸਿਆਸਤਦਾਨ ਸੱਤਾ ਪ੍ਰਾਪਤੀ ਵਾਸਤੇ ਕਿਸੇ ਵੀ ਹੱਦ ਤਕ ਜਾਣ ਨੂੰ ਤਤਪਰ ਰਹਿੰਦੇ ਹਨ। ਖੱਬੇ ਪੱਖੀ ਪਾਰਟੀਆਂ ਹੀ ਆਪਣੀ ਵਿਚਾਰਧਾਰਾ ’ਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੀਆਂ ਹਨ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਕੋਝੇ ਹੱਥਕੰਡੇ ਅਪਣਾਉਣ ਤੋਂ ਨਿਰਲੇਪ ਖੱਬੀਆਂ ਧਿਰਾਂ ਨੂੰ ਪੰਜਾਬੀਆਂ ਨੇ ਕੋਈ ਤਵੱਕੋ ਨਹੀਂ ਦਿੱਤੀ।
ਪੰਜਾਬ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਨੇ ਮਨੁੱਖਤਾ ਨੂੰ ਇੱਕ ਅਸਲੋਂ ਹੀ ਨਵੀਂ ਵਿਚਾਰਧਾਰਾ ਪ੍ਰਦਾਨ ਕੀਤੀ। ਮੌਜੂਦਾ ਸਮੇਂ ਸ਼ਬਦ ਗੁਰੂ ਦੇ ਸੰਕਲਪ ਨੂੰ ਸਮਰਪਿਤ ਭਾਈਚਾਰੇ ਦੀ ਨੁਮਾਇੰਦਾ ਜਮਾਤ ਵਜੋਂ ਜਾਣੀ ਜਾਂਦੀ ਸਿਆਸੀ ਜਥੇਬੰਦੀ ਸ਼੍ਰ੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਵਾਦਤ ਡੇਰੇਦਾਰ ਕੋਲੋਂ ਖੁੱਲ੍ਹਮ ਖੁੱਲ੍ਹਾ ਸਮਰਥਨ ਹਾਸਲ ਕਰਨਾ ਵੱਡੇ ਸਵਾਲਾਂ ਨੂੰ ਜਨਮ ਦਿੰਦਾ ਹੈ ਕਿ ਕੀ ਅਕਾਲੀ ਆਗੂ ਉਸ ਖ਼ਾਸ ਡੇਰੇ ਦੇ ਪੈਰੋਕਾਰਾਂ ਨੂੰ ਆਮ ਜਨਤਾ ਨਾਲੋਂ ਜ਼ਿਆਦਾ ਤਰਜੀਹ ਦੇਣਗੇ? ਕੀ ਅਕਾਲੀ ਆਗੂ ਇੱਕ ਡੇਰੇਦਾਰ ਦੀਆਂ ਰਬੜ ਦੀਆਂ ਮੋਹਰਾਂ ਬਣ ਕੇ ਸਿਆਸੀ ਤੌਰ ’ਤੇ ਵਿਚਰਨਗੇ? ਉਪਰੋਕਤ ਸਵਾਲਾਂ ਦੀ ਤਾਈਦ ਅਖ਼ਬਾਰਾਂ ਵਿੱਚ ਛਪਿਆ ਡੇਰੇ ਦੇ ਸਿਆਸੀ ਵਿੰਗ ਦੇ ਮੁਖੀ ਦਾ ਅਕਾਲੀ ਦਲ ’ਤੇ ਅਹਿਸਾਨ ਜਤਾਉਂਦਾ ਬਿਆਨ ਕਰਦਾ ਹੈ। ਅਜਿਹੀ ਬਿਆਨਬਾਜ਼ੀ ਦਾ ਸਪੱਸ਼ਟ ਸੰਕੇਤ ਇਹੋ ਹੈ ਕਿ ਡੇਰੇਦਾਰ ਅਤੇ ਉਨ੍ਹਾਂ ਦੇ ਪੈਰੋਕਾਰ ਅਕਾਲੀ ਦਲ ਦੀ ਬਾਂਹ ਮਰੋੜ ਕੇ ਸਰਕਾਰ ਕੋਲੋਂ ਆਪਣੇ ਕਾਰਜ ਸਿੱਧ ਕਰਵਾਉਣ ਵਾਸਤੇ ਘਾਤ ਲਾਈ ਬੈਠੇ ਹਨ।
ਪੰਜਾਬ ਦੀ ਸਿਆਸਤ ਨੇ ਸਿਧਾਂਤਾਂ ਅਤੇ ਵਿਚਾਰਧਾਰਾਵਾਂ ਨੂੰ ਬੜੇ ਅਰਸੇ ਤੋਂ ਬੇਦਾਵਾ ਦਿੱਤਾ ਹੋਇਆ ਹੈ। ਸਿਆਸੀ ਆਗੂਆਂ ਦੀ ਰਾਜਨੀਤਕ ਇਖ਼ਲਾਕੀ ਗਿਰਾਵਟ ਅਤੇ ਬੇਪ੍ਰਤੀਤੇ ਕਿਰਦਾਰ ਨੇ ਸਿਆਸੀ ਕਦਰਾਂ ਕੀਮਤਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਅਜਿਹੇ ਸਿਧਾਂਤਕ ਦੀਵਾਲੀਏਪਣ ਦੇ ਦੌਰ ਵਿੱਚ ਪੰਜਾਬ ਦੇ ਬੁੱਧੀਜੀਵੀ ਅਖਵਾਉਂਦੇ ਵਰਗ ਵੱਲੋਂ ਸਿਆਸੀ ਆਗੂਆਂ ਨੂੰ ਸਿਧਾਂਤਕ ਮਸ਼ਵਰਾ ਦੇਣ ਦੀ ਕੋਈ ਖ਼ਾਸ ਕੋਸ਼ਿਸ਼ ਨਜ਼ਰ ਨਹੀਂ ਆਉਂਦੀ। ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਵਿਦਵਾਨ ਤਾਂ ਆਪਣੇ ਆਕਾਵਾਂ ਦੀ ਖੁਸ਼ੀ ਵਿੱਚ ਹੀ ਖੁਸ਼ ਰਹਿਣਾ ਬਾਖ਼ੂਬੀ ਸਿੱਖ ਗਏ ਹਨ।
12002cd _gurvir singhਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਡੇਰੇ ਵੱਲੋਂ ਬੇਬਾਕ ਸਿਆਸੀ ਹਮਾਇਤ ਦੇਣ ਨਾਲ ਸੂਬੇ ਦੀ ਸਿਆਸੀ ਤੇ ਸਮਾਜਿਕ ਫ਼ਿਜ਼ਾ ਨੇ ਇੱਕ ਮੁਕੰਮਲ ਵੱਖਰਾ ਰੰਗ ਫੜ ਲਿਆ ਹੈ। ਕਿਹਾ ਜਾ ਸਕਦਾ ਹੈ ਕਿ ਸਾਰੇ ਘਟਨਾਕ੍ਰਮ ਸਦਕਾ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਨਾਲ ਹੀ ਇੱਕ ਪ੍ਰਮੁੱਖ ਸਵਾਲ ਉੱਭਰ ਕੇ ਆਉਂਦਾ ਹੈ, ਧਰਮ ਨਿਰਪੱਖ ਕਦਰਾਂ ਕੀਮਤਾਂ ਦੇ ਹਾਮੀ ਅਖਵਾਉਂਦੇ ਭਾਰਤ ਅੰਦਰ ਡੇਰੇਦਾਰਾਂ ਦੀਆਂ ਅਜਿਹੀਆਂ ਫਿਰਕੂ ਚਾਲਾਂ ਸਮਾਜ ਨੂੰ ਕਿਹੋ ਜਿਹੀ ਸੇਧ ਦੇਣਗੀਆਂ? ਡੇਰੇਦਾਰਾਂ ਅਤੇ ਸਿਆਸਤਦਾਨਾਂ ਦੀ ਜੁਗਲਬੰਦੀ ਕਿਸੇ ਵੀ ਕਿਸਮ ਦੀ ਉਸਾਰੂ ਸੋਚ ਜਾਂ ਕਾਰਜਾਂ ਨੂੰ ਪ੍ਰਫੁੱਲਤ ਨਹੀਂ ਕਰਦੀ ਕਿਉਂਕਿ ਇਹ ਸਿਰਫ਼ ਲੈਣ ਦੇਣ ਦੇ ਸੰਕਲਪ ’ਤੇ ਆਧਾਰਿਤ ਸੌਦੇਬਾਜ਼ੀ ਹੀ ਹੁੰਦੀ ਹੈ।
ਸੰਪਰਕ: 94641-03664


Comments Off on ਖ਼ਤਰਨਾਕ ਹੈ ਡੇਰਿਆਂ ਪ੍ਰਤੀ ਵਧਦਾ ਰੁਝਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.