ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ

Posted On February - 25 - 2017

ਰਣਜੀਤ ਸਿੰਘ ਟੱਲੇਵਾਲ

11602cd _neem bahnanaਸਮਾਜ ਦੀ ਸਿਰਜਣਾ ਤੋਂ ਲੈ ਕੇ ਵੱਖ-ਵੱਖ ਮੌਕਿਆਂ ’ਤੇ ਖ਼ੁਸ਼ੀਆਂ ਮਨਾਉਣ ਦੀਆਂ ਰਵਾਇਤਾਂ ਮਨੁੱਖੀ ਜੀਵਨ ਵਿੱਚ ਚਲਦੀਆਂ ਆਉਂਦੀਆਂ ਹਨ। ਸਮੇਂ-ਸਮੇਂ ’ਤੇ ਇਨ੍ਹਾਂ ਰਵਾਇਤਾਂ ਦੇ ਮਨਾਉਣ ਦੇ ਢੰਗ ਬਦਲਦੇ ਰਹਿੰਦੇ ਹਨ। ਕਈ ਰਵਾਇਤਾਂ ਲੋਪ ਵੀ ਹੋ ਜਾਂਦੀਆਂ ਹਨ, ਪਰ ਕਈ ਰਵਾਇਤਾਂ ਅਜਿਹੀਆਂ ਹਨ ਜੋ ਪੀੜ੍ਹੀ-ਦਰ-ਪੀੜ੍ਹੀ ਚਲਦੀਆਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਸਾਂਝੀਵਾਲਤਾ ਅਤੇ ਖੁਸ਼ੀਆਂ ਦੀ ਝਲਕ ਹਮੇਸ਼ਾਂ ਪਨਪਦੀ ਰਹਿੰਦੀ ਹੈ। ਪੁਰਾਤਨ ਸਮੇਂ ਤੋਂ ਬੱਚੇ ਦੇ ਜਨਮ ਲੈਣ ’ਤੇ ਘਰ ਦੇ ਬੂਹੇ ਅੱਗੇ ਨਿੰਮ ਦੀਆਂ ਟਹਿਣੀਆਂ ਬੰਨ੍ਹਣ ਦੀ  ਰਵਾਇਤ ਚਾਲੂ ਹੈ। ਨਿੰਮ ਬੰਨ੍ਹਣ ਦੀ ਰਸਮ ਬੱਚੇ ਦੇ ਜਨਮ ਲੈਣ ਤੋਂ ਕੁਝ ਦਿਨ ਉਪਰੰਤ ਕੀਤੀ ਜਾਂਦੀ ਹੈ। ਨਿੰਮ ਬੰਨ੍ਹਣ ਤੋਂ ਇੱਕ ਦਿਨ ਪਹਿਲਾਂ ਅਗਵਾੜ ਵਿੱਚ ਲਾਗੀ ਭੇਜ ਕੇ ਸੱਦਾ ਦਿੱਤਾ ਜਾਂਦਾ ਹੈ। ਸ਼ਰੀਕੇ ਦੀਆਂ ਔਰਤਾਂ ਸੱਦੇ ’ਤੇ ਖੁਸ਼ੀ ਨਾਲ ਘਰ ਦੇ ਬੂਹੇ ਅੱਗੇ ਨਿੰਮ ਬੰਨ੍ਹਣ ਲਈ ਇਕੱਠੀਆਂ ਹੁੰਦੀਆਂ ਹਨ। ਨਿੰਮ ਬੰਨ੍ਹਣ ਲਈ ਨਿੰਮ ਦੀਆਂ ਟਹਿਣੀਆਂ ਦੇ ਗੁੱਛੇ ਧਾਗੇ ਵਿੱਚ ਪਰੋਏ ਜਾਂਦੇ ਹਨ। ਨਿੰਮ ਬੰਨ੍ਹਣ ਉਪਰੰਤ ਘਰ ਵਾਲਿਆਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਫਿਰ ਬੱਚੇ ਨੂੰ ਸ਼ਗਨ ਦਿੱਤੇ ਜਾਂਦੇ ਹਨ। ਮਠਿਆਈ ਵੰਡੀ ਜਾਂਦੀ ਹੈ। ਔਰਤਾਂ ਬੱਚੇ ਦੀ ਮਾਂ ਦੀ ਤੰਦਰੁਸਤੀ ਲਈ ਅਸੀਸਾਂ ਦਿੰਦੀਆਂ ਹਨ। ਬੱਚੇ ਦੀ ਪਹਿਲੀ ਲੋਹੜੀ ਮਨਾਉਣ ਦੀ ਉਡੀਕ ਕਰਨ ਦੀਆਂ ਗੱਲਾਂ ਕਰਦੀਆਂ ਹਨ।
ਸਾਂਝੀਵਾਲਤਾ ਤੇ ਖ਼ੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣ ਨੂੰ ਤਰਕ ਅਤੇ ਵਿਗਿਆਨ ਦੀ ਕਸਵੱਟੀ ’ਤੇ ਪਰਖੀਏ ਤਾਂ ਗੱਲ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਸਮੇਂ ਵਿੱਚ ਸਿਹਤ ਨਾਲ ਸਬੰਧਤ ਸਹੂਲਤਾਂ ਦੀ ਘਾਟ ਸੀ। ਕੇਵਲ ਦੇਸੀ ਘਰੇਲੂ ਨੁਸਖੇ, ਓਹੜ-ਪੋਹੜ ਨੁਕਤਿਆਂ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ। ਬੱਚੇ ਦੇ ਜਨਮ ਲੈਣ ਪਿੱਛੋਂ ਮਾਂ ਦੀ ਸਿਹਤ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਾਫ਼ੀ ਸੰਵੇਦਨਸ਼ੀਲ ਬਣ ਜਾਂਦੀ ਹੈ। ਛੂਤ-ਛਾਤ ਤੇ ਲਾਗ ਦੇ ਰੋਗਾਂ ਤੋਂ ਬਚਾਓ ਲਈ ਸੰਕੇਤਕ ਅਤੇ ਸੂਚਨਾ ਦੇਣ ਹਿੱਤ ਘਰ ਦੇ ਬੂਹੇ ਅੱਗੇ ਨਿੰਮ ਦੀਆਂ ਟਹਿਣੀਆਂ ਬੰਨ੍ਹੀਆਂ ਜਾਂਦੀਆਂ ਸਨ ਤਾਂ ਜੋ ਘਰ ਵਿੱਚ ਆਉਣ ਵਾਲਾ ਓਪਰਾ ਆਦਮੀ/ਔਰਤ ਸੰਜਮ ਨਾਲ ਘਰ ਵਿੱਚ ਆਵੇ। ਦੂਜਾ ਰੁੱਖਾਂ ਅਤੇ ਮਨੁੱਖ ਦੀ ਸਾਂਝ ਪੁਰਾਤਨ ਸਮੇਂ ਤੋਂ ਹੈ ਕਿਉਂਕਿ ਰੁੱਖ ਸਾਡੇ ਜੀਵਨਦਾਤਾ ਅਤੇ ਉਤਪਾਦਕ ਹਨ। ਆਕਸੀਜਨ ਪੈਦਾ ਕਰਨ ਅਤੇ ਵਾਤਾਵਰਨ ਵਿੱਚ ਸੰਤੁਲਨ ਤੇ ਸੁਖਾਵਾਂ ਰੱਖਣ ਵਿੱਚ ਰੁੱਖ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਰਿਆਲੀ ਸ਼ੁਭ ਸ਼ਗਨ ਦਾ ਵੀ ਪ੍ਰਤੀਕ ਹੈ।
ਨਿੰਮ ਇੱਕ ਹਰਬਲ/ਮੈਡੀਕਲ ਰੁੱਖ ਹੈ। ਇਹ ਕੀਟਨਾਸ਼ਕ ਵੀ ਹੈ। ਇਸ ਰੁੱਖ ਦੇ ਪੱਤੇ, ਟਹਿਣੀਆਂ, ਫੁੱਲ, ਫਲ, ਸੱਕ ਦਵਾਈ ਤਿਆਰ ਕਰਨ ਵਿੱਚ ਵਰਤੇ ਜਾਂਦੇ ਹਨ। ਬੱਚੇ ਦੀ ਪੈਦਾਇਸ਼ ਸਮੇਂ ਘਰੇਲੂ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਕੀਟ ਮੁਕਤੀ ਤੋਂ ਵੀ ਨਿੰਮ ਬੰਨ੍ਹਣਾ ਲਾਹੇਵੰਦ ਹੈ।
ਸਮਾਜ ਵਿੱਚ ਮਰਦ ਦੀ ਪ੍ਰਧਾਨਗੀ ਹੋਣ ਕਰਕੇ ਹੌਲੀ-ਹੌਲੀ ਨਿੰਮ ਬੰਨ੍ਹਣ ਦੀ ਰਵਾਇਤ ਮੁੰਡੇ/ਲੜਕੇ ਦੀ ਪੈਦਾਇਸ਼ ਹੋਣ ਤਕ ਸੀਮਤ ਰਹਿ ਗਈ ਹੈ ਪਰ ਅੱਜ ਸ਼ੁਭ ਸ਼ਗਨ ਵੀ ਪਨਪ ਰਿਹਾ ਹੈ। ਬੱਚੇ ਮਿਠੜੇ ਮੇਵੇ ਹੁੰਦੇ ਹਨ ਪੁੱਤ ਹੋਵੇ ਜਾਂ ਧੀ। ਹੁਣ ਧੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਮਾਨਤਾ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਧੀ ਜੰਮਣ ’ਤੇ ਵੀ ਖ਼ੁਸ਼ੀ ਮਨਾਈ ਜਾਂਦੀ ਹੈ। ਲੋਹੜੀ ਮਨਾਈ ਜਾਂਦੀ ਹੈ, ਤੋਹਫੇ ਦਿੱਤੇ ਜਾਂਦੇ ਹਨ। ਧੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਇਸ ਨਾਲ ਧੀਆਂ ਲਈ ਇੱਕ ਸੁਖਾਵੇਂ ਕੱਲ੍ਹ ਦੀ ਆਸ ਬੱਝਦੀ ਹੈ। ਭਾਵੇਂ ਅੱਜ ਸਿਹਤ ਸਹੂਲਤਾਂ, ਸਿਹਤ ਜਾਗਰੂਕਤਾ ਕਾਫ਼ੀ ਹੈ, ਪਰ ਫਿਰ ਵੀ ਸਾਂਝੀਵਾਲਤਾ ਤੇ ਖ਼ੁਸ਼ੀਆਂ ਦੀ ਪ੍ਰਤੀਕ ਨਿੰਮ ਬੰਨ੍ਹਣ ਦੀ ਰਵਾਇਤ ਜਾਰੀ ਹੈ।

ਸੰਪਰਕ: 98765-28579


Comments Off on ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.