ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ

Posted On February - 24 - 2017

ਡਾ. ਰਣਜੀਤ ਸਿੰਘ

12402cd _Corn_seedlings1ਮਾਰਚ ਦੇ ਮਹੀਨੇ ਮੌਸਮ ਵਿੱਚ ਨਿੱਘ ਆ ਜਾਂਦਾ ਹੈ, ਫ਼ਸਲਾਂ ਦਾ ਰੰਗ ਸੁਨਹਿਰੀ ਹੋਣ ਲਗਦਾ ਹੈ ਅਤੇ ਹਰ ਪਾਸੇ ਸੁਗੰਧੀ ਘੁਲੀ ਹੁੰਦੀ ਹੈ। ਇਸ ਮਹੀਨੇ ਦੀ ਵਿਹਲ ਦੀ ਵਰਤੋਂ ਕੁਝ ਨਵੀਆਂ ਫ਼ਸਲਾਂ ਦੀ ਕਾਸ਼ਤ ਲਈ ਕੀਤੀ ਜਾ ਸਕਦੀ ਹੈ। ਇਹ ਦਿਨ ਗਰਮੀਆਂ ਦੀਆਂ ਸਬਜ਼ੀਆਂ, ਕਮਾਦ ਤੇ ਬਸੰਤ ਰੁੱਤ ਦੀ ਮੂੰਗੀ ਤੇ ਮਾਂਹ ਬੀਜਣ ਲਈ ਬਹੁਤ ਢੁਕਵੇਂ ਹਨ।
ਪੰਜਾਬ ਵਿੱਚ ਗੰਨੇ ਦੀ ਕਾਸ਼ਤ ਲਈ ਸੀ ਓ ਜੇ 85, ਸੀ ਓ 118 ਅਤੇ ਸੀ ਓ ਜੇ 64 ਅਗੇਤੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਸੀ ਓ ਪੀ ਬੀ 91, ਸੀ ਓ 238, ਸੀ ਓ ਜੇ 88 ਅਤੇ ਸੀ ਓ ਐਸ 8436 ਦਰਮਿਆਨੇ ਸਮੇਂ ਦੀਆਂ ਤੇ ਸੀ ਓ ਜੇ 89 ਪਿਛੇਤੀ ਕਿਸਮ ਹੈ। ਹਮੇਸ਼ਾਂ ਰੋਗ ਰਹਿਤ ਬੀਜ ਵਰਤਿਆ ਜਾਵੇ। ਇੱਕ ਏਕੜ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਚਾਹੀਦੀਆਂ ਹਨ। ਲੋੜ ਤੋਂ ਵੱਧ ਨਾਈਟ੍ਰੋਜਨ ਵਾਲੀ ਖਾਦ ਨਾ ਪਾਈ ਜਾਵੇ ਤੇ ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਵੇ।
ਦਾਲਾਂ: ਇਸ ਮੌਸਮ ਵਿਚ ਮੂੰਗੀ ਦੀਆਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਕਿਸਮਾਂ ਦੀ ਬਿਜਾਈ ਕਰੋ। ਇੱਕ ਏਕੜ ਵਿੱਚ 15 ਕਿਲੋ ਬੀਜ ਪਾਵੋ। ਮਾਂਹਾਂ ਦੀਆਂ ਮਾਂਹ 1008 ਅਤੇ ਮਾਂਹ 218 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਦਾਲਾਂ ਜਿੱਥੇ ਸਾਨੂੰ ਸਿੱਧਾ ਮੁਨਾਫ਼ਾ ਦਿੰਦੀਆਂ ਹਨ, ਉੱਥੇ ਇਹ ਧਰਤੀ ਦੀ ਸਿਹਤ ਨੂੰ ਠੀਕ ਕਰਨ ਵਿੱਚ ਵੀ ਸਹਾਇਤਾ ਕਰਦੀਆਂ ਹਨ।

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

ਹਰੇ ਚਾਰੇ ਦੀ ਬਿਜਾਈ: ਗਰਮੀਆਂ ਵਿੱਚ ਹਰੇ ਚਾਰੇ ਦੀ ਪ੍ਰਾਪਤੀ ਲਈ ਹੁਣ ਬਿਜਾਈ ਕਰ ਲੈਣੀ ਚਾਹੀਦੀ ਹੈ। ਮੱਕੀ ਦੀ ਚਾਰੇ ਲਈ ਬਿਜਾਈ ਕੀਤੀ ਜਾ ਸਕਦੀ ਹੈ। ਚਾਰੇ ਲਈ ਜੇ 1006 ਕਿਸਮ ਬੀਜੋ। ਇੱਕ ਏਕੜ ਵਿੱਚ 30 ਕਿਲੋ ਬੀਜ ਪਾਵੋ। ਚਰ੍ਹੀ (ਜੁਆਰ) ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਐਸ ਐਲ 44 ਕਿਸਮ ਦੀ ਬਿਜਾਈ ਕਰੋ। ਇੱਕ ਏਕੜ ਵਿੱਚ 25 ਕਿਲੋ ਬੀਜ ਬੀਜਿਆ ਜਾਂਦਾ ਹੈ। ਨੇਪੀਅਰ ਬਾਜਰਾ ਇੱਕ ਹੋਰ ਵਧੀਆ ਚਾਰਾ ਹੈ। ਇਸ ਦੀਆਂ ਪੀ ਬੀ ਐਨ 346, ਪੀ ਬੀ ਐਨ 233 ਅਤੇ ਪੀ ਬੀ ਐਨ 83 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੀ ਬਿਜਾਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਕਰੋ। ਇਸ ਦੀ ਬਿਜਾਈ ਕਲਮਾਂ ਜਾਂ ਜੜ੍ਹਾਂ ਰਾਹੀਂ ਕੀਤੀ ਜਾਂਦੀ ਹੈ। ਇੱਕ ਏਕੜ ਲਈ 11,000 ਕਲਮਾਂ ਜਾਂ ਜੜ੍ਹਾਂ ਚਾਹੀਦੀਆਂ ਹਨ। ਹਰੇਕ ਕਲਮ ਉੱਤੇ 2-3 ਗੰਢਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਖੇਤ ਤਿਆਰ ਕਰਦੇ ਸਮੇਂ 20 ਟਨ ਰੂੜੀ ਪਾਈ ਜਾਵੇ। ਬਿਜਾਈ ਤੋਂ 15 ਦਿਨਾਂ ਪਿੱਛੋਂ 66 ਕਿਲੋ ਯੂਰੀਆ ਪ੍ਰਤੀ ਏਕੜ ਪਾਇਆ ਜਾਵੇ। ਇਹ ਕਈ ਕਟਾਈਆਂ ਦੇ ਦਿੰਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਰੱਖਿਆ ਜਾਵੇ।
ਗਿੰਨੀ ਘਾਹ ਇੱਕ ਹੋਰ ਕਈ ਲੌਅ ਦੇਣ ਵਾਲਾ ਚਾਰਾ ਹੈ। ਇਸ ਦੀ ਬਿਜਾਈ ਮਾਰਚ ਦੇ ਦੂਜੇ ਅੱਧ ਵਿੱਚ ਕੀਤੀ ਜਾ ਸਕਦੀ ਹੈ। ਪੰਜਾਬ ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101 ਸੁਧਰੀਆਂ ਕਿਸਮਾਂ ਹਨ। ਇਸ ਤੋਂ ਮਈ ਤੋਂ ਲੈ ਕੇ ਨਵੰਬਰ ਤਕ ਚਾਰਾ ਮਿਲਦਾ ਰਹਿੰਦਾ ਹੈ ਤੇ ਉਸ ਪਿੱਛੋਂ ਬਰਸੀਮ ਸ਼ੁਰੂ ਹੋ ਜਾਂਦੀ ਹੈ। ਇੰਜ ਸਾਰਾ ਸਾਲ ਵਧੀਆ ਚਾਰਾ ਮਿਲ ਸਕਦਾ ਹੈ। ਇੱਕ ਏਕੜ ਲਈ 7 ਕਿਲੋ ਬੀਜ ਦੀ ਲੋੜ ਪੈਂਦੀ ਹੈ। ਗਿੰਨੀ ਘਾਹ ਦੀ ਬਿਜਾਈ ਕੇਰੇ ਨਾਲ ਕੀਤੀ ਜਾ ਸਕਦੀ ਹੈ। ਸਿਆੜਾਂ ਵਿਚਕਾਰ ਫ਼ਾਸਲਾ 25 ਸੈਂਟੀਮੀਟਰ ਰੱਖਿਆ ਜਾਵੇ। ਇਸ ਚਾਰੇ ਦੀਆਂ ਕਈ ਕਟਾਈਆਂ ਲੈਣ ਕਰਕੇ ਖਾਦਾਂ ਦੀ ਵੱਧ ਲੋੜ ਪੈਂਦੀ ਹੈ। ਹਰੇਕ ਕਟਾਈ ਪਿੱਛੋਂ ਲੋੜ ਅਨੁਸਾਰ ਖਾਦ ਪਾਈ ਜਾਵੇ।
ਰਵਾਂਹ ਇੱਕ ਹੋਰ ਵਧੀਆ ਅਤੇ ਪੌਸ਼ਟਿਕ ਚਾਰਾ ਹੈ। ਇਸ ਦੀਆਂ ਫਲੀਆਂ ਅਤੇ ਦਾਣਿਆਂ ਨੂੰ ਸਬਜ਼ੀ ਲਈ ਵੀ ਵਰਤਿਆ ਜਾ ਸਕਦਾ ਹੈ। ਪੰਜਾਬ ਵਿੱਚ ਕਾਸ਼ਤ ਲਈ ਰਵਾਂਹ 88 ਅਤੇ ਸੀ ਐਲ 367 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਰਵਾਂਹ 88 ਕਿਸਮ ਦਾ 20 ਕਿਲੋ ਅਤੇ ਸੀ ਐਲ 367 ਕਿਸਮਾਂ ਦਾ 12 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਲਾਈਨਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਰਵਾਂਹ ਨੂੰ ਮੱਕੀ ਨਾਲ ਰਲਾ ਕੇ ਵੀ ਬੀਜਿਆ ਜਾ ਸਕਦਾ ਹੈ। ਚਾਰੇ ਵਾਲੀ ਫ਼ਸਲ ਦੀ ਕਟਾਈ ਫੁੱਲ ਪੈਣ ਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ। ਬਾਜਰਾ ਇੱਕ ਹੋਰ ਵਧੀਆ ਚਾਰਾ ਹੈ ਜਿਸ ਦੀ ਬਿਜਾਈ ਇਸ ਮਹੀਨੇ ਦੇ ਅਖ਼ੀਰ ਵਿੱਚ ਕੀਤੀ ਜਾ ਸਕਦੀ ਹੈ। ਪੀ ਐਚ ਬੀ ਐਫ 1, ਪੀ ਸੀ ਬੀ 164 ਅਤੇ ਐਫ ਬੀ ਸੀ 16 ਸੁਧਰੀਆਂ ਕਿਸਮਾਂ ਹਨ। ਇੱਕ ਏਕੜ ਵਿੱਚ ਸੱਤ ਕਿਲੋ ਬੀਜ ਪਾਇਆ ਜਾਵੇ। ਬੀਜ ਨੂੰ ਬੀਜਣ ਤੋਂ ਪਹਿਲਾਂ ਤਿੰਨ ਗ੍ਰਾਮ ਐਗੋਜ਼ਿਮ 50 ਡਬਲਯੂ ਪੀ + ਥੀਰਮ (1:1) ਜਾਂ ਐਗਰੋਜ਼ਿਮ + ਕੈਪਟਾਨ (1:1) ਪ੍ਰਤੀ ਕਿਲੋ ਬੀਜ ਨਾ ਸੋਧ ਲਵੋ। ਖੇਤ ਨੂੰ ਤਿਆਰ ਕਰਕੇ ਬਿਜਾਈ ਛੱਟੇ ਨਾਲ ਕੀਤੀ ਜਾ ਸਕਦੀ ਹੈ।
ਸਬਜ਼ੀਆਂ ਦੀ ਕਾਸ਼ਤ: ਪੰਜਾਬ ਦੇ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਥੇ ਸਾਰਾ ਸਾਲ ਅਤੇ ਸਾਰੀਆਂ ਸਬਜ਼ੀਆਂ ਦੀ ਖੇਤੀ ਕੀਤੀ ਜਾ ਸਕਦੀ ਹੈ। ਸਬਜ਼ੀਆਂ ਨਾਲ ਆਮਦਨ ਵਿੱਚ ਵਾਧਾ ਹੁੰਦਾ ਹੈ ਅਤੇ ਕਰਨ ਲਈ ਕੰਮ ਵੀ ਮਿਲ ਜਾਂਦਾ ਹੈ। ਜੇਕਰ ਪਹਿਲਾਂ ਕੋਈ ਤਜਰਬਾ ਨਹੀਂ ਤਾਂ ਥੋੜ੍ਹੇ ਰਕਬੇ ਵਿੱਚ ਇਨ੍ਹਾਂ ਦੀ ਬਿਜਾਈ ਕਰੋ। ਪੰਜਾਬ ਵਿੱਚ ਕੋਈ 230 ਹਜ਼ਾਰ ਏਕੜ ਵਿੱਚ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ। ਇਸ ਵਿੱਚ ਕੇਵਲ ਆਲੂਆਂ ਹੇਠ ਹੀ 92 ਹਜ਼ਾਰ ਏਕੜ ਧਰਤੀ ਹੈ। ਪੰਜਾਬ ਵਿੱਚ ਸਬਜ਼ੀਆਂ ਦੀ ਕੁੱਲ ਪੈਦਾਵਾਰ 4500 ਹਜ਼ਾਰ ਟਨ ਹੈ। ਇਸ ਵਿੱਚੋਂ 24 ਲੱਖ ਟਨ ਕੇਵਲ ਆਲੂ ਹੀ ਹਨ। ਗਰਮੀਆਂ ਦੀਆਂ ਮੁੱਖ ਸਬਜ਼ੀਆਂ ਵਿੱਚ ਘੀਆ, ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਂਡਾ ਅਤੇ ਭਿੰਡੀ ਹਨ। ਪੰਜਾਬ ਚੱਪਣ ਕੱਦੂ-1, ਪੰਜਾਬ ਲੋਨਗ, ਪੰਜਾਬ ਬਰਕਤ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ, ਪੰਜਾਬੀ ਕਰੇਲੀ-1, ਪੰਜਾਬ-14 ਕਰੇਲਾ, ਪੰਜਾਬ ਕਾਲੀ ਤੋਰੀ-9 ਤੇ ਪੂਸਾ ਚਿਕਨੀ ਘੀਆ ਤੋਰੀ ਦੀਆਂ ਸੁਧਰੀਆਂ ਕਿਸਮਾਂ ਹਨ। ਇਨ੍ਹਾਂ ਦਾ ਪ੍ਰਤੀ ਏਕੜ ਦੋ ਕਿਲੋ ਬੀਜ ਚਾਹੀਦਾ ਹੈ। ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਵੇ। ਘੱਟੋ-ਘੱਟ 14 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਈ ਜਾਵੇ। ਬਿਜਾਈ ਖੇਲਾਂ ਬਣਾ ਕੇ ਕਰੋ। ਖੀਰਾ ਅਤੇ ਤਰ ਦਾ ਇੱਕ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਪੰਜਾਬ ਨਵੀਨ ਖੀਰੇ ਦੀ ਅਤੇ ਪੰਜਾਬ ਲੋਂਗ ਮੈਲਨ-1 ਤਰ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਇਨ੍ਹਾਂ ਦੋਵਾਂ ਦੀ ਬਿਜਾਈ 2.5 ਮੀਟਰ ਚੌੜੀਆਂ ਪਟੜੀਆਂ ਬਣਾ ਕੇ ਕਰੋ। ਇੱਕ ਥਾਂ ਦੋ ਬੀਜ ਬੀਜੇ ਜਾਣ। ਇੱਕ ਏਕੜ ਲਈ 90 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਦੀ ਲੋੜ ਹੈ। ਅੱਧਾ ਯੂਰੀਆ ਅਤੇ ਬਾਕੀ ਸਾਰੀਆਂ ਖਾਦਾਂ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਵੇਲਾਂ ਦੇ ਵਾਧੇ ਸਮੇਂ ਪਾਵੋ।
ਟੀਂਡਾ ਦਾ ਡੇਢ ਕਿਲੋ ਬੀਜ ਪ੍ਰਤੀ ਏਕੜ ਪੈਂਦਾ ਹੈ। ਟੀਂਡਾ 48 ਇੱਕ ਉੱਨਤ ਕਿਸਮ ਹੈ। ਭਿੰਡੀ ਗਰਮੀਆਂ ਦੀ ਇੱਕ ਹੋਰ ਪ੍ਰਮੁੱਖ ਸਬਜ਼ੀ ਹੈ। ਇਸ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਪੰਜਾਬ-8, ਪੰਜਾਬ-7 ਅਤੇ ਪੰਜਾਬ ਪਦਮਨੀ ਉੱਨਤ ਕਿਸਮਾਂ ਹਨ। ਭਿੰਡੀ ਦਾ 10 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ।


Comments Off on ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.