ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗੁਰਦੁਆਰਾ ਸੁਧਾਰ ਲਹਿਰ ਤੇ ਸ੍ਰੀ ਮੁਕਤਸਰ ਸਾਹਿਬ ਦਾ ਪੰਥਕ ਪ੍ਰਬੰਧ

Posted On February - 21 - 2017
ਗੁਰਦੁਆਰਾ ਤੰਬੂ ਸਾਹਿਬ

ਗੁਰਦੁਆਰਾ ਤੰਬੂ ਸਾਹਿਬ

ਗੁਰਲਾਲ ਸਿੰਘ ਬਰਾੜ

ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਲੈਣਾ ਅਹਿਮ ਇਤਿਹਾਸਕ ਘਟਨਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਨੇ ਸਿੱਖਾਂ ਵਿੱਚ ਧਾਰਮਿਕ ਚੇਤੰਨਤਾ ਦੇ ਨਾਲ-ਨਾਲ ਰਾਜਨੀਤਕ ਚੇਤਨਾ ਵੀ ਭਰੀ। ਇਸੇ ਰਾਜਨੀਤਕ ਜਾਗ੍ਰਿਤੀ ਨੇ ਸਿੱਖਾਂ ਨੂੰ ਅੰਗਰੇਜ਼ ਹਕੂਮਤ ਦੀ ਗ਼ੁਲਾਮੀ ਵਿਰੁੱਧ ਜੂਝਣ ਲਈ ਪ੍ਰੇਰਿਆ ਤੇ ਮੁਲਕ ਦੀ ਆਜ਼ਾਦੀ ਲਈ ਸਿੱਖਾਂ ਨੇ ਕੁਰਬਾਨੀਆਂ ਦੀ ਮਿਸਾਲ ਕਾਇਮ ਕੀਤੀ।
ਗੁਰਦੁਆਰਾ ਸੁਧਾਰ ਲਹਿਰ ਦੇ ਸ਼ੁਰੂ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਨਾਲ 1922 ਤਕ ਸ੍ਰੀ ਹਰਿਮੰਦਰ ਸਾਹਿਬ, ਤਰਨਤਾਰਨ, ਨਨਕਾਣਾ ਸਾਹਿਬ, ਗੁਰੂ ਕਾ ਬਾਗ਼ ਅਤੇ ਹੋਰ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਆ ਚੁੱਕੇ ਸਨ ਪਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰੇ ਉੱਤੇ ਅਜੇ ਵੀ ਪੁਜਾਰੀਆਂ ਦਾ ਕਬਜ਼ਾ ਸੀ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਭਾਈ ਇੰਦਰ ਸਿੰਘ ਤੇ ਮੀਤ ਜਥੇਦਾਰ ਭਾਈ ਸੁੱਚਾ ਸਿੰਘ ਦੀ ਅਗਵਾਈ ਹੇਠ ਮੁਕਤਸਰ ਵਿੱਚ ਮਾਘੀ ਮੇਲੇ ’ਤੇ 12,13 ਜਨਵਰੀ 1922 ਨੂੰ ਦੀਵਾਨ ਕੀਤਾ ਗਿਆ। ਸੰਗਤ ਨੇ ਵਿਚਾਰ-ਵਟਾਂਦਰਾ ਕੀਤਾ ਕਿ ਮੁਕਤਸਰ ਸਾਹਿਬ ਦੇ ਗੁਰਦੁਆਰੇ ਤੋਂ ਮਹੰਤਾਂ ਦਾ ਕਬਜ਼ਾ ਖ਼ਤਮ ਕਰਵਾਇਆ ਜਾਵੇ। ਸੰਗਤ ਨੇ ਮਤਾ ਪਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤਾ।
ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਜਾਰੀਆਂ ਨਾਲ ਸਮਝੌਤਾ ਕਰਨ ਲਈ ਜਨਵਰੀ 1922 ਦੇ ਅਖ਼ੀਰ ਵਿੱਚ ਜਗਤ ਸਿੰਘ ਪ੍ਰਦੇਸੀ ਨੂੰ ਭੇਜਿਆ। ਜਗਤ ਸਿੰਘ ਨੇ ਪੁਜਾਰੀਆਂ ਅੱਗੇ ਕਮੇਟੀ ਦੀ ਪੇਸ਼ਕਸ਼ ਰੱਖੀ ਪਰ ਪੁਜਾਰੀਆਂ ਨੇ ਜਗਤ ਸਿੰਘ ਦੀ ਗੱਲ ਵੱਲ ਧਿਆਨ ਨਾ ਦਿੱਤਾ। ਫਿਰ ਪੁਜਾਰੀਆਂ ਨੂੰ ਸਮਝਾਉਣ ਲਈ ਰਾਏ ਸਿੰਘ, ਰਘੁਬੀਰ ਸਿੰਘ ਤੇ ਬਖ਼ਸ਼ੀਸ਼ ਸਿੰਘ ਨੂੰ ਭੇਜਿਆ ਗਿਆ। ਇਨ੍ਹਾਂ ਆਗੂਆਂ ਨੇ ਵੀ ਕੋਸ਼ਿਸ਼ ਕੀਤੀ ਪਰ ਪੁਜਾਰੀ ਨਾ ਮੰਨੇ। ਇਸ ’ਤੇ ਰਾਏ ਸਿੰਘ ਨੇ ਸੇਵਾ ਸਿੰਘ ਠੀਕਰੀਵਾਲਾ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਕਿ ਮੁਕਤਸਰ ਗੁਰਦੁਆਰੇ ਦੇ ਪੁਜਾਰੀ ਕਮੇਟੀ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਇਸ ਕਰਕੇ ਕਮੇਟੀ ਨੂੰ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਮੋਰਚਾ ਲਗਾ ਦੇਣਾ ਚਾਹੀਦਾ ਹੈ।
ਪੁਜਾਰੀਆਂ ਵੱਲੋਂ ਜਵਾਬ ਦਿੱਤੇ ਜਾਣ ਮਗਰੋਂ 6, 7 ਤੇ 8 ਫ਼ਰਵਰੀ 1922 ਨੂੰ ਮੋਗਾ ਵਿੱਚ ਦੀਵਾਨ ਸਜਾਇਆ ਗਿਆ। ਇਸ ਦੀਵਾਨ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ, ਰਿਸਾਲਦਾਰ ਸੁੰਦਰ ਸਿੰਘ ਅਤੇ ਹੋਰ ਮੁਖੀ ਆਗੂ ਸ਼ਾਮਲ ਹੋਏ। ਵਿਚਾਰ-ਵਟਾਂਦਰੇ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰੇ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦਾ ਫ਼ੈਸਲਾ ਲਿਆ ਗਿਆ। 9, 10 ਤੇ 11 ਫ਼ਰਵਰੀ 1922 ਨੂੰ ਮੁਕਤਸਰ ਨੇੜਲੇ ਪਿੰਡ ਥਾਂਦੇਵਾਲਾ ਵਿੱਚ ਦੀਵਾਨ ਵਿੱਚ ਸੰਗਤ ਨੂੰ ਦੱਸਿਆ ਗਿਆ ਕਿ ਮਿਤੀ 16 ਤੇ 17 ਫ਼ਰਵਰੀ 1922 ਨੂੰ ਮੁਕਤਸਰ ਵਿੱਚ ਦੀਵਾਨ ਸਜਾਇਆ ਜਾਵੇਗਾ।
16 ਫ਼ਰਵਰੀ 1922 ਨੂੰ ਮੁਕਤਸਰ ਵਿੱਚ ਡੇਰਾ ਭਾਈ ਮਸਤਾਨ ਸਿੰਘ ਵਿੱਚ ਦੀਵਾਨ ਸ਼ੁਰੂ ਕਰ ਦਿੱਤਾ ਗਿਆ। 17 ਫ਼ਰਵਰੀ ਨੂੰ ਦੀਵਾਨ ਵਿੱਚ ਇੱਕ ਸਿੰਘ ਨੇ ਆ ਕੇ ਦੱਸਿਆ ਕਿ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਪੁਜਾਰੀਆਂ ਅਨੋਖ ਸਿੰਘ ਅਤੇ ਸਰਮੁਖ ਸਿੰਘ ਨੇ ਗੁਰਦੁਆਰੇ ਤੋਂ ਕਬਜ਼ਾ ਛੱਡਣਾ ਮੰਨ ਲਿਆ ਹੈ ਅਤੇ ਉਹ ਗੁਰਦੁਆਰੇ ਦਾ ਪ੍ਰਬੰਧ ਪੰਥ ਨੂੰ ਸੌਂਪਣ ਲਈ ਤਿਆਰ ਹਨ। ਫਿਰ ਗੁਰਦੁਆਰਾ ਤੰਬੂ ਸਾਹਿਬ ਦੇ ਪੁਜਾਰੀਆਂ ਨਾਲ ਸੁਲ੍ਹਾ-ਸਫ਼ਾਈ ਹੋ ਜਾਣ ਤੋਂ ਬਾਅਦ ਦੀਵਾਨ ਨੂੰ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ।
ਬੇਸ਼ਕ ਗੁਰਦੁਆਰਾ ਤੰਬੂ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥ ਆ ਗਿਆ ਸੀ ਪਰ ਮੁੱਖ ਗੁਰਦੁਆਰੇ ਸ੍ਰੀ ਟੁੱਟੀ ਗੰਢੀ ਸਾਹਿਬ ਉੱਤੇ ਅਜੇ ਵੀ ਪੁਜਾਰੀ ਹੀ ਕਾਬਜ਼ ਸਨ। ਪੰਥਕ ਆਗੂਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਪੁਜਾਰੀ ਪ੍ਰੇਮ ਸਿੰਘ ਤੇ ਉਸ ਦੇ ਸਾਥੀਆਂ ਨੂੰ 18 ਫ਼ਰਵਰੀ ਦੀ ਸ਼ਾਮ ਤਕ ਦੀ ਮੋਹਲਤ ਦਿੱਤੀ ਕਿ ਉਹ ਵੀ ਸਮਝੌਤਾ ਕਰ ਲੈਣ ਪਰ ਇਹ ਪੁਜਾਰੀ ਨਾ ਮੰਨੇ। 19 ਫ਼ਰਵਰੀ 1922 ਨੂੰ ਜਥੇਦਾਰ ਹਰਨਾਮ ਸਿੰਘ ਕੱਬਰਵੱਛਾ ਦੀ ਅਗਵਾਈ ਹੇਠ ਸੌ ਸਿੰਘਾਂ ਦਾ ਜਥਾ ਤਿਆਰ ਕੀਤਾ ਗਿਆ। ਜਥੇ ਨੂੰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜਾਣ ਦਾ ਆਦੇਸ਼ ਦਿੱਤਾ ਗਿਆ ਅਤੇ ਪਹਿਲੇ ਜਥੇ ਦੇ ਗ੍ਰਿਫ਼ਤਾਰ ਹੋ ਜਾਣ ਦੀ ਸੂਰਤ ਵਿੱਚ ਦੂਜੇ ਜਥੇ ਨੂੰ ਤਿਆਰ ਰਹਿਣ ਲਈ ਕਿਹਾ ਗਿਆ।
19 ਫ਼ਰਵਰੀ 1922 ਨੂੰ ਅਕਾਲੀ ਸਵੇਰੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਪੁੱਜੇ। ਗੁਰਦੁਆਰੇ ਵਿੱਚ  30-40 ਪੁਜਾਰੀ ਸਨ। ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ। ਅਕਾਲੀ ਸਿੰਘ ਪਰਿਕਰਮਾ ਵਿੱਚ ਬੈਠ ਗਏ ਅਤੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਨ ਲੱਗ ਪਏ। ਅਕਾਲੀਆਂ ਨੇ ਪੁਜਾਰੀਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਮੰਗ ਕੀਤੀ। ਪਹਿਲਾਂ ਤਾਂ ਪੁਜਾਰੀਆਂ ਨੇ ਨਾਂਹ-ਨੁੱਕਰ ਕੀਤੀ ਪਰ ਬਾਅਦ ਵਿੱਚ ਸਰੂਪ ਦੇ ਦਿੱਤਾ। ਦੁਪਹਿਰ ਨੂੰ ਅਕਾਲੀਆਂ ਨੇ ਅਖੰਡ ਪਾਠ ਆਰੰਭ ਕਰਨ ਲਈ ਪੁਜਾਰੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਹੋਰ ਸਰੂਪ ਦੀ ਮੰਗ ਕੀਤੀ ਜੋ ਕਾਫ਼ੀ ਬਹਿਸ ਤੋਂ ਬਾਅਦ ਦਿੱਤਾ ਗਿਆ। ਅਖੰਡ ਪਾਠ ਅਰੰਭ ਹੋ ਗਿਆ।
ਰਾਤ ਨੂੰ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਖੋਲ੍ਹੇ। ਪੁਜਾਰੀ ਪ੍ਰੇਮ ਸਿੰਘ ਤੇ ਉਸ ਦੇ ਪੰਜ ਸਾਥੀ ਰਾਤ ਨੂੰ ਰਾਖੀ ਲਈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੈ ਗਏ ਅਤੇ ਬਾਕੀ ਪੁਜਾਰੀ ਘਰੋ-ਘਰੀ ਚਲੇ ਗਏ। 20 ਫ਼ਰਵਰੀ ਨੂੰ ਸਵੇਰੇ ਪੁਜਾਰੀ ਈਸ਼ਰ ਸਿੰਘ ਨੇ ਗੁਰੂ ਗ੍ਰ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਏ ਸ਼ਸਤਰ ਧੋਣੇ ਸ਼ੁਰੂ ਕੀਤੇ ਤਾਂ ਅਕਾਲੀਆਂ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇਹ ਸੇਵਾ, ਉਹ ਖ਼ੁਦ ਕਰਨਗੇ। ਇਸ ’ਤੇ ਝਗੜਾ ਹੋ ਗਿਆ। ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਅੰਦਰੋਂ ਦੁਬਾਰਾ ਬੰਦ ਕਰ ਲਏ। ਅਕਾਲੀ ਸਿੰਘਾਂ ਨੇ ਦਰਵਾਜ਼ਿਆਂ ਨੂੰ ਬਾਹਰੋਂ ਕੁੰਡੇ ਮਾਰ ਦਿੱਤੇ ਅਤੇ ਆਪਣੇ ਪਹਿਰੇਦਾਰ ਬਿਠਾ ਦਿੱਤੇ। 21 ਫ਼ਰਵਰੀ ਦੀ ਸ਼ਾਮ ਨੂੰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੁਜਾਰੀਆਂ ਨੇ ਦਰਵਾਜ਼ੇ ਖੋਲ੍ਹੇ। ਅਕਾਲੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੜ ਗਏ ਅਤੇ ਬਾਕੀ ਸੰਗਤ ਵੀ ਅੰਦਰ ਜਾ ਕੇ ਬੈਠ ਗਈ। ਸੂਰਜ ਛਿਪਣ ਤਕ ਸਾਰੇ ਪੁਜਾਰੀ ਦਰਬਾਰ ਸਾਹਿਬ ਨੂੰ ਛੱਡ ਕੇ ਚਲੇ ਗਏ। ਇਸ ਤਰ੍ਹਾਂ ਗੁਰਦੁਆਰਾ ਟੁੱਟੀ ਗੰਢੀ ਸ੍ਰੀ ਦਰਬਾਰ ਸਾਹਿਬ ਮੁਕਤਸਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਹੋ ਗਿਆ।
ਸੰਪਰਕ: 94635-18172


Comments Off on ਗੁਰਦੁਆਰਾ ਸੁਧਾਰ ਲਹਿਰ ਤੇ ਸ੍ਰੀ ਮੁਕਤਸਰ ਸਾਹਿਬ ਦਾ ਪੰਥਕ ਪ੍ਰਬੰਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.