ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’

Posted On February - 25 - 2017

11402cd _govinda newਸੰਜੀਵ ਕੁਮਾਰ
ਬੌਲੀਵੁੱਡ ਅਭਿਨੇਤਾ ਗੋਵਿੰਦਾ ਪੰਦਰਾਂ ਸਾਲ ਤੋਂ ਬਾਅਦ ਇੱਕ ਵਾਰ ਫਿਰ ਆਪਣੇ ਹੋਮ ਪ੍ਰੋਡਕਸ਼ਨ ਦੀ ਫ਼ਿਲਮ ਵਿੱਚ ਮੁੱਖ ਕਿਰਦਾਰ ਨਾਲ ਵਾਪਸੀ ਕਰ ਰਿਹਾ ਹੈ। ਇਸ ਵਾਰ ਉਸ ਦੀ ਕਮਬੈਕ ਫ਼ਿਲਮ ਵਿੱਚ ਸਿਰਫ਼ ਕਾਮੇਡੀ ਹੀ ਨਹੀਂ ਹੋਏਗੀ, ਬਲਕਿ ਭਰਪੂਰ ਐਕਸ਼ਨ ਵੀ ਹੋਏਗਾ। ਉਸ ਦੀ ਇਸ ਖਾਸ ਫ਼ਿਲਮ ਦਾ ਨਾਂ ਹੈ ‘ਆ ਗਿਆ ਹੀਰੋ’। ਬੇਸ਼ੱਕ ਇਸ ਫ਼ਿਲਮ ਵਿੱਚ ਗੋਵਿੰਦਾ ਐਕਸ਼ਨ ਕਰਦੇ ਜ਼ਰੂਰ ਨਜ਼ਰ ਆਉਣਗੇ, ਪਰ ਰੁਮਾਂਸ ਤੋਂ ਕਿਨਾਰਾ ਕਰਦੇ ਵੀ ਨਜ਼ਰ ਨਹੀਂ ਆਉਣਗੇ। ਫ਼ਿਲਮ ਉਦਯੋਗ ਵਿੱਚ ਤਿੰਨ ਦਹਾਕੇ ਬਿਤਾ ਚੁੱਕੇ ਬੌਲੀਵੁੱਡ ਦੇ ‘ਹੀਰੋ ਨੰਬਰ ਵਨ’ ਗੋਵਿੰਦਾ ਆਪਣੀ ਇਸ ਫ਼ਿਲਮ ‘ਆ ਗਿਆ ਹੀਰੋ’ ਦੇ ਬਾਰੇ ਵਿੱਚ ਕਹਿੰਦੇ ਹਨ ਕਿ ਦੀਪਾਂਕਰ ਸੈਨਾਪਤੀ ਦੇ ਨਿਰਦੇਸ਼ਨ ਵਿੱਚ ਬਣੀ ਅਤੇ 3 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿੱਚ ਉਹ ਪੁਲੀਸ ਅਫ਼ਸਰ ਦਾ ਮੁੱਖ ਕਿਰਦਾਰ ਨਿਭਾ ਰਿਹਾ ਹੈ ਜੋ ਡਿਊਟੀ ਕਰਨ ਦੇ ਨਾਲ ਅਦਾਕਾਰੀ ਦੇ ਜ਼ਰੀਏ ਹੀ ਮਾਮਲਿਆਂ ਨੂੰ ਸੁਲਝਾਉਂਦਾ ਹੈ।
ਆਖ਼ਿਰ 15 ਸਾਲ ਤੋਂ ਬਾਅਦ ਬਤੌਰ ਹੀਰੋ ਕਿਸੇ ਫ਼ਿਲਮ ਵਿੱਚ ਆਉਣ ਲਈ ਵੱਡਾ ਜਿਗਰ ਚਾਹੀਦਾ ਹੈ ਅਤੇ ਇਹ ਹੌਸਲਾ ਗੋਵਿੰਦਾ ਨੇ ਦਿਖਾਇਆ ਹੈ। ਆਖ਼ਿਰ ਕਿੱਥੋਂ ਆਇਆ ਇਹ ਹੌਸਲਾ? ਪੁੱਛਣ ’ਤੇ ਉਸ ਦਾ ਕਹਿਣਾ ਹੈ, ‘ਇਹ ਹੌਸਲਾ ਦਰਸ਼ਕਾਂ ਦੇ ਪਿਆਰ ਤੋਂ ਮਿਲਿਆ ਹੈ। ਦਰਅਸਲ ਦੋ ਸਾਲ ਪਹਿਲਾਂ ਆਈ ‘ਹੈਪੀ ਐਂਡਿੰਗ’ ਅਤੇ ‘ਕਿਲ ਦਿਲ’ ਵਰਗੀਆਂ ਫ਼ਿਲਮਾਂ ਨਾਲ ਮੈਨੂੰ ਜੋ ਦਰਸ਼ਕਾਂ ਤੋਂ ਪਿਆਰ ਮਿਲਿਆ, ਮੇਰੇ ਲਈ ਦਰਸ਼ਕਾਂ ਨੇ ਜਿਸ ਤਰ੍ਹਾਂ ਤਾੜੀਆਂ ਵਜਾਈਆਂ, ਉਹ ਮੈਨੂੰ ਉਸ ਦੌਰ ਦੀ ਤਰਫ਼ ਲੈ ਗਿਆ, ਜਦੋਂ ਮੈਂ ਫ਼ਿਲਮਾਂ ਵਿੱਚ ਮੁੱਖ ਕਿਰਦਾਰ ਨਿਭਾਇਆ ਕਰਦਾ ਸੀ। ਉਸੇ ਨੇ ਹੀ ਮੈਨੂੰ ਇਹ ਚੁਣੌਤੀ ਲੈਣ ਲਈ ਹੌਸਲਾ ਦਿੱਤਾ ਅਤੇ ਮੈਂ ਇੱਕ ਵਾਰ ਫਿਰ ਮੁੱਖ ਕਿਰਦਾਰ ਵਿੱਚ ਆ ਗਿਆ। ਹਾਲਾਂਕਿ, ਬਤੌਰ ਮੁੱਖ ਅਭਿਨੇਤਾ ਵਾਪਸੀ ਕਰਨ ਵਿੱਚ ਮੈਨੂੰ ਡੇਢ ਦਹਾਕਾ ਲੱਗ ਗਿਆ। ਮੈਂ ਖੁਦ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਵਕਤ ਲੱਗੇਗਾ। ਜਦੋਂ ਕਿ ਇਸ ਦੌਰਾਨ ਮੈਂ ਕਈ ਫ਼ਿਲਮਾਂ ਵਿੱਚ ਚਰਿੱਤਰ ਭੂਮਿਕਾਵਾਂ ਨਿਭਾਈਆਂ, ਪਰ ਮਨ ਵਿੱਚ ਇਹ ਇੱਛਾ ਜ਼ਰੂਰ ਰਹੀ ਕਿ ਇੱਕ ਵਾਰ ਫਿਰ ਤੋਂ ‘ਹੀਰੋ’ ਦੇ ਤੌਰ ’ਤੇ ਨਜ਼ਰ ਆਵਾਂ।’
ਬੌਲੀਵੁੱਡ ਵਿੱਚ ਲੰਬੇ ਸਮੇਂ ਤਕ ਕੰਮ ਕਰਨ ਦਾ ਤਜਰਬਾ ਅਤੇ ਭਰਪੂਰ ਕਾਮਯਾਬੀ ਹਾਸਿਲ ਕਰਨ ਦੇ ਬਾਵਜੂਦ ਗੋਵਿੰਦਾ ਦਾ ਕਹਿਣਾ ਹੈ ਕਿ ਉਸ ਨੂੰ ਲੱਗ ਰਿਹਾ ਹੈ ਕਿ ਜਿਵੇਂ ਉਹ ਇੱਥੋਂ ਆਪਣੀ ਸ਼ੁਰੂਆਤ ਕਰ ਰਿਹਾ ਹੋਵੇ। ਆਪਣੀ ਇਸ ਫ਼ਿਲਮ ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਹੋਈ ਮੁਲਾਕਾਤ ਦੌਰਾਨ ਗੋਵਿੰਦਾ ਨੇ ਕਈ ਅਣਛੂਹੇ ਪਹਿਲੂਆਂ ਨੂੰ ਉਜਾਗਰ ਕੀਤਾ। ਇਹ ਪੁੱਛਣ ’ਤੇ ਕਿ ਕਿਧਰੇ ਬੌਲੀਵੁੱਡ ਦੇ ਅਸਲੀ ‘ਹੀਰੋ ਨੰਬਰ ਵਨ’ ਕਹਾਉਣ ਦੇ ਕਾਰਨ ਹੀ ਤਾਂ ਉਸ ਨੇ ਆਪਣੀ ਫ਼ਿਲਮ ਦਾ ਨਾਂ ‘ਆ ਗਿਆ ਹੀਰੋ’ ਰੱਖਿਆ? ਗੋਵਿੰਦਾ ਮੁਸਕਰਾਉਂਦੇ ਹੋਏ ਜੁਆਬ ਦਿੰਦੇ ਹਨ, ‘ਅਜਿਹਾ ਬਿਲਕੁਲ ਵੀ ਨਹੀਂ ਹੈ। ਦਰਅਸਲ, ਤੁਹਾਡੇ ਲੋਕਾਂ ਦੇ ਪਿਆਰ ਨੇ ਹੀ ਬੌਲੀਵੁੱਡ ਵਿੱਚ ਮੈਨੂੰ ‘ਹੀਰੋ ਨੰਬਰ ਵਨ’ ਵਰਗੀ ਉਪਾਧੀ ਦਿਵਾਈ ਹੈ ਅਤੇ ‘ਹੀਰੋ ਨੰਬਰ ਵਨ’ ਦੇ ਨਾਂ ਨਾਲ ਮੇਰੀ ਇੱਕ ਫ਼ਿਲਮ ਵੀ ਹੈ। ਇਸ ਸਾਲ 21 ਫਰਵਰੀ ਨੂੰ ‘ਹੀਰੋ ਨੰਬਰ ਵਨ’ ਦੀ ਮੇਰੀ ਉਪਾਧੀ ਨੂੰ 20 ਸਾਲ ਪੂਰੇ ਹੋ ਗਏ ਹਨ, ਇਸ ਲਈ ਅਸੀਂ ਸੋਚਿਆ ਕਿ ਆਪਣੀ ਨਵੀਂ ਫ਼ਿਲਮ ਦਾ ਨਾਂ ‘ਆ ਗਿਆ ਹੀਰੋ’ ਰੱਖ ਦਈਏ ਤਾਂ ਕਿ ਉਪਾਧੀ ਦੇ ਨਾਲ ਨਿਆਂ ਹੋ ਸਕੇ। ਵੈਸੇ ਇਹ ਟਾਈਟਲ ਸੁਣਨ ’ਤੇ ਵੀ ਚੰਗਾ ਲੱਗਦਾ ਹੈ। ਹਾਂ, ਇੱਕ ਡਰ ਵੀ ਜ਼ਰੂਰ ਲੱਗ ਰਿਹਾ ਹੈ ਕਿ ਲੋਕ ਮੈਨੂੰ ਉਸੇ ਰੂਪ ਵਿੱਚ ਸਵੀਕਾਰ ਕਰਨਗੇ ਜਾਂ ਨਹੀਂ, ਜਿਵੇਂ 20 ਸਾਲ ਪਹਿਲਾਂ ਕਰਦੇ ਸਨ। ਇਹ ਨਾਂ ਮਜਬੂਰ ਕਰਦਾ ਹੈ ਕਿ ਮੈਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕਰਾਂ ਅਤੇ ਜੋ ਕੰਮ ਮੈਂ ਕਰ ਰਿਹਾ ਹਾਂ, ਉਸ ਨੂੰ ਕਰਨ ਤੋਂ ਪਹਿਲਾਂ ਦੁਬਾਰਾ ਸੋਚਾਂ ਕਿ ਕੀ ਇਹ ਅਸਲ ਵਿੱਚ ਹੀਰੋ ਵਾਲਾ ਕੰਮ ਹੈ, ਕੀ ਇਹ ਬਿਲਕੁਲ ਸਹੀ ਹੈ?’
ਫ਼ਿਲਮ ਉਦਯੋਗ ਵਿੱਚ ਗੋਵਿੰਦਾ ਨੇ ਤਿੰਨ ਦਹਾਕੇ ਪੂਰੇ ਕਰ ਲਏ ਹਨ ਅਤੇ ਇਸ ਦੌਰਾਨ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਰੁਮਾਂਟਿਕ ਅਤੇ ਡਾਂਸਿੰਗ ਸਟਾਰ ਦਾ ਉਸ ਦਾ ਜਲਵਾ ਹੁਣ ਤਕ ਬਰਕਰਾਰ ਹੈ। ਉਮਰ ਅਤੇ ਕਰੀਅਰ ਦੇ ਇਸ ਪੜਾਅ ’ਤੇ ਇਸ ਨੂੰ ਗੁਆਉਣ ਦਾ ਡਰ ਵੀ ਸਤਾਉਂਦਾ ਹੈ? ਪੁੱਛਣ ’ਤੇ ਗੋਵਿੰਦਾ ਥੋੜ੍ਹੇ ਗੰਭੀਰ ਹੋ ਜਾਂਦੇ ਹਨ, ‘ਮੈਂ ਦਰਸ਼ਕਾਂ ਅਤੇ ਭਗਵਾਨ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਵੀ ਲੋਕ ਮੈਨੂੰ  ਪਿਆਰ ਕਰਦੇ ਹਨ, ਮੇਰੀਆਂ ਫ਼ਿਲਮਾਂ ਦੇਖਦੇ ਹਨ। ਜਦੋਂਕਿ ਸੱਚ ਇਹ ਹੈ ਕਿ ਮੈਂ ਜਦੋਂ ਇਸ ਖੇਤਰ ਵਿੱਚ ਆਇਆ ਸੀ ਤਾਂ ਮੈਂ ਪੜ੍ਹਿਆ ਲਿਖਿਆ ਨਹੀਂ ਸੀ। ਮੇਰੀ ਪਿੱਠਭੂਮੀ ਵੀ ਪਿੰਡ ਦੀ ਹੀ ਸੀ। ਹਾਂ, ਡਾਂਸ ਵਰਗੀ ਕਲਾ ਮੇਰੇ ਕੋਲ ਸੀ ਜਿਸ ਦੇ ਦਮ ’ਤੇ ਮੈਨੂੰ ਲੋਕਾਂ ਦਾ ਸਾਥ ਅਤੇ ਪਿਆਰ ਮਿਲਦਾ ਗਿਆ ਅਤੇ ਮੈਂ ਅੱਗੇ ਵਧਦਾ ਗਿਆ। ਹਾਲਾਂਕਿ, ਆਪਣੀਆਂ ਕਮਜ਼ੋਰੀਆਂ ਨੂੰ ਸਮਝਦੇ ਹੋਏ ਮੈਂ ਵੀ ਸਖ਼ਤ ਮਿਹਨਤ ਕੀਤੀ, ਜਿਸ ਦਾ ਉਚਿੱਤ ਪੁਰਸਕਾਰ ਵੀ ਮੈਨੂੰ ਇੱਥੇ ਮਿਲਿਆ। ਮੇਰੀਆਂ ਫ਼ਿਲਮਾਂ ਸਫਲ ਵੀ ਰਹੀਆਂ ਅਤੇ ਅਸਫਲ ਵੀ, ਪਰ ਪ੍ਰਸ਼ੰਸਕਾਂ ਦਾ ਪਿਆਰ ਘੱਟ ਨਹੀਂ ਹੋਇਆ ਅਤੇ ਮੈਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਮੇਰੀ ਮਾਂ, ਈਸ਼ਵਰ ਅਤੇ ਤੁਹਾਡਾ ਸਭ ਲੋਕਾਂ ਦਾ ਅਸ਼ੀਰਵਾਦ ਹੈ।’
ਤਿੰਨ ਦਹਾਕੇ ਦਾ ਕਰੀਅਰ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੁੰਦਾ। ਅਦਾਕਾਰੀ ਦੇ ਖੇਤਰ ਲਈ ਤਾਂ ਬਿਲਕੁਲ ਨਹੀਂ ਕਿਉਂਕਿ ਇਹ ਇੱਕ ਥਕਾਊ ਕੰਮ ਹੁੰਦਾ ਹੈ, ਪਰ ਇਸ ਦੇ ਬਾਵਜੂਦ ਗੋਵਿੰਦਾ ਇਸ ਸਮੇਂ ਨੂੰ ਬਹੁਤ ਜ਼ਿਆਦਾ ਨਹੀਂ ਮੰਨਦੇ ਅਤੇ ਇਹ ਵੀ ਨਹੀਂ ਸਵੀਕਾਰ ਕਰਦੇ ਕਿ ਇੰਨੇ ਲੰਬੇ ਕਰੀਅਰ ਵਿੱਚ ਉਹ ਕਾਫ਼ੀ ਕੰਮ ਕਰ ਚੁੱਕੇ ਹਨ ਅਤੇ ਸਭ ਕੁਝ ਹਾਸਿਲ ਕਰ ਚੁੱਕੇ ਹਨ? ਇਸ ’ਤੇ ਗੋਵਿੰਦਾ ਨੇ ਕਿਹਾ, ‘ਇਹ ਮੇਰੀ ਹੋਮ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ਹੈ ਅਤੇ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਇੱਥੋਂ ਹੀ ਮੇਰੀ ਸ਼ੁਰੂਆਤ ਹੋਈ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਜਦੋਂ ਮੈਂ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ, ਉਦੋਂ ਮੈਂ ਬੱਚਾ ਸੀ ਅਤੇ ਹੁਣ ਜਾ ਕੇ ਜੁਆਨ ਹੋਇਆ ਹਾਂ।’.


Comments Off on ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.