ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਚਾਰਲਸ ਡਾਰਵਿਨ ਅਤੇ ਜੀਵ ਵਿਗਿਆਨ

Posted On February - 22 - 2017

ਸੁਖਮਿੰਦਰ ਢਿੱਲੋਂ

12202cd _scienseਵਿਸ਼ਵ ਦੇ ਸਾਰੇ ਧਰਮ ਗ੍ਰੰਥਾਂ ਵਿੱਚ ਇਸ ਗੱਲ ਦਾ ਸਪੱਸ਼ਟ ਜ਼ਿਕਰ ਮਿਲਦਾ ਹੈ ਕਿ ਮਨੁੱਖ ਅਤੇ ਸ੍ਰਿਸ਼ਟੀ ਦੇ ਹਰ ਪ੍ਰਾਣੀ ਦੀ ਰਚਨਾ ਪ੍ਰਮਾਤਮਾ ਨੇ ਆਪਣੀ ਇੱਛਾ ਅਨੁਸਾਰ ਕੀਤੀ ਹੈ। ਇੱਕ ਪੱਛਮੀ ਧਾਰਨਾ ਅਨੁਸਾਰ ਇਹ ਸ੍ਰਿਸ਼ਟੀ ਲਗਪਗ ਛੇ ਹਜ਼ਾਰ ਸਾਲ ਪੁਰਾਣੀ ਹੈ। ਇਹ ਕੁਦਰਤ ਦੇ ਵਿਧਾਨ ਦੁਆਰਾ ਇੱਕ ਵਾਰ ਵਿੱਚ ਹੀ ਬਣੀ ਹੈ। ਅਜਿਹੀ ਸਥਿਤੀ ਵਿੱਚ ਕਿਸੇ ਪ੍ਰਕਿਰਤੀ ਵਿਗਿਆਨੀ ਦਾ ਇਹ ਸਿੱਧ ਕਰਨ ਦਾ ਯਤਨ ਕਰਨਾ ਕਿ ਇਹ ਸ੍ਰਿਸ਼ਟੀ ਲੱਖਾਂ-ਕਰੋੜਾਂ ਸਾਲ ਪੁਰਾਣੀ ਹੈ ਅਤੇ ਸ੍ਰਿਸ਼ਟੀ ਪੂਰਨ ਨਹੀਂ, ਪਰਿਵਰਤਨਸ਼ੀਲ ਹੈ, ਬਹੁਤ ਵੱਡੀ   ਗੱਲ ਹੈ।
ਅਜਿਹੇ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ 12 ਫਰਵਰੀ 1809 ਨੂੰ ਡਾਕਟਰ ਜਾਨ ਰਾਬਰਟ ਦੇ ਘਰ ਸ਼ਰਿਊਜ਼ਬਰੀ (ਇੰਗਲੈਂਡ) ਵਿੱਚ ਹੋਇਆ। ਡਾਰਵਿਨ ਲੰਡਨ ਦੇ ਸ਼ਰਿਊਜ਼ਬਰੀ ਸਕੂਲ ਵਿੱਚ ਪੜ੍ਹਦਿਆਂ ਇੱਕ ਸਧਾਰਨ ਬੱਚਾ ਹੀ ਸੀ। ਉਹ ਨਾ ਤਾਂ ਪੜ੍ਹਾਈ ਵਿੱਚ ਬਹੁਤਾ ਵਧੀਆ ਸੀ ਅਤੇ ਨਾ ਹੀ ਬਹੁਤਾ ਕਮਜ਼ੋਰ ਸੀ। ਉਹ ਬਚਪਨ ਤੋਂ ਹੀ ਪ੍ਰਕਿਰਤੀ ਵਿੱਚ ਰੁਚੀ ਰੱਖਦਾ ਸੀ। ਪਿਤਾ ਦੇ ਚਾਹੁਣ ’ਤੇ ਵੀ ਡਾਰਵਿਨ ਨੇ ਡਾਕਟਰੀ ਦਾ ਪੇਸ਼ਾ ਨਾ ਚੁਣਿਆ। ਹਾਰ ਕੇ ਉਸ ਦੇ ਪਿਤਾ ਨੇ ਉਸ ਨੂੰ ਧਰਮ ਦੀ ਸਿੱਖਿਆ ਗ੍ਰਹਿਣ ਕਰਵਾਉਣੀ ਚਾਹੀ। 1828 ਵਿੱਚ ਉਸ ਨੂੰ ਕੈਂਬਰਿਜ ਯੂਨੀਵਰਸਿਟੀ ਪੜ੍ਹਨ ਲਈ ਭੇਜਿਆ ਗਿਆ ਪਰ ਇੱਥੇ ਵੀ ਉਸ ਨੇ ਪ੍ਰਕਿਰਤੀ ਪ੍ਰਤੀ ਆਪਣਾ ਰੁਝਾਨ ਜਾਰੀ ਰੱਖਿਆ। ਕੈਂਬਰਿਜ ਯੂਨੀਵਰਸਿਟੀ ਵਿੱਚ ਡਾਰਵਿਨ ਦੀ ਭੂ-ਵਿਗਿਆਨ ਦੇ ਪ੍ਰੋਫ਼ੈਸਰ ਐਡਮ ਸੈਗਵਿਕ ਅਤੇ ਜੀਵ ਵਿਗਿਆਨੀ ਜਾਨ ਹੈਂਸਲੋਅ ਨਾਲ ਮਿੱਤਰਤਾ ਹੋ ਗਈ। ਉਨ੍ਹਾਂ ਪ੍ਰੋਫ਼ੈਸਰਾਂ ਦੇ ਜ਼ਰੀਏ ਹੀ ਡਾਰਵਿਨ ਨੂੰ ਨੇਵੀ ਦੁਆਰਾ ਐਚ.ਐਮ.ਐਸ ਬੀਗਲ ਜਹਾਜ਼ ਨਾਲ ਬਤੌਰ ਪ੍ਰਕਿਰਤੀ ਨਿਰੀਖਕ ਵਜੋਂ ਵਿਸ਼ਵ ਦੀ ਸਮੁੰਦਰੀ ਯਾਤਰਾ ’ਤੇ ਜਾਣ ਦਾ ਮੌਕਾ ਮਿਲਿਆ। ਇਹ ਯਾਤਰਾ ਉਸ ਦੀ ਜ਼ਿੰਦਗੀ ਲਈ ਇੱਕ ਨਵਾਂ ਮੋੜ ਸਾਬਿਤ ਹੋਈ। ਡਾਰਵਿਨ ਨੇ ਪੰਜ ਸਾਲ ਸਮੁੰਦਰੀ ਯਾਤਰਾ ਵਿੱਚ ਬਤੀਤ ਕੀਤੇ ਅਤੇ ਸਮੁੰਦਰੀ ਜਹਾਜ਼ ਦੇ ਇੱਕ ਛੋਟੇ ਜਿਹੇ ਕੈਬਿਨ ਦੇ ਅੱਧੇ ਭਾਗ ਵਿੱਚ ਰਹਿ ਕੇ ਗੁਜ਼ਾਰਾ ਕੀਤਾ। ਇਸ ਜਹਾਜ਼ ਦੁਆਰਾ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਜਿਵੇਂ ਆਸਟਰੇਲੀਆ, ਦੱਖਣੀ ਅਮਰੀਕਾ ਤੇ ਕਈ ਹੋਰ ਥਾਵਾਂ ਦੀ ਯਾਤਰਾ ਕੀਤੀ। ਦੁਨੀਆਂ ਭਰ ਵਿੱਚੋਂ ਜਗ੍ਹਾ-ਜਗ੍ਹਾ ਤੋਂ ਪੱਤੇ, ਲੱਕੜਾਂ, ਪੱਥਰ, ਕੀੜੇ ਤੇ ਹੋਰ ਜੀਵ ਆਦਿ ਇੱਕਠੇ ਕੀਤੇ। ਉਨ੍ਹੀਂ ਦਿਨੀਂ ਫੋਟੋਗ੍ਰਾਫੀ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਨੂੰ ਸਾਰੇ ਨਮੂਨਿਆਂ ’ਤੇ ਲੇਬਲ ਲਗਾ ਕੇ ਇੰਗਲੈਂਡ ਭੇਜਣਾ ਪੈਂਦਾ ਸੀ। ਇਸ ਕੰਮ ਦੇ ਸਿਲਸਿਲੇ ਵਿੱਚ ਉਹ ਦਸ-ਦਸ ਘੰਟੇ ਘੋੜ-ਸਵਾਰੀ ਕਰਦਾ, ਕਈ-ਕਈ ਮੀਲ ਪੈਦਲ ਚਲਦਾ, ਜਗ੍ਹਾ-ਜਗ੍ਹਾ ’ਤੇ ਖ਼ਤਰਿਆਂ ਦਾ ਸਾਹਮਣਾ ਕਰਦਾ ਤੇ ਅਣਜਾਣ ਜਾਨਵਰਾਂ ਨੂੰ ਨਿਹਾਰਦਾ।
ਗਲਾਪਾਗੋਜ਼ ਦੀ ਯਾਤਰਾ ਡਾਰਵਿਨ ਲਈ ਨਿਰਣਾਇਕ ਸਿੱਧ ਹੋਈ। ਇਸ ਦੀਪ ਸਮੂਹ ’ਤੇ ਉਸ ਨੂੰ ਅਦਭੁੱਤ ਛਿਪਕਲੀਆਂ ਅਤੇ ਕੱਛੂ ਮਿਲੇ। ਆਖ਼ਰ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਅੱਜ ਜੋ ਦਿਖਾਈ ਦੇ ਰਿਹਾ ਹੈ, ਕੱਲ੍ਹ ਅਜਿਹਾ ਨਹੀਂ ਸੀ। ਪ੍ਰਕਿਰਤੀ ਵਿੱਚ ਸਥਿਰਤਾ ਜ਼ਰੂਰ ਦਿਖਾਈ ਦਿੰਦੀ ਹੈ ਪਰ ਇਸ ਪਿੱਛੇ ਪਰਿਵਰਤਨ ਚੱਲਦਾ ਰਹਿੰਦਾ ਹੈ। ਲੰਮੀ ਸਮੁੰਦਰੀ ਯਾਤਰਾ ਤੋਂ ਬਾਅਦ ਡਾਰਵਿਨ ਨੇ ਇੱਕ ਪੇਂਡੂ ਇਲਾਕੇ ਵਿੱਚ ਦੂਰ ਸਥਿਤ ਇੱਕ ਮਕਾਨ ਵਿੱਚ ਆਪਣੇ ਅਧਿਐਨ ਅਤੇ ਇਸ ’ਤੇ ਆਧਾਰਿਤ ਲੇਖਣ ਦਾ ਕੰਮ ਸ਼ੁਰੂ ਕਰ ਦਿੱਤਾ। ਜੀਵ ਉਤਪਤੀ ਦਾ ਸਿਧਾਂਤ ਉਸ ਦੇ ਦਿਮਾਗ ਵਿੱਚ ਜਨਮ ਲੈ ਚੁੱਕਾ ਸੀ। 1844 ਵਿੱਚ ਚਾਰਲਸ ਡਾਰਵਿਨ ਨੇ ਵਿਸਥਾਰ ਰੂਪ ਵਿੱਚ ਇਸ ਨੂੰ ਕਲਮਬੱਧ ਕੀਤਾ। ਇਸ ਨੂੰ ਪ੍ਰਕਾਸ਼ਿਤ ਕਰਨ ਵਿੱਚ ਕੋਈ ਜਲਦਬਾਜ਼ੀ ਨਹੀਂ ਕੀਤੀ। ਆਖ਼ਰ ਵਾਲੇਸ ਦੁਆਰਾ ਕੀਤੇ ਅਧਿਐਨ ਦੇ ਨਤੀਜੇ ਦੇਖ ਕੇ ਉਸ ਨੂੰ ਆਪਣੇ ਦੁਆਰਾ ਖੋਜਿਆ ਸਿਧਾਂਤ ਸਰਵਜਨਕ ਕਰਨਾ ਹੀ ਪਿਆ। 1859 ਵਿੱਚ ਡਾਰਵਿਨ ਦੀ ਕਿਤਾਬ “ਆਨ ਦਿ ਔਰੀਜਿਨ ਆਫ ਸਪੀਸ਼ਿਜ਼” ਪ੍ਰਕਾਸ਼ਿਤ ਹੋਈ। ਸਮਕਾਲੀ ਸਮਾਜ ਵਿੱਚ ਉਸ ਦੇ ਸਿਧਾਂਤ ’ਤੇ ਜ਼ੋਰਦਾਰ ਬਹਿਸ ਹੋਈ। ਈਸ਼ਵਰ ਦੀ ਸੰਤਾਨ ਮੰਨਿਆ ਜਾਣ ਵਾਲਾ ਮਨੁੱਖ ਬਾਂਦਰ ਦੀ ਸੰਤਾਨ ਮੰਨਿਆ ਜਾਣ ਲੱਗਾ। ਰਾਜਸ਼ਾਹੀ ਤੋਂ ਲੈ ਕੇ ਚਰਚ ਤੱਕ ਸਭ ਭੜਕ ਉੱਠੇ ਪਰ ਚਾਰਲਸ ਡਾਰਵਿਨ ਹਰ ਤਰ੍ਹਾਂ ਦਾ ਵਿਰੋਧ ਨਿਮਰਤਾ ਨਾਲ ਸਵੀਕਾਰ ਕਰਦਾ ਰਿਹਾ। ਆਖ਼ਰ ਪੁਖ਼ਤਾ ਸਬੂਤਾਂ ਅੱਗੇ ਇਹ ਵਿਰੋਧ ਅਲੋਪ ਹੁੰਦਾ ਗਿਆ। ਡਾਰਵਿਨ ਨੇ ਜੀਵਨ ਦੇ ਹਰ ਪਹਿਲੂ ’ਤੇ ਪ੍ਰਯੋਗ ਕੀਤੇ। ਉਸ ਨੇ ਪੱਤਿਆਂ, ਫੁੱਲਾਂ, ਪੰਛੀਆਂ ਤੇ ਜੀਵਾਂ ਨੂੰ ਆਪਣੇ ਪ੍ਰਯੋਗਾਂ ਦੇ ਦਾਇਰੇ ’ਚ ਰੱਖਿਆ। 1870 ਤੋਂ ਵਿਗਿਆਨਿਕ ਸਮਾਜ ਅਤੇ ਸਾਧਾਰਨ ਲੋਕਾਂ ਨੇ ਵੀ ਉਸ ਦੀ ਕੀਤੀ ਹੋਈ ਵਿਆਖਿਆ ਨੂੰ ਮੰਨਣਾ ਸ਼ੁਰੂ ਕਰ ਦਿੱਤਾ। 1930 ਤੋਂ 1950 ਤੱਕ ਕਈ ਹੋਰ ਵਿਗਿਆਨੀਆਂ ਨੇ ਜੀਵਨ ਚੱਕਰ ਨੂੰ  ਦੱਸਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ। ਦੂਜੇ ਪਾਸੇ ਡਾਰਵਿਨ ਨੇ ਸੁਚਾਰੂ ਰੂਪ ਅਤੇ ਵਿਗਿਆਨਿਕ ਢੰਗ ਨਾਲ ਜੀਵ-ਵਿਗਿਆਨ ਵਿੱਚ ਜ਼ਿੰਦਗੀ ਵਿੱਚ ਸਮੇਂ ਦੇ ਨਾਲ-ਨਾਲ ਹੋਣ ਵਾਲੇ ਪਰਿਵਰਤਨਾਂ ਦੀ ਵਿਆਖਿਆ ਕੀਤੀ, ਇਸ ਲਈ ਉਸ ਨੂੰ ਰਾਇਲ ਮੈਡਲ, ਵਾਲਸਟੋਨ ਮੈਡਲ, ਦਾ ਕਾਪਲੀ ਮੈਡਲ ਜਿਹੇ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ।
ਵਧੀਆ ਵਿਗਿਆਨੀ ਹੋਣ ਦੇ ਨਾਲ-ਨਾਲ ਡਾਰਵਿਨ ਇੱਕ ਸੁਚੱਜਾ ਇਨਸਾਨ ਵੀ ਸੀ। ਉਹ ਗ਼ੁਲਾਮ ਪ੍ਰਥਾ ਦਾ ਸਖ਼ਤ ਵਿਰੋਧੀ ਸੀ। ਬੀਗਲ ਜਹਾਜ਼ ਤੇ ਸਮੁੰਦਰੀ ਯਾਤਰਾ ਦੌਰਾਨ ਉਸ ਨੇ ਗ਼ੁਲਾਮਾਂ ਤੋਂ ਕਰਵਾਏ ਜਾਂਦੇ ਕੰਮ ਅਤੇ ਉਨ੍ਹਾਂ ਨਾਲ ਹੁੰਦਾ ਜਬਰ ਦੇਖਿਆ, ਜੋ ਉਸ ਦੇ ਮਨ ਵਿੱਚ ਹਰ ਵੇਲੇ ਖਟਕਦਾ ਸੀ। ਬਚਪਨ ਵਿੱਚ ਜਦੋਂ ਉਸ ਨੂੰ ਮੈਡੀਕਲ ਸਕੂਲ ਵਿੱਚ ਪੜ੍ਹਨ ਭੇਜਿਆ ਗਿਆ ਸੀ ਤਾਂ ਉਹ ਸਰਜਰੀ ਹੁੰਦੀ ਨਹੀਂ ਵੇਖ ਸਕਿਆ ਸੀ। ਉਹ ਪਸ਼ੂ- ਪੰਛੀਆਂ ਅਤੇ ਜਾਨਵਰਾਂ ਦਾ ਵੀ ਹਮਦਰਦ ਸੀ। ਘੋੜੇ ਦੇ ਲਾਠੀਆਂ ਮਾਰਨਾ ਵੀ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ। ਚਾਰਲਸ ਡਾਰਵਿਨ ਦਾ ਵਿਚਾਰ ਸੀ “ਕਿਸੇ ਵੀ ਮਹਾਨ ਤੋਂ ਮਹਾਨ ਕੰਮ ਦਾ ਆਰੰਭ ਸਾਡੇ ਤੋਂ ਹੀ ਹੁੰਦਾ ਹੈ ਅਤੇ ਕੰਮ ਕਰਨ ਸਮੇਂ ਸਾਡਾ ਕੰਮ ਵਿੱਚ ਬਣੇ ਰਹਿਣਾ ਬਹੁਤ ਜ਼ਰੂਰੀ ਹੈ।”

ਸੰਪਰਕ: 94173-55409


Comments Off on ਚਾਰਲਸ ਡਾਰਵਿਨ ਅਤੇ ਜੀਵ ਵਿਗਿਆਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.