ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜਗਰਾਵਾਂ ਦਾ ਰੌਸ਼ਨੀ ਮੇਲਾ

Posted On February - 21 - 2017

12002cd _roshni melaਸਿਮਰਨ  

‘ਆਰੀ ਆਰੀ ਆਰੀ ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ’’ ਲੋਕ ਬੋਲੀ ਵਿੱਚ ਜਗਰਾਉਂ ਦੇ ਰੌਸ਼ਨੀ ਮੇਲੇ ਬਾਰੇ ਬਿਆਨ ਕੀਤਾ ਗਿਆ ਹੈ। ਜਗਰਾਉਂ ਦਾ ਇਹ ਮੇਲਾ ਕਾਫ਼ੀ ਮਕਬੂਲੀਅਤ ਰੱਖਦਾ ਹੈ। 1947 ਤੋਂ ਪਹਿਲਾਂ ਰੌਸ਼ਨੀ ਮੇਲੇ ਦੀ ਵੱਖਰੀ ਸ਼ਾਨ ਤੇ ਵੱਖਰਾ ਅੰਦਾਜ਼ ਸੀ। ਕਈ-ਕਈ ਦਿਨ ਪਹਿਲਾਂ ਹੀ ਮੇਲੇ ਦੇ ਸ਼ੌਕੀਨ ਤਿਆਰੀਆਂ ਕਰਨ ਲੱਗ ਜਾਂਦੇ ਸਨ। ਮੇਲੇ ਵਿੱਚ ਬੇਸ਼ੁਮਾਰ ਇਕੱਠ ਹੁੰਦਾ ਸੀ ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ।
ਪੰਜਾਬ ਵਿੱਚ ਰੂਹਾਨੀਅਤ ਦੇ ਨਾਂ ਉੱਤੇ ਲੱਗਣ ਵਾਲੇ ਮੇਲਿਆਂ ਵਿੱਚ ਜਗਰਾਉਂ ਦੇ ਰੌਸ਼ਨੀ ਮੇਲੇ ਦਾ ਖ਼ਾਸ ਮੁਕਾਮ ਹੈ। ਜਗਰਾਉਂ ਸ਼ਹਿਰ ਦੇ ਵਿਚਕਾਰ ‘ਖਾਨਗਾਹ ਚੌਕ’, ਜਿਸ ਦਾ ਨਾਂ ਬਦਲ ਕੇ ‘ਕਮਲ ਚੌਕ’ ਰੱਖ ਦਿੱਤਾ ਗਿਆ ਹੈ, ਦੇ ਨੇੜੇ ਹਜ਼ਰਤ ਬਾਬਾ ਮੋਹਕਮ-ਉਦ-ਦੀਨ ਦੀ ਮੁਕੱਦਸ ਦਰਗਾਹ ‘ਸ਼ਰੀਫ਼’ ਹੈ। ਇਸੇ ਥਾਂ ’ਤੇ ਹੀ ਇਹ ਮੇਲਾ ਲੱਗਦਾ ਹੈ। ਹਰ ਸਾਲ  ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਸ਼ਰਧਾਲੂ ਇੱਥੇ ਮੰਨਤਾਂ ਮੰਗਦੇ ਹਨ। ਪੁੱਤਰ ਦੀ ਮੁਰਾਦ ਪੂਰੀ ਹੋਣ ਉੱਤੇ ਮਾਵਾਂ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਕਾਗਜ਼ ਦੇ ਬਣੇ ਗੁਲਦਸਤੇ ਲੈ ਕੇ ਦਰਗਾਹ ’ਤੇ ਬਤੌਰ ‘ਨਜ਼ਰਾਨਾ-ਏ-ਅਕੀਦਤ’ ਪੇਸ਼ ਕਰਦੀਆਂ ਹਨ, ਜਦੋਂਕਿ ਪਰਿਵਾਰ ਦੇ ਹੋਰਨਾਂ ਜੀਆਂ ਵੱਲੋਂ ਚੌਲਾਂ ਦੀ ਨਿਆਜ਼ (ਮਿੱਠੇ ਚੌਲਾਂ ਦਾ ਪ੍ਰਸ਼ਾਦ) ਹਾਜ਼ਰੀਨਾਂ ਵਿੱਚ ਵੰਡੀ ਜਾਂਦੀ ਹੈ।
ਰੌਸ਼ਨੀ ਮੇਲਾ 13 ਤੋਂ 15 ਫੱਗਣ ਤਕ ਲੱਗਦਾ ਹੈ। 13 ਫੱਗਣ ਨੂੰ ਚੌਕੀਆਂ ਹੁੰਦੀਆਂ ਹਨ, ਜਿਸ ਵਿੱਚ ਜ਼ਿਆਦਾਤਰ ਔਰਤਾਂ ਹੀ ਮੇਲੇ ਦੀ ਰੌਣਕ ਬਣਦੀਆਂ ਹਨ। ਚੌਕੀਆਂ ਵਾਲੀ ਰਾਤ ਨੂੰ ਮੇਲਾ ਆਪਣੇ ਪੂਰੇ ਜੋਬਨ ਉੱਤੇ ਪੁੱਜ ਜਾਂਦਾ ਹੈ। ਇਸ ਰਾਤ ਹੋਰਨਾਂ ਪ੍ਰਾਂਤਾਂ ਤੇ ਜ਼ਿਲ੍ਹਿਆਂ ਦੀਆਂ ਸੰਗਤਾਂ ਵੀ ਭਾਰੀ ਤਦਾਦ ਵਿੱਚ ਦਰਗਾਹ ’ਤੇ ਸਿਜਦਾ ਕਰਨ ਲਈ ਆ ਜੁੜਦੀਆਂ ਹਨ। ਸਾਰੀ ਰਾਤ ਭਾਰਤ ਦੇ ਨਾਮਵਾਰ ਕੱਵਾਲ ਕੱਵਾਲੀਆਂ ਪੇਸ਼ ਕਰਦੇ ਹਨ। ਕਦੇ-ਕਦਾਈਂ ਪਾਕਿਸਤਾਨ ਦੇ ਕੱਵਾਲ ਵੀ ਦਰਗਾਹ ਸ਼ਰੀਫ਼ ਵਿੱਚ ਆਪਣੀ ਹਾਜ਼ਰੀ ਭਰ ਕੇ ਜਿਆਰਤ ਕਰਦੇ ਹਨ।
ਬਜ਼ੁਰਗਾਂ ਦੇ ਕਥਨ ਅਨੁਸਾਰ ਮੇਲਾ ਰੌਸ਼ਨੀ ਪਿਛਲੇ ਸੈਂਕੜੇ ਵਰ੍ਹਿਆਂ ਤੋਂ ਜਗਰਾਉਂ ਵਿੱਚ ਲੱਗਦਾ ਆ ਰਿਹਾ ਹੈ। ਉਦੋਂ ਦਰਗਾਹ ਸ਼ਰੀਫ ਦੇ ਇਰਦ-ਗਿਰਦ ਚੁਫੇਰਿਓਂ ਖੁੱਲ੍ਹਾ ਮੈਦਾਨ ਸੀ ਤੇ ਰਾਤ ਨੂੰ ਠਹਿਰਨ ਲਈ ਸ਼ਰਧਾਲੂਆਂ ਲਈ ਬੇਸ਼ੁਮਾਰ ਕਮਰੇ ਸਨ ਪਰ ਮੌਜੂਦਾ ਦੌਰ ਵਿੱਚ ਦਰਗਾਰ ਸ਼ਰੀਫ ਦੇ ਆਸ-ਪਾਸ ਥਾਂ ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਚੌਕੀਆਂ ਤੋਂ ਅਗਲੇ ਦਿਨ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ  ਵੰਨਗੀ ਦਾ ਆਨੰਦ ਮਾਣਨ ਲਈ ਲੋਕ ਇੱਥੋਂ ਦੀ ਇੱਕ ਸਰਾਂ ਵਿੱਚ ਜੁੜਦੇ ਸਨ, ਜਿੱਥੇ ਦੋ ਤਾਰੇ ਤੇ ਅਲਗੌਜ਼ਿਆਂ ਨਾਲ ਗਾਉਣ ਵਾਲੇ ‘ਹੀਰ-ਰਾਂਝਾ’, ‘ਸੱਸੀ-ਪੁੰਨੂੰ’, ‘ਮਿਰਜ਼ਾ-ਸਾਹਿਬਾਂ’, ‘ਸੋਹਣੀ-ਮਹੀਵਾਲ’ ਤੇ ‘ਰਾਜਾ ਰਸਾਲੂ’ ਵਰਗੀਆਂ ਪ੍ਰੇਮ ਗਾਥਾਵਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਪ੍ਰਸੰਨ ਕਰਦੇ ਸਨ। ਸ਼ਰਧਾਲੂ ਦਰਗਾਹ-ਸ਼ਰੀਫ ’ਤੇ ਸਿਜਦਾ ਕਰਦੇ ਹੋਏ ਬਾਬਾ ਜੀ ਦੇ ਜੱਦੀ ਘਰ, ਜੋ ਕੁੱਕੜ ਬਾਜ਼ਾਰ ਵਿੱਚ ਸਥਿਤ ਹੈ, ਵਿਖੇ ਵੀ ਨਮਸਕਾਰ ਕਰਦੇ ਹਨ। ਮਗਰੋਂ ਸ਼ਰਧਾਲੂ ‘ਮਾਈ ਜੀਨਾ’ ਦੀ ਖਾਨਗਾਹ ਉੱਤੇ ਪਿੰਡ ਪੋਨਾ ਵਿੱਚ ਵੀ ਇੱਕ ਮਜ਼ਾਰ ’ਤੇ ਨਮਸਕਾਰ ਕਰਦੇ ਹਨ ਤੇ ‘ਨਜ਼ਰਾਨਾ-ਏ-ਅਕੀਦਤ’ ਪੇਸ਼ ਕਰਨ ਜਾਂਦੇ ਹਨ।
ਇੱਕ ਪੁਰਾਤਨ ਕਥਾ ਅਨੁਸਾਰ ਇੱਕ ਵਾਰ ਬੇਟੇ ਦੇ ਜਨਮ ਦੀ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਸ਼ਹਿਨਸ਼ਾਹ ਜਹਾਂਗੀਰ, ਹਜ਼ਰਤ ਬਾਬਾ ਮੋਹਕਮ-ਉਦ-ਦੀਨ ਦੇ ਦਰਬਾਰ ਵਿੱਚ ਹਾਜ਼ਰ ਹੋਏ ਸਨ,  ਪਰ ਉਦੋਂ ਬਾਬਾ ਜੀ ‘ਖ਼ੁਦਾ ਦੀ ਬੰਦਗੀ’ ’ਚ ਮਸਰੂਫ ਸਨ। ਦੇਰ ਬਾਅਦ  ਜਦੋਂ ਬਾਬਾ ਜੀ ‘ਬੇਦਾਰ’ ਹੋਏ ਤੇ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਸਾਹਮਣੇ ਸ਼ਹਿਨਸ਼ਾਹ ਜਹਾਂਗੀਰ  ਝੋਲੀ ਫੈਲਾ ਕੇ ਬੇਟੇ ਦੇ ਜਨਮ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਇਜਾਜ਼ਤ ਮੰਗ ਰਿਹਾ ਸੀ। ਬਾਬਾ ਜੀ ਨੇ ਹਾਂ ਪੱਖੀ ਸੰਕੇਤ ਕਰ ਦਿੱਤਾ, ਉਦੋਂ ਹੀ ਸ਼ਹਿਨਸ਼ਾਹ ਨੇ ਦਰਬਾਰ ਦੇ ਮੀਨਾਰਾਂ ਵਿਚਲੇ ਝਰੋਖਿਆਂ ਵਿੱਚ ਸੋਨੇ ਦੇ ਚਿਰਾਗਾਂ ਵਿੱਚ ਘਿਓ ਪਾ ਕੇ ਭਰਪੂਰ ਰੌਸ਼ਨੀ ਕਰ ਦਿੱਤੀ, ਉਦੋਂ ਤੋਂ ਹੀ ਮੇਲਾ ਰੌਸ਼ਨੀ ਪ੍ਰਸਿੱਧ ਹੋ ਗਿਆ, ਜੋ ਹੁਣ ਤਕ ਇੱਥੇ ਲੱਗਦਾ ਆ ਰਿਹਾ ਹੈ। ਮੇਲੇ ਮੌਕੇ ਹਰ ਵਰਗ ਦੇ ਲੋਕ ਦਰਗਾਰ ਸ਼ਰੀਫ ’ਤੇ ਸ਼ਰਧਾ ਵਜੋਂ ਸੀਸ ਝੁਕਾਉਂਦੇ ਹਨ। ਮੇਲਾ ਰੌਸ਼ਨੀ ਇਨਸਾਨੀ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਹਰ ਵੀਰਵਾਰ ਨੂੰ ਵੀ ਦਰਗਾਹ  ਸ਼ਰੀਫ ਉੱਤੇ ਸ਼ਰਧਾਲੂਆਂ ਵੱਲੋਂ ਰਸ਼ਨੀ ਕੀਤੀ ਜਾਂਦੀ ਹੈ।

ਸੰਪਰਕ: 97805-73404


Comments Off on ਜਗਰਾਵਾਂ ਦਾ ਰੌਸ਼ਨੀ ਮੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.