ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ

Posted On February - 25 - 2017

ਕੈਲਾਸ਼ ਚੰਦਰ ਸ਼ਰਮਾ

11602cd _anushka_sharma_cute_smile_desktop_wallpapersਹਰ ਇਨਸਾਨ ਦਾ ਚਿਹਰਾ ਉਸ ਦੀਆਂ ਅੰਦਰੂਨੀ ਭਾਵਨਾਵਾਂ ਦਾ ਸੂਚਨਾ ਤੰਤਰ ਹੈ, ਅਨੇਕਾਂ ਸੁਨੇਹਿਆਂ ਨੂੰ ਬਿਨਾਂ ਆਵਾਜ਼ ਦੇ ਆਦਾਨ-ਪ੍ਰਦਾਨ ਕਰਨ ਦਾ ਸਰਵੋਤਮ ਅਤੇ ਮੁਫ਼ਤ ਦਾ ਸਾਧਨ। ਵਿਅਕਤੀ ਦੇ ਚਿਹਰੇ ਨੂੰ ਵੇਖਦਿਆਂ ਹੀ ਉਸ ਦੇ ਅੰਦਰ ਦੇ ਦੁਖ-ਦਰਦ, ਦੂਜੇ ਪ੍ਰਤੀ ਨਫ਼ਰਤ ਜਾਂ ਪਿਆਰ ਦਾ ਪ੍ਰਗਟਾਵਾ ਅਤੇ ਉਸ ਦੀ ਅੰਦਰੂਨੀ ਖੁਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਦਾ ਹਰ ਪਲ ਪ੍ਰਮਾਤਮਾ ਵੱਲੋਂ ਉਸ ਨੂੰ ਮੁਫ਼ਤ ਵਿੱਚ ਮਿਲਿਆ ਤੋਹਫ਼ਾ ਹੈ। ਇਸ ਲਈ ਇਸ ਦਾ ਭਰਪੂਰ ਮਜ਼ਾ ਲੈਣ ਲਈ ਸਦਾ ਚਿਹਰੇ ’ਤੇ ਮੁਸਕਰਾਹਟ ਰੱਖਣ ਦੀ ਕੋਸ਼ਿਸ਼ ਕਰੋ।
ਮੁਸਕਰਾਉਣ ਨਾਲ ਚਿਹਰੇ ਦੀ ਖ਼ੂਬਸੂਰਤੀ ਵਧ ਜਾਂਦੀ ਹੈ, ਗ਼ਮ ਖੁਦ ਹੀ ਆਪਣਾ ਰਸਤਾ ਬਦਲ ਲੈਂਦੇ ਹਨ, ਸਿਰਫ਼ ਮੁਸਕਰਾਉਣ ਦੀ ਜਾਚ ਹੋਣੀ ਚਾਹੀਦੀ ਹੈ। ਮੁਸਕਰਾਉਣ ਨਾਲ ਕਈ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕਦਾ ਹੈ। ਮੁਸਕਰਾਹਟ ਵਿਅਕਤੀ ਦੀ ਸੁੰਦਰਤਾ ’ਚ ਸੁਧਾਰ ਕਰਨ ਦਾ ਇੱਕ ਸਸਤਾ ਤਰੀਕਾ ਹੈ। ਮੁਸਕਰਾਉਣਾ ਇੱਕ ਅਜਿਹੀ ਚਾਬੀ ਹੈ ਜੋ ਹਰ ਵਿਅਕਤੀ ਦੇ ਦਿਲ ਦੇ ਜਿੰਦਰੇ ਵਿੱਚ ਫਿੱਟ ਹੁੰਦੀ ਹੈ ਅਤੇ ਉਸ ਦੇ ਅੰਦਰ ਦੀ ਨਫ਼ਰਤ ਨੂੰ ਬਾਹਰ ਕੱਢਣ ਵਿੱਚ ਸਹਾਈ ਹੁੰਦੀ ਹੈ। ਮੁਸਕਰਾਹਟ ਇੱਕ ਅਜਿਹਾ ਹੀਰਾ ਹੈ ਜਿਸ ਨੂੰ ਤੁਸੀਂ ਬਿਨਾਂ ਖ਼ਰੀਦੇ ਪ੍ਰਾਪਤ ਕਰ ਸਕਦੇ ਹੋ। ਇਹ ਇੱਕ ਅੰਦਰੂਨੀ ਇੱਤਰ ਹੈ ਜਿਸ ਨੂੰ ਜਦੋਂ ਤੁਸੀਂ ਦੂਜਿਆਂ ’ਤੇ ਛਿੜਕਦੇ ਹੋ ਤਾਂ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਵੀ ਆਨੰਦਿਤ ਹੋ ਜਾਂਦੇ ਹਨ। ਜਦੋਂ ਤਕ ਮੁਸਕਰਾਉਣ ਦਾ ਹੁਨਰ ਤੁਹਾਡੇ ਕੋਲ ਹੈ, ਤੁਹਾਨੂੰ ਸੁੰਦਰ ਦਿਸਣ ਲਈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਮੁਸਕਰਾਹਟ ਬਿਜਲੀ ਦੀ ਤਰ੍ਹਾਂ ਹੈ ਅਤੇ ਜੀਵਨ ਇੱਕ ਬੈਟਰੀ ਵਾਂਗ। ਜਦੋਂ ਅਸੀਂ ਮੁਸਕਰਾਉਂਦੇ ਹਾਂ ਤਾਂ ਜ਼ਿੰਦਗੀ ਦੀ ਬੈਟਰੀ ਚਾਰਜ ਹੁੰਦੀ ਰਹਿੰਦੀ ਹੈ ਅਤੇ ਸਾਰਾ ਦਿਨ ਖ਼ੁਸ਼ੀਆਂ ਨਾਲ ਭਰਿਆ ਰਹਿੰਦਾ ਹੈ। ਜੇਕਰ ਅਸੀਂ ਕਿਸੇ ਵੀ ਤਰੀਕੇ ਨਾਲ ਮੁਸਕਰਾਉਣ ਦੀ ਕਲਾ ਸਿੱਖ ਲਈਏ ਤਾਂ ਅਸੀਂ ਦੁਨੀਆਂ ਵਿੱਚ ਲੋਕਾਂ ਦੇ ਦਿਲਾਂ ਨੂੰ ਜਿੱਤ ਸਕਦੇ ਹਾਂ। ਯਾਦ ਰੱਖੋ, ਤੁਹਾਡਾ ਮੁਸ਼ਕਲਾਂ ਵਿੱਚ ਵੀ ਮੁਕਰਾਉਂਦੇ ਰਹਿਣਾ, ਤੁਹਾਡਾ ਬੁਰਾ ਚਾਹੁਣ ਵਾਲਿਆਂ ਲਈ ਸਭ ਤੋਂ ਵੱਡੀ ਸਜ਼ਾ ਹੈ।
ਮੁਸਕਰਾਹਟ ਉਨ੍ਹਾਂ ਦੇ ਚਿਹਰਿਆਂ ’ਤੇ ਆਪਣੀ ਦਸਤਕ ਨਹੀਂ ਦਿੰਦੀ ਜੋ ਆਪਣੀਆਂ ਸ਼ਰਤਾਂ ’ਤੇ ਜ਼ਿੰਦਗੀ ਜਿਊਂਦੇ ਹਨ, ਬਲਕਿ ਇਹ ਉਨ੍ਹਾਂ ਨੂੰ ਮਿਲਦੀ ਹੈ ਜੋ ਦੂਸਰਿਆਂ ਦੀ ਖ਼ੁਸ਼ੀ ਲਈ ਆਪਣੀਆਂ ਸ਼ਰਤਾਂ ਬਦਲ ਲੈਂਦੇ ਹਨ। ਜਿੰਨਾ ਚਿਰ ਅਸੀਂ ਆਪਣੇ ਵਿਚਾਰਾਂ ਤੋਂ ਬੁਰਾਈ ਦੀ ਧੁੰਦ ਨਹੀਂ ਉਤਾਰਦੇ, ਓਨਾ ਚਿਰ ਮੁਸਕਰਾਹਟ ਦਾ ਲਿਸ਼ਕਾਰਾ ਸਾਡੇ ’ਤੇ ਨਹੀਂ ਪੈਂਦਾ। ਸਾਡਾ ਦਿਮਾਗ਼ ਕੋਈ ਕੂੜਾਦਾਨ ਨਹੀਂ ਹੈ ਜਿਸ ਵਿੱਚ ਅਸੀਂ ਕ੍ਰੋਧ, ਈਰਖਾ, ਨਫ਼ਰਤ ਆਦਿ ਭਰੀ ਬੈਠੇ ਹਾਂ। ਬਲਕਿ ਇਹ ਇੱਕ ਅਜਿਹਾ ਖ਼ਜ਼ਾਨਾ ਹੈ, ਜਿਸ ਵਿੱਚ ਪਿਆਰ ਅਤੇ ਸਾਡੇ ਹੁਸੀਨ ਪਲ ਜਮ੍ਹਾਂ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਯਾਦ ਕਰਦਿਆਂ ਆਪਮੁਹਾਰੇ ਹੀ ਖੁਸ਼ੀਆਂ ਦੀ ਚਮਕ ਸਾਡੇ ਚਿਹਰੇ ’ਤੇ ਸਾਫ਼ ਦਿਖਾਈ ਦੇਵੇ। ਆਪਣੇ ਅੰਦਰ ਚੰਗੇ ਵਿਚਾਰਾਂ ਦਾ ਖ਼ਜ਼ਾਨਾ ਜਮ੍ਹਾਂ ਕਰੋ ਤਾਂ ਹੀ ਤੁਹਾਡਾ ਚਿਹਰਾ ਸੂਰਜ ਦੀਆਂ ਕਿਰਨਾਂ ਵਾਂਗ ਚਮਕੇਗਾ ਅਤੇ ਤੁਸੀਂ ਸੁੰਦਰ ਦਿਖਾਈ ਦੇਵੋਗੇ। ਤੁਹਾਡੀ ਮੁਸਕਰਾਹਟ ਤੁਹਾਡੇ ਚਿਹਰੇ ’ਤੇ ਭਗਵਾਨ ਦੇ ਹਸਤਾਖ਼ਰ ਹਨ, ਉਨ੍ਹਾਂ ਨੂੰ ਕ੍ਰੋਧ ਕਰਕੇ ਮਿਟਾਉਣ ਅਤੇ ਅੱਥਰੂਆਂ ਨਾਲ ਧੋਣ ਦੀ ਕੋਸ਼ਿਸ਼ ਨਾ ਕਰੋ। ਪੂਰੀ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਜੋੜੀ ਮੁਸਕਰਾਹਟ ਅਤੇ ਅੱਥਰੂ ਦੀ ਹੈ। ਇਨ੍ਹਾਂ ਦੋਵਾਂ ਦਾ ਇਕੱਠੇ ਮਿਲਣਾ ਬਹੁਤ ਮੁਸ਼ਕਲ ਹੈ, ਪਰ ਜਦੋਂ ਦੋਵੇਂ ਮਿਲ ਜਾਂਦੇ ਹਨ ਤਾਂ ਉਹ ਪਲ ਬਹੁਤ ਖ਼ੂਬਸੂਰਤ ਹੁੰਦਾ ਹੈ। ਪੁਲ ਅਤੇ ਦੀਵਾਰ ਦੋਵਾਂ ਦੇ ਬਣਾਉਣ ਵਿੱਚ ਇੱਕ ਹੀ ਪ੍ਰਕਾਰ ਦੀ ਸਮੱਗਰੀ ਲੱਗੀ ਹੁੰਦੀ ਹੈ, ਪਰ ਪੁਲ ਲੋਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਦੀਵਾਰ ਅੱਡ ਕਰਨ ਦਾ। ਕੌਣ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ, ਇਹ ਉਸ ਦੇ ਸੰਸਕਾਰਾਂ ’ਤੇ ਨਿਰਭਰ ਕਰਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਦੁਖ-ਸੁਖ ਸਾਰਿਆਂ ਨੂੰ ਆਉਂਦੇ ਹਨ। ਕੁਝ ਲੋਕ ਨਿੱਕੀਆਂ-ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਅਤੇ ਦੁੱਖ ਦੇ ਸਮੇਂ ਨੂੰ ਵੀ ਹੱਸਦੇ ਹੋਏ ਲੰਘਾ ਜਾਂਦੇ ਹਨ, ਪਰ ਕੁਝ ਨਿੱਕੀ-ਨਿੱਕੀ ਗੱਲ ਨੂੰ ਵੀ ਮਨ ’ਤੇ ਲਾ ਲੈਂਦੇ ਹਨ ਅਤੇ ਹਨੇਰਾ ਹੀ ਢੋਂਦੇ ਰਹਿੰਦੇ ਹਨ। ਇਹ ਸਾਡੀ ਸੋਚ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਜੀਵਨ ਦੀ ਗੱਡੀ ਨੂੰ ਨਿੱਕੇ-ਮੋਟੇ ਸਟੇਸ਼ਨਾਂ ’ਤੇ ਰੋਕਣਾ ਹੈ ਜਾਂ ਫਰੰਟੀਅਰ ਮੇਲ ਵਾਂਗ ਇਨ੍ਹਾਂ ’ਤੇ ਨਾ ਰੁਕਦੇ ਹੋਏ ਮੁਸਕਰਾਹਟਾਂ ਨਾਲ ਜ਼ਿੰਦਗੀ ਦਾ ਸਫ਼ਰ ਪੂਰਾ ਕਰਨਾ ਹੈ। ਜੀਵਨ ਕੇਵਲ ਇੱਕ ਵਾਰ ਹੀ ਮਿਲਦਾ ਹੈ, ਇਸ ਲਈ ਉਹੀ ਕੁਝ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲੇ। ਸਿਆਣੇ ਕਹਿੰਦੇ ਹਨ, ਮੁਸਕਰਾਉਣਾ ਹਰ ਕਿਸੇ ਦੇ ਵਸ ਦਾ ਨਹੀਂ। ਮੁਸਕਰਾ ਕੇਵਲ ਉਹੀ ਸਕਦਾ ਹੈ ਜੋ ਦਿਲ ਦਾ ਅਮੀਰ ਹੋਵੇ। ਮਨੁੱਖ ਕੱਪੜੇ ਬਦਲਦਾ, ਘਰ ਬਦਲਦਾ, ਨੌਕਰੀ ਬਦਲਦਾ ਹੈ, ਪਰ ਫਿਰ ਵੀ ਦੁਖੀ ਰਹਿੰਦਾ ਹੈ ਕਿਉਂਕਿ ਉਹ ਆਪਣਾ ਸੁਭਾਅ ਨਹੀਂ ਬਦਲਦਾ। ਇਸ ਲਈ ਆਪਣੀਆਂ ਆਦਤਾਂ ਵਿੱਚ ਤਬਦੀਲੀ ਲਿਆ ਕੇ ਜ਼ਰਾ ਮੁਸਕਰਾ ਕੇ ਤਾਂ ਵੇਖੋ, ਸਾਰਾ ਸੰਸਾਰ ਰੰਗੀਨ ਲੱਗੇਗਾ। ਵਰਨਾ ਅੱਥਰੂਆਂ ਨਾਲ ਭਿੱਜੀਆਂ ਅੱਖਾਂ ਨਾਲ ਤਾਂ ਸ਼ੀਸ਼ਾ ਵੀ ਧੁੰਦਲਾ ਹੀ ਦਿਖਾਈ ਦਿੰਦਾ ਹੈ। ਮੁਸਕਾਨ ਚੰਦਨ ਵਾਂਗ ਹੈ, ਜਿਸ ਨੂੰ ਜਿੰਨਾ ਅਧਿਕ ਅਸੀਂ ਦੂਸਰਿਆਂ ਦੇ ਮੱਥੇ ’ਤੇ ਲਾਵਾਂਗੇ, ਓਨੀ ਹੀ ਜ਼ਿਆਦਾ ਸੁਗੰਧ ਸਾਡੇ ਅੰਦਰੋਂ ਆਵੇਗੀ।
ਇਸ ਲਈ ਜ਼ਿੰਦਗੀ ਨੂੰ ਸੁਗੰਧਿਤ ਬਣਾਉਣ ਲਈ ਮੁਸਕਰਾਓ ਕਿਉਂਕਿ ਪਰਿਵਾਰ ਵਿੱਚ ਰਿਸ਼ਤੇ ਓਨੀ ਦੇਰ ਤਕ ਹੀ ਕਾਇਮ ਰਹਿ ਸਕਦੇ ਹਨ ਜਿੰਨੀ ਦੇਰ ਤਕ ਅਸੀਂ ਇੱਕ-ਦੂਸਰੇ ਨੂੰ ਵੇਖ ਕੇ ਮੁਸਕਰਾਉਂਦੇ ਰਹਿੰਦੇ ਹਾਂ। ਮੁਸਕਰਾਓ, ਕਿਉਂਕਿ ਇਸ ਸੰਸਾਰ ਵਿੱਚ ਹਰ ਵਿਅਕਤੀ ਖਿੜੇ ਫੁੱਲਾਂ ਅਤੇ ਖਿੜੇ ਚਿਹਰਿਆਂ ਨੂੰ ਹੀ ਪਸੰਦ ਕਰਦਾ ਹੈ। ਹੱਸਦੇ ਚਿਹਰਿਆਂ ਤੋਂ ਜ਼ਿਆਦਾ ਇਸ ਦੁਨੀਆਂ ਵਿੱਚ ਕੋਈ ਵੀ ਹੋਰ ਚੀਜ਼ ਮਿੱਠੀ ਅਤੇ ਖ਼ੂਬਸੂਰਤ ਨਹੀਂ ਹੋ ਸਕਦੀ। ਮੁਸਕਰਾਓ, ਕਿਉਂਕਿ ਕ੍ਰੋਧ ਵਿੱਚ ਦਿੱਤਾ ਗਿਆ ਅਸ਼ੀਰਵਾਦ ਵੀ ਬੁਰਾ ਲਗਦਾ ਹੈ ਅਤੇ ਮੁਸਕਰਾ ਕੇ ਕਹੇ ਗਏ ਬੁਰੇ ਸ਼ਬਦ ਵੀ ਚੰਗੇ ਲੱਗਦੇ ਹਨ। ਤੁਹਾਡੀ ਮੁਸਕਰਾਹਟ ਕਿਸੇ ਦੀ ਖ਼ੁਸ਼ੀ ਦਾ ਕਾਰਨ ਵੀ ਬਣ ਸਕਦੀ ਹੈ। ਇਸ ਲਈ ਦੋਸਤੋ-
ਹਿੰਮਤ ਨਾ ਹਾਰੋ, ਰੱਬ ਨੂੰ ਨਾ ਵਿਸਾਰੋ,
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ।

ਸੰਪਰਕ: 80540-16816


Comments Off on ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.