ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜੈਤੋ ਦਾ ਇਤਿਹਾਸਕ ਮੋਰਚਾ

Posted On February - 21 - 2017

12002cd _jaito 1ਧਰਮ ਪਾਲ ਪੁੰਨੀ

ਜੈਤੋ ਦਾ ਮੋਰਚਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਸਿੱਖਾਂ ਦੇ ਗੌਰਵਮਈ ਵਿਰਸੇ ਦਾ ਗਵਾਹ ਵੀ ਹੈ।  ਸੁਤੰਤਰਤਾ ਸੰਗਰਾਮ ਦੌਰਾਨ 1923-25 ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਬਰਤਾਨਵੀ ਸਾਮਰਾਜ ਖ਼ਿਲਾਫ਼ ਲੜ ਕੇ ਜਿੱਤਿਆ ਗਿਆ ਇਹ ਮੋਰਚਾ ਉਸ ਵੇਲੇ ਦੇ ਜ਼ੁਲਮ ਤੇ ਅਥਾਹ ਕੁਰਬਾਨੀਆਂ ਨਾਲ ਭਰਪੂਰ ਅਹਿਮ ਖ਼ੂਨੀ ਕਾਂਡ ਦੀ ਦਰਦਨਾਕ ਦਾਸਤਾਂ ਹੈ।
ਜੈਤੋ ਦੇ ਮੋਰਚੇ ਦੀ ਸ਼ੁਰੂਆਤ ਅੰਗਰੇਜ਼ ਹਕੂਮਤ ਵੱਲੋਂ ਝੂਠੇ ਤੇ ਮਨਘੜਤ ਇਲਜ਼ਾਮਾਂ ਤਹਿਤ 9 ਜੁਲਾਈ 1923 ਨੂੰ ਨਾਭਾ ਰਿਆਸਤ ਦੇ ਆਜ਼ਾਦ ਖ਼ਿਆਲ ਤੇ ਗੁਰਦੁਆਰਾ ਸੁਧਾਰ ਅੰਦੋਲਨ ਤੇ ਅਕਾਲੀ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਜਬਰੀ ਗੱਦੀ ਤੋਂ ਲਾਹ ਕੇ ਦੇਹਰਾਦੂਨ ਭੇਜ ਦਿੱਤੇ ਜਾਣ ਨਾਲ ਹੋਈ ਸੀ। ਨਵੀਂ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਅਗਸਤ 1923 ਨੂੰ ਇਸ ਕਾਰਵਾਈ ਦੇ ਖ਼ਿਲਾਫ਼ ਇੱਕ ਮਤਾ ਪਾਸ ਕਰ ਕੇ 9 ਸਤੰਬਰ 1923 ਨੂੰ ਰੋਸ ਵਜੋਂ ‘ਨਾਭਾ ਡੇਅ’ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਇਸ ਦਿਨ ਥਾਂ-ਥਾਂ ਰੋਸ ਜਲਸੇ ਕੱਢਣ, ਦੀਵਾਨ ਸਜਾਉਣ ਤੇ ਅਰਦਾਸ ਤੇ ਮਤੇ ਪਾਸ ਕਰਨ ਦਾ ਸੱਦਾ ਦਿੱਤਾ ਗਿਆ। ਇਸ ਸੱਦੇ ਤਹਿਤ ਹੀ ਜੈਤੋ ਦੀ ਸੰਗਤ ਨੇ 25 ਤੋਂ 27 ਅਗਸਤ ਤਕ ਗੁਰਦੁਆਰਾ  ਗੰਗਸਰ ਜੈਤੋ ਵਿੱਚ ਅਖੰਡ ਪਾਠ ਰੱਖ ਦਿੱਤਾ ਪਰ ਪੁਲੀਸ ਨੇ ਅਖੰਡ ਪਾਠ ਰੋਕਣ ਲਈ 27 ਅਗਸਤ ਨੂੰ ਪਾਠ ਕਰ ਰਹੇ ਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ।
ਸਿੱਖਾਂ ਨੇ ਇਸ ਨੂੰ ਧਾਰਮਿਕ ਮਰਿਆਦਾ ਦੀ ਹੱਤਕ ਮੰਨ ਕੇ ਫ਼ੈਸਲਾ ਲਿਆ ਕਿ ਜਦੋਂ ਤਕ ਸਰਕਾਰ ਆਪਣੀ ਗ਼ਲਤੀ ਸਵੀਕਾਰ ਨਹੀਂ ਕਰਦੀ, ਉਦੋਂ ਤਕ ਗੁਰਦੁਆਰੇ ਵਿੱਚ ਅਖੰਡ ਪਾਠਾਂ ਤੇ ਦੀਵਾਨਾਂ ਦਾ ਸਿਲਸਿਲਾ ਲੜੀਵਾਰ ਜਾਰੀ ਰਹੇਗਾ। ਉਸ ਵੇਲੇ  ਨਾਭਾ ਰਿਆਸਤ ਦੇ ਅੰਗਰੇਜ਼ ਸਰਕਾਰ ਵੱਲੋਂ ਲਾਏ ਗਏ ਪ੍ਰਬੰਧਕ ਅਫ਼ਸਰ ਵਿਲਸਨ ਜਾਨਸਟਨ ਨੇ ਉੱਥੇ ਕੋਈ ਵੀ ਇਕੱਠ, ਪਾਠ ਜਾਂ ਅਰਦਾਸ ਕਰਨ ਉੱਤੇ ਪਾਬੰਦੀ ਲਾ ਦਿੱਤੀ ਅਤੇ ਉੱਥੇ ਪਹੁੰਚਣ ਵਾਲੇ ਆਗੂਆਂ ਤੇ ਸਿੱਖ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰਨਾ ਆਰੰਭ ਕਰ ਦਿੱਤਾ। ਇਸ ਧੱਕੇਸ਼ਾਹੀ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੇ 15 ਸਤੰਬਰ 1923 ਤੋਂ 25-25 ਸਿੰਘਾਂ ਦੇ ਜਥੇ ਜੈਤੋ ਭੇਜਣੇ ਸ਼ੁਰੂ ਕਰ ਦਿੱਤੇ। ਸਰਕਾਰ ਦੇ ਅੜੀਅਲ ਵਤੀਰੇ ਕਾਰਨ ਮੋਰਚਾ ਜਾਰੀ ਰਿਹਾ। ਮੋਰਚੇ ਨੂੰ ਫੇਲ੍ਹ ਕਰਨ ਲਈ ਅੰਗਰੇਜ਼ੀ ਹਕੂਮਤ ਨੇ ਅਕਾਲੀ ਦਲ ਤੇ ਗੁਰਦੁਆਰਾ  ਪ੍ਰਬੰਧਕ ਕਮੇਟੀ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿੱਤਾ। ਜਵਾਬ ਵਿੱਚ 9 ਫਰਵਰੀ 1924 ਤੋਂ ਅਕਾਲੀ ਦਲ ਤੇ ਗੁਰਦੁਆਰਾ  ਪ੍ਰਬੰਧਕ ਕਮੇਟੀ ਨੇ 500-500 ਵਾਲੰਟੀਅਰਾਂ ਦੇ ਜਥੇ ਭੇਜਣ ਦਾ ਫ਼ੈਸਲਾ ਲੈ ਲਿਆ।
ਪਹਿਲੀ ਮਾਰਚ 1925 ਤਕ ਅਜਿਹੇ 15 ਜਥੇ ਪੂਰੇ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਪ੍ਰਚਾਰ ਤੇ ਲਾਮਬੰਦੀ ਕਰਦੇ ਹੋਏ ਜੈਤੋ ਜਾਂਦੇ ਰਹੇ। ਇਨ੍ਹਾਂ ਜਥਿਆਂ ਉੱਤੇ ਪੁਲੀਸ ਨੇ ਸਿੱਧੀ ਫਾਇਰਿੰਗ ਕੀਤੀ ਤੇ ਗ੍ਰਿਫ਼ਤਾਰ ਕੀਤੇ ਅੰਦੋਲਨਕਾਰੀਆਂ ਉੱਤੇ ਅਕਹਿ ਤਸ਼ੱਦਦ ਢਾਹਿਆ।
ਕਰੀਬ ਡੇਢ ਸਾਲ ਚੱਲਦੇ ਰਹੇ ਇਸ ਮੋਰਚੇ ਵਿੱਚ ਸੈਂਕੜੇ ਅੰਦੋਲਨਕਾਰੀ ਸ਼ਹੀਦ ਹੋਏ ਅਤੇ ਹਜ਼ਾਰਾਂ ਵਹਿਸ਼ੀ ਜਬਰ ਤੇ ਕੈਦਾਂ-ਕਰਕੀਆਂ ਦਾ ਸ਼ਿਕਾਰ ਬਣਾਏ ਗਏ। ਮੋਰਚੇ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਸਥਿਤੀ ਦਾ ਜਾਇਜ਼ਾ ਲੈਣ ਜੈਤੋ ਆਏ ਤੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਭਾਵੇਂ ਸਰਕਾਰ ਨੇ ਅਕਾਲੀ ਦਲ ਤੇ ਐੱਸਜੀਪੀਸੀ ਉੱਤੇ ਪਾਬੰਦੀ ਲਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਾ ਸਿਰਫ਼ ਸ਼੍ਰੋਮਣੀ ਕਮੇਟੀ ਬਕਾਇਦਾ ਕੰਮ ਕਰਦੀ ਰਹੀ, ਸਗੋਂ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਆਮ ਸਿੱਖ ਖੁੱਲ੍ਹੇਆਮ ਗਲਾਂ ਵਿੱਚ ਫੱਟੀਆਂ ਲਟਕਾ ਕੇ ਘੁੰਮਦੇ ਰਹੇ, ਜਿਨ੍ਹਾਂ ਉੱਤੇ ਲਿਖਿਆ ਹੁੰਦਾ ਸੀ, ‘’ਅਸੀਂ ਪਾਬੰਦੀਸ਼ੁਦਾ ਬਾਗ਼ੀ ਜਮਾਤਾਂ ਦੇ ਮੈਂਬਰ ਹਾਂ।’’ ਪਰ ਕੋਈ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਸੀ ਕਰਦਾ।
ਅੰਤ 16ਵੇਂ ਸ਼ਹੀਦੀ ਜਥੇ ਦੇ ਸਿਆਲਕੋਟ ਤੋਂ ਰਵਾਨਾ ਹੋਣ ਮੌਕੇ ਅੰਗਰੇਜ਼ ਸਰਕਾਰ ਝੁਕ ਗਈ ਤੇ ਇਸ ਜਥੇ ਨੇ ਜੈਤੋ ਪਹੁੰਚ ਕੇ ਅਖੰਡ ਪਾਠ ਸੰਪੂਰਨ ਕੀਤਾ। ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ  ਟਿੱਬੀ ਸਹਿਬ ਉਹ ਸਥਾਨ ਹੈ, ਜਿਸ ਉੱਤੇ ਅੰਗਰੇਜ਼ ਅਫ਼ਸਰ ਵਿਲਸਨ ਨੇ ਸ਼ਾਂਤਮਈ ਵਿਰੋਧ ਕਰ ਰਹੀ ਸਿੱਖ ਸੰਗਤ ਉੱਤੇ ਗੋਲੀਆਂ ਚਲਾਉਣ ਲਈ ਮਸ਼ੀਨਗੰਨਾਂ ਬੀੜੀਆਂ ਸਨ ਤੇ ਸੈਂਕੜੇ ਸਿੰਘ ਦਾਣਿਆਂ ਵਾਂਗ ਭੁੰਨ ਦਿੱਤੇ ਸਨ। ਇੱਕ ਸਿੰਘ ਜਿਸ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਫੜਿਆ ਹੋਇਆ ਸੀ, ਸ਼ਹੀਦ ਹੋ ਗਿਆ ਸੀ। ਕੋਲ ਖੜ੍ਹੀ ਇੱਕ ਬੀਬੀ ਜਿਸ ਦਾ ਨਾਂ ਇਤਿਹਾਸ ਅਨੁਸਾਰ ਬਲਵੀਰ ਕੌਰ ਸੀ, ਨੇ ਨਿਸ਼ਾਨ ਸਾਹਿਬ ਸੰਭਾਲ ਕੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਇੱਕ ਗੋਲੀ ਉਸ ਦੇ ਗੋਦੀ ਚੁੱਕੇ ਮਾਸੂਮ ਬੱਚੇ ਦੀ ਛਾਤੀ ਚੀਰ ਗਈ ਅਤੇ ਉਹ ਸਦਾ ਦੀ ਨੀਂਦ ਸੌਂ ਗਿਆ ਪਰ ਉਸ ਬੀਬੀ ਨੇ ਆਪਣਾ ਸਿਦਕ ਨਹੀਂ ਛੱਡਿਆ।  ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਗੁਰਦੁਆਰਾ  ਟਿੱਬੀ ਸਹਿਬ ਵਿੱਚ 21-22 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ, ਜਿੱਥੇ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹੈ ਤੇ 5 ਤੋਂ 6 ਦਿਨਾਂ ਤਕ ਚੱਲਣ ਵਾਲਾ ਇਹ ਸ਼ਹੀਦੀ ਮੇਲਾ ਕੇਵਲ ਇੱਕ ਦਿਨ ਵਿੱਚ ਸਿਮਟ ਕੇ ਰਹਿ ਗਿਆ ਹੈ।

ਸੰਪਰਕ: 94171-11181  


Comments Off on ਜੈਤੋ ਦਾ ਇਤਿਹਾਸਕ ਮੋਰਚਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.