ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਜੱਗ ਜਿਊਣ ਵੱਡੀਆਂ ਭਰਜਾਈਆਂ…

Posted On February - 18 - 2017

ਸਰਬਜੀਤ ਸਿੰਘ ਝੱਮਟ

10702cd _1111ਸਾਡੇ ਸਮਾਜ ਦਾ ਦਸਤੂਰ ਹੈ ਕਿ ਕੁੜੀ ਜਦੋਂ ਜਵਾਨ ਹੋ ਜਾਂਦੀ ਹੈ ਤਾਂ ਉਸ ਦਾ ਵਿਆਹ ਕਰਕੇ ਉਸ ਨੂੰ ਸਹੁਰੀਂ ਤੋਰ ਦਿੱਤਾ ਜਾਂਦਾ ਹੈ। ਉਸ ਨੂੰ ਸਹੁਰੇ ਘਰ ਜਾ ਕੇ ਵੀ ਆਪਣਾ ਪੇਕਾ ਘਰ ਅਕਸਰ ਯਾਦ ਆਉਂਦਾ ਹੀ ਰਹਿੰਦਾ ਹੈ। ਸਮੇਂ ਦੇ ਨਾਲ ਮਾਂ-ਪਿਓ ਸਦੀਵੀ ਤੌਰ ’ਤੇ ਤੁਰ ਜਾਂਦੇ ਹਨ ਤੇ ਕਿਸੇ ਕਿਸੇ ਵਿਚਾਰੀ ਦਾ ਤਾਂ ਆਪਣਾ ਭਰਾ ਵੀ ਜਹਾਨੋਂ ਕੂਚ ਕਰ ਜਾਂਦਾ ਹੈ। ਫਿਰ ਬਾਅਦ ’ਚ ਕੌਣ ਉਸ ਦੀ ਸਾਰ ਲਵੇਗਾ? ਕਹਿੰਦੇ ਨੇ-
ਭਾਈਏ ਰਾਜ ਭਤੀਜੀ ਠਾਣਾ,
ਛੱਡਦੇ ਭੂਆ ਆਉਣਾ ਜਾਣਾ।
ਜਦੋਂ ਕੁਆਰੀ ਸੀ ਤਾਂ ਉਸ ਦੇ ਵੀਰ ਦਾ ਵਿਆਹ ਹੋ ਗਿਆ ਸੀ ਕਿਉਂਕਿ ਉਹ ਉਸ ਤੋਂ ਵੱਡਾ ਸੀ। ਉਸ ਨੂੰ ਆਪਣਾ ਵੀਰ ਤਾਂ ਪਿਆਰਾ ਹੀ ਸੀ, ਭਾਬੀ ਵੀ ਪਿਆਰੀ ਲੱਗਦੀ ਸੀ। ਮਾਂ ਦੇ ਤੁਰ ਜਾਣ ਪਿੱਛੋਂ ਭਰਜਾਈ ਹੀ ਦੁੱਖ ਅਤੇ ਭੀੜ ਪੈਣ ਸਮੇਂ ਨਣਾਨ ਨੂੰ ਗਲ ਲਾਉਂਦੀ ਹੈ। ਉਸ ਨੂੰ ਬਣਦਾ ਸਰਦਾ ਦਿੰਦੀ ਵੀ ਹੈ। ਤਾਂ ਹੀ ਤਾਂ ਉਹ ਆਖਦੀ ਹੈ-
ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ।
ਜੁੱਗ ਜੁੱਗ ਜੀਅ ਭਾਬੋ, ਲੱਗੇਂ ਵੀਰ ਤੋਂ ਪਿਆਰੀ।
ਫਿਰ ਕੁਝ ਚਿਰ ਚਾਅਦ ਉਸ ਦਾ ਵਿਆਹ ਹੋ ਜਾਂਦਾ ਹੈ। ਸਹੁਰੇ ਘਰ ਵਿੱਚ ਜਦੋਂ ਉਸ ਦੇ ਦਿਓਰ ਦਾ ਵਿਆਹ ਹੁੰਦਾ ਹੈ ਤਾਂ ਉਸ ਨੂੰ ਗੋਡੇ-ਗੋਡੇ ਚਾਅ ਹੁੰਦਾ ਹੈ। ਉਹ ਧਮਾਲਾਂ ਪਾਉਂਦੀ ਨਹੀਂ ਥੱਕਦੀ। ਹਰ ਕੰਮ ਭੱਜ-ਭੱਜ ਕੇ ਬੜੇ ਚਾਅ ਨਾਲ ਕਰਦੀ ਹੈ। ਉਸ ਦੀ ਦਰਾਣੀ ਵਿਆਹੁਣ ਜਾ ਰਹੇ ਦਿਓਰ ਦੇ ਸੁਰਮਾ ਵੀ ਤਾਂ ਉਸ ਨੇ ਹੀ ਪਾਉਣਾ ਹੁੰਦਾ ਹੈ-
ਪਹਿਲੀ ਸਿਲਾਈ ਦਿਓਰਾ ਰਸਭਰੀ,
ਦੂਜੀ ਵੇ ਗੁੱਲ ਅਨਾਰ।
ਤੀਜੀ ਸਿਲਾਈ ਤਾਂ ਪਾਵਾਂ,
ਜੇ ਮੋਹਰਾਂ ਦੇਵੇਂ ਚਾਰ,
ਵੇ ਜਿਊਣ ਜੋਗਿਆ ਚਾਰ।
ਜਦੋਂ ਉਹ ਆਪ ਵਿਆਹੀ ਆਈ ਸੀ ਤਾਂ ਉਸ ਦੀ ਸੱਸ ਨੇ ਬੜੇ ਚਾਅ ਕੀਤੇ ਸੀ। ਉਸ ਦੀ ਨਣਦ ਵੀ ਉਸ ਤੋਂ ਵਾਰੀ-ਵਾਰੀ ਜਾਂਦੀ ਸੀ। ਸੰਗਦੀ ਹੋਈ ਉਹ ਰੋਟੀ ਨਹੀਂ ਸੀ ਖਾਂਦੀ ਪਰ ਨਣਾਨ ਤਾਂ ਨਵੀਂ ਆਈ ਭਾਬੀ ਦੇ ਮੂੰਹ ’ਚ ਬੁਰਕੀ ਪਾਉਣ ਤਕ ਜਾਂਦੀ ਹੈ। ਲੋਕ ਬੋਲੀ ਹੈ-
ਨਵੀਂ ਬਹੂ ਮੁਕਲਾਵੇ ਆਈ,
ਸੱਸ ਧਰਤੀ ਪੈਰ ਨਾ ਲਾਵੇ,
ਲੈ ਨੀ ਨੂੰਹੇਂ ਰੋਟੀ ਖਾ ਲੈ,
ਨੂੰਹ ਸੰਗਦੀ ਨਾ ਖਾਵੇ,
ਮੂੰਹ ਵਿੱਚ ਭਾਬੀ ਦੇ,
ਨਣਦ ਬੁਰਕੀਆਂ ਪਾਵੇ।
ਸਹੁਰੇ ਪਰਿਵਾਰ ਵਿੱਚੋਂ ਹੋਰ ਜੀਆਂ ਦੇ ਨਾਲ-ਨਾਲ ਪਤੀ ਦਾ ਛੋਟਾ ਭਰਾ ਵੀ ਹੁੰਦਾ ਹੈ। ਭਾਬੀਆਂ ਲਈ ਦਿਓਰ ਬੜੇ ਲਾਡਲੇ ਤੇ ਪਿਆਰੇ ਹੁੰਦੇ ਹਨ। ਕਈ ਸ਼ਰਾਰਤੀ ਦਿਓਰ ਜਦੋਂ ਭਾਬੀ ਹੱਸਦੀ ਹੈ ਤਾਂ ਬੜੀ ਨੀਝ ਲਾ ਕੇ ਉਸ ਦੇ ਚਿੱਟੇ ਅਨਾਰਾਂ ਦੇ ਦਾਣਿਆਂ ਵਰਗੇ ਦੰਦਾਂ ਨੂੰ ਤੱਕਦੇ ਰਹਿੰਦੇ ਹਨ। ਤਾਂ ਹੀ ਤਾਂ ਉਹ ਕਹਿੰਦੀ ਹੈ।
ਮੇਰਾ ਦਿਓਰ ਬੜਾ ਟੁੱਟ ਪੈਣਾ,
ਹੱਸਦੀ ਦੇ ਦੰਦ ਗਿਣਦਾ।
ਕੁਝ ਵੀ ਹੋਵੇ ਭਰਜਾਈ ਨੂੰ ਦਿਓਰ ਆਪਣੇ ਹੀ ਧੀਆਂ-ਪੁੱਤਾਂ ਜਿੰਨਾ ਪਿਆਰਾ ਹੁੰਦਾ ਹੈ। ਉਹ ਉਸ ਨੂੰ ਗਲਤ ਪਾਸੇ ਜਾਣੋਂ  ਰੋਕਦੀ ਰਹਿੰਦੀ ਹੈ ਅਤੇ ਉਸ ਨੂੰ ਕਿਸੇ ਵੀ ਪਾਸਿਉਂ ਨੀਵਾਂ ਨਹੀਂ ਹੋਣਾ ਦੇਣਾ ਚਾਹੁੰਦੀ। ਦੂਜੇ ਪਾਸੇ ਉਹ ਆਪਣੇ ਛੜੇ ਜੇਠ ਨੂੰ ਚੰਗਾ ਨਹੀਂ ਸਮਝਦੀ ਜੋ ਨੋਕ-ਝੋਕ ਕਰਦਾ ਹੀ ਰਹਿੰਦਾ ਹੈ। ਉਹ ਤਾਂ ਆਪਣੇ ਦਿਓਰ ਪ੍ਰਤੀ ਹੀ ਬਹੁਤ ਪਿਆਰ ਇਉਂ ਦਰਸਾਉਂਦੀ ਹੈ-
ਦਿਓਰ ਭਾਵੇਂ ਮੱਝ ਚੁੰਘ ਜਾਏ,
ਛੜੇ ਜੇਠ ਨੂੰ ਲੱਸੀ ਨਹੀਂ ਦੇਣੀ।
ਸੋ ਅਜਿਹੇ ਰਿਸ਼ਤਿਆਂ ਵਿੱਚ ਕਦੇ ਵੀ ਮੈਲਾਪਣ ਤੇ ਕੌੜਾਪਣ ਨਹੀਂ ਲਿਆਉਣਾ ਚਾਹੀਦਾ। ਭਾਬੀ ਵੀ ਆਪਣਾ ਪੇਕਾ ਪਿੰਡ ਛੱਡ ਕੇ ਇਸ ਘਰ ਆਈ ਹੈ। ਵਿਆਹ ਕੇ ਲਿਆਂਦੀ ਹੈ। ਉਸ ਦਾ ਪੂਰਾ-ਪੂਰਾ ਮਾਣ-ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਅੱਜ ਵੀ ਉਸ ਨੂੰ ਆਪਣੇ ਪੇਕੀਂ ਬੈਠੀ ਮਾਂ ਵਰਗੀ ਵੱਡੀ ਭਾਬੀ ਦੀ ਯਾਦ ਆਉਂਦੀ ਹੈ। ਮਾਂ ਵਰਗੀ ਇਸ ਲਈ ਕਿ ਮਾਂ ਮਗਰੋਂ ਉਹੀ ਤਾਂ ਪੇਕੇ ਘਰ ਦੀ ਮਾਲਕਣ ਬਣੀ ਹੈ। ਜਦੋਂ ਵੀ ਉਹ ਪੇਕੀਂ ਮਿਲਣ-ਗਿਲਣ ਜਾਂਦੀ ਹੈ ਤਾਂ ਉਸ ਦੀ ਭਾਬੀ ਉਸ ਦੀ ਖਾਤਰ-ਸੇਵਾ ’ਚ ਕੋਈ ਕਸਰ ਨਹੀਂ ਛੱਡਦੀ। ਉਸ ਨੂੰ ਹਮੇਸ਼ਾਂ ਅੱਖਾਂ ’ਤੇ ਬਹਾਉਂਦੀ ਹੈ। ਐਵੇਂ ਤਾਂ ਨਹੀਂ ਸਿਆਣੇ ਆਖਦੇ-
ਜੱਗ ਜਿਊਣ ਵੱਡੀਆਂ ਭਰਜਾਈਆਂ,
ਪਾਣੀ ਮੰਗੇ ਦੁੱਧ ਦਿੰਦੀਆਂ।
ਅਜਿਹੇ ਰਿਸ਼ਤਿਆਂ ਦੀ ਮਨੁੱਖੀ ਜੀਵਨ ਵਿੱਚ ਬੜੀ ਅਹਿਮੀਅਤ ਹੁੰਦੀ ਹੈ। ਇਹ ਰਿਸ਼ਤੇ ਸਾਨੂੰ ਸਾਰਿਆਂ ਨੂੰ ਸਦੀਵੀ ਬਣਾਈ ਰੱਖਣੇ ਚਾਹੀਦੇ ਹਨ। ਮੋਹ ਦਾ ਕੋਈ ਮੁੱਲ ਨਹੀਂ ਹੁੰਦਾ।

ਸੰਪਰਕ: 94636-00252


Comments Off on ਜੱਗ ਜਿਊਣ ਵੱਡੀਆਂ ਭਰਜਾਈਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.