ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਤਣਾਅ ਨੂੰ ਦੂਰ ਕਰਨ ਦੇ ਉਪਾਅ

Posted On February - 16 - 2017

11602CD _STRESSED_WOMAN_130417ਚਿੰਤਾ ਸਰੀਰ ਦਾ ਮਾਨਿਸਕ ਅਤੇ ਸਰੀਰਕ ਦੋਵੇਂ ਤਰ੍ਹਾਂ ਦਾ ਨੁਕਸਾਨ ਕਰਦੀ ਹੈ। ਇਸ ਕਾਰਨ ਬਲੱਡ ਪ੍ਰੈਸ਼ਰ, ਸ਼ੱਕਰ ਰੋਗ, ਦਮਾ ਅਤੇ ਐਲਰਜੀ ਆਦਿ ਰੋਗ ਚਿੰਤਾਗ੍ਰਸਤ ਵਿਅਕਤੀ ਨੂੰ ਘੇਰ ਲੈਂਦੇ ਹਨ। ਮਾਰੀਸ਼ਸ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵੱਖੋ-ਵੱਖ ਮੈਡੀਕਲ ਕਾਲਜਾਂ ਵਿਚਲੀਆਂ ਖੋਜਾਂ ਦੇ ਤੱਥਾਂ ਰਾਹੀਂ ਇਹ ਦੱਸਿਆ ਗਿਆ ਤਣਾਅ ਰਹਿਤ ਹੋਣ ’ਤੇ ਸ਼ੱਕਰ ਰੋਗੀਆਂ ਨੂੰ ਲੱਗਣ ਵਾਲੇ ਇਨਸੂਲਿਨ ਦੇ ਟੀਕੇ ਬੰਦ ਹੋ ਗਏ। ਬਲੱਡ ਪ੍ਰੈਸ਼ਰ ਦੇ ਰੋਗੀਆਂ ਦੀ ਜਾਂਚ ’ਤੇ ਪਤਾ ਲੱਗਿਆ ਕਿ ਉਨ੍ਹਾਂ ਵਿੱਚੋਂ ਵੀ ਜ਼ਿਆਦਾਤਰ ਤਣਾਅਗ੍ਰਸਤ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਦਾ ਅਹਿਸਾਸ ਤਕ ਵੀ ਨਹੀਂ ਸੀ ਕਿ ਉਹ ਤਣਾਅਗ੍ਰਸਤ ਹਨ। ਤਣਾਅ ਦੇ ਭਾਵੇਂ ਕਈ ਕਾਰਨ ਹਨ ਪਰ ਅਜਿਹਾ ਨਹੀਂ ਹੈ ਕਿ ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਤਣਾਅ ਘਟਾਉਣ ਦੇ ਕੁਝ ਨੁਕਤੇ ਇਸ ਤਰ੍ਹਾਂ ਹਨ-
* ਸੋਸ਼ਲ ਨੈੱਟਵਰਕਿੰਗ ਵੈੱਬਸਾਈਟਾਂ ਜਿਵੇਂ ਫੇਸਬੁੱਕ ਆਦਿ ਉੱਤੇ ਗੰਦਗੀ ਖਿਲਾਰਨ, ਭੱਦੀ ਸ਼ਬਦਾਵਲੀ ਵਰਤਣ ਅਤੇ ਬੋਲ ਚਾਲ ਰਾਹੀਂ ਕੂੜਾ ਖਿਲਾਰਨ ਵਾਲਿਆਂ ਨੂੰ ਇਸ ਮੈਡੀਕਲ ਖੋਜ ਵਿੱਚ ‘ਕੂੜੇ ਭਰੇ ਟਰੱਕ’ ਦਾ ਨਾਮਕਰਣ ਦਿੱਤਾ ਗਿਆ। ਸਪਸ਼ਟ ਕੀਤਾ ਗਿਆ ਕਿ ਅਜਿਹੇ ਲੋਕ ਆਪਣਾ ਤਣਾਅ ਦੂਜਿਆਂ ਵਿੱਚ ਵੰਡ ਕੇ ਆਪ ਸੁਰਖ਼ਰੂ ਹੋ ਜਾਂਦੇ ਹਨ। ਇਸੇ ਲਈ ਅਜਿਹੇ ਕੂੜੇ ਦੇ ਭਰੇ ਟਰੱਕਾਂ ਨੂੰ ਉਂਜ ਹੀ ਪਰ੍ਹਾਂ ਧੱਕ ਦੇਣਾ ਚਾਹੀਦਾ ਹੈ ਜਿਵੇਂ ਬਦਬੂ ਨੇੜੇ ਜਾ ਕੇ ਆਪਣੇ ਨੱਕ ਉੱਤੇ ਰੁਮਾਲ ਰੱਖ ਲਈਦਾ ਹੈ। ਜੇ ਅਜਿਹੀ ਬਦਬੂ ਅੰਦਰ ਲੰਘ ਜਾਵੇ ਤਾਂ ਦਿਮਾਗ ਉੱਤੇ ਅਸਰ ਕਰਦੀ ਹੈ। ਇਸੇ ਕਰਕੇ ਫੇਸਬੁੱਕ ਉੱਤੇ ਖਿਲਾਰੀ ਗੰਦਗੀ ਨੂੰ ਖਿਲਾਰਣ ਵਾਲੇ ਤਕ ਹੀ ਸੀਮਤ ਕਰ ਦੇਣਾ ਚਾਹੀਦਾ ਹੈ ਤੇ ਉਸ ਦਾ ਜਵਾਬ ਹੀ ਨਹੀਂ ਦੇਣਾ ਚਾਹੀਦਾ।
* ਫੋਨ ਕਰਨ ਲੱਗਿਆਂ ਜੇ ਦੂਜੇ ਦਾ ਨੰਬਰ ਬਿਜ਼ੀ ਆ ਰਿਹਾ ਹੋਵੇ ਤਾਂ ਉਸੇ ਸਮੇਂ ਦੁਬਾਰਾ ਤੇ ਫਿਰ ਤੀਜੀ ਵਾਰ ਫੋਨ ਜਾਣ ਦਾ ਮਤਲਬ ਹੈ ਕਿ ਅਸੀਂ ਤਣਾਅ ਦੇ ਅਸਰ ਅਧੀਨ ਆ ਚੁੱਕੇ ਹਾਂ। ਜਿਹੜਾ ਜਣਾ ਰਤਾ ਠਰ੍ਹੰਮੇ ਨਾਲ ਰੁਕ ਕੇ 10 ਮਿੰਟ ਠਹਿਰ ਕੇ ਦੁਬਾਰਾ ਫੋਨ ਕਰਦਾ ਹੈ, ਉਹ ਆਪਣੇ ਤਣਾਅ ਨੂੰ ਕਾਬੂ ਕਰਨ ਦਾ ਵੱਲ ਸਿੱਖ ਚੁੱਕਿਆ ਹੈ।
* ਸੜਕ ਉੱਤੇ ਲੰਘਣ ਲੱਗਿਆਂ ਵਾਰ ਵਾਰ ਹੌਰਨ ਵਜਾਉਣ ਦਾ ਮਤਲਬ ਹੈ ਕਿ ਚਾਹੇ-ਅਣਚਾਹੇ ਅਸੀਂ ਵਾਧੂ ਤਣਾਅ ਸਹੇੜ ਚੁੱਕੇ ਹਾਂ। ਇਸ ਨੂੰ ਕਾਬੂ ਕਰਨਾ ਚਾਹੀਦਾ ਹੈ।
* ਜਦੋਂ ਬਹੁਤ ਜ਼ਿਆਦਾ ਗੁੱਸਾ ਆ ਜਾਵੇ ਤਾਂ ਕਾਗਜ਼ ਉੱਤੇ ਦੂਜੇ ਬਾਰੇ ਰੱਜ ਕੇ ਗੰਦ ਲਿਖ ਕੇ, ਕਈ ਸਫ਼ੇ ਭਰ ਦੇਣੇ ਚਾਹੀਦੇ ਹਨ। ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਪੜ੍ਹੇ ਬਗ਼ੈਰ ਪਾੜ ਦੇਣਾ ਚਾਹੀਦਾ ਹੈ। ਇਹ ਸਭ ਲਿਖਣ ਜਾਂ ਬੰਦ ਕਮਰੇ ਅੰਦਰ ਸ਼ੀਸ਼ੇ ਅੱਗੇ ਖਲ੍ਹੋ ਕੇ ਦੂਜੇ ਬਾਰੇ ਰੱਜ ਕੇ ਮਾੜਾ ਬੋਲਣਾ ਬਹੁਤ ਜ਼ਰੂਰੀ ਹੈ ਤਾਂ ਜੋ ਮਨ ਵਿੱਚ ਜਮ੍ਹਾਂ ਹੋਇਆ ਵਾਧੂ ਤਣਾਅ ਬਾਹਰ ਨਿਕਲ ਸਕੇ।

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

* ਖੋਜ ਵਿੱਚ ਸਿਰਫ਼ 0.8 ਫ਼ੀਸਦੀ ਅਜਿਹੇ ਕੇਸ ਲੱਭੇ ਜੋ ਵੰਡ ਛਕਣ ਨੂੰ ਆਧਾਰ ਬਣਾ ਕੇ ਅਣਲੋੜੀਂਦਾ ਸਾਮਾਨ ਐਵੇਂ ਇਕੱਠਾ ਨਾ ਕਰ ਕੇ ਤੇ ਨਾ ਕਿਸੇ ਨਾਲ ਬੇਲੋੜਾ ਬੋਲ ਕੇ ਸਮਾਂ ਖ਼ਰਾਬ ਕਰ ਕੇ ਆਪਣੇ ਕੰਮ ਕਾਰ ਵਿੱਚ ਰੁੱਝੇ ਲੱਭੇ। ਭਾਵ ਜਿੰਨਾ ਹੈ, ਉਸੇ ਵਿੱਚ ਸਬਰ ਸੰਤੋਖ ਨਾਲ ਦਿਨ ਕੱਟਣ ਤੇ ਸ਼ੁਕਰਾਨਾ ਕਰਦਿਆਂ ਹੱਸ ਖੇਡ ਕੇ ਦਿਨ ਗੁਜ਼ਾਰ ਰਹੇ ਸਨ। ਇਨ੍ਹਾਂ ਮਰੀਜ਼ਾਂ ਵਿੱਚ ਸਿਰਫ਼ ਰੋਜ਼ਾਨਾ ਕਸਰਤ ਤੇ ਸਹੀ ਸੰਤੁਲਿਤ ਖ਼ੁਰਾਕ ਦੀ ਵਰਤੋਂ ਕਰਨ ਨਾਲ ਹੀ ਬਲੱਡ ਪ੍ਰੈੱਸ਼ਰ ਕਾਬੂ ਵਿੱਚ ਹੋ ਗਿਆ।
* ਕਈ ਲੋਕ ਪਾਠ ਕਰਨ, ਭਜਨ ਬੰਦਗੀ ਕਰਨ ਨੂੰ ਤਣਾਅ ਘਟਾਉਣ ਦਾ ਜ਼ਰੀਆ ਮੰਨਦੇ ਹਨ। ਇਹ ਵੇਖਣ ਵਿੱਚ ਆਇਆ ਹੈ ਕਿ ਅਜਿਹੇ ਮੌਕੇ ਵੀ ਬਹੁਗਿਣਤੀ ਆਪਣਾ ਫੋਨ ਸੁਣਨ, ਹੋਰਨਾਂ ਨੂੰ ਹਦਾਇਤਾਂ ਦਿੰਦੇ ਰਹਿਣ ਜਾਂ ਕਿਸੇ ਨੂੰ ਆਵਾਜ਼ ਮਾਰ ਕੇ ਸੱਦਦੇ ਰਹਿਣ ਵਿੱਚ ਯਕੀਨ ਰੱਖਦੇ ਹਨ। ਇਸ ਦਾ ਮਤਲਬ ਹੈ ਕਿ ਤਣਾਅ ਮੁਕਤ ਨਹੀਂ ਹੋਇਆ ਗਿਆ, ਬਸ ਖਾਨਾ ਪੂਰਤੀ ਕੀਤੀ ਗਈ ਹੈ। ਅਜਿਹੇ ਕੇਸਾਂ ਵਿੱਚ ਕੌਰਟੀਸੋਲ ਦੀ ਮਾਤਰਾ ਘਟਣ ਦੀ ਬਜਾਏ ਵਧੀ ਹੋਈ ਲੱਭੀ।
* ਲਾਲ ਬੱਤੀ ਉੱਤੇ ਲੱਗੀ ਲੰਬੀ ਕਤਾਰ ਵਿੱਚ ਖੜ੍ਹੇ ਹੋਣ ਤੋਂ ਪਹਿਲਾਂ, ਘਰੋਂ ਚੱਲਣ ਲੱਗਿਆਂ ਅਤੇ ਫਿਰ ਲਾਲ ਬੱਤੀ ਟੱਪਣ ਬਾਅਦ ਦੀ ਦਿਲ ਦੀ ਧੜਕਨ ਦਾ ਵਧਣਾ ਤੇ ਲੋੜੋਂ ਵੱਧ ਖਿਝਣਾ ਵੀ ਸਰੀਰ ਅੰਦਰ ਤਣਾਅ ਦੇ ਹਾਰਮੋਨ ਵਧਾ ਦਿੰਦਾ ਹੈ।
* ਦੋਸਤਾਂ ਸਹੇਲੀਆਂ ਨਾਲ ਹੱਸਦੇ-ਖੇਡਦੇ ਲੰਮੀ ਸੈਰ ਕਰਦਿਆਂ ਮੋਬਾਈਲ ਨੂੰ ਸਵਿੱਚ ਆਫ ਕਰਕੇ ਬਿਤਾਇਆ ਸਮਾਂ ਜਿੱਥੇ ਵਕਤੀ ਤੌਰ ਉੱਤੇ ਤਣਾਅ ਨੂੰ ਘਟਾਉਣ ਵਿੱਚ ਸਹਾਈ ਸਾਬਤ ਹੁੰਦਾ ਹੈ, ਉੱਥੇ ਰੋਜ਼ਾਨਾ ਜਾਂ ਹਫ਼ਤੇ ਵਿੱਚ ਤਿੰਨ ਵਾਰ ਅਜਿਹਾ ਕਰਦੇ ਰਹਿਣ ’ਤੇ ਤਣਾਅ ਮੀਟਰ ’ਚ ਕਾਫ਼ੀ ਕਮੀ ਆ ਜਾਂਦੀ ਹੈ।
* ਆਪਣੇ ਸ਼ੌਕ ਨੂੰ ਬਰਕਰਾਰ ਰੱਖਣ ਅਤੇ ਉਸ ਨੂੰ ਪੂਰਾ ਕਰਦਿਆਂ ਉਸੇ ਵਿੱਚ ਗੁਆਚ ਜਾਣ ਨਾਲ ਤਣਾਅ ਕਾਫ਼ੀ ਹੱਦ ਤਕ ਘਟਾਇਆ ਜਾ ਸਕਦਾ ਹੈ।
* ਕੰਮ ਕਾਰ ਵਾਲੀ ਥਾਂ ਉੱਤੇ ਜੇ ਤਣਾਅ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਹੋਵੇ ਤਾਂ ਅਜਿਹਾ ਕੰਮ ਉਮਰ ਛੋਟੀ ਕਰਨ, ਘਰੇਲੂ ਝਗੜੇ ਵਧਾਉਣ ਤੇ ਚਿੰਤਾ ਤੋਂ ਉਪਜੇ ਰੋਗਾਂ ਨੂੰ ਸਰੀਰ ਅੰਦਰ ਪੱਕਾ ਕਰਨ ਵਿੱਚ ਮਦਦ ਕਰਦਾ ਹੈ। ਇਸੇ ਲਈ ਕੰਮ ਕਾਰ ਵਾਲੀ ਥਾਂ ਬਦਲ ਲੈਣ ਵਿੱਚ ਹੀ ਫ਼ਾਇਦਾ ਹੈ। ਜੇ ਥਾਂ ਬਦਲਣ ਤੋਂ ਬਾਅਦ ਵੀ ਉਂਜ ਹੀ ਤਣਾਅ ਮਹਿਸੂਸ ਹੋ ਰਿਹਾ ਹੈ ਤਾਂ ਮਨੋਵਿਗਿਆਨਕ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
* ਬਹੁਗਿਣਤੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਤਣਾਅ ਦੇ ਅਸਰ ਹੇਠ ਆ ਚੁੱਕੇ ਹੋਏ ਹਨ। ਇਸੇ ਲਈ ਉਸ ਨੂੰ ਰੋਕਣ ਜਾਂ ਕਾਬੂ ਕਰਨ ਦੇ ਨੁਕਤੇ ਅਜ਼ਮਾਉਂਦੇ ਹੀ ਨਹੀਂ ਬਲਕਿ ਉਸ ਤੋਂ ਉਤਪੰਨ ਹੋ ਰਹੇ ਰੋਗਾਂ ਦੇ ਇਲਾਜ ਵਿੱਚ ਹੀ ਲੱਗੇ ਰਹਿੰਦੇ ਹਨ। ਇਸ ਨਾਲ ਸਿਰਫ਼ ਵਕਤੀ ਰਾਹਤ ਹੀ ਮਿਲਦੀ ਹੈ।
* ਵਧਦੇ ਐਕਸੀਡੈਂਟ, ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ, ਘਰੇਲੂ ਝਗੜੇ, ਟੁੱਟਦੇ ਰਿਸ਼ਤੇ, ਐਲਰਜੀ, ਜੋੜਾਂ ਦੇ ਦਰਦ, ਦਮਾ, ਆਦਿ ਤਣਾਅ ਦੀ ਹੀ ਦੇਣ ਹਨ। ਇਨ੍ਹਾਂ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਇਸ ਸਭ ਦਾ ਹੱਲ ਕਰਨ ਲਈ ਤਣਾਅ ਨੂੰ ਖ਼ਤਮ ਕੀਤਾ ਜਾਵੇ।
* ਸਾਨੂੰ ਬਹੁਤਾ ਤਣਾਅ ਆਪਣੇ ਹੀ ਆਲੇ-ਦੁਆਲੇ ਦੇ ਜਾਣਕਾਰਾਂ ਦੇ ਅਗਾਂਹ ਵਧਣ ਸਦਕਾ ਹੋ ਰਿਹਾ ਹੈ। ਇਸ ਲਈ ਸਾਨੂੰ ਦੂੁਜਿਆਂ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਸਗੋਂ ਦੂਜਿਆਂ ਦੀ ਤਰੱਕੀ ’ਤੇ ਖ਼ੁਸ਼ ਹੋਣਾ ਚਾਹੀਦਾ ਹੈ।
* ‘ਜੇ’ ਸ਼ਬਦ ਤਬਾਹੀ ਮਚਾ ਰਿਹਾ ਹੈ। ਜੇ ਇਹ ਹੋ ਗਿਆ, ਜੇ ਚੰਗੇ ਨੰਬਰ ਨਾ ਆਏ, ਜੇ ਕੰਮ ਸਿਰੇ ਨਾ ਚੜ੍ਹਿਆ ਅਤੇ ਜੇ ਵਪਾਰ ਵਿੱਚ ਘਾਟਾ ਪੈ ਗਿਆ ਆਦਿ ਤਣਾਅ ਵਧਾਉਣ ਦੇ ਮੁੱਖ ਕਾਰਨ ਹਨ।
* ਘਰ ਅੰਦਰਲੇ ਰਿਸ਼ਤਿਆਂ ਵਿਚਲਾ ਨਿੱਘ ਵਧਾਉਣ ਨਾਲ ਤਣਾਅ ਘਟਣ ਦੇ ਆਸਾਰ ਵਧ ਜਾਂਦੇ ਹਨ।
* ਜ਼ਿੰਦਗੀ ਸਿਰਫ਼ ਲੰਘਾਉਣ ਲਈ ਨਹੀਂ ਬਣੀ, ਇਸ ਨੂੰ ਜੀਅ ਲੈਣਾ ਚਾਹੀਦਾ ਹੈ। ਹਫ਼ਤੇ ਵਿੱਚ ਇੱਕ ਵਾਰ ਘਰੋਂ ਬਾਹਰ ਘੁੰਮ ਫਿਰ ਆਉਣਾ ਚਾਹੀਦਾ ਹੈ, ਭਾਵੇਂ ਬਾਜ਼ਾਰ ਵਿੱਚ ਗੇੜਾ ਹੀ ਸਹੀ।
* ਰੋਜ਼ਾਨਾ ਕਸਰਤ ਕਰਨ ਦੇ ਨਾਲ ਨਾਲ ਸੰਤੁਲਿਤ ਖ਼ੁਰਾਕ ਖਾਣੀ ਜ਼ਰੂਰੀ ਹੈ। ਇਸ ਵਿੱਚ ਰੱਜਵਾਂ ਨਾਸ਼ਤਾ ਪਰ ਰਾਤ ਨੂੰ ਬਹੁਤ ਹਲਕਾ ਖਾਣਾ ਚਾਹੀਦਾ ਹੈ।
ਜੋ ਖੋਜਾਂ ਅੱਜ ਸਾਡੇ ਸਾਹਮਣੇ ਆ ਰਹੀਆਂ ਹਨ, ਇਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਨੇਕਾਂ ਵਾਰ ਜ਼ਿਕਰ ਹੋਇਆ ਹੈ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੋਇਆ ਹੈ ਕਿ ਚਿੰਤਾ ਛੱਡ ਕੇ, ਵੰਡ ਕੇ ਛਕੋ ਤੇ ਦੂਜੇ ਬਾਰੇ ਮਾੜੀ ਵਿਚਾਰਧਾਰਾ ਨਾ ਰੱਖੋ। ਇਹੀ ਉਮਰ ਲੰਮੀ ਕਰਨ ਤੇ ਸੁਖੀ ਜੀਵਨ ਬਤੀਤ ਕਰਨ ਦੇ ਰਾਜ਼ ਹਨ।
ਸੰਪਰਕ: 0175-2216783


Comments Off on ਤਣਾਅ ਨੂੰ ਦੂਰ ਕਰਨ ਦੇ ਉਪਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.