ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਤੋਤਿਆਂ ਦੀ ਰੰਗ ਬਿਰੰਗੀ ਦੁਨੀਆਂ

Posted On February - 18 - 2017
ਕਾਕਪੋ ਕਿਸਮ ਦਾ ਤੋਤਾ

ਕਾਕਪੋ ਕਿਸਮ ਦਾ ਤੋਤਾ

ਇਕਬਾਲ ਪਾਲੀ ਫ਼ਲੌਂਡ

ਪਿਆਰੇ ਬੱਚਿਓ, ਤੋਤਾ ਆਪਣੇ ਰੰਗ ਅਤੇ ਮਨੁੱਖ ਦੀ ਬੋਲੀ ਬੋਲਣ ਕਾਰਨ ਸਾਡਾ ਹਰਮਨ ਪਿਆਰਾ ਪੰਛੀ ਹੈ। ਇਹ ਜਿੱਥੇ ਦੇਖਣ ਵਿੱਚ ਬਹੁਤ ਸੁੰਦਰ ਲੱਗਦਾ ਹੈ, ਉੱਥੇ ਹੀ ਕੁਝ ਵੀ ਬੋਲਣਾ ਸਿਖਾਉਣ ’ਤੇ ਉਸ ਨੂੰ ਮਨੁੱਖ ਵਾਂਗ ਬੋਲ ਵੀ ਲੈਂਦਾ ਹੈ। ਮਨੁੱਖੀ ਬੋਲੀ ਦੀ ਹੂ-ਬ-ਹੂ ਨਕਲ ਕਰਨ ਲਈ ਅਫ਼ਰੀਕਾ ਦਾ ਸਲੇਟੀ ਤੋਤਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਇਹੀ ਕਾਰਨ ਹੈ ਕਿ ਲੋਕ ਤੋਤਿਆਂ ਨੂੰ ਘਰ ਵਿੱਚ ਰੱਖਣਾ ਪਸੰਦ ਕਰਦੇ ਹਨ। ਕਈਆਂ ਦਾ ਤਾਂ ਇਹ ਸ਼ੌਕ ਵੀ ਬਣ ਗਿਆ ਹੈ।
ਤੋਤਾ ਪੰਛੀਆਂ ਦੀ ਸਿਟੈਸਿਡੀ ਕੁੱਲ ਦਾ ਪੰਛੀ ਹੈ ਜੋ ਗਰਮ ਦੇਸ਼ਾਂ ਦਾ ਨਿਵਾਸੀ ਹੈ। ਇਸ ਦੀਆਂ ਅਨੇਕ ਜਾਤੀਆਂ ਹਨ, ਪਰ ਹਰਾ ਤੋਤਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਗਲ ਵਿੱਚ ਲਾਲ ਰੰਗ ਦੀ ਗਾਨੀ ਵਾਲੀ ਇਹ ਜਾਤੀ ਅਫ਼ਰੀਕਾ ਵਿੱਚ ਗੌਂਬੀਆ ਦੇ ਮੁਹਾਣੇ ਤੋਂ ਲੈ ਕੇ ਲਾਲ ਸਾਗਰ ਰਾਹੀਂ ਹੁੰਦਾ ਹੋਇਆ ਭਾਰਤ, ਬਰਮਾ ਅਤੇ ਟੇਨਾਸਿਰਮ ਤਕ ਫੈਲਿਆ ਹੋਇਆ ਹੈ। ਇਹ 10-12 ਇੰਚ ਦਾ ਲੰਬਾ ਪੰਛੀ ਹੈ।
ਤੋਤੇ ਦੇ ਮੁੱਖ ਨਿਵਾਸ ਸਥਾਨ ਆਸਟਰੇਲੀਆ ਅਤੇ ਨਿਊਜ਼ੀਲੈਂਡ ਹਨ ਜਿੱਥੋਂ ਦੇ ਅਨੇਕ ਪ੍ਰਕਾਰ ਦੇ ਰੰਗੀਨ ਤੋਤੇ ਹਰ ਸਾਲ ਵਿਦੇਸ਼ ਵਿੱਚ ਭੇਜੇ ਜਾਂਦੇ ਹਨ। ਇਨ੍ਹਾਂ ਵਿੱਚ ਕਾਕਾਤੁਆ ਅਤੇ ਮੈਕਾਅ ਆਦਿ ਵੱਡੇ ਕੱਦ ਦੇ ਸੁੰਦਰ ਅਤੇ ਰੰਗੀਨ ਅਤੇ ਬਜਰੀਕਾ, ਰੋਜ਼ੇਲਾ ਅਤੇ ਕਾਕਾਟੀਲ ਛੋਟੇ ਕੱਦ ਦੇ ਤੋਤੇ ਹਨ। ਕਾਕਾਤੁਆ ਸਫ਼ੈਦ ਅਤੇ ਮੈਕਾਅ ਨੀਲੇ ਰੰਗ ਦਾ ਹੁੰਦਾ ਹੈ। ਬਜਰੀਕਾ ਨੀਲੇ, ਪੀਲੇ, ਹਰੇ ਸਾਰੇ ਰੰਗ ਦੇ ਚਿੱਤੀਦਾਰ ਹੁੰਦੇ ਹਨ ਜੋ ਦੇਖਣ ਵਿੱਚ ਬਹੁਤ ਖ਼ੂਬਸੂਰਤ ਹੁੰਦੇ ਹਨ। ਰੋਜ਼ੇਲਾ ਵੀ ਘੱਟ ਖ਼ੂਬਸੂਰਤ ਨਹੀਂ ਹੁੰਦਾ। ਇਸ ਦਾ ਸਿਰ ਲਾਲ, ਛਾਤੀ ਪੀਲੀ ਅਤੇ ਪੂੰਛ ਨੀਲੀ ਹੁੰਦੀ ਹੈ। ਕਾਕਾਟੀਲ ਦਾ ਸਰੀਰ ਸਫ਼ੈਦ ਅਤੇ ਸਿਰ ਪੀਲਾ ਹੁੰਦਾ ਹੈ। ਭਾਰਤ ਵਿੱਚ ਹਰੇ ਰੰਗ ਦੇ ਤੋਤੇ ਪਾਏ ਜਾਂਦੇ ਹਨ ਜਿਨ੍ਹਾਂ ਦੀਆਂ ਪਰਬੱਤਾ, ਢੇਲਹਰਾ, ਟੁਈਆਂ, ਮਦਨਗੋਰ ਆਦਿ ਕਈ ਕਿਸਮਾਂ ਹਨ।
ਉੱਚੀ ਆਵਾਜ਼ ਅਤੇ ਆਪਣੇ ਰੰਗਾਂ ਕਾਰਨ ਹਰੇਕ ਨੂੰ ਆਪਣੇ ਵੱਲ ਖਿੱਚਣ ਵਾਲੇ ਇਨ੍ਹਾਂ ਤੋਤਿਆਂ ਦੀਆਂ ਲਗਭਗ 300 ਕਿਸਮਾਂ ਹਨ, ਪਰ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਿਸਮਾਂ ਅਲੋਪ ਹੋ ਗਈਆਂ ਹਨ ਅਤੇ ਰਹਿੰਦੀਆਂ ਕਿਸਮਾਂ ਵੀ ਖ਼ਤਰੇ ਵਿੱਚ ਹਨ। ਤੋਤੇ ਜ਼ਿਆਦਾ ਕਰਕੇ ਜੰਗਲਾਂ, ਲੱਕੜਾਂ ਅਤੇ ਗਰਮ ਇਲਾਕਿਆਂ ਵਿੱਚ ਇੱਕ ਝੁੰਡ ਵਿੱਚ ਰਹਿੰਦੇ ਹਨ। ਜਿਨ੍ਹਾਂ ਦੇ ਨਰ ਅਤੇ ਮਾਦਾ ਇੱਕੋ ਜਿਹੇ ਹੁੰਦੇ ਹਨ। ਇਸ ਦੀ ਮਾਦਾ ਦਰੱਖਤ ਦੇ ਤਣਿਆਂ ਵਿੱਚ ਸੁਰਾਖ ਕਰਕੇ 1 ਤੋਂ 12 ਤਕ ਸਫ਼ੈਦ ਅੰਡੇ ਦਿੰਦੀ ਹੈ। ਇਨ੍ਹਾਂ ਦੀ ਉਡਾਣ ਲਹਿਰਦਾਰ ਪਰ ਤੇਜ਼ ਹੁੰਦੀ ਹੈ। ਇਨ੍ਹਾਂ ਦਾ ਮੁੱਖ ਭੋਜਨ ਫਲ਼ ਅਤੇ ਤਰਕਾਰੀ ਹੈ ਜਿਸ ਨੂੰ ਇਹ ਆਪਣੇ ਪੰਜੇ ਨਾਲ ਫੜ ਕੇ ਖਾਂਦੇ ਹਨ। ਛੋਟੀਆਂ ਅੱਖਾਂ ਵਾਲੇ ਇਸ ਪੰਛੀ ਦੇ ਪੈਰ ਵੀ ਛੋਟੇ, ਪਰ ਬਹੁਤ ਮਜ਼ਬੂਤ ਹੁੰਦੇ ਹਨ। ਉਂਜ ਤਾਂ ਸਾਰੇ ਤੋਤੇ ਉੱਡ ਸਕਦੇ ਹਨ, ਪਰ ਨਿਊਜ਼ੀਲੈਂਡ ਵਿੱਚ ਰਹਿਣ ਵਾਲਾ ‘ਕਾਕਪੋ’ ਨਾਮੀ ਤੋਤਾ ਕਾਫ਼ੀ ਭਾਰਾ ਹੋਣ ਕਰਕੇ ਉੱਡ ਨਹੀਂ ਸਕਦਾ। ਇਸ ਕਮਜ਼ੋਰੀ ਕਾਰਨ ਦੂਸਰੇ ਜਾਨਵਰ ਇਸ ਦਾ ਸ਼ਿਕਾਰ ਕਰ ਲੈਂਦੇ ਹਨ। ਇਸ ਦੀ ਔਸਤਨ ਲੰਬਾਈ 85 ਸੈਂਟੀਮੀਟਰ ਅਤੇ ਉਮਰ ਕਾਲ 40 ਸਾਲ ਦੇ ਲਗਭਗ ਹੁੰਦਾ ਹੈ।

ਸਕਾਰਲੈੱਟ ਕਿਸਮ ਦਾ ਤੋਤਾ

ਸਕਾਰਲੈੱਟ ਕਿਸਮ ਦਾ ਤੋਤਾ

ਐਮੇਜ਼ੌਨ ਕਿਸਮ ਦੇ ਤੋਤਿਆਂ ਦੇ ਮੋਢੇ ਪੀਲੇ ਰੰਗ ਦੇ ਹੁੰਦੇ ਹਨ। ਦਰਮਿਆਨੇ ਆਕਾਰ ਦੇ ਇਹ ਤੋਤੇ ਦੱਖਣੀ ਅਮਰੀਕਾ ਦੇ ਉੱਤਰੀ ਹਿੱਸੇ ਵਿੱਚ ਅਤੇ ਟਾਪੂਆਂ ’ਤੇ ਮਿਲਦੇ ਹਨ। ਕਰੈਸਟਰਾ ਕਿਸਮ ਦੇ ਤੋਤਿਆਂ ਦੀ ਛਾਤੀ ਖੰਭਾਂ ਨਾਲ ਢਕੀ ਹੁੰਦੀ ਹੈ ਜਿਨ੍ਹਾਂ ਨੂੰ ਇਹ ਉੱਪਰ ਥੱਲੇ ਕਰਦੇ ਹਨ। ਇਹ ਆਪਣੇ ਸਿਰ ਨੂੰ ਜਲਦੀ-ਜਲਦੀ ਇੱਧਰ ਉੱਧਰ ਘੁੰਮਾ ਲੈਂਦੇ ਹਨ। ਇਹ ਤੋਤੇ ਜ਼ਿਆਦਾ ਕਰਕੇ ਮੈਕਸੀਕੋ ਤੋਂ ਬ੍ਰਾਜ਼ੀਲ ਤਕ ਮਿਲਦੇ ਹਨ।
ਸਕਾਰਲੈੱਟ ਕਿਸਮ ਦੇ ਤੋਤੇ ਦੂਸਰੇ ਤੋਤਿਆਂ ਨਾਲੋਂ ਕਾਫ਼ੀ ਲੰਬੇ ਹੁੰਦੇ ਹਨ। ਜੋ ਕੇਂਦਰੀ ਅਤੇ ਦੱਖਣੀ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਦੇ ਸਰੀਰ ਦਾ ਰੰਗ ਲਾਲ, ਪੀਲਾ ਅਤੇ ਨੀਲਾ ਹੋਣ ਕਰਕੇ ਇਹ ਖਿੱਚ ਦਾ ਕਾਰਨ ਬਣਦੇ ਹਨ।
ਤੋਤਿਆਂ ਦੀ ਗਿਣਤੀ ਦਿਨ-ਬ-ਦਿਨ ਘੱਟ ਰਹੀ ਹੈ। ਇਸ ਦਾ ਕਾਰਨ ਹੈ ਮਨੁੱਖ,  ਜੋ ਇਨ੍ਹਾਂ ਨੂੰ ਫੜ ਕੇ ਅੱਗੇ ਵੇਚ ਦਿੰਦਾ ਹੈ। ਜੰਗਲਾਂ ਦੀ ਕਟਾਈ ਨਾਲ ਇਨ੍ਹਾਂ ਦੇ ਆਲ੍ਹਣੇ ਨਸ਼ਟ ਹੋ ਰਹੇ ਹਨ, ਜਿਸ ਕਾਰਨ ਜ਼ਿਆਦਾਤਰ ਤੋਤੇ ਆਪਣੇ ਦੁਸ਼ਮਣਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕਾਂ ਦਾ ਸ਼ੌਕ ਤੋਤਿਆਂ ਨੂੰ ਘਰਾਂ ਵਿੱਚ ਪਿੰਜਰਿਆਂ ਵਿੱਚ ਬੰਦ ਕਰਕੇ ਰੱਖਣਾ ਹੈ ਜੋ ਠੀਕ ਨਹੀਂ ਹੈ। ਇਨ੍ਹਾਂ ਨੂੰ ਆਜ਼ਾਦ ਫ਼ਿਜ਼ਾ ਵਿੱਚ ਹੀ ਰਹਿਣ ਦੇਣ ਵਿੱਚ ਭਲਾਈ ਹੈ।

ਸੰਪਰਕ: 94786-55572 


Comments Off on ਤੋਤਿਆਂ ਦੀ ਰੰਗ ਬਿਰੰਗੀ ਦੁਨੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.