ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਧਰਮ, ਸਿਆਸਤ ਤੇ ਸੁਆਰਥ

Posted On February - 27 - 2017

ਕਰਨਲ ਕੁਲਦੀਪ ਸਿੰਘ ਗਰੇਵਾਲ (ਰਿਟਾ.)
12702cd _religionਇਨਸਾਨੀ ਦਿਮਾਗ਼ ਨੇ ਜਦੋਂ ਆਪਣੇ ਆਲੇ ਦੁਆਲੇ ਹਨੇਰੀ, ਬੱਦਲ, ਬਦਲਦੇ ਦਿਨ-ਰਾਤ, ਬਿਜਲੀ ਦਾ ਕੜਕਣਾ, ਤਾਰੇ, ਚੰਨ ਅਤੇ ਜ਼ਮੀਨ ਦੀ ਚਾਲ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਇਹ ਘਟਨਾਵਾਂ ਉਸ ਦੀ ਸਮਝ ਵਿੱਚ ਨਹੀਂ ਆ ਰਹੀਆਂ ਸਨ। ਉਸ ਵੇਲੇ ਆਦਿ ਮਨੁੱਖ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਅਦਿਖ ਸ਼ਕਤੀ ਹੈ ਜੋ ਸਭ ਘਟਨਾਵਾਂ ਦੀ ਕਰਤਾ ਹੈ। ਇਸ ਦਾ ਡਰਾਵਣਾ ਤੇ ਸੁਖਾਵਾਂ ਅਨੁਭਵ ਜੋ ਮਨੁੱਖੀ ਜਾਣਕਾਰੀ ਤੋਂ ਪਰੇ ਸੀ, ਉਹ ਇੱਕ ਸੋਚ ਦੇ ਰੂਪ ਵਿੱਚ ਬਦਲ ਗਿਆ ਅਤੇ ਸ਼ਕਤੀਮਾਨ ਚਾਲਕ ਨੂੰ ਰੱਬ ਦਾ ਨਾਂ ਦਿੱਤਾ।
ਕੁਦਰਤੀ ਅਤੇ ਗ਼ੈਰ ਕੁਦਰਤੀ ਘਟਨਾਵਾਂ ਤੋਂ ਪੈਦਾ ਹੋਏ ਡਰ ਤੋਂ ਰਾਹਤ ਲਈ ਮਨੁੱਖ ਇਕੱਠ ਵਿੱਚ ਰਹਿਣ ਲੱਗਿਆ। ਆਪਸੀ ਮੇਲ ਨੂੰ ਕਾਇਮ ਰੱਖਣ ਲਈ ਕੁਝ ਅਸੂਲਾਂ ਦੀ ਲੋੜ ਪਈ ਅਤੇ ਸਮੇਂ ਅਨੁਸਾਰ ਇਹ ਅਸੂਲ ਬਦਲਦੇ ਗਏ। ਇਸ ਤਰ੍ਹਾਂ ਧਰਮ ਦਾ ਮੁੱਢ ਬੱਝਿਆ। ਜਦੋਂ ਵੀ ਕਿਸੇ ਧਰਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਧਰਮ ਦੇ ਅਸੂਲ ਕਿਸੇ ’ਤੇ ਨਹੀਂ ਥੋਪੇ ਜਾਂਦੇ। ਹਰ ਇਨਸਾਨ ਆਪਣੀ ਇੱਛਾ ਅਨੁਸਾਰ ਆਪਣੀ ਇਹੀ ਸੋਚ ਮੁੱਖ ਰੱਖ ਕੇ ਉਨ੍ਹਾਂ ਅਸੂਲਾਂ ’ਤੇ ਚੱਲਣ ਦਾ ਫ਼ੈਸਲਾ ਕਰਦਾ ਹੈ। ਇਸ ਦਾ ਭਾਵ ਇਹ ਹੋਇਆ ਕਿ ਧਰਮ ਇੱਕ ਨਿੱਜੀ ਮਸਲਾ ਹੈ। ਸੰਸਾਰ ਵਿੱਚ ਭਾਰਤ ਨੂੰ ਰਿਸ਼ੀਆਂ, ਮੁਨੀਆਂ, ਗੁਰੂਆਂ, ਯੋਗੀਆਂ, ਪੀਰਾਂ ਪੈਗੰਬਰਾਂ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਧਰਮ ਪ੍ਰਚਲਿਤ ਹਨ। ਦੇਸ਼ ਵਿੱਚ ਹਿੰਦੂ ਧਰਮ ਜੋ ਈਸਾ ਤੋਂ 1500 ਸਾਲ ਪਹਿਲਾਂ ਹੋਂਦ ਵਿੱਚ ਆਇਆ ਸਭ ਤੋਂ ਵੱਡਾ ਧਰਮ ਹੈ। ਭਾਰਤ ਵਿੱਚ ਲਗਭਗ 70 ਕਰੋੜ ਹਿੰਦੂ ਧਰਮ ਦੇ ਪੈਰੋਕਾਰ ਹਨ। ਪੁਰਾਤਨ ਸਮੇਂ ਤੋਂ ਹੀ ਸ਼ਾਸਕ ਪ੍ਰਜਾ ਵਿੱਚ ਆਪਣੀ ਸ਼ਕਤੀ ਦਾ ਦਬ-ਦਬਾ ਰੱਖਣ ਲਈ ਧਰਮ ਗੁਰੂਆਂ ਰਾਹੀਂ ਧਰਮ ਦਾ ਇਸਤੇਮਾਲ ਕਰਦੇ ਆ ਰਹੇ ਹਨ। ਅੱਜ ਵੀ ਇਹ ਰੀਤ ਜਾਰੀ ਹੈ। ਸਗੋਂ ਧਰਮ ਤੋਂ ਇਲਾਵਾ ਵਿੱਦਿਆ, ਸੱਭਿਆਚਾਰ, ਇਤਿਹਾਸ ਅਤੇ ਮੀਡੀਆ ਨੂੰ ਵੀ ਆਪਣੀ ਰਾਜਨੀਤਕ ਸ਼ਕਤੀ ਨੂੰ ਵਧਾਉਣ ਦਾ ਜ਼ਰੀਆ ਬਣਾ ਲਿਆ ਗਿਆ ਹੈ।
ਜਿਉਂ-ਜਿਉਂ ਧਰਮ ਗਰੰਥ ਪੁਰਾਣੇ ਹੁੰਦੇ ਜਾ ਰਹੇ ਹਨ, ਉਨ੍ਹਾਂ ਵਿੱਚ ਦਰਜ ਸਿੱਖਿਆਵਾਂ ਦੀ ਨਾ ਕੇਵਲ ਵਿਆਖਿਆ ਹੀ ਔਖੀ ਹੋ ਰਹੀ ਹੈ ਬਲਕਿ ਉਨ੍ਹਾਂ ਦੇ ਅਰਥ ਵੀ ਸ਼ਾਸਕੀ ਸੁਵਿਧਾ ਅਨੁਸਾਰ ਬਦਲਾਏ ਜਾਂਦੇ ਹਨ। ਹਿੰਦੂ ਧਰਮ ਦੇ ਮੁੱਢ ਵਿੱਚ ਸਾਰੇ ਗਰੰਥ ਸੰਸਕ੍ਰਿਤ ਵਿੱਚ ਲਿਖੇ ਜਾਂਦੇ ਸਨ ਅਤੇ ਸੰਸਕ੍ਰਿਤ ਪੜ੍ਹਣ ਦਾ ਅਧਿਕਾਰ ਸਿਰਫ਼ ਮਨੁੂ ਸਿਮਰਤੀ ਅਨੁਸਾਰ ਬਣਾਈਆਂ ਜਾਤਾਂ ਵਿੱਚ ਬ੍ਰਾਹਮਣਾਂ ਨੂੰ ਹੀ ਸੀ। ਉਸ ਸਮੇਂ ਬ੍ਰਾਹਮਣ ਹੀ ਰਾਜੇ ਦੇ ਪਿਆਰੇ ਸਲਾਹਕਾਰ ਹੁੰਦੇ ਸਨ।
ਅੰਗਰੇਜ਼ੀ ਰਾਜ ਦੇ ਫੈਲਾਓ ਵਿੱਚ ਵੀ ਚਰਚ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈ। ਲੋਕਾਂ ਵਿੱਚ ਜਾਗ੍ਰਿਤੀ ਆਉਣ ਨਾਲ ਇਸਾਈ ਧਰਮ ਆਜ਼ਾਦ ਧਰਮ ਦੇ ਰੁੂਪ ਵਿੱਚ ਉੱਭਰ ਕੇ ਆਇਆ ਹੈ। ਪਰ ਬਾਕੀ ਦੁਨੀਆਂ ਵਿੱਚ ਬਹੁਤ ਸਾਰੇ ਧਰਮਾਂ ਵਿੱਚ ਅਜਿਹਾ ਨਹੀਂ ਹੋਇਆ। ਭਾਰਤ ਵਿੱਚ ਵੀ ਭਾਵੇਂ ਜਾਗ੍ਰਿਤੀ ਆਈ ਹੈ, ਪਰ ਧਰਮ ਸ਼ਾਸਕੀ ਚੁੰਗਲ ਤੋਂ ਬਾਹਰ ਨਹੀਂ ਆ ਸਕੇ। ਦੇਸ਼ ਵਿੱਚ ਧਾਰਮਿਕ ਸੰਸਥਾਵਾਂ ਤਾਂ ਬਣੀਆਂ ਹਨ, ਪਰ ਉਨ੍ਹਾਂ ’ਤੇ ਸਿਆਸੀ ਰੰਗ ਚੜ੍ਹਿਆ ਹੋਇਆ ਹੈ। ਅੱਜ ਵੀ ਕੋਈ ਬੁੱਧੀਮਾਨ ਵਿਅਕਤੀ ਆਪਣੇ ਗਿਆਨ ਅਨੁਸਾਰ ਧਰਮ ਗਰੰਥਾਂ ਦੀ ਵਿਆਖਿਆ ਕਰਨ ਤੋਂ ਇਸ ਲਈ ਅਸਮਰੱਥ ਹੈ ਕਿ ਜੇ ਉਸ ਦੀ ਵਿਆਖਿਆ ਧਰਮ ਸੰਸਥਾਵਾਂ ਦੀ ਵਿਆਖਿਆ ਦੇ ਉਲਟ ਹੋ ਗਈ ਤਾਂ ਉਸ ’ਤੇ ਪ੍ਰਚੰਡਤਾ ਦਾ ਪਹਾੜ ਟੁੱਟ ਪਵੇਗਾ।
ਧਰਮ ਗਰੰਥਾਂ ਦੀ ਵਿਆਖਿਆ ਦੀ ਲੋੜ ਤੋਂ ਪੈਦਾ ਹੋਏ ਅਭਾਸੀ ਧਰਮ-ਗੁਰੂ ਆਪਣੇ ਸੁਆਰਥ ਨੂੰ ਅੱਗੇ ਰੱਖ ਕੇ ਧਾਰਮਿਕ ਲਿਖਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲੱਗੇ ਅਤੇ ਲੋਕਾਂ ਦੇ ਦਿਲਾਂ ਵਿੱਚ ਸਦਭਾਵਨਾ ਲਿਆਉਣ ਦੀ ਬਜਾਏ ਕੱਟੜਤਾ ਅਤੇ ਅਸਹਿਣਸ਼ੀਲਤਾ ਭਰਨ ਲੱਗੇ। ਮੇਰੇ ਖਿਆਲ ਵਿੱਚ ਇਨ੍ਹਾਂ ਨੂੰ ਧਰਮ ਗੁਰੂ ਕਹਿਣ ਦੀ ਬਜਾਏ ਅਭਾਸੀ ਧਰਮ ਨੇਤਾ ਕਹਿਣਾ ਜ਼ਿਆਦਾ ਉੱਚਿਤ ਹੋਵੇਗਾ। ਬੇਰੁਜ਼ਗਾਰੀ, ਗ਼ਰੀਬੀ, ਮਾਨਸਿਕ ਅਤੇ ਸਰੀਰਿਕ ਰੋਗਾਂ ਤੋਂ ਪੀੜਤ ਲੋਕ ਠੇਕੇਦਾਰਾਂ ਦੇ ਪ੍ਰਵਚਨਾਂ ਵਿੱਚੋਂ ਸਕੂਨ ਲੱਭਣ ਲਈ ਇਕੱਠੇ ਹੋ ਜਾਂਦੇ ਹਨ। ਇਸ ਮਾਹੌਲ ਦਾ ਲਾਭ ਉਠਾਉਣ ਲਈ ਸਿਆਸੀ ਨੇਤਾ ਅਤੇ ਪਾਰਟੀਆਂ ਇਸ ਸਾਰੇ ਅਡੰਬਰ ਦੀਆਂ ਭਾਗੀ ਬਣ ਜਾਂਦੀਆਂ ਹਨ। ਧਾਰਮਿਕ ਨੇਤਾਵਾਂ ਅਤੇ ਸਿਆਸਤਦਾਨਾਂ ਦਾ ਗੱਠਜੋੜ ਦੋਵਾਂ ਲਈ ਲਾਭਕਾਰੀ ਸਿੱਧ ਹੁੰਦਾ ਹੈ। ਰਾਜ ਨੇਤਾ, ਚੋਣਾਂ ਸਮੇਂ ਧਰਮ ਨੇਤਾਵਾਂ ਦੀ ਚਾਪਲੂਸੀ ਕਰਕੇ ਚੋਣਾਂ ਜਿੱਤਣ ਦਾ ਜ਼ਰੀਆ ਤਿਆਰ ਕਰ ਲੈਂਦੇ ਹਨ ਅਤੇ ਜਦੋਂ ਧਰਮ ਨੇਤਾ ਕਿਸੇ ਕਾਨੂੰਨ ਦੇ ਸ਼ਿਕੰਜੇ ਵਿੱਚ ਆ ਜਾਂਦੇ ਹਨ ਤਾਂ ਸਿਆਸਤਦਾਨਾਂ ਦੀ ਮਦਦ ਨਾਲ ਸਾਫ਼ ਬਚ ਨਿਕਲਦੇ ਹਨ।
ਸਿਆਸਤਦਾਨ ਧਰਮ ਨੂੰ ਰਾਜਨੀਤੀ ਦਾ ਮੋਹਰਾ ਬਣਾ ਕੇ ਵਰਤਦੇ ਹਨ। ਜਦੋਂ ਧਰਮ ਨੂੰ ਹਥਿਆਰ ਬਣਾ ਕੇ ਸਿਆਸੀ ਟੀਚਿਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਸ ਵਿੱਚੋਂ ਉਪਜੀ ਨਫ਼ਰਤ ਦੇ ਲਾਵੇ ਵਿੱਚ ਇਨਸਾਨੀਅਤ ਝੁਲਸ ਜਾਂਦੀ ਹੈ। ਭਾਰਤੀ ਸਿਆਸਤ ਵਿੱਚ ਧਰਮ ਦਾ ਇਸਤੇਮਾਲ ਆਮ ਹੋ ਗਿਆ ਹੈ। ਧਰਮ ਦੇ ਨਾਮ ’ਤੇ ਦੰਗੇ ਭੜਕਾ ਕੇ ਸਿਆਸਤ ਚਮਕਾਉਣਾ ਰਾਜ ਨੇਤਾਵਾਂ ਦੀ ਆਦਤ ਵਿੱਚ ਹੀ ਸ਼ਾਮਿਲ ਹੋ ਗਿਆ ਹੈ। ਉਹ ਧਰਮ ਨਾਲ ਜੁੜੀਆਂ ਘਟਨਾਵਾਂ ਜੋ ਅਪਰਾਧ ਦੇ ਤੌਰ ’ਤੇ ਕਾਨੂੰਨੀ ਪ੍ਰਣਾਲੀ ਰਾਹੀਂ ਨਜਿੱਠੀਆਂ ਜਾਣੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਸਿਆਸੀ ਰੰਗ ਦੇ ਕੇ ਲੋਕਾਂ ਦੇ ਦਿਲਾਂ ਵਿੱਚ ਜ਼ਹਿਰ ਭਰਿਆ ਜਾ ਰਿਹਾ ਹੈ। ਜਿਸ ’ਤੇ ਸਾਲਾਂਬੱਧੀ ਰਾਜਨੀਤੀ ਕੀਤੀ ਜਾਂਦੀ ਹੈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਸ਼ਾਸਨ ਹੀ ਰੀਤੀ-ਰਿਵਾਜਾਂ, ਖਾਣ-ਪੀਣ ਅਤੇ ਪਹਿਰਾਵੇ ਦਾ ਪਹਿਰੇਦਾਰ ਬਣ ਰਿਹਾ ਹੈ। ਜੋ ਲੋਕ ਇਸ ਦਾ ਵਿਰੋਧ ਕਰਦੇ ਹਨ ਜਾਂ ਤਾਂ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਹੋ ਜਾਂਦਾ ਹੈ ਜਾਂ ਉਹ ਜੀਵਨ ਤੋਂ ਹੀ ਹੱਥ ਧੋ ਬੈਠਦੇ ਹਨ। ਭਾਵੇਂ ਭਾਰਤੀ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਧਰਮ ਦੀ ਆਜ਼ਾਦੀ ਹੈ ਅਤੇ ਇਹ ਇੱਕ ਨਿੱਜੀ ਮਾਮਲਾ ਹੈ, ਫਿਰ ਧਰਮ ਪਰਿਵਰਤਨ ਰੋਕਣ ਜਾਂ ਜ਼ਬਰੀ ਧਰਮ ਬਦਲੀ ਕਰਾਉਣ ਦਾ ਕਿਸੇ ਨੁੂੰ ਕੀ ਹੱਕ ਹੈ ? ਕੋਈ ਵੀ ਸਮਾਜਿਕ ਰੀਤੀ ਰਿਵਾਜ ਜਾਂ ਧਾਰਮਿਕ ਧਾਰਾਵਾਂ ਜੇਕਰ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਕਾਨੂੰਨੀ ਰਾਹ ਅਪਨਾਉਣ ਤੋਂ ਪਹਿਲਾਂ ਆਮ ਲੋਕਾਂ ਦੀ ਇੱਕ ਸਮਾਜਿਕ ਲਹਿਰ ਰਾਹੀਂ ਸਹਿਮਤੀ ਲੈਣੀ ਜ਼ਰੂਰੀ ਹੋ ਜਾਂਦੀ ਹੈ।
12702cd _kuldeep singh grewal kernelਮਨ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਕੀ ਧਰਮ ਨੂੰ ਰਾਜਨੀਤੀ ਤੋਂ ਭਾਰਤ ਵਰਗੇ ਬਹੁਧਰਮੀ ਦੇਸ਼ ਵਿੱਚ ਵੱਖ ਕੀਤਾ ਜਾ ਸਕਦਾ ਹੈ ? ਇਹ ਬਿਲਕੁਲ ਸੰਭਵ ਹੈ। ਜੇਕਰ ਧਰਮ ਆਪਣੇ ਦਾਇਰੇ ਵਿੱਚ ਹੀ ਸੀਮਿਤ ਰਹਿਣ। ਸਭ ਧਾਰਮਿਕ ਗਤੀਵਿਧੀਆਂ ਚਾਰ ਦੀਵਾਰੀ ਦੇ ਅੰਦਰ ਹੀ ਹੋਣ, ਬਾਹਰ ਕਿਸੇ ਕਿਸਮ ਦੇ ਦਿਖਾਵਿਆਂ ’ਤੇ ਪਾਬੰਦੀ ਲਗਾਈ ਜਾਵੇ। ਇੱਕ ਧਰਮ ਦੂਜੇ ਧਰਮ ਦੇ ਕਿਸੇ ਵੀ ਮਸਲੇ ਵਿੱਚ ਦਖ਼ਲ ਨਾ ਦੇਵੇ। ਹਰ ਧਰਮ ਨੂੰ ਆਪਣੇ ਅਸੂਲਾਂ ਵਿੱਚ ਖਾਣ-ਪੀਣ ਅਤੇ ਪਹਿਰਾਵੇ ਆਦਿ ਦੀ ਖੁੱਲ੍ਹ ਹੋਵੇ। ਧਰਮ ਅਸਥਾਨਾਂ ’ਤੇ ਕਿਸੇ ਵੀ ਕਿਸਮ ਦੀਆਂ ਰਾਜਨੀਤਕ ਗਤੀਵਿਧੀਆਂ ’ਤੇ ਰੋਕ ਲੱਗਣੀ ਚਾਹੀਦੀ ਹੈ। ਜੇਕਰ ਕਿਸੇ ਧਰਮ ਵਿੱਚ ਸੁਧਾਰਕ ਲਹਿਰ ਉੱਠਦੀ ਹੈ ਤਾਂ ਉਸ ਦਾ ਕਾਨੁੂੰਨੀ ਹੱਲ ਲੱਭਿਆ ਜਾਵੇ, ਪਰ ਦੂਜੇ ਧਰਮ ਉਸ ਲਹਿਰ ਤੋਂ ਦੂਰ ਰਹਿਣ।
ਕੀ ਰਾਜਨੇਤਾ ਇਹ ਸਭ ਕੁਝ ਹੋਣ ਦੇਣਗੇ ? ਜਦੋਂ ਕਿ ਉਨ੍ਹਾਂ ਨੂੰ ਬਣੇ-ਬਣਾਏ ਇਕੱਠ ਆਪਣੇ ਪ੍ਰਚਾਰ ਲਈ ਮਿਲ ਰਹੇ ਹੋਣ ਅਤੇ ਧਰਮ ਅਸਥਾਨਾਂ ਦੇ ਪੈਸੇ ’ਤੇ ਉਨ੍ਹਾਂ ਦਾ ਅਧਿਕਾਰ ਹੋਵੇ। ਜੇਕਰ ਦੇਸ਼ ਨੂੰ ਰਾਜਨੇਤਾਵਾਂ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਦੰਗਿਆਂ ਤੋਂ ਬਚਾਉਣਾ ਹੈ ਤਾਂ ਰਾਜਨੀਤੀ ਦਾ ਧਰਮ ਵਿੱਚ ਦਖ਼ਲ ਕਾਨੂੰਨੀ ਤੌਰ ’ਤੇ ਬੰਦ ਹੋਣਾ ਚਾਹੀਦਾ ਹੈ।
ਸੰਪਰਕ : 78376-71032


Comments Off on ਧਰਮ, ਸਿਆਸਤ ਤੇ ਸੁਆਰਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.