ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨਵੀਂ ਪੀੜ੍ਹੀ ਨੇ ਨਕਾਰੇ ਰਾਜਸੀ ਧਿਰਾਂ ਦੇ ਰਵਾਇਤੀ ਮੁੱਦੇ

Posted On February - 20 - 2017

ਤਰਸੇਮ ਬਾਹੀਆ
12002cd _young votersਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਰ ਭਾਵੇਂ ਕਿਸੇ ਦੀ ਵੀ ਹੋਵੇ, ਪਰ ਇਹ ਚੋਣਾਂ ਕਈ ਪੱਖਾਂ ਤੋਂ ਇਤਿਹਾਸਿਕ ਸਿੱਧ ਹੋਣਗੀਆਂ। ਇਹ ਗੱਲ ਆਪਣੇ ਆਪ ਵਿੱਚ ਹੀ ਮਾਣ ਵਾਲੀ ਹੈ ਕਿ ਰਵਾਇਤੀ ਲੀਡਰਾਂ ਦੀਆਂ ਬਦ-ਕਲਾਮੀਆਂ ਤੇ ਭੜਕਾਊ ਲਲਕਾਰਿਆਂ ਦੇ ਬਾਵਜੂਦ ਚੋਣਾਂ ਨਿਗੂਣੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਸਿਰੇ ਚੜ੍ਹੀਆਂ ਹਨ ਜਿਨ੍ਹਾਂ ਵਿੱਚ ਰਿਕਾਰਡ ਤੋੜ ਮਤਦਾਨ ਵੀ ਹੋਇਆ ਹੈ। ਇਨ੍ਹਾਂ ਚੋਣਾਂ ਵਿੱਚ ਇੱਕ ਵੱਡੀ ਅਤੇ ਨਵੀਂ ਗੱਲ ਨੌਜਵਾਨਾਂ ਦੀ ਵੱਡੇ ਪੱਧਰ ’ਤੇ ਸ਼ਮੂਲੀਅਤ ਹੈ। ਚੋਣ ਮਸਲਿਆਂ ਦੇ ਸਾਰੇ ਵਿਸ਼ਲੇਸ਼ਕ ਇਹ ਗੱਲ ਨੋਟ ਕਰਦੇ ਹਨ ਕਿ ਇਸ ਵਾਰ ਲੱਖਾਂ ਨਵੇਂ ਵੋਟਰਾਂ ਅਤੇ ਨਵੀਂ ਪੀੜ੍ਹੀ ਨਾਲ ਜੁੜੇ ਪੁਰਾਣੇ ਵੋਟਰਾਂ ਨੇ ਹੁਮਹੁਮਾ ਕੇ ਆਪਣੀ ਮਨਮਰਜ਼ੀ ਤੇ ਸੋਚ ਅਨੁਸਾਰ ਵੋਟਾਂ ਪਾਈਆਂ ਹਨ। ਕੋਈ ਵੇਲਾ ਸੀ ਜਦੋਂ ਘਰ ਦੇ ਵੱਡੇ ਬਜ਼ੁਰਗ ਜਾਂ ਸਿਆਣੇ ਇਹ ਫ਼ੈਸਲਾ ਕਰਦੇ ਸਨ ਕਿ ਵੋਟਾਂ ਕਿਸ ਪਾਰਟੀ ਨੂੰ ਪਾਈਆਂ ਜਾਣ, ਪਰ ਸ਼ਾਇਦ ਇਸ ਵਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਨੌਜਵਾਨਾਂ ਨੇ ਦਲੇਰੀ ਨਾਲ ਇਹ ਫ਼ੈਸਲਾ ਆਪਣੇ ਹੱਥਾਂ ਵਿੱਚ ਲਿਆ ਹੈ ਤੇ ਬਜ਼ੁਰਗਾਂ ਨੂੰ ਆਪਣੇ ਪਿੱਛੇ ਲੱਗਣ ਲਈ ਪ੍ਰੇਰਿਆ ਹੈ।
ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਇਸ ਵਾਰ ਪੰਜਾਬ ਦੇ ਪੁਰਾਣੇ ਅਤੇ ਪੇਚੀਦਾ ਭਾਵੁਕ ਮੁੱਦਿਆਂ ਪ੍ਰਤੀ ਨੌਜਵਾਨ ਵੋਟਰਾਂ ਦਾ ਕੋਈ ਆਕਰਸ਼ਣ ਨਹੀਂ ਸੀ। ਪੰਜਾਬ ਦੇ ਪਾਣੀਆਂ ਦਾ ਮਸਲਾ ਜੋ 1966 ਤੋਂ ਲਟਕ ਰਿਹਾ ਹੈ ਅਤੇ ਵੱਖ ਵੱਖ ਪਾਰਟੀਆਂ ਦੇ ‘ਸਿਆਣੇ ਆਗੂਆਂ’ ਤੋਂ ਹੁਣ ਤਕ ਹੱਲ ਨਹੀਂ ਹੋਇਆ। ਸਾਕਾ ਨੀਲਾ ਤਾਰਾ ਅਤੇ ’84 ਦੇ ਦੰਗਿਆਂ ਜਿਹੀਆਂ ਅਤਿ ਦੁਖਦਾਈ ਅਤੇ ਨਿੰਦਣਯੋਗ ਘਟਨਾਵਾਂ ਵਰਗੇ ਮੁੱਦਿਆਂ ’ਤੇ ਹਾਕਮ ਧਿਰ ਵੱਲੋਂ ਪੂਰੀ ਵਾਹ ਲਾਉਣ ਦੇ ਬਾਵਜੂਦ ਚੋਣ ਦੇ ਮੁੱਖ ਮੁੱਦੇ ਬਣਕੇ ਨਹੀਂ ਉੱਭਰੇ। ਨੌਜਵਾਨ ਪੀੜ੍ਹੀ ਨੇ ਰੋਟੀ, ਰੁਜ਼ਗਾਰ, ਭ੍ਰਿਸ਼ਟਾਚਾਰ, ਸ਼ਾਸਨ ਅਤੇ ਕੁਸ਼ਾਸਨ, ਨਸ਼ਿਆਂ ਤੋਂ ਮੁਕਤੀ, ਸਿੱਖਿਆ ਅਤੇ ਸਿਹਤ ਵਰਗੇ ਵਿਕਾਸਮੁਖੀ ਅਤੇ ਲੋਕਮੁਖੀ ਮੁੱਦਿਆਂ ਅਤੇ ਕਿਸਾਨੀ ਸੰਕਟ ਆਦਿ ’ਤੇ ਹੀ ਆਪਣਾ ਧਿਆਨ ਕੇਂਦਰਿਤ ਕਰਕੇ ਰੱਖਿਆ। ਪੰਜਾਬ ਦੇ ਨੌਜਵਾਨਾਂ ਦੀ ਇਹ ਸੋਚਣੀ ਪੰਜਾਬ ਦੀ ਸਿਆਸਤ ਵਿੱਚ ਇੱਕ ਸਿਫ਼ਤੀ ਤਬਦੀਲੀ ਮੰਨੀ ਜਾਣੀ ਚਾਹੀਦੀ ਹੈ। ਜੋਸ਼ੀਲੇ ਪੰਜਾਬੀ ਨੌਜਵਾਨਾਂ ਨੇ ਆਪਣੇ ਬਿਹਤਰ ਭਵਿੱਖ ਦੀ ਉਸਾਰੀ ਅਤੇ ਲੋੜੀਂਦੀ ਤਬਦੀਲੀ ਲਈ ਆਪਣੀ ਉਂਗਲ ਨੂੰ ਵੋਟਿੰਗ ਮਸ਼ੀਨ ਦੇ ਬਟਨ ਉੱਤੇ ਰੱਖਣ ਨੂੰ ਤਰਜੀਹ ਦਿੱਤੀ ਹੈ।
ਇਹ ਗੱਲ ਵੀ ਤਸੱਲੀਬਖ਼ਸ਼ ਹੈ ਕਿ ਵੱਡੇ ਪੱਧਰ ’ਤੇ ਨੌਜਵਾਨਾਂ ਵਿੱਚ ਪੰਜਾਬ ਵਿੱਚ ਸਿਹਤਮੰਦ ਤਬਦੀਲੀ ਲਿਆਉਣ ਦੀ ਇੱਛਾ ਪ੍ਰਬਲ ਹੋਈ ਹੈ। ਜਿਸ ਤੋਂ ਇਹ ਉਮੀਦ ਰੱਖੀ ਜਾ ਸਕਦੀ ਹੈ ਕਿ ਪੰਜਾਬ ਦੀ ਜਵਾਨੀ ਮੁੜ ਘਸੀਆਂ ਪਿਟੀਆਂ ਰਾਜਨੀਤਕ ਪਾਰਟੀਆਂ ਦੇ ਚੁੰਗਲ ਵਿੱਚ ਨਹੀਂ ਫਸੇਗੀ। ਉਨ੍ਹਾਂ ਵਿੱਚ ਪੈਦਾ ਹੋਈ ਨਵੀਂ ਉਮੀਦ ਅਤੇ ਖ਼ੂਬਸੂਰਤ ਜ਼ਿੰਦਗੀ ਲਈ ਇੱਛਾ ਅਤੇ ਜਜ਼ਬਾ ਕਿਸੇ ਵੀ ਨਵੀਂ ਹਾਕਮ ਪਾਰਟੀ ਦੇ ਸਾਹਮਣੇ ਇੱਕ ਚੁਣੌਤੀ ਬਣ ਕੇ ਖੜ੍ਹਾ ਹੋਵੇਗਾ ਜਿਸ ਉੱਤੇ ਪੂਰਾ ਉੱਤਰਨਾ ਭਵਿੱਖ ਦੀਆਂ ਹਾਕਮ ਪਾਰਟੀਆਂ ਦੀ ਮਜਬੂਰੀ ਬਣ ਜਾਵੇਗੀ।
ਇਨ੍ਹਾਂ ਚੋਣਾਂ ਵਿੱੱਚ ਡੇਰਿਆਂ ਦੀ ਭੂਮਿਕਾ ਵੀ ਇੱਕ ਮਹੱਤਵਪੂਰਨ ਪਹਿਲੂ ਰਿਹਾ ਹੈ। ਚੋਣਾਂ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਹਾਕਮ ਧਿਰਾਂ ਨੇ ਉਨ੍ਹਾਂ ਡੇਰਿਆਂ ਦੇ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਦਾ ਉਹ ਅਕਸਰ ਬਾਈਕਾਟ ਕਰਨ ਦਾ ਸੱਦਾ ਦਿੰਦੀਆਂ ਸਨ। ਉਹ ਇਹ ਪ੍ਰਚਾਰ ਵੀ ਕਰਦੀਆਂ ਰਹੀਆਂ ਸਨ ਕਿ ਇਨ੍ਹਾਂ ਡੇਰਿਆਂ ਨੇ ਪੰਜਾਬ ਦੀ ਸਿਆਸਤ ਅਤੇ ਧਰਮ ਵਿੱਚ ਕੇਵਲ ਪ੍ਰਦੂਸ਼ਣ ਹੀ ਪੈਦਾ ਕੀਤਾ ਹੈ। ਇਨ੍ਹਾਂ ਹੀ ਡੇਰਿਆਂ ’ਤੇ ਜਾ ਕੇ ਹਾਕਮ ਪਾਰਟੀਆਂ ਦੇ ਸਿਰਕੱਢ ਆਗੂਆਂ ਨੇ ਗੋਡੇ ਟੇਕੇ ਅਤੇ ਵੋਟਾਂ ਦੀ ਭੀਖ ਮੰਗੀ, ਪਰ ਲੋਕਾਂ ਦੇ ਮੂਡ ਅਤੇ ਵੋਟਰਾਂ ਦੇ ਰੁਝਾਨਾਂ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਵੱਡੀ ਪੱਧਰ ਉੱਤੇ ਇਸ ਵਾਰ ਡੇਰਿਆਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ, ਸਗੋਂ ਡੇਰਿਆਂ ਵਿਰੁੱਧ ਬਗ਼ਾਵਤ ਕਰਕੇ ਆਪਣੇ ਚੰਗੇ ਭਵਿੱਖ ਲਈ ਵੋਟਾਂ ਪਾਈਆਂ ਹਨ। ਇਸ ਰਾਜਨੀਤਕ ਉਥਲ-ਪੁਥਲ ਵਿੱਚ ਕਈ ਡੇਰਿਆਂ ਦੀਆਂ ਸਫ਼ਾਂ ਵਿੱਚ ਵੀ ਅੰਦਰੂਨੀ ਸੰਕਟ ਉੱਭਰ ਕੇ ਸਾਹਮਣੇ ਆਇਆ ਹੈ। ਇਹ ਪੰਜਾਬ ਦੀ ਭਵਿੱਖੀ ਸਿਆਸਤ ਦੇ ਵਿਕਾਸ ਲਈ ਇੱਕ ਸ਼ੁੱਭ ਸੰਕੇਤ ਹੀ ਮੰਨਣਾ ਚਾਹੀਦਾ ਹੈ।
ਹਾਕਮ ਧਿਰਾਂ ਨੇ ਇਹ ਵੀ ਵਾਹ ਲਾਈ ਕਿ ਪੰਜਾਬ ਦੇ ਨੌਜਵਾਨਾਂ ਅਤੇ ਪੰਜਾਬੀਆਂ ਨੂੰ ਲੋਭ ਲਾਲਚ ਦੇ ਕੇ ਉਨ੍ਹਾਂ ਦੇ ਗੁੱਸੇ ਨੂੰ ਠੰਢਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਜ਼ਮੀਰ ਤੇ ਵੋਟਾਂ ਨੂੰ ਖ਼ਰੀਦਿਆ ਜਾਵੇ। ਕਿਸੇ ਪਾਰਟੀ ਨੇ ਆਟਾ ਦਾਲ ਦੇ ਨਾਲ ਚੀਨੀ ਅਤੇ ਚਾਹਪੱਤੀ ਦੇਣ ਦਾ ਲਾਲਚ ਦਿੱਤਾ ਅਤੇ ਕਿਸੇ ਨੇ ਦੇਸੀ ਘਿਓ ਦੇਣ ਦੀ ਵੀ ਪੇਸ਼ਕਸ਼ ਕਰ ਦਿੱਤੀ, ਪਰ ਜ਼ਿੰਦਾਦਿਲ ਅਤੇ ਅਣਖੀਲੇ ਪੰਜਾਬੀਆਂ ਨੇ ਇਨ੍ਹਾਂ ਐਲਾਨਾਂ ਦਾ ਇਹ ਕਹਿਕੇ ਮਜ਼ਾਕ ਉਡਾਇਆ ਕਿ ‘ਹੁਣ ਤਾਂ ਸਿਰਫ਼ ਰੋਟੀ ਪਕਾਉਣ ਵਾਲੀ ਮੇਡ ਹੀ ਆਉਣੀ ਬਾਕੀ ਹੈ’। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਤਿੱਖੇ ਸਵਾਲ ਵੀ ਕੀਤੇ ਕਿ ਇਨ੍ਹਾਂ ਲੁਭਾਉਣੀਆਂ ‘ਰਿਆਇਤਾਂ’ ਲਈ ਸਾਧਨ ਕਿੱਥੋਂ ਆਉਣਗੇ? ਜੇ ਕੰਬਲ ਉਨ੍ਹਾਂ ਦੀ ਉੱਨ ਲਾਹ ਕੇ ਹੀ ਦੇਣੇ ਹਨ ਤਾਂ ਅਜਿਹੇ ਲਾਰਿਆਂ ਤੇ ਵਾਅਦਿਆਂ ਦਾ ਅਰਥ ਕੀ ਹੈ?
ਇਸ ਗੱਲੋਂ ਸਮੂਹ ਪੰਜਾਬੀ ਵਧਾਈ ਦੇ ਹੱਕਦਾਰ ਹਨ ਕਿ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਦਿੱਤੇ ਗਏ ਇਹ ਲੋਭ ਲਾਲਚ ਅਤੇ ਚੋਣਾਂ ਸਮੇਂ ਵੰਡੀਆਂ ਗਈਆਂ ਰਿਓੜੀਆਂ ਵੀ ਪੰਜਾਬੀਆਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਸਕੀਆਂ। ਚੋਣ ਨਤੀਜੇ ਇਸ ਗੱਲ ਦੀ ਵੀ ਹਾਮੀ ਭਰਨਗੇ ਕਿ ਚੋਣਾਂ ਲਈ ਸਿਹਤਮੰਦ ਸਿਆਸਤ ਕਰਨੀ ਅਤੇ ਲੋਕ ਪੱਖੀ ਨੀਤੀਆਂ ਅਪਨਾਉਣੀਆਂ ਜ਼ਰੂਰੀ ਹੁੰਦੀਆਂ ਹਨ। ਹੁਣ ਲੋਕਾਂ ਦੇ ਫ਼ਤਵੇ ਨੂੰ ਧਨ ਬਲ, ਬਾਹੂਬਲ ਜਾਂ ਕੰਪਨੀਆਂ ਦੇ ਪ੍ਰਬੰਧਨ ਵਾਂਗ ਆਪਣੇ ਹੱਕ ਵਿੱਚ ਨਹੀਂ ਭੁਗਤਾਇਆ ਜਾ ਸਕਦਾ। ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਪ੍ਰਚੱਲਤ ਪਾਰਟੀਆਂ ਨੇ ਨਵੀਂ ਉੱਭਰੀ ਧਿਰ ਆਮ ਆਦਮੀ ਪਾਰਟੀ ਉੱਪਰ ਕਈ ਕਿਸਮ ਦੇ ਅਲੋਕਤੰਤਰੀ ਹਮਲੇ ਕਰਕੇ ਪੰਜਾਬ ਵਿੱਚ ਨੀਵੇਂ ਪੱਧਰ ਦੇ ਫਿਰਕੂ ਅਤੇ ਖੇਤਰੀਵਾਦੀ ਜਨੂੰਨ ਨੂੰ ਭੜਕਾਉਣ ਦੀ ਪੂਰੀ ਵਾਹ ਲਾਈ। ਪਰ ਇਸ ਮਹਾਨ ਧਰਤੀ ਦੇ ਸਪੂਤਾਂ ਨੇ ਆਪਣੇ ਵਿਸ਼ਾਲ ਹਿਰਦੇ ਅਤੇ ਸੋਚ ’ਤੇ ਪਹਿਰਾ ਦਿੰਦਿਆਂ ਇਸ ਭੜਕਾਊ ਅਤੇ ਘਟੀਆ ਪ੍ਰਾਪੇਗੰਡੇ ਨੂੰ ਰੱਦ ਕੀਤਾ। ਇਨ੍ਹਾਂ ਚੋਣਾਂ ਵਿੱਚ ਪਰਵਾਸੀ ਪੰਜਾਬੀਆਂ ਦੀ ਭੂਮਿਕਾ ਵੀ ਇੱਕ ਮਹੱਤਵਪੂਰਨ ਪਹਿਲੂ ਰਿਹਾ ਹੈ। ਇਸ ਵਾਰ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਆਦਿ ਵਿੱਚ ਵਸੇ ਪੰਜਾਬੀਆਂ ਨੇ ਚੋਣਾਂ ਵਿੱਚ ਡੂੰਘੀ ਦਿਲਚਸਪੀ ਹੀ ਨਹੀਂ ਲਈ, ਸਗੋਂ ਉਨ੍ਹਾਂ ਨੇ ਨਵੀਂ ਉੱਭਰੀ ਧਿਰ ਦੇ ਹੱਕ ਵਿੱਚ ਸਿਰ ਧੜ ਦੀ ਬਾਜ਼ੀ ਵੀ ਲਾਈ। ਇਹ ਵੀ ਗ਼ਦਰੀਆਂ ਵਾਂਗ ਵਿਦੇਸ਼ ਵਿੱਚ ਰੋਟੀ ਕਮਾਉਣ ਲਈ ਗਏ ਸਨ, ਪਰ ਵਿਦੇਸ਼ ਦੀ ਖੁਸ਼ਹਾਲੀ ਅਤੇ ਸੁਸ਼ਾਸਨ ਤੋਂ ਪ੍ਰੇਰਿਤ ਹੋ ਕੇ ਅਤੇ ਆਪਣੇ ਵਤਨ ਦੀ ਦੁਰਦਸ਼ਾ ਅਤੇ ਮੰਦਹਾਲੀ ਬਾਰੇ ਫ਼ਿਕਰਮੰਦ ਹੋ ਕੇ ਮੁੜ ਵਤਨੀਂ ਆਏ ਅਤੇ ਦੇਸ਼ ਪਿਆਰ ਦਾ ਸਬੂਤ ਦਿੱਤਾ।
12002cd _Tarsem Bahiaਇਸ ਸਭ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਨ੍ਹਾਂ ਚੋਣਾਂ ਰਾਹੀਂ ਪੰਜਾਬ ਵਿੱਚ ਹੋਈ ਉਥਲ ਪੁਥਲ ਨੇ ਪੰਜਾਬ ਦੇ ਸਿਆਸੀ ਦ੍ਰਿਸ਼ ਵਿੱਚ ਡੂੰਘੀਆਂ ਅਤੇ ਅਮੋੜ ਤਬਦੀਲੀਆਂ ਕਰ ਦਿੱਤੀਆਂ ਹਨ। ਪੁਲਾਂ ਹੇਠੋਂ ਲੰਘਿਆ ਪਾਣੀ ਹੁਣ ਵਾਪਸ ਨਹੀਂ ਆਉਣ ਵਾਲਾ। ਪੰਜਾਬ ਉੱਤੇ ਹੁਣ ਪੁਰਾਣੇ ਢੰਗ ਤਰੀਕਿਆਂ ਨਾਲ ਰਾਜ ਕਰਨਾ ਸੁਖਾਲਾ ਨਹੀਂ ਹੋਵੇਗਾ। ਕਿਸੇ ਵੀ ਨਵੀਂ ਪਾਰਟੀ ਲਈ ਲੋਕਾਂ ਦਾ ਇਹ ਬਦਲਿਆ ਮੂਡ ਇੱਕ ਸੰਭਾਵਨਾ ਵੀ ਹੋਵੇਗਾ ਅਤੇ ਇੱਕ ਚੁਣੌਤੀ ਵੀ।
ਸੰਪਰਕ: 98143-21392


Comments Off on ਨਵੀਂ ਪੀੜ੍ਹੀ ਨੇ ਨਕਾਰੇ ਰਾਜਸੀ ਧਿਰਾਂ ਦੇ ਰਵਾਇਤੀ ਮੁੱਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.