ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨੌਜਵਾਨ ਸੋਚ / ਚੋਣਾਂ ਨੇੜੇ ਦਲਬਦਲੀਆਂ ਕਿੰਨੀਆਂ ਕੁ ਜਾਇਜ਼ ?

Posted On February - 15 - 2017

ਦਲਬਦਲੀਆਂ ਸਿਆਸਤ ਲਈ ਵੱੱਡੀ ਚੁਣੌਤੀ

ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਅੱਜ ਮੌਕਾਪ੍ਰਸਤ ਅਤੇ ਖ਼ੁਦਗਰਜ਼ੀ ਦਾ ਸੰਤਾਪ ਹੰਢਾ ਰਹੀ ਹੈ। ਹਰ ਛੋਟਾ-ਵੱਡਾ ਵਰਕਰ ਸਬੰਧਤ ਪਾਰਟੀ ਤੋਂ ਟਿਕਟ ਦੀ ਝਾਕ ਰੱਖਦਾ ਹੈ ਤੇ ਜਦੋਂ ਟਿਕਟ ਜਾਂ ਅਹੁਦਾ ਨਹੀਂ ਮਿਲਦਾ ਤਾਂ ਉਹ ਛੜੱਪਾ ਮਾਰ ਕੇ ਔਹ ਜਾਂਦਾ ਹੈ। ਇਹ ਸਮੱਸਿਆ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਰਾਜਨੀਤਿਕ ਦਲਾਂ ਨੂੰ ਦਰਪੇਸ਼ ਚੁਣੌਤੀ ਬਣ ਕੇ ਉੱਭਰੀ ਹੈ ਅਤੇ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਸਮੇਂ ਵਿੱਚ ਵੋਟਰ ਗਹਿਰੀ ਦੁਚਿੱਤੀ ਵਿੱਚ ਫਸ ਜਾਂਦੇ ਹਨ ਕਿ ਉਹ ਪਾਰਟੀ ਨਾਲ ਖੜ੍ਹਨ ਜਾਂ ਉਮੀਦਵਾਰ ਨਾਲ। ਅਸਲ ਵਿੱਚ ਅਜਿਹੇ ਆਗੂ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ ਜੋ ਘੱਟੋ-ਘੱਟ ਪੰਜ ਸਾਲ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੋਵੇ ਪਰ ਸਿਆਸੀ ਪਾਰਟੀਆਂ ਨਵੇਂ ਆਏ ਆਗੂਆਂ ਨੂੰ ਟਿਕਟਾਂ ਦੇ ਦਿੰਦੀਆਂ ਹਨ, ਜਿਸ ਨਾਲ ਪਾਰਟੀ ਦੇ ਪੁਰਾਣੇ ਵਰਕਰ ਨਿਰਾਸ਼ ਹੋ ਜਾਂਦੇ ਹਨ ਤੇ ਉਹ ਅੰਦਰੋਂ ਅੰਦਰੀ ਉਮੀਦਵਾਰ ਦਾ ਵਿਰੋਧ ਵੀ ਕਰਦੇ ਹਨ। ਇਸ ਨਾਲ ਪਾਰਟੀਆਂ ਵਿੱਚ ਕਾਟੋ-ਕਲੇਸ਼ ਸ਼ੁਰੂ ਹੋ ਜਾਂਦਾ ਹੈ।
ਜਸਵੀਰ ਸਿੰਘ ਖੰਗੂੜਾ, ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ (ਸੰਗਰੂਰ)

11502cd _Deepak Sharma 27ਦਲਬਦਲੂਆਂ ਵਿਰੁੱਧ ਸਖ਼ਤੀ ਦੀ ਲੋੜ 

ਚੋਣਾਂ ਨੇੜੇ ਦਲਬਦਲੀਆਂ ਕਰਨ ਦਾ ਅਰਥ ਹੈ ਆਪਣੇ ਵਾਅਦਿਆਂ ਤੋਂ ਮੁੱਕਰ ਜਾਣਾ। ਇੱਕ ਨੇਤਾ ਪਹਿਲਾ ਇੱਕ ਪਾਰਟੀ ਨਾਲ ਕੌਲ-ਕਰਾਰ ਕਰਦਾ ਹੈ ਤੇ ਦਲ ਬਦਲ ਕੇ ਦੂਜੀ ਪਾਰਟੀ ਦਾ ਹੋ ਜਾਂਦਾ ਹੈ। ਇਸ ਤੋਂ ਸਿੱਧਾ ਪਤਾ ਲੱਗਦਾ ਹੈ ਕਿ ਉਹ ਸਿਰਫ਼ ਆਪਣਾ ਮਤਬਲ ਕੱਢਣਾ ਚਾਹੁੰਦਾ ਹੈ। ਦਲਬਦਲੂ ਨੇਤਾ ਸਿਹਤਮੰਦ ਰਾਸ਼ਟਰ ਦਾ ਨਿਰਮਾਣ ਨਹੀਂ ਕਰ ਸਕਦੇ, ਉਹ ਸਿਰਫ਼ ਆਪਣੇ ਅਹੁਦੇ ਦਾ ਨਿਰਮਾਣ ਕਰ ਸਕਦੇ ਹਨ। ਜਿਹੜੇ ਨੇਤਾ ਚੋਣਾਂ ਨਜ਼ਦੀਕ ਆਉਣ ਉਤੇ ਦਲਬਦਲੀ ਕਰਦੇ ਹਨ, ਉਹ ਸਿਰਫ਼ ਸੱਤਾ ਦੇ ਲਾਲਚੀ ਹੁੰਦੇ ਹਨ। ਦਲ ਬਦਲਣ ਵਾਲੇ ਆਗੂਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ।
ਦੀਪਕ ਸ਼ਰਮਾ, ਏਲਨਾਬਾਦ (ਸਿਰਸਾ)

11502cd _Gurlal Singhਦਲਬਦਲੂਆਂ ਦੀ ਹੋਵੇ ਸਖ਼ਤ ਪ੍ਰੀਖਿਆ

ਚੋਣਾਂ ਨੇੜੇ ਆਉਂਦਿਆਂ ਹੀ ਦਲਬਦਲੀਆਂ ਦਾ ਵਰਤਾਰਾ ਜ਼ੋਰ ਫੜ ਜਾਂਦਾ ਹੈ। ਦੁਸ਼ਮਣ ਪਾਰਟੀਆਂ ਮਿੱਤਰ ਹੋ ਨਿੱਬੜਦੀਆਂ ਹਨ ਤੇ ਮਿੱਤਰ ਪਾਰਟੀਆਂ ਦੁਸ਼ਮਣ। ਕਿਸੇ ਪਾਰਟੀ ਨੂੰ ਭੰਡਣ ਵਾਲਾ ਸ਼ਖ਼ਸ ਇਕਦਮ ਉਸ ਪਾਰਟੀ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੰਦਾ ਹੈ। ਮਾਂ ਪਾਰਟੀ ਨੂੰ ਮਤਰੇਈ ਬਣਦਿਆਂ ਦੇਰ ਨਹੀਂ ਲੱਗਦੀ। ਦਲਬਦਲੀ ਨਿੱਜੀ ਸਵਾਰਥ ਦੀ ਉਪਜ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਖੁਦ ਜਾਂ ਆਪਣੇ ਚਹੇਤਿਆਂ ਨੂੰ ਟਿਕਟ ਨਾ ਮਿਲਣ ’ਤੇ ਪਾਰਟੀ ਬਦਲ ਲਈ ਜਾਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਜੋਕੀਆਂ ਸਿਆਸੀ ਪਾਰਟੀਆਂ ਇੱਕ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਕੰਮ ਕਰਨ ਲੱਗੀਆਂ ਹਨ, ਜਿਨ੍ਹਾਂ ਦਾ ਮੁੱਖ ਟੀਚਾ ਸੱਤਾ ਹੱਥਿਆਉਣਾ ਹੈ।    ਇਸ ਵਿੱਚ ਕੰਮ ਕਰਨ ਵਾਲੇ ਬੰਦੇ ਵੀ ਖੁਦ ਨੂੰ ਪਾਰਟੀ ਦੇ ਮੁਲਾਜ਼ਮ ਸਮਝਣ ਲੱਗ ਪਏ ਹਨ। ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨਾ ਹੁੰਦੀ ਦੇਖ ਕੇ ਉਹ ਪਾਰਟੀ  ਬਦਲ ਲੈਂਦਾ ਹੈ, ਜਦੋਂਕਿ ਵਫ਼ਾਦਾਰੀ ਉਡਾਰੀ ਮਾਰ ਜਾਂਦੀ ਹੈ। ਦਲਬਦਲੂਆਂ ਦਾ ਸਵਾਗਤ ਕਰਨ ਵਾਲੀਆਂ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ  ਆਗੂਆਂ ਨੂੰ ਜ਼ਮੀਨੀ ਪੱਧਰ ਦੇ ਕੰਮ ਸੌਂਪਣ ਤੇ ਪ੍ਰੀਖਿਆ ਦੀ ਭੱਠੀ ਵਿੱਚੋਂ ਲੰਘਾ ਕੇ ਹੀ ਬਣਦਾ ਹੱਕ ਦੇਣ।
ਗੁਰਲਾਲ ਸਿੰਘ, ਪਿੰਡ ਹੇੜੀਕੇ (ਸੰਗਰੂਰ)

11502cd _Mandeep Kaurਦਲਬਦਲੂਆਂ ਤੋਂ ਭਲੇ ਦੀ ਆਸ ਰੱਖਣੀ ਗ਼ਲਤ

ਦਲਬਦਲੀ ਵੀ ਇੱਕ ਬਿਮਾਰੀ ਵਾਂਗ ਹੈ, ਜੋ ਚੋਣਾਂ ਦੌਰਾਨ ਤੇਜ਼ੀ ਨਾਲ ਫੈਲਦੀ ਹੈ। ਸਿਆਸੀ ਆਗੂ ਆਪਣੇ ਸੁਆਰਥਾਂ ਅਤੇ ਨਿੱਜੀ ਲਾਹੇ ਲਈ  ਦਲਬਦਲੀ ਕਰਦੇ ਹਨ। ਇਸ ਕਾਰਨ ਲੋਕਾਂ ਦਾ ਲੋਕਤੰਤਰੀ ਪ੍ਰਣਾਲੀ ਤੋਂ ਵਿਸ਼ਵਾਸ ਉਠ ਜਾਂਦਾ ਹੈ। ਦਲ ਬਦਲਣ ਵਾਲੇ ਨੇਤਾ ਕਿਸੇ ਦਾ ਭਲਾ ਨਹੀਂ ਕਰ ਸਕਦੇ, ਉਹ ਬੱਸ ਆਪਣਾ ਹੀ ਭਲਾ ਸੋਚਦੇ ਹਨ। ਸਿਆਸੀ ਪਾਰਟੀਆਂ ਵੀ ਬਿਨਾਂ ਕਿੰਤੂ-ਪ੍ਰੰਤੂ ਦਲਬਦਲੂਆਂ ਨੂੰ ਆਪਣੇ ਨਾਲ ਰਲਾ ਲੈਂਦੀਆਂ ਹਨ। ਲੋਕਾਂ ਨੂੰ ਅਜਿਹੀਆਂ ਪਾਰਟੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਦਲਬਦਲੂਆਂ ਨੂੰ ਮੂੰਹ ਨਾ ਲਾਉਣ, ਕਿਉਂਕਿ ਦਲਬਦਲੂਆਂ ਦਾ ਕੋਈ ਨਿਸ਼ਾਨਾ ਨਹੀਂ ਹੁੰਦਾ। ਅਜਿਹੇ ਆਗੂ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੇ। ਜੇਕਰ ਕਿਸੇ ਨੇਤਾ ਨੂੰ ਲੱਗਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਸਫ਼ਲ ਨਹੀਂ ਹੋ ਰਹੇ ਤਾਂ ਉਨ੍ਹਾਂ ਨੂੰ ਆਪਣੀ ਸੀਟ ਖਾਲੀ ਕਰ ਦੇਣੀ ਚਾਹੀਦੀ ਹੈ।
ਮਨਦੀਪ ਕੌਰ ਦੱਧਾਹੂਰ (ਲੁਧਿਆਣਾ)

11502cd _Kiranpreet Kaurਸਮਰਥਕਾਂ ਦੀ ਕਸ਼ਮਕਸ਼ ਵਧੀ

ਸਿਆਸੀ ਆਗੂਆਂ ਜਾਂ ਸਮਰਥਕਾਂ ਲਈ ਮਨਪਸੰਦ ਪਾਰਟੀ/ਦਲ ਵਿੱਚ ਸ਼ਾਮਲ ਹੋਣ ਦੇ ਅਧਿਕਾਰ ਦੀ ਵਰਤੋਂ ਅੱਜ ਦੇ ਸਮੇਂ ਵਿੱਚ ਖੇਡ ਬਣ ਗਈ ਹੈ ਪਰ ਇਹ ਵਰਤਾਰਾ ਆਮ ਜਨਤਾ ਉਤੇ ਭਾਰੂ ਪੈ ਜਾਂਦਾ ਹੈ। ਜਦੋਂ ਆਵਾਮ ਕਿਸੇ ਦਲ ਨਾਲ ਜੁੜਦੀ ਹੈ ਤਾਂ ਉਹ ਦਲ ਦੇ ਕਿਸੇ ਵਿਸ਼ੇਸ਼ ਮੈਂਬਰ ਨੂੰ ਤਵੱਜੋਂ ਦੇ ਕੇ ਜੁੜਦੀ ਹੈ। ਉਸ ਤੋਂ ਸਮਰਥਕਾਂ ਨੂੰ ਕਾਫ਼ੀ ਉਮੀਦਾਂ ਹੁੰਦੀਆਂ ਹਨ ਪਰ ਉਸ ਸਮੇਂ ਸਥਿਤੀ ਦਵੰਦਾਤਮਕ ਹੋ ਜਾਂਦੀ ਹੈ ਜਦੋਂ ਉਹੀ ਆਗੂ ਚੋਣਾਂ ਨੇੜੇ ਕਿਸੇ ਹੋਰ ਪਾਰਟੀ ਨਾਲ ਰਲ ਜਾਂਦਾ ਹੈ। ਕਈ ਵਾਰ ਉਸ ਆਗੂ ਦੇ ਸਮਰਥਕਾਂ ਨੂੰ ਨਵੀਂ ਪਾਰਟੀ ਦੀਆਂ ਨੀਤੀਆਂ ਪਸੰਦ ਨਹੀਂ ਹੁੰਦੀਆਂ। ਅਜਿਹੇ ਸਮੇਂ ਵਿੱਚ ਬਹੁਤੇ ਵੋਟਰ ਵੋਟ ਨਾ ਪਾੳਣ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਸਮਰਥਕਾਂ ਦਾ ਵਿਸ਼ਵਾਸ ਵੀ ਟੁੱਟ ਜਾਂਦਾ ਹੈ। ਇਸ ਲਈ ਲੋੜ ਦਲ ਬਦਲਣ ਦੀ ਨਹੀ, ਸਗੋਂ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਬਦਲਣ ਦੀ ਲੋੜ ਹੈ ਤਾਂ ਜੋ ਜਨਤਾ ਦੀ ਭਲਾਈ ਬਾਰੇ ਸੋਚਿਆ ਜਾ ਸਕੇ। ਇਸ ਲਈ ਲੋਕਤੰਤਰ ਵਿੱਚ ਸਿਆਸੀ ਆਗੂਆਂ ਨੂੰ ਆਪਣੇ ਹਿੱਤ ਪਿੱਛੇ ਰੱਖ ਕੇ ਅਵਾਮ ਬਾਰੇ ਸੋਚਣਾ ਚਾਹੀਦਾ ਹੈ।
ਕਿਰਨਪ੍ਰੀਤ ਕੌਰ ਭੁੱਲਰ, ਸ੍ਰੀ ਮੁਕਤਸਰ ਸਾਹਿਬ

ਚੋਣਾਂ ਨੇੜੇ ਦਲਬਦਲੀ ਸਿਰਫ਼ ਮੌਕਾਪ੍ਰਸਤੀ

ਸਿਆਸੀ ਆਗੂ ਟਿਕਟ ਦੀ ਚਾਹਤ ਤੇ ਆਪਣੇ ਨਿੱਜੀ ਲਾਭ ਖ਼ਾਤਰ ਸਾਰੇ ਅਸੂਲ ਛਿੱਕੇ ਟੰਗ ਕੇ ਦਲਬਦਲੀ ਕਰ ਲੈਂਦੇ ਹਨ। ਦਲਬਦਲੀ ਨੂੰ ਮੁਲਕ ਦੀ ਸਿਆਸਤ ਵਿੱਚ ਸਿਰੇ ਦੀ ਮੌਕਾਪ੍ਰਸਤੀ ਮੰਨਿਆ ਜਾਂਦਾ ਹੈ। ਸਿਆਸਤਦਾਨਾਂ ਵੱਲੋਂ ਸੱਤਾ ਪ੍ਰਾਪਤੀ ਲਈ ਵਰਤੇ ਬੇਅਸੂਲੇ ਅਤੇ ਗੈਰਇਖ਼ਲਾਕੀ ਢੰਗ ਦਾ ਦੇਸ਼ ਦੇ ਵਿਕਾਸ ਉਤੇ ਬੁਰਾ ਅਸਰ ਪੈਦਾ ਹੈ। ਸਿਆਸੀ ਆਗੂਆਂ ਦੇ ਦਲਬਦਲੀ ਵਾਲੇ ਵਰਤਾਰੇ ਕਾਰਨ ਭਾਰਤੀ ਜਮਹੂਰੀਅਤ ਲਗਾਤਾਰ ਨਿਘਾਰ ਵੱਲ ਵੱਧਦੀ ਜਾ ਰਹੀ ਹੈ। ਮੁਲਕ ਅੰਦਰ ਸਹੀ ਮਾਅਨਿਆਂ ਵਿੱਚ ਲੋਕ-ਪੱਖੀ ਲੋਕ ਰਾਜ ਦੀ ਸਿਰਜਨਾ ਲਈ ਦਲਬਦਲੀ ਦਾ ਅਨੈਤਿਕ ਵਰਤਾਰਾ ਰੋਕਣਾ ਸਮੇਂ ਦੀ ਮੁੱਖ ਲੋੜ ਹੈ।
ਨਵਜੋਤ ਬਜਾਜ ਗੱਗੂ, ਭਗਤਾ ਭਾਈ ਕਾ (ਬਠਿੰਡਾ)


Comments Off on ਨੌਜਵਾਨ ਸੋਚ / ਚੋਣਾਂ ਨੇੜੇ ਦਲਬਦਲੀਆਂ ਕਿੰਨੀਆਂ ਕੁ ਜਾਇਜ਼ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.