ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪਾਣੀਆਂ ਦਾ ਸੰਗ ਮਾਣਦਾ ਪਿੰਡ

Posted On February - 17 - 2017

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਰਾਜ ਕੌਰ ਕਮਾਲਪੁਰ
10202CD _MALLOMAJRA (2)ਪਟਿਆਲਾ ਤੋਂ ਪੱਛਮ ਵੱਲ ਲਗਪਗ ਸੱਤ ਕਿਲੋਮੀਟਰ ਦੀ ਦੂਰੀ ’ਤੇ ਪਟਿਆਲਾ-ਸੰਗਰੂਰ ਸੜਕ ਤੋਂ ਸੱਜੇ ਪਾਸੇ ਕਰੀਬ ਡੇਢ ਕੁ ਕਿਲੋਮੀਟਰ ਹਟਵਾਂ ਵਸਿਆ ਹੈ ਪਿੰਡ ਮੱਲੋਮਾਜਰਾ। ਇਸ ਪਿੰਡ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਹਰੀ ਸਿੰਘ ਖੋਸਲਾ, ਮਹਾਰਾਜਾ ਭੁਪਿੰਦਰ ਸਿੰਘ ਦਾ ਦੀਵਾਨ ਹੁੰਦਾ ਸੀ। ਖੋਸਲਾ ਪਰਿਵਾਰ ਦੇ ਵਡੇਰਿਆਂ ਨੇ ਹੀ ਇਸ ਪਿੰਡ ਨੂੰ ਵਸਾਇਆ ਸੀ। ਕਦੇ ਇਸ ਥਾਂ ’ਤੇ ਮੱਲ ਘੁਲਦੇ ਸਨ। ਮਾਲੋ ਨਾਂ ਦੇ ਵਿਅਕਤੀ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਇਸ ਕਰਕੇ ਇਸ ਦਾ ਨਾਂ ਮੱਲੋਮਾਜਰਾ ਪੈ ਗਿਆ।
ਪਿੰਡ ਵਿੱਚ ਚਾਰ ਹਜ਼ਾਰ ਵਿੱਘੇ ਜ਼ਮੀਨ ਖੋਸਲਾ ਪਰਿਵਾਰ ਦੀ ਅਤੇ ਤੇਰ੍ਹਾਂ ਕੁ ਸੌ ਬਿੱਘੇ ਮੱਲੋਮਾਜਰਾ ਦੇ ਲੋਕਾਂ ਦੀ ਸੀ। ਇਸ ਪਿੰਡ ਦੀਆਂ ਹੱਦਾਂ ਧਾਮੂਮਾਜਰਾ, ਹਾਜ਼ੀਮਾਜਰਾ, ਖੇੜੀ ਗੁਜਰਾਂ ਅਤੇ ਰਣਵੀਰ ਪੁਰਾ ਨਾਲ ਲਗਦੀਆਂ ਹਨ। ਇਹ ਪਿੰਡ ਸਮਾਣਾ ਹਲਕੇ ਵਿੱਚ ਪੈਂਦਾ ਹੈ। ਪਹਿਲਾਂ-ਪਹਿਲ ਇਸ ਪਿੰਡ ਦੀਆਂ ਵੋਟਾਂ ਦੀ ਗਿਣਤੀ ਤਿੰਨ ਕੁ ਸੌ ਹੀ ਹੁੰਦੀ ਸੀ। ਇੱਥੇ ਕਾਫ਼ੀ ਗਿਣਤੀ ਵਿੱਚ ਲੋਕ ਆਲੇ-ਦੁਆਲੇ ਤੋਂ ਆ ਕੇ ਵੱਸ ਗਏ ਹਨ। ਪਿੰਡ ਵਿੱਚ ਮੌਜੂਦਾ ਵੋਟਾਂ ਦੀ ਗਿਣਤੀ 1000 ਦੇ ਕਰੀਬ ਹੋ ਗਈ ਹੈ ਅਤੇ ਆਬਾਦੀ ਲਗਪਗ ਦੋ ਹਜ਼ਾਰ ਤਕ ਪਹੁੰਚ ਗਈ ਹੈ।
ਬਾਬਾ ਭਗਵਾਨ ਸਿੰਘ  ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਗੁਰਦੁਆਰਾ ਬਣਾਇਆ। ਹਰ ਸਾਲ ਇਸ ਗੁਰੂ ਘਰ ਵਿੱਚ ਜੂਨ ਮਹੀਨੇ ਉਨ੍ਹਾਂ ਦੀ ਵਰਸੀ ਮਨਾਈ ਜਾਂਦੀ ਹੈ। ਬਾਬਾ ਭਗਵਾਨ ਸਿੰਘ ਪਿੰਡ ਘਨੌਰੀ ਕਲਾਂ (ਜ਼ਿਲਾ ਸੰਗਰੂਰ) ਦੇ ਰਹਿਣ ਵਾਲੇ ਸਨ। ਇਸ ਗੁਰੂ ਘਰ ਵਿੱਚ ਹਰ ਮਹੀਨੇ ਪੰਚਮੀ ਮਨਾਈ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਈਸਾਈ ਭਾਈਚਾਰੇ ਦੇ ਕਾਫ਼ੀ ਲੋਕ ਹਨ। ਉਨ੍ਹਾਂ ਦੀ ਸਹੂਲਤ ਲਈ ਪਿੰਡ ਵਿੱਚ ਇੱਕ ਚਰਚ ਵੀ ਬਣਿਆ ਹੋਇਆ ਹੈ। ਪਿੰਡ ਵਿੱਚ ਇੱਕ ਮੰਦਿਰ ਅਤੇ ਨੌ ਗਜੇ ਪੀਰ ਦੀ ਸਮਾਧ ਵੀ ਹੈ। ਇੱਥੇ ਨਗਰ ਖੇੜੇ ਵਿੱਚ ਪਿੰਡ ਵੱਲੋਂ ਸਾਂਝੇ ਤੌਰ ’ਤੇ ਸਾਲ ਵਿੱਚ ਇੱਕ ਵਾਰ ਲੰਗਰ ਲਾਇਆ ਜਾਂਦਾ ਹੈ।
ਜੇ ਸਿੱਖਿਆ ਦੀ ਗੱਲ ਕਰੀਏ ਤਾਂ ਇਸ ਪੱਖੋਂ ਪਿੰਡ ਅਜੇ ਵੀ ਪਛੜਿਆ ਹੋਇਆ ਹੈ। ਉਂਜ, ਛੋਟੇ ਬੱਚਿਆਂ ਨੂੰ ਅੱਖਰ ਗਿਆਨ ਦੇਣ ਲਈ ਪਿੰਡ ਵਿੱਚ ਆਂਗਨਵਾੜੀ ਕੇਂਦਰ ਚਲਦਾ ਹੈ। ਇਸ ਤੋਂ ਇਲਾਵਾ ਪੰਜਵੀਂ ਜਮਾਤ ਤਕ ਸਕੂਲ ਦਾ ਵੀ ਪ੍ਰਬੰਧ ਹੈ। ਇਸ ਤੋਂ ਬਾਅਦ ਅਗਲੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਪਟਿਆਲੇ ਜਾਂ ਪਸਿਆਣੇ ਜਾਣਾ ਪੈਂਦਾ ਹੈ। ਬੱਚਿਆਂ ਨੂੰ ਆ ਰਹੀ ਸਮੱਸਿਆ ਕਰਕੇ ਪਿੰਡ ਦੇ ਲੋਕ ਸਰਕਾਰ ਤੋਂ ਪਿੰਡ ਦੇ ਸਕੂਲ ਨੂੰ ਬਾਰ੍ਹਵੀਂ ਤਕ ਕਰਨ ਦੀ ਕਈ ਵਾਰ ਮੰਗ ਕਰ ਚੁੱਕੇ ਹਨ।
ਪਿੰਡ ਦੀ ਮੌਜੂਦ ਮਹਿਲਾ ਸਰਪੰਚ ਪੰਜ ਪੰਚਾਂ ਸਮੇਤ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਹਨ। ਹੁਣ ਤਕ ਦੀਆਂ ਪੰਚਾਇਤਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਆਂਗਨਵਾੜੀ ਸਕੂਲ ਸ਼ੁਰੂ ਕਰਵਾਇਆ, ਪਿੰਡ ਦੀ ਫਿਰਨੀ ਪੱਕੀ ਕਰਵਾਈ, ਪਾਣੀ ਵਾਲੀ ਟੈਂਕੀ ਬਣਵਾਈ ਅਤੇ ਮਿੰਨੀ ਬਾਈਪਾਸ ਦਾ ਕੰਮ ਮੁਕੰਮਲ ਕਰਵਾਇਆ। ਪਿੰਡ ਵਿੱਚ ਖੋਸਲੇ, ਗੋਸਲ, ਚਹਿਲ ਅਤੇ ਗੈਂਧਰ ਆਦਿ ਗੋਤਾਂ ਦੇ ਲੋਕ ਵਸਦੇ ਹਨ। ਇੱਥੇ ਹਿੰਦੂ, ਮਸਲਿਮ, ਸਿੱਖ ਅਤੇ ਈਸਾਈ ਭਾਈਚਾਰੇ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ। ਪਿੰਡ ਤੋਂ ਬਾਹਰ ਜਾਣ-ਆਉਣ ਲਈ ਆਵਾਜਾਈ ਦਾ ਕੋਈ ਖ਼ਾਸ ਪ੍ਰਬੰੰਧ ਨਹੀਂ ਹੈ। ਪਿੰਡ ਵਿੱਚ ਸਰਕਾਰੀ ਬੱਸ ਤਕ ਦੀ ਸਹੂਲਤ ਵੀ ਨਹੀਂ ਹੈ।
ਪਿੰਡ ਵਿੱਚ ਪਾਣੀ ਦੀ ਸਥਿਤੀ ਨੂੰ ਦੇਖ ਕੇ ਜਾਪਦਾ ਹੈ ਕਿ ਇਸ ਮੱਲੋਮਾਜਰਾ ’ਤੇ ਖਵਾਜਾ ਮਿਹਰਵਾਨ ਹੈ। ਇਸ ਪਿੰਡ ਵਿੱਚ ਬਾਕੀ ਇਲਾਕੇ ਨਾਲੋਂ ਸਭ ਤੋਂ ਪਹਿਲਾਂ ਪਾਣੀ ਦਾ ਟੈਂਕ ਬਣਿਆ। ਗਰਮੀ ਦੇ ਮਹੀਨੇ ਭਾਖੜਾ ਕਿਨਾਰੇ ਲੱਗੇ ਨਲਕਿਆਂ ਦਾ ਠੰਢਾ ਪਾਣੀ ਰਾਹਗੀਰਾਂ ਦੇ ਨਾਲ ਨਾਲ ਪਿੰਡ ਵਾਸੀਆਂ ਦੀ ਪਿਆਸ ਬੁਝਾਉਂਦਾ ਹੈ।  ਪਿੰਡ ਦੀ ਜ਼ਮੀਨ ਵਿੱਚੋਂ ਭਾਖੜਾ ਨਹਿਰ ਲੰਘਦੀ ਹੈ। ਭਾਵੇਂ ਹੁਣ ਸਿੰਜਾਈ ਲਈ ਲੋਕਾਂ ਨੂੰ ਨਹਿਰ ਦਾ ਪਾਣੀ ਵਰਤਣ ਦੀ ਇਜਾਜ਼ਤ ਨਹੀਂ ਹੈ ਪਰ ਕਦੇ ਇੱਥੋਂ ਦੀ ਖੇਤੀ ਨਹਿਰ ’ਤੇ ਹੀ ਨਿਰਭਰ ਹੋਇਆ ਕਰਦੀ ਸੀ। ਨਹਿਰ ਬਣਨ ਕਾਰਨ ਇਸ ਦੇ ਦੂਜੇ ਪਾਸੇ ਜ਼ਮੀਨ ਆ ਜਾਣ ਕਾਰਨ ਆਉਣ-ਜਾਣ ਦੀ ਔਖ ਕਰਕੇ ਲੋਕਾਂ ਨੇ ਜ਼ਮੀਨਾਂ ਵੇਚ ਦਿੱਤੀਆਂ। ਪਿੰਡ ਦੇ ਨੇੜੇ ਫ਼ੌਜੀ ਇਲਾਕਾ ਹੈ। ਫ਼ੌਜ ਨੇ ਵੀ ਦੋ ਵਾਰੀ ਇਸ ਪਿੰਡ ਦੀ ਕਾਫ਼ੀ ਜ਼ਮੀਨ ਐਕੁਆਇਰ ਕਰ ਲਈ ਹੈ। ਕੁਝ ਜ਼ਮੀਨ ਲੋਕਾਂ ਨੇ ਪਲਾਟ ਕੱਟ ਕੇ ਵੇਚ ਦਿੱਤੀ ਹੈ।
ਇਸ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਗਲੀਆਂ ਨਾਲੀਆਂ ਨਾਲ ਸਬੰਧਿਤ ਹੈ। ਪਿੰਡ ਵਿੱਚ ਪਾਣੀ ਦੇ ਨਿਕਾਸ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਹੈ। ਅੱਜ ਦੇ ਅਗਾਂਹਵਧੂ ਜ਼ਮਾਨੇ ਵਿੱਚ ਵੀ ਪਿੰਡ ਵਿੱਚ ਅਜੇ ਤਕ ਸੀਵਰੇਜ ਤਾਂ ਦੂਰ ਅਜੇ ਤਕ ਪਿੰਡ ਦੀ ਗਲੀਆਂ ਨਾਲੀਆਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਸਕਿਆ। ਦੂਜੇ ਪਾਸੇ ਰਸੂਖ਼ਵਾਨਾਂ ਤਕ ਪਹੁੰਚ ਰੱਖਣ ਵਾਲਿਆਂ ਨੇ ਆਪੋ-ਆਪਣੇ ਘਰਾਂ ਨੇੜਲੀਆਂ ਗਲੀਆਂ ਪੱਕੀਆਂ ਕਰਵਾ ਲਈਆਂ ਹਨ। ਕੱਚੀਆਂ ਗਲੀਆਂ ਵਿੱਚ ਮੀਂਹਾਂ ਦੌਰਾਨ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਪਿੰਡ ਵਾਸੀ ਬਿਨਾਂ ਕਿਸੇ ਵਿਤਕਰੇ ਤੋਂ ਪਿੰਡ ਦਾ ਵਿਕਾਸ ਕੀਤੇ ਜਾਣ ਦੀ ਮੰਗ ਕਰਦੇ ਹਨ। ਪਿੰਡ ਦੇ ਕਾਫ਼ੀ ਲੋਕ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਕਿੱਤਾ ਕਰਦੇ ਹਨ ਪਰ ਪਸ਼ੂਆਂ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੋ ਜਾਣ ’ਤੇ ਉਨ੍ਹਾਂ ਨੂੰ ਪਸਿਆਣੇ ਤਕ ਪਹੁੰਚ ਕਰਨੀ ਪੈਂਦੀ ਹੈ।
ਪਿੰਡ ਵਾਸੀ ਬਾਹਰੋਂ ਆ ਕੇ ਵਸੇ ਲੋਕਾਂ ਨਾਲ ਈਰਖਾ ਕਰਨ ਦੀ ਥਾਂ ਉਨ੍ਹਾਂ ਨਾਲ ਮਿਲ-ਜੁਲ ਕੇ ਰਹਿੰਦੇ ਹਨ। ਪਿੰਡ ਵਾਸੀ ਉਨ੍ਹਾਂ ਨਾਲ ਬੜੀ ਖੁੱਲ੍ਹ-ਦਿਲੀ ਨਾਲ ਪੇਸ਼ ਆਉਂਦੇ ਹਨ। ਬਾਹਰੋਂ ਆਏ ਲੋਕਾਂ ਵਿੱਚ ਫ਼ੌਜੀ ਅਫ਼ਸਰ, ਮੁਲਾਜ਼ਮ, ਕਿਸਾਨ ਅਤੇ ਪ੍ਰਾਪਰਟੀ ਡੀਲਰ ਸ਼ਾਮਿਲ ਹਨ। ਪਿੰਡ ਦੇ ਕੁਝ ਕੁ ਗਿਣਤੀ ਦੇ ਲੋਕ ਵਿਦੇਸ਼ ਵੀ ਗਏ ਹੋਏ ਹਨ। ਇਹ ਪਿੰਡ ਸ਼ਹਿਰ ਦੇ ਬਾਹਰਵਾਰ ਹੋਣ ਕਾਰਨ ਭੀੜ-ਭੜੱਕੇ ਤੋਂ ਬਚਿਆ ਹੋਇਆ ਹੈ। ਭਾਖੜਾ ਦੇ ਕਿਨਾਰੇ ਵੱਸਿਆ ਸ਼ਾਂਤ ਵਾਤਾਵਰਣ ਵਾਲਾ   ਇਹ ਪਿੰਡ ਮਨ ਨੂੰ ਆਪਣੇ ਵੱਲ ਖਿੱਚ ਪਾਉਂਦਾ ਹੈ।
ਸੰਪਰਕ: 94642-24314


Comments Off on ਪਾਣੀਆਂ ਦਾ ਸੰਗ ਮਾਣਦਾ ਪਿੰਡ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.