ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੁਆਧ ਦਾ ਅਣਗੌਲਿਆ ਸਿਰਲੱਥ ਸੁਤੰਤਰਤਾ ਸੰਗਰਾਮੀ

Posted On February - 28 - 2017

12802CD _RATAN NEWਮਨਮੋਹਨ ਸਿੰਘ ਦਾਊਂ

ਖਰੜ-ਰੋਪੜ ਸ਼ਾਹਰਾਹ ’ਤੇ ਖੱਬੇ ਹੱਥ ਥੋੜ੍ਹਾ ਹਟਵਾਂ ਪਿੰਡ ਸਹੌੜਾਂ ਸਥਿਤ ਹੈ। ਰਤਨ ਸਿੰਘ ਦਾ ਜਨਮ ਇੱਥੋਂ ਦੇ ਬਸੰਤ ਸਿੰਘ ਦਫ਼ੇਦਾਰ ਤੇ ਗਣੇਸ਼ ਕੌਰ ਦੇ ਘਰ ਉੜੀਸਾ ਰਾਜ ਵਿੱਚ  18 ਅਗਸਤ, 1900 ਨੂੰ ਹੋਇਆ। ਗੁਰਮਤਿ ਦੀ ਲਗਨ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਲੱਗੀ, ਜਿਨ੍ਹਾਂ ਨੇ 1912 ਵਿੱਚ ਫ਼ੌਜ ਤੋਂ ਸੇਵਾਮੁਕਤ ਹੋਣ ਪਿੱਛੋਂ ਪਿੰਡ ਸਹੌੜਾਂ ਆ ਕੇ ਖੇਤੀ ਦੇ ਕੰਮਾਂ ਦੇ ਨਾਲ-ਨਾਲ ਸਿੱਖੀ ਪ੍ਰਚਾਰ ਸ਼ੁਰੂ ਕੀਤਾ। ਇਨ੍ਹਾਂ ਸਾਰੀਆਂ ਧਾਰਮਿਕ ਸਰਗਰਮੀਆਂ ਵਿੱਚ ਉਨ੍ਹਾਂ ਨੇ ਰਤਨ ਸਿੰਘ ਨੂੰ ਆਪਣੇ ਨਾਲ ਰੱਖਿਆ। ਰਤਨ ਸਿੰਘ ਪਿਤਾ ਨਾਲ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਤੇ ਖਰੜ ਵਿੱਚ ਪੜ੍ਹਾਈ ਵੀ ਕਰਦੇ ਰਹੇ। ਉਨ੍ਹਾਂ ਦਾ ਸੁਭਾਅ ਬੜਾ ਨਿਮਰ ਤੇ ਮਿਲਾਪੜਾ ਸੀ।
ਗਿਆਨੀ ਰਤਨ ਸਿੰਘ 1916 ਵਿੱਚ ਫ਼ੌਜ ਦੇ 32 ਲਾਂਸਰਜ ਵਿੱਚ ਭਰਤੀ ਹੋਏ ਤੇ ਛੇਤੀ ਹੀ ਤੱਰਕੀ ਕੋਰਸ ਕਰ ਕੇ ਲਾਂਸ ਦਫ਼ੇਦਾਰ ਬਣ ਗਏ। ਇਨ੍ਹਾਂ ਦਿਨਾਂ ਵਿੱਚ ਫ਼ੌਜ ਵਿੱਚ ਕ੍ਰਿਪਾਨ ਪਹਿਨਣ ਦਾ ਮਸਲਾ ਉਠਿਆ ਅਤੇ ਸਿੱਖ ਫ਼ੌਜੀਆਂ ਦੇ ਕ੍ਰਿਪਾਨ ਪਹਿਨਣ ਉੱਤੇ ਪਾਬੰਦੀ ਲੱਗ ਗਈ। ਇਸ ਦਾ ਵਿਰੋਧ ਕਰਦਿਆਂ ਰਤਨ ਸਿੰਘ ਨੇ ਫ਼ੌਜ ਦੀ ਨੌਕਰੀ ਛੱਡਣ ਦਾ ਫ਼ੈਸਲਾ ਲਿਆ ਤੇ 2 ਸਾਲ 7 ਮਹੀਨੇ 13 ਦਿਨ ਦੀ ਸਰਵਿਸ ਕਰ ਕੇ 31 ਮਾਰਚ, 1919 ਨੂੰ ਨਸ਼ੀਰਾਬਾਦ ਤੋਂ ਸੇਵਾਮੁਕਤ ਹੋ ਗਏ ਤੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਸਰਗਰਮ ਹੋ ਗਏ। ਇਨ੍ਹਾਂ ਸਰਗਰਮੀਆਂ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਪੁਲੀਸ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਦਾ ਵਿਆਹ ਪਿੰਡ ਖੇੜੀ ਸਿਲਾਬਤਪੁਰ ਦੇ ਗੁਰਸਿੱਖ ਪਰਿਵਾਰ ਵਿੱਚ ਸਰਦਾਰ ਮੇਲਾ ਸਿੰਘ ਦੀ ਪੁੱਤਰੀ ਦਿਆਲ ਕੌਰ ਨਾਲ ਹੋਇਆ। ਉਨ੍ਹਾਂ ਦੇ  ਦੋ ਬੱਚੇ ਹਰਿੰਦਰ ਕੌਰ ਅਤੇ ਜੀਵਨ   ਸਿੰਘ ਹੋਏ।
ਭਰੇ ਇਕੱਠਾਂ ਵਿੱਚ ਸਰਕਾਰ ਵਿਰੁੱਧ ਤਕਰੀਰਾਂ ਕਰ ਕੇ ਲੋਕਾਂ ਵਿੱਚ ਜੋਸ਼ ਭਰਨਾ ਤੇ ਪੁਲੀਸ ਨੂੰ ਧੋਖਾ ਦੇ ਕੇ ਨਿਕਲ ਜਾਣਾ ਗਿਆਨੀ ਰਤਨ ਸਿੰਘ ਦੀ ਖ਼ਾਸੀਅਤ ਸੀ। 23 ਅਪਰੈਲ, 1922 ਨੂੰ ਮਨਸਾ ਦੇਵੀ ਦੇ ਮੇਲੇ ’ਤੇ ਦਫ਼ਾ 144 ਤੋੜਦਿਆਂ ਉਨ੍ਹਾਂ ਨੇ ਕਾਨਫਰੰਸ ਕੀਤੀ। ਸਟੇਜ ਸਕੱਤਰ ਵਜੋਂ ਅੰਗਰੇਜ਼ ਸਰਕਾਰ ਵਿਰੁੱਧ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ 6 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਚੰਡੀ ਮੰਦਰ ਦੇ ਸਪੈਸ਼ਲ ਜੱਜ ਨੇ ਉਨ੍ਹਾਂ ਨੂੰ 2 ਸਾਲ ਕੈਦ ਅਤੇ 100 ਰੁਪਏ ਜਰਮਾਨੇ ਦੀ ਸਜ਼ਾ ਸੁਣਾਈ।  ਪਹਿਲਾਂ ਉਨ੍ਹਾਂ ਨੂੰ ਅੰਬਾਲਾ ਜੇਲ੍ਹ ਤੇ ਬਾਅਦ ਵਿੱਚ ਤਸ਼ੱਦਦ ਲਈ ਮਸ਼ਹੂਰ ਮਿੰਟ ਗੁਮਰੀ ਤੇ ਮੁਲਤਾਨ ਜੇਲ੍ਹਾਂ ਵਿੱਚ ਭੇਜਿਆ ਗਿਆ। ਮੁਲਤਾਨ ਜੇਲ੍ਹ ਵਿੱਚ ਗੋਕਲ ਚੰਦ ਦਰੋਗੇ ਨੇ ਅੰਗਰੇਜ਼ ਸੁਪਰਡੈਂਟ ਜੇਲ੍ਹ ਮਿਸਟਰ ਟਿਊਰ ਨੂੰ ਖੜ੍ਹੇ ਹੋ ਕੇ ਸਲਾਮ ਨਾ ਕਰਨ ਤੇ ਪ੍ਰੇਡ ਲਗਾ ਕੇ ਆਪਣੇ ਕੱਪੜੇ ਨਾ ਦਿਖਾਉਣ ਦੇ ਦੋਸ਼ ਵਿੱਚ ਰਤਨ ਸਿੰਘ ਨੂੰ ਫੜ ਕੇ ਧਰਤੀ ’ਤੇ ਲਗਾਤਾਰ ਉਦੋਂ ਤਕ ਪਟਕਾਇਆ ਜਦੋਂ ਤਕ ਉਹ ਬੇਹੋਸ਼ ਨਾ ਹੋ ਗਏ। ਬੇਹੋਸ਼ੀ ਵਿੱਚ ਹੀ ਬੰਦ ਕੋਠੀ ਵਿੱਚ ਸੁੱਟ ਦਿੱਤਾ ਗਿਆ। ਉਨ੍ਹਾਂ ਨੂੰ ਮਰਿਆ ਸਮਝ ਦੇ ਸਾਇਰਨ ਵਜਾ ਕੇ ਫ਼ੌਜ ਬੁਲਾ ਲਈ ਗਈ ਪਰ ਜ਼ਿੰਦਾ ਵੇਖ ਕੇ ਉਨ੍ਹਾਂ ਨੂੰ ਕੰਮ ਤੋਂ ਇਨਕਾਰੀ ਹੋਣ ਅਤੇ ਪਰੇਡ ਨਾ ਲਾਉਣ ਦੇ ਦੋਸ਼ ਹੇਠ 15 ਦਿਨ ਲਈ ਕੋਠੀ ਵਿੱਚ ਬੰਦ ਕੀਤਾ ਗਿਆ ਅਤੇ 18 ਸੇਰ ਆਟਾ ਰੋਜ਼ ਪੀਹਣ ਦੀ ਸਜ਼ਾ ਦਿੱਤੀ ਗਈ।
10512cd _manmohan singh daun1924 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਰਤਨ ਸਿੰਘ ਨੂੰ ਇਲਾਕੇ ਦੀਆਂ ਸੰਗਤਾਂ ਨੇ ਵਾਜਿਆਂ-ਗਾਜਿਆਂ ਨਾਲ ਖਰੜ ਤੋਂ ਜਲੂਸ ਕੱਢ ਕੇ ਪਿੰਡ ਲਿਆਂਦਾ। ਉਦੋਂ ਉਨ੍ਹਾਂ ਦੀ ਉਮਰ 24 ਸਾਲ ਸੀ। 1925 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਦੇ ਮੋਰਚੇ ਵਿੱਚ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਏ। ਜੂਨ 1926 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ, ਜਿਸ ਦੀ ਪਹਿਲੀ ਮੀਟਿੰਗ 4 ਸਤੰਬਰ, 1926 ਨੂੰ ਟਾਊਨ ਹਾਲ ਅੰਮ੍ਰਿਤਸਰ ਵਿੱਚ ਹੋਈ, ਜਿਸ ਵਿੱਚ ਕਮੇਟੀ ਦੇ ਸਾਰੇ 135 ਮੈਂਬਰ ਹਾਜ਼ਰ ਹੋਏ। 2 ਅਕਤੂਬਰ 1926 ਨੂੰ ਹੋਈ ਪਹਿਲੀ ਇਕੱਤਰਤਾ ਵਿੱਚ ਬਾਬਾ ਖੜਕ ਸਿੰਘ ਨੂੰ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਤੇ ਮਾਸਟਰ ਤਾਰਾ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਬਾਬਾ ਖੜਕ ਸਿੰਘ ਦੀ ਗ਼ੈਰ ਮੌਜਦੂਗੀ ਵਿੱਚ ਗਿਆਨੀ ਜੀ ਨੂੰ ਪ੍ਰਧਾਨ ਵਜੋਂ ਕੰਮ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ।
3 ਅਕਤੂਬਰ, 1926 ਨੂੰ ਹੋਈ ਕਮੇਟੀ ਮੀਟਿੰਗ ਵਿੱਚ ਗਿਆਨੀ ਰਤਨ ਸਿੰਘ ਨੂੰ ਸਰਬਸੰਮਤੀ ਨਾਲ ਦਰਬਾਰ ਸਾਹਿਬ ਕਮੇਟੀ ਦਾ ਮੈਂਬਰ ਚੁਣਿਆ ਗਿਆ। ਉਹ 1931 ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 1928 ਵਿੱਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਤੇ ਮਈ 1928 ਤੋਂ ਖ਼ਾਲਸਾ ਹਾਈ ਸਕੂਲ ਰੋਪੜ ਤੋਂ ਅਧਿਆਪਨ ਦਾ ਕੰਮ ਆਰੰਭ ਕੀਤਾ। 1940 ਵਿੱਚ ਉਨ੍ਹਾਂ ਨੇ ਪੁਸਤਕ ‘ਨਿਰਾਲੀ ਚਮਕ’ ਲਿਖ ਕੇ ਪੰਥ ਦਾ ਧਿਆਨ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਇਤਿਹਾਸ ਵੱਲ ਦਿਵਾ ਕੇ ਉਸ ਦੀ ਮੁੜ ਉਸਾਰੀ ਦਾ ਉਪਰਾਲਾ ਕੀਤਾ।
ਆਰਥਿਕ ਤੰਗੀਆਂ ਕਾਰਨ ਉਨ੍ਹਾਂ ਦਾ ਅਣਛਪਿਆ ਗੁਰਮਤਿ ਸਾਹਿਤ ਲਗਪਗ 13 ਹੱਥ ਲਿਖਤ ਕਾਪੀਆਂ ਵਿੱਚ ਉਨ੍ਹਾਂ ਦੇ ਪੁੱਤਰ ਗਿਆਨੀ ਜੀਵਨ ਸਿੰਘ ਨੇ ਸਾਂਭਿਆ ਹੋਇਆ ਹੈ। ਇਨ੍ਹਾਂ ਲਿਖਤਾਂ ਨੂੰ ਪੜ੍ਹ ਕੇ ਗੁਰਬਾਣੀ ਦੇ ਗਿਆਤਾ ਵਜੋਂ ਗਿਆਨੀ ਰਤਨ ਸਿੰਘ ਦੀ ਵਿਦਵਤਾ ਅਤੇ ਦ੍ਰਿਸ਼ਟੀ ਹੈਰਾਨ  ਕਰ ਦੇਣ ਵਾਲੀ ਹੈ। ਸ੍ਰੀ ਚਮਕੌਰ ਸਾਹਿਬ ਤੋਂ ਬਾਅਦ ਪੰਜ ਸਾਲ (30 ਸਤੰਬਰ, 1943 ਤੋਂ 1948 ਤਕ) ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ ਅੰਬਾਲਾ ਸ਼ਹਿਰ ਵਿੱਚ ਸੇਵਾ ਨਿਭਾਈ। ਇੱਥੇ ਰਹਿੰਦਿਆਂ ਦੇਸ਼ ਦੇ ਬਟਵਾਰੇ ਸਮੇਂ ਰਫਿਊਜੀ ਕੈਂਪਾਂ ਵਿੱਚ ਰਫਿਊਜੀਆਂ ਦੀ ਸਾਂਭ ਸੰਭਾਲ ਵਿੱਚ ਫਿਊਲ ਇੰਚਾਰਜ ਵਜੋਂ ਹਿੱਸਾ ਪਾਇਆ। ਕੈਂਪ ਕਮਾਂਡਰ ਨੇ 22 ਫਰਵਰੀ, 1948 ਨੂੰ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤਾ।
ਪ੍ਰਿੰ. ਤਾਰਾ ਸਿੰਘ ਨੇ ਉਨ੍ਹਾਂ ਨੂੰ ਖ਼ਾਲਸਾ ਹਾਇਰ ਸੈਕੰਡਰੀ ਸਕੂਲ, ਦੇਵ ਨਗਰ  ਦਿੱਲੀ ਵਿੱਚ ਬੁਲਾ ਲਿਆ, ਜਿੱਥੇ ਉਹ 23 ਅਗਸਤ, 1948 ਤੋਂ 1965 ਤਕ ਸ਼ਾਨਦਾਰ  ਸੇਵਾਵਾਂ ਨਿਭਾਉਂਦਿਆਂ ਸੇਵਾਮੁਕਤ ਹੋਏ। 1965 ਵਿੱਚ ਰਿਟਾਇਰ ਹੋਣ ਪਿੱਛੋਂ ਉਨ੍ਹਾਂ ਨੇ ਕੁਝ ਸਮਾਂ ਬਲਦੇਵ ਸਿੰਘ ਮੈਮੋਰੀਅਲ ਸਕੂਲ ਖਰੜ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। ਉੱਥੋਂ ਨੌਕਰੀ ਛੱਡ ਕੇ ਉਨ੍ਹਾਂ ਪਿੰਡ ਸਹੌੜਾਂ ਦੇ ਬਾਬਾ ਸੇਢਾ ਸਿੰਘ ਦੇ ਸਥਾਨ ਨੂੰ ਪਿੰਡ ਦੀ ਸਮੁੱਚੀ ਤਰੱਕੀ ਲਈ ਅਧਾਰ ਬਣਾਇਆ ਤੇ ਆਪਣਾ ਰਹਿੰਦਾ ਜੀਵਨ ਪਰਉਪਕਾਰ ਲਈ ਸਮਰਪਿਤ ਕਰ ਦਿੱਤਾ। ਭਾਰਤ ਸਰਕਾਰ ਵੱਲੋਂ 15 ਅਗਸਤ, 1972 ਤੇ 15 ਅਗਸਤ, 1988 ਨੂੰ ਉਨ੍ਹਾਂ ਨੂੰ ਤਾਮਰ ਪੱਤਰ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ ਗਿਆ। 15 ਜਨਵਰੀ, 1995 ਨੂੰ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਸੰਪਰਕ: 98151-23900


Comments Off on ਪੁਆਧ ਦਾ ਅਣਗੌਲਿਆ ਸਿਰਲੱਥ ਸੁਤੰਤਰਤਾ ਸੰਗਰਾਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.