ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਪੁਰਾਣਿਆਂ ਨਾਲੋਂ ਘੱਟ ਨਹੀਂ ਬੌਲੀਵੁੱਡ ਦੇ ਨਵੇਂ ਗੀਤਕਾਰ

Posted On February - 11 - 2017
ਅਮਿਤਾਭ ਭੱਟਾਚਾਰੀਆ

ਅਮਿਤਾਭ ਭੱਟਾਚਾਰੀਆ

ਸੁਰਿੰਦਰ ਮੱਲ੍ਹੀ
ਕੁਝ ਦਿਨ ਪਹਿਲਾਂ ਇੱਕ ਖਾਸ ਸਾਹਿਤਕ  ਪ੍ਰੋਗਰਾਮ ਵਿੱਚ ਗੀਤਕਾਰ ਜਾਵੇਦ ਅਖ਼ਤਰ ਨਾਲ ਬੰਗਲੌਰ ਦੇ ਕਾਰ ਮੰਗਲਾ ਕਲੱਬ ਵਿੱਚ ਮੁਲਾਕਾਤ ਹੋਈ। ਇਸ ਅਵਸਰ ’ਤੇ ਕੁਝ ਹੋਰ ਸਾਹਿਤਕਾਰ ਅਤੇ ਆਲੋਚਕ ਵੀ ਮੌਜੂਦ ਸਨ। ਸਮਾਗਮ ਦੇ ਦੌਰਾਨ ਵਰਤਮਾਨ ਫ਼ਿਲਮਾਂ ਦੇ ਗੀਤਾਂ ਦੇ ਸੰਕਲਪ ਅਤੇ ਸਰੂਪ ਦੇ ਬਾਰੇ ਵਿੱਚ ਚਰਚਾ ਸ਼ੁਰੂ ਹੋਈ ਤਾਂ ਬਹੁ-ਗਿਣਤੀ ਵਿੱਚ ਸਰੋਤਿਆਂ ਨੇ ਮੌਜੂਦਾ ਗੀਤਕਾਰੀ ਨੂੰ ਸਤਰਹੀਨ ਅਤੇ ਘਟੀਆ ਐਲਾਨਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ।
ਪਰ ਇਸ ਪ੍ਰਬਲ ਵਿਚਾਰਧਾਰਾ ਦੇ ਵਿਪਰੀਤ ਜਾਵੇਦ ਅਖ਼ਤਰ ਨੇ ਆਪਣਾ ਨੁਕਤਾ ਇੰਜ ਪੇਸ਼ ਕੀਤਾ-‘ਮੈਂ ਇਸ ਤਰਕ ਨਾਲ ਸਹਿਮਤ ਨਹੀਂ ਹਾਂ ਕਿ ਇਸ ਵੇਲੇ ਦੀਆਂ ਫ਼ਿਲਮਾਂ ਦੀ ਗੀਤਕਾਰੀ ਦਾ ਮਿਆਰ ਘੱਟ ਹੈ ਜਾਂ ਕਿ ਇਹ ਸਸਤੀ ਕਿਸਮ ਦੀ ਹੋ ਗਈ ਹੈ। ਸੱਚਾਈ ਤਾਂ ਇਹ ਹੈ ਕਿ ਜਿਸ ਤਰ੍ਹਾਂ ਦੇ ਵਿਸ਼ੇ ਹੁਣ ਫ਼ਿਲਮਸਾਜ਼ ਚੁਣ ਰਹੇ ਹਨ, ਉਨ੍ਹਾਂ ਨੂੰ ਪ੍ਰਮੁੱਖ ਰੱਖ ਕੇ ਗੀਤ ਲਿਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਨਵੇਂ ਗੀਤਕਾਰਾਂ ਨੂੰ ਦਾਦ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਕਠਿਨ ਪਰੰਪਰਾਵਾਂ ਨੂੰ ਸੰਗੀਤਕ ਰੰਗ ਪ੍ਰਦਾਨ ਕੀਤਾ ਹੈ।’’
ਜਾਵੇਦ ਅਖ਼ਤਰ ਨੇ ਇਸ ਅਵਸਰ ’ਤੇ ਕੁਝ ਗਿਣੇ-ਚੁਣੇ ਗੀਤਕਾਰਾਂ ਦੀਆਂ ਉਪਲੱਬਧੀਆਂ ਦੇ ਹਵਾਲੇ ਦਿੱਤੇ। ਇਨ੍ਹਾਂ ਵਿੱਚੋਂ ਪ੍ਰਸੂਨ ਜੋਸ਼ੀ ਦਾ ਨਾਂ ਸਭ ਤੋਂ ਪਹਿਲਾਂ ਲਿਆ ਗਿਆ। ਪ੍ਰਸੂਨ ਜੋਸ਼ੀ ਦਾ ਪਿਛੋਕੜ ਉੱਤਰਾਖੰਡ ਨਾਲ ਹੈ। ਫ਼ਿਲਮਾਂ ’ਚ ਉਹ ਇਸ਼ਤਿਹਾਰ ਫ਼ਿਲਮਾਂ ਬਣਾਉਣ ਲਈ ਆਇਆ ਸੀ। ਇਸ਼ਤਿਹਾਰ ਫ਼ਿਲਮਾਂ ਦੇ ਖੇਤਰ ਵਿੱਚ ਵੀ ਜੋਸ਼ੀ ਨੇ ਕਈ ਨਵੇਂ ਤਜਰਬੇ ਕੀਤੇ ਸਨ। ਪਰ ਉਸ ਵਿਚਲੇ ਗੀਤਕਾਰ ਨੂੰ ਪ੍ਰਮੁੱਖ ਤੌਰ ’ਤੇ ਤਾਂ ਆਮਿਰ ਖ਼ਾਨ ਨੇ ਹੀ ਪਛਾਣਿਆ ਸੀ। ਲਿਹਾਜ਼ਾ, ਆਮਿਰ ਨੇ ਜਦੋਂ ‘ਤਾਰੇ ਜ਼ਮੀਂ ਪਰ’ ਦਾ ਟਾਈਟਲ  ਗੀਤ ਲਿਖਣ ਲਈ ਉਸ ਨੂੰ ਪ੍ਰਸਤਾਵ ਦਿੱਤਾ ਤਾਂ ਇੱਕ ਵਾਰ ਫਿਰ ਇਸ ਗੀਤਕਾਰ ਨੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਸੀ। ਜਾਵੇਦ ਅਖ਼ਤਰ ਦੇ ਅਨੁਸਾਰ ‘‘ਹਿੰਦੀ ਸਿਨਮਾ ਦੇ ਸੰਦਰਭ ’ਚ ਸ਼ੈਲੇਂਦਰ ਤੋਂ ਬਾਅਦ ਪ੍ਰਸੂਨ ਜੋਸ਼ੀ ਹੀ ਇੱਕ ਅਜਿਹਾ ਗੀਤਕਾਰ ਹੈ, ਜਿਹੜਾ ਕਿ ਕਠਿਨ ਪ੍ਰਸਥਿਤੀ ਨੂੰ ਵੀ ਆਸਾਨ ਸ਼ਬਦਾਂ ’ਚ  ਗੀਤ ਦੇ ਮਾਧਿਅਮ ਰਾਹੀਂ ਪੇਸ਼ ਕਰਨ ਦੀ ਅਦਭੁੱਤ ਯੋਗਤਾ ਰੱਖਦਾ ਹੈ।’’

ਪ੍ਰਸੂਨ ਜੋਸ਼ੀ

ਪ੍ਰਸੂਨ ਜੋਸ਼ੀ

ਮਾਲੇਰਕੋਟਲੇ ਨਾਲ ਸਬੰਧਿਤ ਸ਼ਾਇਰ ਇਰਸ਼ਾਦ ਕਾਮਿਲ ਦਾ ਵੀ ਜਾਵੇਦ ਅਖ਼ਤਰ ਨੇ ਦਿਲ ਖੋਲ੍ਹ ਕੇ ਸੁਆਗਤ ਕੀਤਾ। ਇਰਸ਼ਾਦ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਦੋ-ਤਿੰਨ ਭਾਸ਼ਾਵਾਂ ’ਤੇ ਪੂਰੀ ਪਕੜ ਰੱਖਦਾ ਹੈ।  ਮਾਤ ਭਾਸ਼ਾ ਤਾਂ ਉਸ ਦੀ ਪੰਜਾਬੀ ਹੈ, ਪਰ ਹਿੰਦੀ ’ਚ ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਰਦੂ ਭਾਸ਼ਾ ਉਸ ਨੂੰ ਆਪਣੇ  ਮੁਸਲਿਮ ਵਿਰਸੇ ਤੋਂ ਮਿਲੀ ਹੋਈ ਹੈ। ਫਲਸਰੂਪ ਇਨ੍ਹਾਂ ਭਾਸ਼ਾਵਾਂ ਦਾ ਉਸ ਦੀਆਂ ਰਚਨਾਵਾਂ ’ਤੇ ਵੀ ਭਰਪੂਰ ਅਸਰ ਦੇਖਿਆ ਜਾ ਸਕਦਾ ਹੈ।
ਮਿਸਾਲ ਦੇ ਤੌਰ  ’ਤੇ ‘ਲਵ ਆਜ ਕਲ’ ਵਿਚਲਾ ਗੀਤ ‘ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ’ ਉਸ ਨੇ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਰਚਨਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ।  ‘ਸੁਲਤਾਨ’ ਦਾ ਪ੍ਰਸਿੱਧ ਗੀਤ ‘ਜਗ ਘੁੰਮਿਆ, ਥਾਰੇ ਜੈਸਾ ਨਾ ਕੋਈ’ ਵੀ ਉਸ ਦੀ ਬਹੁ-ਸੰਸਕ੍ਰਿਤੀ ਪ੍ਰਤੀ ਪਕੜ ਦਾ ਨਮੂਨਾ ਸੀ। ਵੈਸੇ ਇਥੇ ਦੱਸਣਾ ਵੀ ਸ਼ਾਇਦ ਉਚਿਤ ਹੋਵੇਗਾ ਕਿ ਇਰਸ਼ਾਦ ਨੂੰ ਇਹ ਬਹੁ-ਰੰਗੀ ਭਾਸ਼ਾ ਦਾ ਖ਼ਜ਼ਾਨਾ ਆਪਣੀ ਪੱਤਰਕਾਰੀ ਦੇ ਦੌਰਾਨ ਹੀ ਮਿਲਿਆ ਸੀ। ਉਸ ਨੇ ਕੁਝ ਸਮਾਂ ‘ਦੈਨਿਕ ਟ੍ਰਿਬਿਊਨ’ ਵਿੱਚ ਬਤੌਰ ਅਨੁਵਾਦਕ ਕੰਮ ਕੀਤਾ ਸੀ। ਇਸ ਲਈ ਪੰਜਾਬੀ, ਹਿੰਦੀ, ਹਰਿਆਣਵੀ ਅਤੇ ਅੰਗਰੇਜ਼ੀ ਭਾਸ਼ਾਵਾਂ ਨੂੰ ਸਮਝਣ ’ਚ ਉਸ ਨੂੰ ਕੋਈ ਮੁਸ਼ਕਿਲ ਨਹੀਂ ਆਈ ਸੀ। ਸਗੋਂ ਇਨ੍ਹਾਂ ਭਾਸ਼ਾਵਾਂ ਨੇ ਉਸ ਵਿਚਲੇ ਕਵੀ ਨੂੰ ਨਿਖਾਰਿਆ ਸੀ। ਉਹ ਖੁਦ ਕੁਹਿੰਦਾ ਹੈ-‘‘ਜਿਹੜਾ ਸਮਾਂ ਮੈਂ ਚੰਡੀਗੜ੍ਹ ਰਹਿ ਕੇ ਅਖ਼ਬਾਰਾਂ ਲਈ ਕੰਮ ਕਰਨ ’ਚ ਬਤੀਤ ਕੀਤਾ ਸੀ, ਉਸ ਨੇ ਮੇਰੇ ਅਚੇਤਨ ਮਨ ’ਤੇ ਬੜਾ ਅਸਰ ਕੀਤਾ ਸੀ।’’
ਪਰ ‘ਸੁਲਤਾਨ’ ਤੋਂ ਵੱਧ ਕਮਾਈ ਕਰਨ ਵਾਲੀ ‘ਦੰਗਲ’ ਫ਼ਿਲਮ ਦਾ ਗੀਤਕਾਰ ਅਮਿਤਾਭ ਭੱਟਾਚਾਰੀਆ ਵੀ ਆਪਣੀ ਪ੍ਰਯੋਗਾਤਮਿਕ ਸ਼ੈਲੀ ਕਰਕੇ ਜਾਣਿਆ ਜਾਂਦਾ ਹੈ। ‘ਦੰਗਲ’ ਦੇ ਹੀ ਕੁਝ ਗੀਤਾਂ ਦੇ ਬੋਲ (‘ਹਾਨੀਕਾਰਕ ਬਾਪੂ’, ‘ਐਸੀ ਧਾਕੜ ਹੈ’) ਪੜ੍ਹਨ ਜਾਂ ਸੁਣਨ ਨੂੰ ਕਾਵਿ-ਰਸ ਦਾ ਵਧੀਆ ਨਮੂਨਾ ਤਾਂ ਨਹੀਂ ਲੱਗਦੇ, ਪਰ ਫ਼ਿਲਮ ਦੀ ਆਤਮਾ ਨੂੰ ਇਹ ਪੂਰੀ ਤਰ੍ਹਾਂ ਸੰਜੀਵ ਕਰ ਦਿੰਦੇ ਹਨ। ਇਸੇ ਤਰ੍ਹਾਂ ਅਮਿਤਾਭ ਦੇ ਕੁਝ ਹੋਰ ਗੀਤ (‘ਬਦਤਮੀਜ਼ ਦਿਲ’, ‘ਮੈਂ ਕਰੁੰ ਤੋਂ ਸਾਲਾ ਕਰੈਕਟਰ ਢੀਲਾ  ਹੈ’) ਸਰੋਤਿਆਂ/ਦਰਸ਼ਕਾਂ ਨੂੰ ਨੱਚਣ ਲਈ  ਮਜਬੂਰ ਕਰ ਦਿੰਦੇ ਹਨ। ਆਪਣੇ ਸੰਖੇਪ ਜਿਹੇ ਫ਼ਿਲਮੀ ਸਫਰ ’ਚ ਇਸ ਗੀਤਕਾਰ ਨੇ ‘ਬੈਂਡ ਬਾਜਾ ਬਾਰਾਤ’, ‘ਅਗਨੀਪੱਥ’, ‘ਲੁਟੇਰਾ’, ‘ਯੇਹ ਜਵਾਨੀ ਹੈ ਦੀਵਾਨੀ’ ਅਤੇ ‘ਚੇਨਈ ਐਕਸਪ੍ਰੈੱਸ’ ਲਈ ਕੁਝ ਬਹੁਤ ਹੀ ਲੋਕਪ੍ਰਿਆ ਗੀਤਾਂ ਦੀ ਰਚਨਾ ਕੀਤੀ ਹੈ।

ਇਰਸ਼ਾਦ ਕਾਮਿਲ

ਇਰਸ਼ਾਦ ਕਾਮਿਲ

ਨਵੇਂ ਗੀਤਕਾਰਾਂ ’ਚ ਮਿਥੁਨ ਦਾ ਨਾਂ ਵੀ ਬਹੁਤ ਤੇਜ਼ੀ ਨਾਲ ਉੱਭਰ ਰਿਹਾ ਹੈ, ‘ਮਿਥੁਨ ਦੇ ਲਿਖੇ ਹੋਏ ਕੁਝ ਗੀਤ (‘ਤੇਰੀ ਗਲੀਆਂ’, ‘ਬੰਜਾਰਾ’, ਸਨਮ ਰੇ’) ਦਰਸ਼ਕਾਂ ਲਈ ਸੰਗੀਤਕ ਵਰਦਾਨ ਸਿੱਧ ਹੋਏ ਹਨ। ਫ਼ਿਲਮ ‘ਆਸ਼ਿਕੀ 2’ ਦਾ ਉਸ ਦਾ   ਲਿਖਿਆ ਹੋਇਆ ਗੀਤ ‘ਕਿਉਂਕਿ ਤੁਮ ਹੀ ਹੋ’ ਅੱਜ ਵੀ ਇੱਕ ਸਦਾਬਹਾਰ ਗੀਤਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਆਪਣੇ ਗੀਤਾਂ ਦੀ ਨੁਹਾਰ ਨੂੰ ਮਿਥੁਨ ਇੰਜ ਦੱਸਦਾ ਹੈ- ‘ਮੈਂ ਪ੍ਰਮੁੱਖ ਤੌਰ ’ਤੇ ਯੁਵਾ ਧੜਕਣਾਂ ਦਾ ਗੀਤਕਾਰ ਹਾਂ। ਮੈਂ ਰੁਮਾਂਸ ਦੇ ਕੋਮਲ ਪਲਾਂ ਨੂੰ ਕਲਮਬੰਦ  ਕਰਨ ’ਚ ਆਪਣੇ-ਆਪ ਨੂੰ  ਬਹੁਤ ਹੀ ਸਹਿਜ ਸਮਝਦਾ ਹਾਂ।’’
ਦਿੱਲੀ ਦੇ ਕਰੋੜੀਮਲ ਕਾਲਜ ’ਚੋਂ ਪੜ੍ਹਾਈ ਮੁਕੰਮਲ ਕਰਨ ਵਾਲੇ ਰਾਜਸ਼ੇਖਰ ਨੇ ਵੀ ਗੀਤਕਾਰੀ ਨੂੰ  ਇੱਕ ਚੁਣੌਤੀਪੂਰਨ ਧੰਦੇ ਵਜੋਂ ਲਿਆ ਹੈ। ‘ਪੀਆ ਮੂਵ ਆਨ’ ਅਤੇ ‘ਰੰਗਰੇਜ ਮੇਰੇ’ ਵਰਗੇ ਗੀਤਾਂ ਨੂੰ ਰਚਣ ਵਾਲੇ ਇਸ ਗੀਤਕਾਰ ਦਾ ਦ੍ਰਿਸ਼ਟੀਕੋਣ ਵੀ ਬੜਾ ਅਲੱਗ ਹੈ। ਰਾਜਸ਼ੇਖਰ ਦੇ ਅਨੁਸਾਰ ‘‘ਫ਼ਿਲਮਾਂ ’ਚ ਗੀਤ ਕਿਤਾਬਾਂ ਲਈ ਨਹੀਂ ਬਲਕਿ ਉਨ੍ਹਾਂ ਦਰਸ਼ਕਾਂ ਲਈ ਲਿਖੇ ਜਾਂਦੇ ਹਨ ਜਿਹੜੇ ਕਿ ਪੈਸੇ ਖਰਚ ਕਰਕੇ ਕੁਝ ਚਿਰ ਲਈ ਸਵੱਛ ਮਨੋਰੰਜਨ ਦੀ ਭਾਲ ਕਰਦੇ ਹਨ।’’
ਸਾਲ 2015 ’ਚ ‘ਮੋਹ ਮੋਹ ਕੇ ਧਾਗੇ’ ਬਹੁਤ ਹੀ ਲੋਕਪ੍ਰਿਆ ਗੀਤ ਸਿੱਧ ਹੋਇਆ ਸੀ। ‘ਦਮ ਲਗਾ ਕੇ ਹਈਸ਼ਾ’ ਵਰਗੀ ਛੋਟੇ  ਬਜਟ ਦੀ ਫ਼ਿਲਮ ਨੂੰ  ਹੈਰਾਨੀਜਨਕ ਸਫਲਤਾ ਪ੍ਰਦਾਨ ਕਰਨ ਵਿੱਚ ਇਸ ਗੀਤ ਦੇ ਰਚਨਹਾਰੇ ਵਰੁਣ ਦਾ ਵਿਸ਼ੇਸ਼ ਯੋਗਦਾਨ ਸੀ। ਇਸ ਤੋਂ ਬਾਅਦ ‘ਫੈਨ’ ਵਿੱਚ ਲਿਖਿਆ ਹੋਇਆ ਉਸ ਦਾ ਗੀਤ ‘ਮੈਂ ਤੇਰਾ ਫੈਨ ਹੋ ਗਿਆ’ ਵੀ ਕਾਫ਼ੀ ਚਰਚਿਤ ਹੋਇਆ ਸੀ। ‘ਮਸਾਨ’ ਫ਼ਿਲਮ ਲਈ ਗੀਤਾਂ ਤੋਂ ਇਲਾਵਾ ਉਸ ਨੇ ਪਟਕਥਾ ਦੇ ਖੇਤਰ ’ਚ ਵੀ ਆਪਣੀ ਕਲਮ ਦੇ ਜੌਹਰ ਦਿਖਾਏ ਸਨ। ਇਸੇ ਤਰ੍ਹਾਂ ਹੀ ਉਸ ਨੇ ‘ਉੜਤਾ ਪੰਜਾਬ’, ‘ਬਾਂਬੇ ਵੈਲਵੇਟ’ ਅਤੇ ‘ਰਮਨ ਰਾਘਵ’ ਲਈ ਵੀ ਗ਼ੈਰ-ਪਰੰਪਰਾਵਾਦੀ ਰਚਨਾਵਾਂ ਲਿਖੀਆਂ ਹਨ।
ਸਿਰਫ਼ ਪੁਰਸ਼ ਗੀਤਕਾਰ ਹੀ ਨਹੀਂ ਬਲਕਿ ਕੁਝ ਮਹਿਲਾ ਗੀਤਕਾਰ ਵੀ ਹੁਣ ਇਸ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ। ਇਸ ਦ੍ਰਿਸ਼ਟੀਕੋਣ ਤੋਂ ਅਵਿੰਤਾ ਦੱਤਾ ਦਾ ਨਾਂ ਵੀ ਬੌਲੀਵੁੱਡ ਵਿੱਚ ਕਾਫ਼ੀ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਸ ਦੁਆਰਾ ਲਿਖੇ ਹੋਏ ਗੀਤਾਂ ਨੇ ਕਈਆਂ ਫ਼ਿਲਮਾਂ ਦੀ ਬਾਕਸ-ਆਫਿਸ ’ਤੇ ਕਿਸਮਤ ਚਮਕਾਉਣ ਵਿੱਚ ਮਦਦ ਕੀਤੀ ਹੈ। ‘ਸ਼ਾਨਦਾਰ’, ‘ਕੁਈਨ’, ‘ਬੈਂਗ ਬੈਂਗ’, ‘ਨੀਲ ਐਂਡ ਨਿੱਕੀ’, ‘ਦੋਸਤਾਨਾ’, ‘ਬਦਮਾਸ਼ ਕੰਪਨੀ’, ‘ਸਟੂਡੈਂਟ ਆਫ ਦਿ ਯੀਅਰ’ ਅਤੇ ‘ਅਨਜਾਨਾ ਅਨਜਾਨੀ’ ਆਦਿ ਅਜਿਹੀਆਂ ਫ਼ਿਲਮਾਂ ਸਨ ਜਿਹੜੀਆਂ ਕਿ ਅਵਿੰਤਾ ਦੱਤਾ ਦੇ ਗ਼ੈਰ-ਪਰੰਪਰਾਵਾਦੀ ਗੀਤਾਂ ਕਰਕੇ ਹੀ ਚਰਚਿਤ ਹੋਈਆਂ ਸਨ।
ਕਾਰਮੰਗਲਾ ਕਲੱਬ ’ਚ ਜਦੋਂ ਆਪਣੇ ਭਾਸ਼ਣ ਦੇ ਅੰਤ ’ਚ ਜਾਵੇਦ ਅਖ਼ਤਰ ਨੇ ਸਰੋਤਿਆਂ ਨੂੰ ਇਹ ਕਿਹਾ ਕਿ ‘‘ਹੁਣ ਦੇ ਗੀਤਕਾਰ ਵਧੇਰੇ ਸਮਰੱਥ ਹਨ’’ ਤਾਂ ਸਾਰਾ ਹਾਲ ਹੀ ਤਾੜੀਆਂ ਨਾਲ ਗੂੰਜ ਉੱਠਿਆ ਸੀ। ਪਰ ਇੱਥੇ ਇਹ ਵੀ ਸਵੀਕਾਰ ਕਰਨਾ ਹੀ ਪਵੇਗਾ ਕਿ ਇਹ ਜਾਵੇਦ ਅਖ਼ਤਰ ਦੀ ਵੀ ਮਹਾਨਤਾ ਹੀ ਸੀ ਕਿ ਉਸ ਨੇ    ਨਵੀਆਂ ਪ੍ਰਤਿਭਾਵਾਂ ਦਾ ਸਹੀ ਮੁਲਾਂਕਣ ਕੀਤਾ ਅਤੇ ਨਵੀਆਂ ਪੈੜਾਂ ਦਾ ਸੁਆਗਤ ਕੀਤਾ। ਬੌਲੀਵੁੱਡ ਲਈ ਸਮੁੱਚੇ ਰੂਪ ’ਚ  ਇਹ ਇੱਕ ਸੁੱਖ ਸੁਨੇਹੇ ਵਾਲਾ ਸਾਹਿਤਕ ਸਮਾਗਮ ਸੀ।
ਸੰਪਰਕ: 99154-93043  


Comments Off on ਪੁਰਾਣਿਆਂ ਨਾਲੋਂ ਘੱਟ ਨਹੀਂ ਬੌਲੀਵੁੱਡ ਦੇ ਨਵੇਂ ਗੀਤਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.