ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ

Posted On February - 23 - 2017

ਗੁਰਦੀਪ ਸਿੰਘ ਢੁੱਡੀ
ਸਾਡੇ ਮੁਲਕ ਵਿੱਚ 14 ਸਾਲ ਦੀ ਉਮਰ ਤਕ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਿਆਂ ਸਰਕਾਰ ਨੇ ਪਹਿਲੀ ਤੋਂ ਅੱਠਵੀਂ ਜਮਾਤ ਤਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਪੱਧਰ ’ਤੇ ਫੇਲ੍ਹ ਨਾ ਕਰਨ ਦੀ ਵਿਵਸਥਾ ਕੀਤੀ ਸੀ। ਇਹ ਬੱਚੇ ਅੱਠਵੀਂ ਜਮਾਤ ਤਕ ਸਕੂਲ ਆਉਣ ਜਾਂ ਨਾ ਆਉਣ ਨਾ ਤਾਂ ਇਨ੍ਹਾਂ ਨੂੰ ਸਜ਼ਾ ਦੇਣੀ ਹੈ ਅਤੇ ਨਾ ਫੇਲ੍ਹ ਕਰਨਾ ਹੈ। ਅੱਠਾਂ ਸਾਲਾਂ ਬਾਅਦ ਇਨ੍ਹਾਂ ਨੇ ਨੌਵੀਂ ਜਮਾਤ ਵਿੱਚ ਦਾਖ਼ਲ ਹੋ ਜਾਣਾ ਹੈ। ਸਿੱਖਿਆ ਦੇ ਅਧਿਕਾਰ ਦੀਆਂ ਮੱਦਾਂ ਸਕੂਲਾਂ ਦੀਆਂ ਦੀਵਾਰਾਂ ’ਤੇ ਲਿਖ ਕੇ ਲਾ ਦਿੱਤੀਆਂ ਗਈਆਂ ਹਨ, ਪਰ ਇਸ ਦਾ ਸਿੱਟਾ ਕੀ ਉਹ ਨਿਕਲਿਆ ਜਿਸ ਦੀ ਉਮੀਦ ਸੀ?
ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੀ ਵੱਡੀ ਸਮੱਸਿਆ ਪੈਦਾ ਹੋ ਗਈ। ਅੱਠਵੀਂ ਜਮਾਤ ਪਾਸ ਵਿਦਿਆਰਥੀਆਂ ’ਚੋਂ ਕਈਆਂ ਨੂੰ ਆਪਣਾ ਨਾਮ ਤਕ ਨਹੀਂ ਲਿਖਣਾ ਆਉਂਦਾ। ਅਧਿਆਪਕਾਂ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਇਹ ਗੱਲ ਬੈਠ ਗਈ ਕਿ ਉਨ੍ਹਾਂ ਦਾ ਕੰਮ ਵਿਦਿਆਰਥੀਆਂ ਨੂੰ ਪੁਸਤਕਾਂ ਵੰਡਣੀਆਂ, ਵਰਦੀਆਂ ਬਣਾ ਕੇ ਦੇਣੀਆਂ ਤੇ ਦੁਪਹਿਰ ਦਾ ਖਾਣਾ ਬਣਾ ਕੇ ਦੇਣ ਤਕ ਹੀ ਸੀਮਤ ਹੈ। ਵੱਧ ਤੋਂ ਕਾਗਜ਼ਾਂ ਦਾ ਢਿੱਡ ਭਰਨ ਲਈ ਡਾਕ ਤਿਆਰ ਕਰਨਾ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੈ। ਅਜਿਹੇ ਕੰਮਾਂ ਵਿੱਚ ਉਲਝਿਆ ਅਧਿਆਪਕ ਪੜ੍ਹਾਈ ਵਿੱਚ ਪਹਿਲਾਂ ਜਿਹੀ ਕਾਰਗੁਜ਼ਾਰੀ ਨਹੀਂ ਦਿਖਾ ਸਕਦਾ। ਇਸ ਸਥਿਤੀ ਨੇ ਜਿੱਥੇ ਵਿਦਿਆਰਥੀ ਦੇ ਸਿੱਖਣ ਦੀ ਪ੍ਰਕਿਰਿਆ ਨੂੰ ਖ਼ੋਰਾ ਲਾਇਆ, ਉੱਥੇ ਅਧਿਆਪਕਾਂ ਵਿੱਚ ਵੀ ਆਲਸ ਪੈਦਾ ਕਰ ਦਿੱਤਾ।
ਇਹ ਗੱਲ ਸਰਕਾਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ। ਫਲਸਰੂਪ, ਪਿਛਲੇ ਸਾਲ ਪੰਜਾਬ ਸਰਕਾਰ ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੀ ਬੋਰਡ ਦੁਆਰਾ ਪ੍ਰੀਖਿਆ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਕੰਮ ਸਿੱਖਿਆ ਵਿਭਾਗ ਦੇ ਅਦਾਰੇ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਜ਼ਿੰਮੇ ਲਾ ਦਿੱਤਾ ਗਿਆ। ਐਸ.ਸੀ.ਈ.ਆਰ.ਟੀ. ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੀ ਪ੍ਰੀਖਿਆ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਦੇਖ-ਰੇਖ ਹੇਠ ਲਈ। ਇਸ ਪ੍ਰੀਖਿਆ ਦਾ ਸੰਚਾਲਨ ਅੰਤਰ ਬਲਾਕ ਅਤੇ ਇੰਟਰ ਕਲੱਸਟਰ ਪੱਧਰ ’ਤੇ ਕੀਤਾ ਗਿਆ। ਇਸੇ ਤਰ੍ਹਾਂ ਪੇਪਰਾਂ ਦੀ ਮਾਰਕਿੰਗ ਵੀ ਇੰਟਰ ਕਲੱਸਟਰ ਪੱਧਰ ’ਤੇ ਕੀਤੀ ਗਈ। ਭੁਲੇਖਾ ਇਹ ਪੈਦਾ ਹੋਇਆ ਕਿ ਇਸ ਤਰ੍ਹਾਂ ਕਰਨ ਨਾਲ ਵਿਦਿਆਰਥੀਆਂ ਦੁਆਰਾ ਪੰਜਵੀਂ ਅਤੇ ਅੱਠਵੀਂ ਜਮਾਤ ਤਕ ਦੀ ਪੜ੍ਹਾਈ ਦਾ ਮੁਲਾਂਕਣ ਹੋਵੇਗਾ। ਪਰ ਪੰਜਵੀਂ ਤੇ ਅੱਠਵੀਂ ਜਮਾਤ ਤਕ ਦੇ ਸਾਰੇ ਵਿਦਿਆਰਥੀ ਏ, ਬੀ, ਸੀ, ਡੀ ਅਤੇ ਈ ਗਰੇਡ ਵਿੱਚ ਪਾਸ ਹੋ ਗਏ। ਇਸ ਨਾਲ ਨਾ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਕੋਈ ਫ਼ਰਕ ਪਿਆ ਅਤੇ ਨਾ ਹੀ ਅਧਿਆਪਕਾਂ ਦੇ ਕੰਮ ਵਿੱਚ ਕੋਈ ਅੰਤਰ ਆਇਆ।
ਇਹ ਮਨੋਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਹੌਸਲੇ ਦੇ ਨਾਲ ਹੀ ਡਰ ਦਾ ਹੋਣਾ ਵੀ ਜ਼ਰੂਰੀ ਹੈ। ਬੱਚੇ ਅਤੇ ਅਧਿਆਪਕ ਦੋਵਾਂ ਨੂੰ ਹੀ ਪਤਾ ਹੈ ਕਿ ਅੱਠਵੀਂ ਜਮਾਤ ਤਕ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ ਹੈ। ਅਜਿਹੀ ਹਾਲਤ ਸਹੀ ਨਤੀਜੇ ਲੈਣ ਲਈ ਜਾਂ ਤਾਂ ਅਸੀਂ ਨੈਤਿਕ ਪੱਧਰ ’ਤੇ ਇੰਨੇ ਮਜ਼ਬੂਤ ਹੋਈਏ ਕਿ ਕੰਮ ਸਾਡੇ ਲਈ ਪੂਜਾ ਬਣਿਆ ਹੋਵੇ ਅਤੇ ਜਾਂ ਫਿਰ ਕੋਈ ਡਰ ਪੈਦਾ ਕੀਤਾ ਹੋਵੇ। ਮੁੱਖ ਲੋੜ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀਆਂ ਪ੍ਰੀਖਿਆਵਾਂ ਨੂੰ ਸਹੀ ਮੁਲਾਂਕਣ ਤਕ ਲਿਜਾਏ ਜਾਣ ਦੀ ਹੈ। ਫੇਲ੍ਹ ਨਾ ਕਰਨ ਵਾਲੀ ਨੀਤੀ ਨੂੰ ਮੁੜ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।
ਸੰਪਰਕ: 95010-20731


Comments Off on ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.