ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਬਰਕਰਾਰ ਹਨ ਮਾਈ ਮੋਰਾਂ ਦੀ ਮਸੀਤ ਦੀਆਂ ਰੌਣਕਾਂ

Posted On February - 28 - 2017

12802CD _JAMIA MASJID MORAN WALI AT SHAHALAM GATE LAHORE1ਸੁਰਿੰੰਦਰ ਕੋਛੜ

ਭਾਰਤੀ ਪੰਜਾਬ ਵਿੱਚ ਲੰਮੇ ਅਰਸੇ ਤੋਂ ਸ਼ੇਰ-ਏ-ਪੰਜਾਬ ਦੀ ਚਹੇਤੀ ਰਾਣੀ ਮੋਰਾਂ ਨੂੰ ‘ਰਾਣੀ ਮੋਰਾਂ’ ਜਾਂ ਉਸ ਨੂੰ ਖ਼ੁਦ ਮਹਾਰਾਜਾ ਦੁਆਰਾ ਦਿੱਤੇ ਨਾਂ ‘ਮੋਰਾਂ ਸਰਕਾਰ’ ਲਿਖਣ ਦੀ ਥਾਂ ‘ਮੋਰਾਂ ਕੰਜਰੀ’ ਨਾਂ ਨਾਲ ਸੰਬੋਧਿਤ ਕਰਨ ਵਿੱਚ ਜ਼ਿਆਦਾ ਫ਼ਖ਼ਰ ਮਹਿਸੂਸ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਵਿਰਾਸਤ ਤੇ ਵਿਰਾਸਤੀ ਸਮਾਰਕਾਂ ਦੀ ਸਹਿਜ ਸੰਭਾਲ ਲਈ ਕਾਇਮ ਕੀਤੇ ਗਏ ਵਿਭਾਗ ਦੇ ਇੱਕ ਸਾਬਕਾ ਮੰਤਰੀ ਤੇ ਮਹਿਲਾ ਉੱਚ ਅਧਿਕਾਰੀ ਵਿਸ਼ਵ ਵਿਰਾਸਤੀ ਦਿਹਾੜੇ ’ਤੇ ਅੰਮ੍ਰਿਤਸਰ ਵਿੱਚ ਕਰਾਏ ਗਏ ਸੈਮੀਨਾਰ ਦੌਰਾਨ ਮੀਡੀਆ ਦੇ ਸਾਹਮਣੇ ਇਹ ਐਲਾਨ ਕਰ ਚੁੱਕੇ ਹਨ ਕਿ ਜੇ ਰਾਣੀ ਮੋਰਾਂ ਨਾਲ ਸਬੰਧਿਤ ਅੰਮ੍ਰਿਤਸਰ ਦੇ ਪਿੰਡ ਧਣੋਏ ਕਲਾਂ ਵਿਚਲੇ ਤਤਕਾਲੀਨ ਪੁਲ ਨੂੰ ‘ਪੁਲ ਕੰਜਰੀ’ ਨਾ ਲਿਖ ਕੇ ‘ਪੁਲ ਮੋਰਾਂ’ ਲਿਖਿਆ ਜਾਵੇ ਤਾਂ ਇਸ ਨਾਲ ਵਿਰਾਸਤ ਖ਼ਤਮ ਹੋ ਜਾਵੇਗੀ। ਦੁੱਖ ਦੀ ਗੱਲ ਹੈ ਕਿ ਸ਼ੇਰ-ਏ-ਪੰਜਾਬ ਨਾਲ ਸਬੰਧਿਤ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੀ ਚਹੇਤੀ ਰਾਣੀ ਨੂੰ ‘ਕੰਜਰੀ’ ਲਿਖਿਆ ਜਾਣਾ ਭਾਰਤੀ ਪੰਜਾਬ ਵਿੱਚ ਜ਼ਰੂਰੀ ਬਣ  ਚੁੱਕਿਆ ਹੈ।
ਅਸਲ ਵਿੱਚ ਮੋਰਾਂ ਅੰਮ੍ਰਿਤਸਰ ਦੇ ਸਰਹਦੀ ਪਿੰਡ ਧਣੋਏ ਕਲਾਂ ਤੋਂ ਲਾਹੌਰ ਵੱਲ 5-6 ਕਿਲੋਮੀਟਰ ਦੀ ਦੂਰੀ ’ਤੇ ਆਬਾਦ ਪਿੰਡ ਮੱਖਣਪੁਰ ਦੀ ਰਹਿਣ ਵਾਲੀ ਕਸ਼ਮੀਰੀ ਮੁਸਲਮਾਨ ਨਾਚੀ ਸੀ, ਜਿਸ ਨਾਲ ਮਹਾਰਾਜੇ ਨੇ 1802 ਵਿੱਚ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਮੋਰਾਂ ਦੀ ਫ਼ਰਮਾਇਸ਼ ’ਤੇ ਮਹਾਰਾਜਾ ਨੇ ਪਿੰਡ ਧਣੋਏ ਕਲਾਂ ਦੇ ਨਾਲੇ ’ਤੇ ਪੁਲ ਬਣਵਾਇਆ, ਜੋ ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ‘ਪੁਲ ਕੰਜਰੀ’ ਦੇ ਨਾਂ ਨਾਲ ਸੰਬੋਧਿਤ ਕੀਤਾ ਜਾਣ ਲੱਗਾ। ਮੋਰਾਂ ਨਾਲ ਵਿਆਹ ਕਰਨ ਤੋਂ ਬਾਅਦ ਮਹਾਰਾਜਾ ਉਸ ਨੂੰ ਲਾਹੌਰ ਲੈ ਗਏ। ਉਹ ਉਥੇ ਬਾਕੀ ਰਾਣੀਆਂ ਦੇ ਨਾਲ ਸ਼ਾਹੀ ਕਿਲ੍ਹੇ ਵਿਚਲੇ ਹਰਮ ਵਿੱਚ ਨਹੀਂ ਰਹੀ, ਸਗੋਂ ਮਹਾਰਾਜੇ ਨੇ ਉਸ ਲਈ ਲਾਹੌਰ ਦੇ ਪਾਪੜ ਮੰਡੀ ਇਲਾਕੇ ਵਿੱਚ ਇੱਕ ਖ਼ੂਬਸੂਰਤ ਹਵੇਲੀ ਬਣਵਾਈ। ਮੋਰਾਂ ਨੇ ਮਹਾਰਾਜੇ ਨੂੰ ਕਹਿ ਕੇ ਆਪਣੀ ਹਵੇਲੀ ਦੇ ਸਾਹਮਣੇ ਇੱਕ ਮਸਜਿਦ, ਲਾਹੌਰ ਸ਼ਾਹੀ ਕਿਲ੍ਹੇ ਵਿੱਚ ਇੱਕ ਸ਼ਿਵਾਲਾ, ਲਾਹੌਰ ਵਿੱਚ ਦੋ ਮਦਰੱਸੇ ਤੇ ਮਾਧੋ ਲਾਲ ਹੁਸੈਨ ਦੀ ਮਜ਼ਾਰ ਦੇ ਨੇੜੇ ਇੱਕ ਹੋਰ ਮਸਜਿਦ ਬਣਵਾਈ।
ਮੋਰਾਂ ਆਪਣੀ ਹਵੇਲੀ ਵਿੱਚ ਦਰਬਾਰ ਲਗਾਇਆ ਕਰਦੀ ਸੀ ਅਤੇ ਲੋਕਾਂ ਦੀਆ ਸ਼ਿਕਾਇਤਾਂ ਸੁਣ ਕੇ ਤੁਰੰਤ ਉਨ੍ਹਾਂ ਦਾ ਹੱਲ ਕਰਵਾਉਂਦੀ ਸੀ। ਉਸ ਦੀ ਇਹ ਹਵੇਲੀ 1971-72 ਤਕ ਤਾਂ ਕਾਇਮ ਰਹੀ ਪਰ ਮਗਰੋਂ ਉਸ ਨੂੰ ਗਿਰਾ ਕੇ ਉਸ ਦੀ ਜਗ੍ਹਾ ’ਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ। ਲਾਹੌਰ ਦੇ ਸ਼ਾਹ ਆਲਮੀ ਦਰਵਾਜ਼ੇ ਦੇ ਅੰਦਰ ਪਾਪੜ ਮੰਡੀ ਨੂੰ ਜਾਂਦਿਆਂ ਚੌਕ ਵਿੱਚ ਖੱਬੇ ਹੱਥ ਦੁਕਾਨਾਂ ਵਿੱਚ ਲੁਕੀ ਹੋਈ ‘ਮਸਜਿਦ ਮੋਰਾਂ’ ਅੱਜ ਵੀ ਮੌਜੂਦ ਹੈ, ਜਿਸ ਦੇ ਬਾਹਰ ਲਾਲ ਰੰਗ ਦੇ ਬੋਰਡ ’ਤੇ ਉਰਦੂ ਵਿੱਚ ‘ਮਸਜਿਦ ਮਾਈ ਮੋਰਾਂ’ ਲਿਖਿਆ ਹੋਇਆ ਹੈ। ਹਾਲਾਂਕਿ ਇਤਿਹਾਸ ਵਿੱਚ ਇਹ ਮਸਜਿਦ ‘ਮਸਜਿਦ ਤੇਰੂ (ਗੋਲ-ਗੋਲ ਚੱਕਰ ਲਗਾ ਕੇ ਘੁੰਮਣ ਵਾਲੀ) ਮੋਰਾਂ’ ਨਾਂ ਨਾਲ ਦਰਜ ਹੈ। ਮਸਜਿਦ ਮਾਈ ਮੋਰਾਂ ਦੇ ਦਰਵਾਜ਼ੇ ’ਤੇ ਅਰਬੀ ਭਾਸ਼ਾ ਵਿੱਚ ਇਹ ਇਬਾਰਤ ਦਰਜ਼ ਹੈ-‘ਬਾ ਫ਼ਜ਼ਲ  ਇੱਜ਼ਤ ਦਾ ਰਾ ਅਖ਼ਲਾਕ, ਜੋ ਮੋਰਾਂ ਮਸਜਿਦ-ਏ-ਅਰਾਸਤ-ਬਰ-ਖ਼ਾਕ। ਬਾ ਤਾਰੀਖ਼ ਬਾ ਨੇਸ਼ ਕੁਫ਼ਤ ਹਤਫ਼, ਮਜ਼ਦ ਤਾਮੀਰ ਲਿਲਹਾ ਮਸਜਿਦ ਪਾਕਿ।’’ ਮਸਜਿਦ ਦੇ ਦਰਵਾਜ਼ੇ ’ਤੇ ਦਰਜ ਇਸ ਇਬਾਰਤ ਅਨੁਸਾਰ ਰਾਣੀ ਮੋਰਾਂ ਨੇ ਇਹ ਮਸਜਿਦ 1224 ਹਿਜਰੀ (ਸੰਨ 1809) ਵਿੱਚ ਬਣਵਾਈ। ਲੇਖਕ ਨੂੰ ਪਾਕਿਸਤਾਨ ਦੀਆਂ ਯਾਤਰਾਵਾਂ ਦੌਰਾਨ ਕਈ ਵਾਰ ਇਸ ਮਸਜਿਦ ਦੇ ਅੰਦਰ ਜਾਣ ਦਾ ਮੌਕਾ ਨਸੀਬ ਹੋਇਆ। ਮਸਜਿਦ ਦਾ ਬਾਹਰੀ ਢਾਂਚਾ ਤਾਂ ਅੱਜ ਵੀ ਪੁਰਾਣਾ ਹੀ ਹੈ ਪਰ ਅੰਦਰਲੇ ਹਿੱਸੇ ਨੂੰ ਢਾਹ ਕੇ ਨਵੇਂ ਸਿਰਿਓਂ ਉਸਾਰ ਲਿਆ ਗਿਆ ਹੈ। ਜਿੱਥੇ ਪਹਿਲਾਂ ਮਸਜਿਦ ਵਿੱਚ ਸਿਰਫ਼ ਇੱਕ ਵੱਡਾ ਹਾਲ ਕਮਰਾ ਹੁੰਦਾ ਸੀ, ਉਥੇ ਹੁਣ ਹਾਲ ਕਮਰੇ ਨੂੰ ਛੋਟਾ ਕਰ ਕੇ ਇਸ ਦੇ ਨਾਲ ਲੱਗਦੇ ਕਮਰਿਆਂ ਵਿੱਚ ਇੱਕ ਲਾਇਬ੍ਰੇਰੀ ਤੇ ਮੁਫ਼ਤ ਕੰਪਿਊਟਰ ਸੈਂਟਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਮਸਜਿਦ ਦਾ ਨਵ-ਨਿਰਮਾਣ ਇਸ ਇਲਾਕੇ ਦੇ ਦੁਕਾਨਦਾਰਾਂ ਨੇ ਆਪਣੇ ਖ਼ਰਚ ’ਤੇ ਅਤੇ ਮਸਜਿਦ ਦੀ ਮਲਕੀਅਤ ਪੰਜ ਦੁਕਾਨਾਂ ਤੋਂ ਇਕੱਠੇ ਹੋਏ ਕਿਰਾਏ ਦੀ ਰਾਸ਼ੀ ਨਾਲ ਕਰਵਾਇਆ ਹੈ।
surinder kochharਇਹ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਭਾਰਤੀ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਨੂੰ ‘ਮੋਰਾਂ ਕੰਜਰੀ’ ਸੰਬੋਧਿਤ ਕਰਨ ਨੂੰ ਹੀ ਵਿਰਾਸਤ ਮੰਨਿਆ ਜਾ ਰਿਹਾ ਹੈ, ਉਥੇ ਹੀ ਲਾਹੌਰ ਦੀ ਪਾਪੜ ਮੰਡੀ ਵਿੱਚ ਰਾਣੀ ਮੋਰਾਂ ਦੁਆਰਾ ਬਣਵਾਈ ਮਸਜਿਦ ਨੂੰ ‘ਮਾਈ ਮੋਰਾਂ’ ਦੀ ਮਸਜਿਦ ਕਹਿਣ ਵਿੱਚ ਇਲਾਕਾ ਵਾਸੀ ਮਾਣ ਮਹਿਸੂਸ ਕਰਦੇ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਇਸ ਇਲਾਕੇ ਨੂੰ ਬਾਜ਼ਾਰ ਮਾਈ ਮੋਰਾਂ ਵੀ ਕਿਹਾ ਜਾਣ ਲੱਗਾ ਹੈ। ਮਸਜਿਦ ਦੇ ਨਾਲ ਲੱਗਦੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਈ ਮੋਰਾਂ ਇੱਕ ਨੇਕ ਦਿਲ ਔਰਤ ਸੀ, ਜਿਸ ਕਰਕੇ ਉਸ ਨੂੰ ‘ਮਾਂ’ (ਮਾਈ) ਕਹਿ ਕੇ ਸੰੰਬੋਧਿਤ ਕੀਤਾ ਜਾਣਾ ਹੀ ਉੱਚਿਤ ਹੈ।
ਭਾਰਤ-ਪਾਕਿਸਤਾਨ ਦੇ ਨਾਗਰਿਕਾਂ ਲਈ ਵਿਰਾਸਤ ਦੇ ਅਰਥ ਵੱਖ-ਵੱਖ ਕਿਉਂ ਹਨ, ਇਸ ’ਤੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਰਾਣੀ ਮੋਰਾਂ ਦੇ ਨਾਂ ਨਾਲ ਲਗਾਏ ਜਾ ਰਹੇ ‘ਕੰਜਰੀ’ ਸ਼ਬਦ ਨੂੰ ਹਟਾਉਣ ਦੇ ਹੁਕਮ ਵੀ ਜਾਰੀ ਕਰਨੇ ਚਾਹੀਦੇ ਹਨ।

ਸੰਪਰਕ: 93561-27771 


Comments Off on ਬਰਕਰਾਰ ਹਨ ਮਾਈ ਮੋਰਾਂ ਦੀ ਮਸੀਤ ਦੀਆਂ ਰੌਣਕਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.