ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬਾਦਲਾਂ ਲਈ ਪਰਖ ਦਾ ਸਮਾਂ- ਦਿੱਲੀ ਗੁਰਦੁਆਰਾ ਚੋਣਾਂ

Posted On February - 20 - 2017

ਸ਼ੰਗਾਰਾ ਸਿੰਘ ਭੁੱਲਰ

ਮਨਜੀਤ ਸਿੰਘ ਜੀਕੇ

ਮਨਜੀਤ ਸਿੰਘ ਜੀਕੇ

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣਗੀਆਂ। ਜਿਵੇਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਚੋਣਾਂ ਲਈ ਮੁਸ਼ਕਲ ਨਾਲ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਇਵੇਂ ਹੀ ਦਿੱਲੀ ਸਿੱਖ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਵੀ ਇਨ੍ਹਾਂ ਚੋਣਾਂ ਲਈ ਇੰਨਾ ਕੁ ਹੀ ਸਮਾਂ ਦਿੱਤਾ ਗਿਆ ਹੈ।
ਅਸਲ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਸ ਵੇਲੇ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੈ। ਬਿਨਾਂ ਸ਼ੱਕ  ਕਮੇਟੀ ਉੱਤੇ ਕਾਬਜ਼ ਧੜੇ ਵੱਲੋਂ ਇਹ ਚੋਣਾਂ ਮੁੜ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਾ ਸੁਭਾਵਿਕ ਹੀ ਹੈ ਹਾਲਾਂਕਿ ਐਤਕੀਂ ਇਸ ਦਾ ਮੁਕਾਬਲਾ ਸਿਰਫ਼ ਇਕੱਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਨਹੀਂ ਹੋਵੇਗਾ ਸਗੋਂ ਘੱਟੋ-ਘੱਟ ਦੋ ਜਾਂ ਤਿੰਨ ਹੋਰ ਗਰੁੱਪਾਂ ਨਾਲ ਵੀ ਹੋਵੇਗਾ। ਇਨ੍ਹਾਂ ਚੋਣਾਂ ਲਈ ਇੱਕ ਪਾਸੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਦਾ ਸੰਗਠਨ ਸਿੱਖ ਸਦਭਾਵਨਾ ਦਲ ਜਦੋਂਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਏ ਵੈਲਫੇਅਰ ਸੁਸਾਇਟੀ ਮੈਦਾਨ ਵਿੱਚ ਹਨ। ਐਤਕੀਂ ਚੋਣ ਟੱਕਰ ਆਹਮੋਂ-ਸਾਹਮਣੇ ਹੋਣ ਦੀ ਥਾਂ ਚਾਰਕੋਨੀ ਵੀ ਹੋ ਸਕਦੀ ਹੈ।

ਪਰਮਜੀਤ ਸਿੰਘ ਸਰਨਾ

ਪਰਮਜੀਤ ਸਿੰਘ ਸਰਨਾ

ਇਸ ਤੋਂ ਪਹਿਲਾਂ ਕਿ ਕਮੇਟੀ ਚੋਣਾਂ ਬਾਰੇ ਗੱਲ ਤੋਰੀਏ ਇੰਨਾ ਕੁ ਦੱਸਣਾ ਜ਼ਰੂਰੀ ਹੋਵੇਗਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ ’ਤੇ 1971 ਵਿੱਚ ਹੋਂਦ ਵਿੱਚ ਆਈ ਸੀ। ਇਸ ਦੇ ਮੈਂਬਰ ਦਿੱਲੀ ਦੇ ਸਿੱਖ ਵੋਟਰਾਂ ਰਾਹੀਂ ਚੁਣੇ ਜਾਂਦੇ ਹਨ। ਦਿੱਲੀ ਕਮੇਟੀ ਦੇ ਮੈਂਬਰਾਂ ਦੀ  ਗਿਣਤੀ 46 ਹੈ। ਇਨ੍ਹਾਂ ਮੈਂਬਰਾਂ ਦੀ ਚੋਣ ਦਿੱਲੀ ਵਿੱਚ ਬਣਾਏੇ ਗਏ 46 ਸਿੱਖ ਹਲਕਿਆਂ ਵਿੱਚੋਂ ਕੀਤੀ ਜਾਂਦੀ ਹੈ। ਇਸ ਦਾ ਪੂਰਾ ਸਦਨ ਕਿਉਂਕਿ 51 ਮੈਂਬਰਾਂ ਦਾ ਹੈ, ਇਸ ਲਈ ਦੋ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਦੋ  ਲਾਟਰੀ ਰਾਹੀਂ ਚੁਣੇ ਜਾਂਦੇ ਹਨ। ਪੰਜਵਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਹੁੰਦਾ ਹੈ। ਅੱਗੋਂ ਇਹ 51 ਮੈਂਬਰੀ ਸਦਨ ਆਪਣਾ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰ ਚੁਣਦਾ ਹੈ ਜਿਸ ਨੂੰ ਕਾਰਜਕਾਰਨੀ ਕਮੇਟੀ ਦਾ ਨਾਂ ਦਿੱਤਾ ਜਾਂਦਾ ਹੈ। ਇਸ ਕਾਰਜਕਾਰਨੀ ਦਾ ਕੰਮ ਵੀ ਲਗਭਗ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਰਗਾ ਹੀ ਹੈ ਅਤੇ ਇਹ ਦਿੱਲੀ ਵਿੱਚ ਸਿੱਖ ਗੁਰਦੁਆਰਿਆਂ ਦਾ ਨਾ ਕੇਵਲ ਪ੍ਰਬੰਧ ਹੀ ਸੰਭਾਲਦੀ ਹੈ ਸਗੋਂ ਇਨ੍ਹਾਂ ਦੀ ਦੇਖਭਾਲ ਵੀ ਕਰਦੀ ਹੈ। ਇਸੇ ਤਰ੍ਹਾਂ ਇਹ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਤੇ ਹੋਰ ਅਦਾਰਿਆਂ ਦਾ ਕੰਮਕਾਜ ਵੀ ਸੰਭਾਲਦੀ ਹੈ।
ਇਸ ਦੀਆਂ ਪਿਛਲੀਆਂ 2013 ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਿੱਲੀ ਨੂੰ ਹਰਾ ਕੇ ਸੱਤਾ ਸੰਭਾਲੀ ਸੀ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਨ। ਸਾਲ 2013 ਤੋਂ ਪਹਿਲਾਂ ਦਿੱਲੀ ਕਮੇਟੀ ਉੱਤੇ ਸਰਨਾ ਕਾਬਜ਼ ਸੀ। ਪਰਮਜੀਤ ਸਿੰਘ ਸਰਨਾ  ਇੱਕ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੀ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੁਝ ਮੁੱਦਿਆਂ ’ਤੇ ਮਤਭੇਦ ਹੋਣ ਕਰਕੇ ਉਹ ਬਾਦਲ ਤੋਂ ਅਲੱਗ ਹੋ ਗਏ ਅਤੇ ਆਪਣਾ ਵੱਖਰਾ ਦਲ ਬਣਾ ਲਿਆ। ਇਹ ਵੀ ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਜੀਕੇ ਉਸੇ ਜਥੇਦਾਰ ਸੰਤੋਖ ਸਿੰਘ ਦੇ ਪੁੱਤਰ ਹਨ, ਜਿਨ੍ਹਾਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿੱਚ ਅਹਿਮ ਭੂਮਿਕਾ ਹੈ। ਓਧਰ ਪਰਮਜੀਤ ਸਿੰਘ ਸਰਨਾ ਦਿੱਲੀ ਦੇ ਉਸ ਉੱਘੇ ਕਾਰੋਬਾਰੀ ਤਰਲੋਚਨ ਸਿੰਘ ਸਰਨਾ ਦੇ ਪੁੱਤਰ ਹਨ ਜੋ ਪੰਜਾਬ ਦੇ ਵੱਡੇ-ਵੱਡੇ ਸਿੱਖ ਆਗੂਆਂ ਦੀ ਬਾਂਹ ਫੜਦੇ ਹਨ। ਇਨ੍ਹਾਂ ’ਚ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸੁਰਜੀਤ ਸਿੰਘ ਬਰਨਾਲਾ ਆਦਿ ਸ਼ਾਮਲ ਹਨ।
ਉਂਜ ਤਾਂ ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ (ਦਿੱਲੀ) ਦਾ ਜ਼ੋਰਦਾਰ ਟਾਕਰਾ ਕਰੇਗਾ। ਦਿੱਲੀ ਗੁਰਦੁਆਰਾ ਕਮੇਟੀ ਸ਼੍ਰੋਮਣੀ ਕਮੇਟੀ ਵਾਂਗ ਬਣਤਰ ਪੱਖੋਂ ਤਾਂ ਭਾਵੇਂ ਧਾਰਮਿਕ ਜਥੇਬੰਦੀ ਹੈ, ਪਰ ਇਸ ਦੇ ਮੈਂਬਰ ਕਿਉਂਕਿ ਸਿਆਸੀ ਦਲ ਦੇ ਹਨ, ਇਸ ਲਈ ਸਰਕਾਰੇ-ਦਰਬਾਰੇ ਇਸ ਦਾ ਚੰਗਾ ਦਬਦਬਾ ਰਹਿੰਦਾ ਹੈ। ਖ਼ਾਸ ਕਰਕੇ ਉਦੋਂ ਜਦੋਂ ਇਸ ਦੇ ਮੈਂਬਰਾਂ ਦੀ ਪਾਰਟੀ ਵਾਲੀ ਸਰਕਾਰ ਹੋਵੇ। ਮਿਸਾਲ ਵਜੋਂ ਦਿੱਲੀ ਵਿੱਚ ਇਸ ਵੇਲੇ ਮੋਦੀ ਸਰਕਾਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ  ਇਸ ਵਿੱਚ ਭਾਈਵਾਲ ਹੈ, ਇਸ ਲਈ ਇਸ ਸਰਕਾਰ ਵਿੱਚ ਇਸ ਦੀ ਚੰਗੀ ਪੁੱਛ ਹੈ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨਾਲ ਇਸ ਦਾ ਕਰੂਰਾ ਹੀ ਨਹੀਂ ਮਿਲਦਾ। ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਦੇ ਦਲ ਦਾ ਝੁਕਾਅ ਕਾਂਗਰਸ ਵੱਲ ਹੈ। ਇਸ ਲਈ ਇਸ ਦਲ ਦਾ ਹੁਣ ਵੀ ਕਾਂਗਰਸ ਨਾਲ ਚੰਗਾ ਤਾਲਮੇਲ ਹੈ। 2013 ਤੋਂ ਪਹਿਲਾਂ ਜਦੋਂ ਇਹ ਦਿੱਲੀ ਕਮੇਟੀ ਉੱਤੇ ਕਾਬਜ਼ ਸੀ ਤਾਂ ਇਸ ਦਾ ਉਦੋਂ ਦੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਨਾਲ ਚੰਗਾ ਰਾਬਤਾ ਸੀ। ਸਰਨਾ ਨੇ ਹੁਣੇ ਜਿਹੇ ਦੋ ਟੁੱਕ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦਲ ਬਾਦਲ ਦਲ ਨੂੰ ਹਰਾਉਣ ਲਈ ਪੂਰੀ ਵਾਹ ਲਾਵੇਗਾ। ਇਸ ਦਾ ਕਾਰਨ ਉਹ ਦਿੱਲੀ ਕਮੇਟੀ ਦੇ ਕੰਮਕਾਜ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਆ ਚੁੱਕੇ ਨਿਘਾਰ ਨੂੰ ਮੰਨਦੇ ਹਨ। ਉਹ ਸਮੇਂ-ਸਮੇਂ ਦਿੱਲੀ ਕਮੇਟੀ ਦੇ ਆਗੂਆਂ ਉੱਤੇ ਅਜਿਹੇ ਦੋਸ਼ ਮੜ੍ਹਦੇ ਵੀ ਰਹਿੰਦੇ ਹਨ। ਪਰਮਜੀਤ ਸਿੰਘ ਸਰਨਾ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਬੜੇ ਨਿੱਘੇ ਸਬੰਧ ਹਨ। ਸਰਨਾ ਦਲ ਨੇ ਪੰਜਾਬ ਚੋਣਾਂ ਵਿੱਚ ਭਾਵੇਂ ਸਿੱਧੇ ਤੌਰ ’ਤੇ ਤਾਂ ਹਿੱਸਾ ਨਹੀਂ ਲਿਆ, ਪਰ ਅੰਦਰ ਖਾਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਹਮਾਇਤ ਕਰਦੇ ਹਨ ਤਾਂ ਕਿ ਚੋਣਾਂ ਵਿੱਚ ਬਾਦਲ ਦਲ ਮੁੜ ਸੱਤਾਧਾਰੀ ਨਾ ਹੋ ਸਕੇ।
ਦਿੱਲੀ ਵਿੱਚ ਇਸ ਵੇਲੇ ਸਿੱਖਾਂ ਦੀ ਗਿਣਤੀ ਤਾਂ ਭਾਵੇਂ ਕਾਫ਼ੀ ਹੈ, ਪਰ ਮੋਟੇ ਅਨੁਮਾਨ ਮੁਤਾਬਕ ਸਿੱਖ ਵੋਟਰਾਂ ਦੀ ਗਿਣਤੀ 4-5 ਲੱਖ ਹੈ ਅਤੇ ਇਹੀ ਵੋਟਰ ਆਪੋ ਆਪਣੇ ਹਲਕਿਆਂ ਵਿੱਚੋਂ 46 ਮੈਂਬਰਾਂ ਦੀ ਚੋਣ ਕਰਨਗੇ। ਪਰਮਜੀਤ ਸਿੰਘ ਸਰਨਾ ਦਾ ਦਲ ਤਾਂ ਪਿਛਲੇ ਪੰਜ ਸਾਲਾਂ ਤੋਂ ਚੋਣ ਮੂਡ ਵਿੱਚ ਹੈ ਹੀ ਅਤੇ ਬਿਨਾਂ ਸ਼ੱਕ ਇਸ ਲਈ ਪੂਰਾ ਜ਼ੋਰ ਲਾਏਗਾ, ਪਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਪਰਖ ਦਾ ਸਮਾਂ ਹੋਵੇਗਾ ਕਿਉਂਕਿ ਸੱਤਾਧਾਰੀ ਦਲ ਜਿੱਥੇ ਇਤਿਹਾਸ ਦੁਹਰਾਉਣ ਦਾ ਯਤਨ ਕਰੇਗਾ, ਉੱਥੇ ਪਰਮਜੀਤ ਸਿੰਘ ਸਰਨਾ ਦਾ ਦਲ ਅਤੇ ਦੂਜੇ ਦੋਵੇਂ ਗਰੁੱਪ ਵੀ ਉਸ ਦਾ ਰਾਹ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਗੇ। 46 ਸੀਟਾਂ ਲਈ 345 ਉਮੀਦਵਾਰ ਪਿੜ ਵਿੱਚ ਆਪਣੀ ਪੂਰੀ ਸਰਗਰਮੀ ਵਿਖਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਜਿਹੜੀਆਂ ਵੀ ਸਿਆਸੀ ਜਾਂ ਗ਼ੈਰ-ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣਗੀਆਂ ਉਨ੍ਹਾਂ ਦੇ ਦਿੱਲੀ ਦੇ ਸਿੱਖਾਂ ਲਈ ਅਹਿਮ ਮੁੱਦੇ ਕੀ ਹੋਣਗੇ? ਦਿੱਲੀ ਵਿੱਚ ਵਸਦੇ ਸਿੱਖਾਂ ਦੀਆਂ ਆਪਣੀਆਂ ਕਈ ਸਮੱਸਿਆਵਾਂ ਹਨ ਅਤੇ ਕਈ ਮੰਗਾਂ ਬਹੁਤ ਪੁਰਾਣੀਆਂ ਹਨ। ਇਨ੍ਹਾਂ ਵਿੱਚ ’84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਦੇਣਾ, ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੁਧਾਰ, ਬੇਅਦਬੀ ਦੀਆਂ ਘਟਨਾਵਾਂ ਅਤੇ ਡੇਰਾਵਾਦ ਪ੍ਰਮੁੱਖ ਹਨ। ਕਮੇਟੀ ਚੋਣਾਂ ਦੇ ਨਤੀਜੇ ਪਹਿਲੀ ਮਾਰਚ ਨੂੰ ਸਾਹਮਣੇ ਆ ਜਾਣਗੇ।
ਸੰਪਰਕ: 98141-22870


Comments Off on ਬਾਦਲਾਂ ਲਈ ਪਰਖ ਦਾ ਸਮਾਂ- ਦਿੱਲੀ ਗੁਰਦੁਆਰਾ ਚੋਣਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.