ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਬਿਨਾਂ ਇਨਸਾਫ਼ ਤੋਂ ਭੁਲਾਈ ਨਹੀਂ ਜਾ ਸਕਦੀ ’84 ਦੀ ਨਸਲਕੁਸ਼ੀ

Posted On February - 27 - 2017

ਗੁਰਵੀਰ ਸਿੰਘ
‘ਪੰਜਾਬੀ ਟ੍ਰਿਬਿਊਨ’ ਦੇ 13 ਫਰਵਰੀ ਦੇ ਅੰਕ ਵਿੱਚ ਮੁੱਖ ਸੰਪਾਦਕ ਡਾ. ਹਰੀਸ਼ ਖਰੇ ਦਾ ਕਾਲਮ ‘ਕੌਫੀ ਅਤੇ ਗੱਪ-ਸ਼ੱਪ’ ਪੜ੍ਹ ਕੇ ਬਹੁਤ ਅਫ਼ਸੋਸ ਹੋਇਆ।
ਡਾ. ਖਰੇ ਨੇ ਨਵੰਬਰ ’84 ਨੂੰ ਭੁੱਲਣ ਦੀ ਸਪੱਸ਼ਟ ਸਲਾਹ ਨਹੀਂ ਦਿੱਤੀ ਬਲਕਿ ਭਾਰਤ ਦੀ ਜਮਹੂਰੀਅਤ ਦੇ ਮੱਥੇ ’ਤੇ ਕਲੰਕ ਸਿੱਖ ਨਸਲਕੁਸ਼ੀ ਨੂੰ ਭੁਲਾ ਦੇਣ ਦੇ ਯਤਨਾਂ ਵੱਲ ਸਿਰਫ਼ ਮੂੰਹ ਹੀ ਭੁਆਇਆ ਹੈ। ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਨਸਲਕੁਸ਼ੀ ਨੂੰ ਭੁਲਾ ਦੇਣ ਦੀ ਰਾਇ ਬਣਾਉਣ ਦਾ ਯਤਨ ਕੀਤਾ ਹੈ। ਅਜਿਹੇ ਸੂਝਵਾਨ ਪੱਤਰਕਾਰ ਵੱਲੋਂ ਨਿਰਮੂਲ ਦਲੀਲਾਂ ਦੇ ਆਧਾਰ ’ਤੇ ਨਸਲਕੁਸ਼ੀ ਨੂੰ ਭੁੱਲਣ ਦੀ ਰਾਇ ਬਣਾਉਣ ਦਾ ਯਤਨ ਕਰਨਾ ਜ਼ੁਲਮ ਅਤੇ ਜਾਬਰ ਅੱਗੇ ਸਿਰ ਝੁਕਾਉਣ ਦੇ ਬਰਾਬਰ ਹੀ ਹੈ।
ਇੱਕ ਵਿਦਵਾਨ ਪੱਤਰਕਾਰ ਵੱਲੋਂ ਕਾਂਗਰਸ ਦੀ ਚੋਣਾਂ ਦੀ ਹਾਰ ਦੀ ਕਤਲੇਆਮ ਦੀ ਸਜ਼ਾ ਨਾਲ ਤੁਲਨਾ ਕਰਨਾ ਇਹ ਸਿੱਧ ਕਰਦਾ ਹੈ ਕਿ ਧਰਮ ਨਿਰਪੱਖ ਅਖਵਾਉਂਦੇ ਦਾਰਸ਼ਨਿਕ ਸਿੱਖ ਮਨ ਨੂੰ ਪੁੱਜੀ ਅਸਹਿ ਤੇ ਅਕਹਿ ਠੇਸ ਤੋਂ ਕਿੰਨੇ ਫ਼ਾਸਲੇ ’ਤੇ ਖੜ੍ਹੇ ਹਨ। ਉਨ੍ਹਾਂ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਬਾਬਤ ਸੰਸਦ ਵਿੱਚ ਮੁਆਫ਼ੀ ਵੀ ਮੰਗ ਲਈ ਸੀ। ਇਹ ਤਾਂ ਸਾਰੇ ਜਾਣਦੇ ਹਨ ਕਿ ਕਾਂਗਰਸ ਵੱਲੋਂ ਸੰਸਦ ਵਿੱਚ ਮਲਵੀਂ ਜੀਭ ਨਾਲ ਮੁਆਫ਼ੀ ਮੰਗਣ ਵਾਲਾ ਪ੍ਰਧਾਨ ਮੰਤਰੀ ਆਪਣੀ ਨਿੱਜੀ ਹੈਸੀਅਤ ਵਿੱਚ ਪਾਰਟੀ ਪੱਧਰ ’ਤੇ ਕਿੰਨੇ ਕੁ ਪ੍ਰਭਾਵ ਵਾਲਾ ਆਗੂ ਹੈ।
ਸੰਸਦੀ ਮੁਆਫ਼ੀ ਤੋਂ ਕੁਝ ਕਦਮ ਅੱਗੇ ਜਾਂਦਿਆਂ ਸੰਸਦ ਵਿੱਚ ਘੱਟੋ-ਘੱਟ ਇੱਕ ਨਿੰਦਾ ਮਤਾ ਪਾਸ ਹੋਣਾ ਚਾਹੀਦਾ ਸੀ, ਜਿਹੜਾ ਭਾਰਤ ਦੇ ਸਮੂਹਿਕ ਸਮਾਜ ਵੱਲੋਂ ਘੱਟ ਗਿਣਤੀ ਕੌਮ ਨੂੰ ਢਾਰਸ ਬੰਨ੍ਹਾਉਣ ਵਿੱਚ ਸਹਾਈ ਹੁੰਦਾ। ਅਤੀਤ ਦੀਆਂ ਹਕੂਮਤੀ ਕੁਤਾਹੀਆਂ ਨੂੰ ਲੈ ਕੇ ਖੇਦ ਪ੍ਰਗਟਾਉਣਾ ਅਤੇ ਪੀੜਤਾਂ ਦੇ ਫੱਟਾਂ ’ਤੇ ਮੱਲ੍ਹਮ ਲਾਉਣ ਦਾ ਵੱਲ ਸਾਡੇ ਦੇਸ਼ ਦੇ ਹਾਕਮਾਂ ਨੂੰ ਹੋਰਨਾਂ ਹਕੂਮਤਾਂ ਕੋਲੋਂ ਸਿੱਖ ਲੈਣਾ ਚਾਹੀਦਾ ਹੈ। ਜਪਾਨੀ ਫ਼ੌਜ ਵੱਲੋਂ ਦੂਜੇ ਵਿਸ਼ਵ ਯੁੱਧ ਦੌਰਾਨ ਪੀੜਤ ਕੋਰੀਆਈ ਮਜ਼ਲੂਮ ਔਰਤਾਂ ਦੇ ਸ਼ੋਸ਼ਣ ਅਤੇ ਕੈਨੇਡਾ ਦੀ ਵਰਤਮਾਨ ਹਕੂਮਤ ਵੱਲੋਂ ਕਾਮਾਗਾਟਾਮਾਰੂ ਕਾਂਡ ਦੇ ਮਾਮਲਿਆਂ ਸਬੰਧੀ ਸ਼ਲਾਘਾਯੋਗ ਪਹੁੰਚ ਅਪਣਾਈ ਗਈ ਹੈ।
ਜਿੱਥੋਂ ਤਕ ਅਜਿਹੀਆਂ ਦਲੀਲਾਂ ਦਾ ਸਬੰਧ ਹੈ ਕਿ ਚੋਣ ਰਾਜਨੀਤੀ ਵਿੱਚ ਹਿੱਸਾ ਲੈਂਦੀਆਂ ਧਿਰਾਂ ਇਸ ਮਾਮਲੇ ਨੂੰ ਲੈ ਕੇ ਸਿਆਸਤ ਕਰਦੀਆਂ ਹਨ ਅਤੇ ਇਨ੍ਹਾਂ ਧਿਰਾਂ ਵੱਲੋਂ ਇਸ ਮੁੱਦੇ ਨੂੰ ਵਾਰ-ਵਾਰ ਉਛਾਲਣਾ ਅਸਫ਼ਲ ਕਰਨ ਲਈ ਇਸ ਕਤਲੇਆਮ ਨੂੰ ਭੁੱਲ ਜਾਣਾ ਚਾਹੀਦਾ ਹੈ, ਤਾਂ ਅਜਿਹੀਆਂ ਦਲੀਲਾਂ ਦੇਣ ਵਾਲਿਆਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਨਵੰਬਰ ’84 ਸਮੂਹਿਕ ਸਿੱਖ ਮਾਨਸਿਕਤਾ ’ਤੇ ਬਹੁਤ ਡੂੰਘਾ ਉਕਰਿਆ ਜਾ ਚੁੱਕਾ ਹੈ। ਪੰਜਾਬ ਦੀ ਧਰਤੀ ’ਤੇ ਵਸਦੇ 1984 ਤੋਂ ਬਾਅਦ ਪੈਦਾ ਹੋਏ ਮੇਰੇ ਵਰਗੇ ਆਮ ਸਿੱਖ ਨੌਜਵਾਨ ਵੀ ਇਨਸਾਫ਼ ਨਾ ਮਿਲਣ ਦੀ ਪੀੜ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ।
ਡਾ. ਖਰੇ ਦੀ ਲਿਖਤ ਵਿੱਚੋਂ ਇਹ ਸਾਫ਼ ਝਲਕਦਾ ਹੈ ਕਿ ਉਹ ਇਹ ਮੰਨਦੇ ਹਨ ਕਿ ਨਵੰਬਰ ’84 ਦੇ ਪੀੜਤਾਂ ਵਾਸਤੇ ਇਨਸਾਫ਼ ਦੀ ਮੰਜ਼ਿਲ ਅਪਹੁੰਚ ਹੈ। ਸਮੁੱਚਾ ਵਿਸ਼ਵ ਇਤਿਹਾਸ ਅਜਿਹੇ ਪ੍ਰਮਾਣਾਂ ਨਾਲ ਭਰਪੂਰ ਹੈ ਜਿੱਥੇ ਮਜ਼ਲੂਮਾਂ ਨੇ ਬੇਕਿਰਕ ਜਬਰ ਦੇ ਥਪੇੜੇ ਝੱਲੇ, ਪਰ ਉਹ ਇਨਸਾਫ਼ ਤੋਂ ਵਿਰਵੇ ਹੀ ਰਹੇ। ਸੁਆਲ ਉੱਠਦਾ ਹੈ ਕਿ ਕੀ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਜਬਰ ਨੂੰ ਭੁੱਲ ਜਾਣਾ ਚਾਹੀਦਾ ਹੈ? ਬਿਲਕੁਲ ਨਹੀਂ। ਸਗੋਂ ਚਾਹੀਦਾ ਇਹ ਹੈ ਕਿ ਸਾਰੇ ਇਨਸਾਫ਼ ਪਸੰਦ, ਮਨੁੱਖਤਾਵਾਦੀ ਦਾਨਿਸ਼ਵਰਾਂ ਵੱਲੋਂ ਫਿਰਕਿਆਂ ਤੋਂ ਉੱਪਰ ਉੱਠ ਕੇ ਨਵੀਆਂ ਪੀੜ੍ਹੀਆਂ ਨੂੰ ਇਤਿਹਾਸ ਦੇ ਅਜਿਹੇ ਹੌਲਨਾਕ ਵਰਤਾਰਿਆਂ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਜਨੂੰਨੀ ਫਿਰਕੂ ਸੋਚ ਦਾ ਤਿਆਗ ਕਰਨ ਦੇ ਯੋਗ ਬਣ ਸਕਣ।
ਸੰਪਰਕ: 94641-03664


Comments Off on ਬਿਨਾਂ ਇਨਸਾਫ਼ ਤੋਂ ਭੁਲਾਈ ਨਹੀਂ ਜਾ ਸਕਦੀ ’84 ਦੀ ਨਸਲਕੁਸ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.