ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਭਾਰਤ ਵਿੱਚ ਉਚੇਰੀ ਸਿੱਖਿਆ ਬਨਾਮ ਬੇਰੁਜ਼ਗਾਰੀ

Posted On February - 15 - 2017

ਡਾ. ਆਰ. ਕੇ. ਉੱਪਲ

11502cd _hihg eduਸਿੱਖਿਆ ਪ੍ਰਣਾਲੀ ਕਿਸੇ ਵੀ ਦੇਸ਼ ਦੇ ਸਮਾਜਿਕ, ਰਾਜਨੀਤਕ ਤੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੀ ਹੈ। ਕਮਜ਼ੋਰ ਸਿੱਖਿਆ ਪ੍ਰਣਾਲੀ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ’ਤੇ ਨਹੀਂ ਪੈਣ ਦਿੰਦੀ, ਜਦੋਂਕਿ ਮਜ਼ਬੂਤ ਸਿੱਖਿਆ ਪ੍ਰਣਾਲੀ ਵਾਲਾ ਦੇਸ਼ ਦੁਨੀਆਂ ਦੇ ਨਕਸ਼ੇ ’ਤੇ ਆਪਣੇ-ਆਪ ਚਮਕਦਾ ਹੈ। ਇਸੇ ਲਈ ਸਿੱਖਿਆ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ।
ਅੱਜ ਭਾਰਤ ਦੀ ਆਬਾਦੀ 1.2 ਅਰਬ ਤੱਕ ਪੁੱਜ ਗਈ ਹੈ। ਇਸ ਆਬਾਦੀ ’ਚੋਂ 70 ਫ਼ੀਸਦੀ ਲੋਕ ਪਿੰਡਾਂ ਵਿੱਚ ਵੱਸਦੇ ਹਨ। ਭਾਰਤ ਦੀ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਮਿਆਰੀ ਸਿੱਖਿਆ ਨੂੰ ਪ੍ਰਭਾਵਿਤ ਕਰ ਰਹੀ ਹੈ। ਸਿੱਖਿਆ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਰੁਜ਼ਗਾਰ ਦੇ ਮੌਕੇ ਘੱਟਦੇ ਜਾ ਰਹੇ ਹਨ। ਦੇਸ਼ ਵਿੱਚ ਉਚੇਰੀ ਸਿੱਖਿਆ ਨਾਲ ਵੀ ਰੁਜ਼ਗਾਰ ਯਕੀਨੀ ਨਹੀਂ ਬਣ ਰਿਹਾ। ਇਸ ਕਾਰਨ ਨੌਜਵਾਨਾਂ ਅਤੇ ਮਾਪਿਆਂ ਵਿੱਚ ਸਰਕਾਰਾਂ ਪ੍ਰਤੀ ਰੋਸ ਹੈ। ਮੋਦੀ ਸਰਕਾਰ ਦੇ ਕਾਰਜਕਾਲ ਦਾ ਅੱਧਾ ਸਮਾਂ ਲੰਘ ਚੁੱਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਹਰ ਸਾਲ 2 ਕਰੋੜ ਨਾਗਰਿਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਅਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋਇਆ। ਹੁਣ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ 2017-18 ਲਈ ਪੇਸ਼ ਕੀਤੇ ਬਜਟ ਵਿੱਚ ਕਿਹਾ ਹੈ ਕਿ ਭਾਰਤ ਦੀ ਉਚੇਰੀ ਸਿੱਖਿਆ ਪ੍ਰਣਾਲੀ ਵਿੱਚ ਕਈ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੌਮੀ ਪੱਧਰ ਉਤੇ ‘ਪ੍ਰਵੇਸ਼ ਪ੍ਰੀਖਿਆ ਏਜੰਸੀ’ ਬਣਾਈ ਜਾਵੇਗੀ। ਉਚੇਰੀ ਸਿੱਖਿਆ ਵਿੱਚ ਦਾਖ਼ਲੇ ਲਈ ਟੈਸਟ ਇਹੀ ਏਜੰਸੀ ਲਿਆ ਕਰੇਗੀ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਬੱਚਿਆਂ ਲਈ ਵਧੀਆ ਕਲਾਸ-ਰੂਮ ਅਤੇ ਨਵੀਆਂ ਤਕਨੀਕਾਂ ਵਾਲੀ ਸਿੱਖਿਆ ਯਕੀਨੀ ਬਣਾਏਗੀ ਪਰ ਅਸਲੀਅਤ ਆਉਣ ਵਾਲਾ ਸਮਾਂ ਹੀ ਦੱਸੇਗਾ।
11502cd _degree (4)ਸਰਕਾਰ ਨਵੇਂ ਕਾਲਜ ਅਤੇ ਯੂਨੀਵਰਸਿਟੀਆਂ ਲਗਾਤਾਰ ਖੋਲ੍ਹ ਰਹੀ ਹੈ। ਯੂਨੀਵਰਸਿਟੀਆਂ ਵਿੱਚ ਆਜ਼ਾਦੀ ਤੋਂ ਬਾਅਦ 34 ਫ਼ੀਸਦੀ ਵਾਧਾ ਹੋਇਆ। ਕਿਸੇ ਵੀ ਦੇਸ਼ ਵਿੱਚ ਸਿੱਖਿਆ ਦਾ ਪਸਾਰ ਅਤੇ ਵਿਸਥਾਰ ਭਾਵੇਂ ਲਾਭਦਾਇਕ ਹੁੰਦਾ ਹੈ ਪਰ ਭਾਰਤ ਵਿੱਚ ਸਿਰਫ਼ ਡਿਗਰੀਆਂ ਵੰਡੀਆਂ ਜਾ ਰਹੀਆਂ ਹਨ। ਦੇਸ਼ ਦੀ ਸਿੱਖਿਆ ਪ੍ਰਣਾਲੀ ਸਮੇਂ ਦੀ ਹਾਣੀ ਨਹੀਂ ਹੈ। ਸਿਲੇਬਸ ਢੁਕਵਾਂ ਨਾ ਹੋਣਾ, ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣਾ, ਰਾਜਨੀਤਕ ਦਖ਼ਲਅੰਦਾਜ਼ੀ, ਨਵੀਆਂ ਤਕਨੀਕਾਂ ਦਾ ਪ੍ਰਯੋਗ ਨਾ ਹੋਣਾ ਆਦਿ ਕਈ ਸਮੱਸਿਆਵਾਂ ਉਚੇਰੀ ਸਿੱਖਿਆ ਦੇ ਰਾਹ ਦਾ ਰੋੜਾ ਹਨ। ਸਿੱਖਿਆ ਪ੍ਰਣਾਲੀ ਨੂੰ ਅਸਰਦਾਇਕ ਬਣਾਉਣ ਲਈ ਜ਼ਰੂਰੀ ਹੈ ਕਿ ਇਸ ਨੂੰ ਸਮੇਂ ਦੀ ਹਾਣੀ ਬਣਾਇਆ ਜਾਵੇ। ਸਿਲੇਬਸ ਅਜਿਹਾ ਹੋਵੇ ਕਿ ਵਿਦਿਆਰਥੀ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਨੌਕਰੀ ਦੇ ਯੋਗ ਹੋ ਸਕਣ। ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਵਿਕਾਸ ਕੀਤਾ ਜਾਵੇ। ਨਵੀਆਂ ਤਕਨੀਕਾਂ ਦਾ ਪ੍ਰਯੋਗ ਹੋਵੇ ਤਾਂ ਜੋ ਮਿਆਰੀ ਸਿੱਖਿਆ ਨੂੰ ਹੁਲਾਰਾ ਮਿਲੇ। ਈ-ਟੈਕਨਾਲੋਜੀ, ਸਮਾਰਟ ਕਲਾਸ ਰੂਮ ਤੇ ਡਿਜੀਟਲ ਪ੍ਰਣਾਲੀ ਰਾਹੀਂ ਉਚੇਰੀ ਸਿੱਖਿਆ ਦਿੱਤੀ ਜਾਵੇ। ਸਰਕਾਰ ਉਚੇਰੀ ਸਿੱਖਿਆ ਲਈ ਸਮੇਂ ਸਿਰ ਫੰਡ ਮੁਹੱਈਆ ਕਰਾਵੇ। ਅਧਿਆਪਕ ਦੀਆਂ ਤਨਖ਼ਾਹਾਂ ਦਾ ਬੋਝ ਵਿਦਿਆਰਥੀਆਂ ’ਤੇ ਨਾ ਪਾਇਆ ਜਾਵੇ। ਸਿੱਖਿਆ ਪ੍ਰ੍ਣਾਲੀ ਸਿਰਫ਼ ਤੇ ਸਿਰਫ਼ ਵਿਦਿਆਰਥੀ ਕੇਂਦਰਿਤ ਹੋਵੇ ਅਤੇ ਸਿਆਸੀ ਦਖ਼ਲ ਨਾ ਹੋਵੇ।
ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਧੜਾਧੜ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹ ਰਹੀ ਹੈ। ਵਿਦਿਅਕ ਅਦਾਰੇ ਖੁੱਲ੍ਹਣੇ ਕੋਈ ਮਾੜੀ ਗੱਲ ਨਹੀਂ ਹੈ ਪਰ ਇੱਥੇ ਕਾਲਜ ਖੁੱਲ੍ਹਣ ਤੋਂ ਬਾਅਦ ਯੂਨੀਵਰਸਿਟੀਆਂ ਆਪਣੇ ਮਿੱਥੇ ਟੀਚਿਆਂ ਤੋਂ ਕੋਹਾਂ ਦੂਰ ਚਲੀਆਂ ਜਾਂਦੀਆਂ ਹਨ। ਇਸ ਸਮੇਂ ਪੰਜਾਬ ਵਿੱਚ 26 ਤੋਂ ਵੱਧ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ। ਬਹੁਤੀਆਂ ਯੂਨੀਵਰਸਿਟੀਆਂ ਨੂੰ ਨਿੱਜੀ ਖੇਤਰ ਦੇ ਮਾਲਕ ਸਿਰਫ਼ ਲਾਭ ਕਮਾਉਣ ਲਈ ਚਲਾ ਰਹੇ ਹਨ। 24 ਫ਼ੀਸਦੀ ਸਿੱਖਿਆ ਸਰਕਾਰੀ ਸੰਸਥਾਵਾਂ ਅਤੇ 76 ਫ਼ੀਸਦੀ ਸਿੱਖਿਆ ਨਿੱਜੀ ਸੰਸਥਾਵਾਂ ਦੇ ਰਹੀਆਂ ਹਨ। ਯੁੂਜੀਸੀ ਅਨੁਸਾਰ ਭਾਰਤ ਵਿੱਚ 350 ਸਟੇਟ ਯੂਨੀਵਰਸਿਟੀਆਂ, 124 ਡੀਮਡ ਯੂਨੀਵਰਸਿਟੀਆਂ, 47 ਕੇਂਦਰੀ ਤੇ 239 ਦੂਜੀਆਂ ਯੂਨੀਵਰਸਿਟੀਆਂ ਹਨ। 25,500 ਮਾਨਤਾ ਪ੍ਰਾਪਤ ਕਾਲਜ ਹਨ। ਇਹ ਮੁੱਖ ਤੌਰ ’ਤੇ ਚਾਰ ਖੇਤਰਾਂ ਵਿੱਚ ਸਿੱਖਿਆ ਦੇ ਰਹੇ ਹਨ। 37 ਫ਼ੀਸਦੀ ਆਰਟਸ, 14 ਫ਼ੀਸਦੀ ਸਾਇੰਸ, 18 ਫ਼ੀਸਦੀ ਕਾਮਰਸ-ਮੈਨੇਜਮੈਂਟ ਅਤੇ 16 ਫ਼ੀਸਦੀ ਇੰਜਨੀਅਰਿੰਗ ਤੇ ਤਕਨੀਕੀ ਸਿੱਖਿਆ ਦੇ ਰਹੇ ਹਨ, ਜਿਨ੍ਹਾਂ ਵਿੱਚ 20 ਮਿਲੀਅਨ ਤੋਂ ਵੀ ਵੱਧ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੋਇਆ ਹੈ।

ਡਾ. ਆਰ. ਕੇ. ਉੱਪਲ

ਡਾ. ਆਰ. ਕੇ. ਉੱਪਲ

ਨਿੱਜੀ ਯੂਨੀਵਰਸਿਟੀਆਂ ਵੱਲ ਝਾਤ ਮਾਰੀਏ ਤਾਂ ਲੱਗਦਾ ਕਿ ਇਨ੍ਹਾਂ ਦਾ ਉਦੇਸ਼ ਸਿਰਫ਼ ਪੈਸਾ ਕਮਾਉਣਾ ਹੈ। ਇਨ੍ਹਾਂ ਵੱਲੋਂ ਪੇਸ਼ਾਵਾਰ ਕੋਰਸ ਜਿਵੇਂ ਐਮਬੀਏ, ਬੀਟੈੱਕ ਤੇ ਐਮਟੈੱਕ ਸ਼ੁਰੂ ਕੀਤੇ ਜਾਂਦੇ ਹਨ। ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ ਹਨ। ਅਜਿਹੀਆਂ ਯੂਨੀਵਰਸਿਟੀਆਂ ਵਿੱਚ ਬਹੁਤੇ ਪ੍ਰੋਫ਼ੈਸਰ ਆਰਜ਼ੀ ਤੌਰ ਉਤੇ ਰੱਖੇ ਹੁੰਦੇ ਹਨ। ਵਿਦਿਆਰਥੀਆਂ ਅਜਿਹੇ ਅਦਾਰਿਆਂ ਤੋਂ ਡਿਗਰੀ ਤਾਂ ਲੈ ਲੈਂਦੇ ਹਨ ਪਰ ਫਿਰ ਰੁਜ਼ਗਾਰ ਨਹੀਂ ਮਿਲਦਾ ਜਾਂ ਨਿਗੂਣੀਆਂ ਤਨਖ਼ਾਹਾਂ ਲੈਣ ਨੂੰ ਮਜਬੂਰ ਹੋ ਜਾਂਦੇ ਹਨ। ਪੰਜਾਬ ਵਿੱਚ ਹੁਣ ਨਾ ਚੰਗੇ ਖੋਰਾਜਥੀ ਪੈਦਾ ਹੋ ਰਹੇ ਹਨ ਤੇ ਨਾ ਹੀ ਵਿਗਿਆਨੀ। ਅੱਜ ਬਹੁਤੀਆਂ ਯੂਨੀਵਰਸਿਟੀਆਂ ਸਿੱਖਿਆ ਮੁਹੱਂਈਆ ਕਰਨ ਦੇ ਉਦੇਸ਼ ਤੋਂ ਪਿੱਛੇ ਹਟ ਗਈਆਂ ਹਨ। ਐਮ.ਫਿਲ ਜਾਂ ਪੀਐਚ.ਡੀ. ਲਈ ਵੀ ਪਹਿਲਾਂ ਹੀ ਗਿਟਮਿਟ ਕਰ ਲਈ ਜਾਂਦੀ ਹੈ।  ਪੰਜਾਬ ਵਿੱਚ ਖੇਤੀ ਅਤੇ ਉਦਯੋਗਾਂ ਦਾ ਵਿਕਸਤ ਹੋਣਾ ਲਾਜ਼ਮੀ ਹੈ ਪਰ ਸੂਬੇ ਵਿੱਚ ਉਦਯੋਗਾਂ ਦਾ ਵਿਕਾਸ ਘਟ ਗਿਆ ਹੈ। ਬਹੁਤੀਆਂ ਸਨਅਤਾਂ ਦਾ ਮੂੰਹ ਹੋਰ ਸੂਬਿਆਂ ਜਿਵੇਂ ਹਰਿਆਣਾ ਅਤੇ ਗੁਜਰਾਤ ਆਦਿ ਵੱੱਲ ਹੋ ਗਿਆ ਹੈ, ਜਦੋਂਕਿ ਪੰਜਾਬ ਵਿੱਚ ਪੈਦਾ ਹੋਏ ਕੱਚੇ ਮਾਲ ਨੂੰ ਸੂਬੇ ਦੇ ਉਦਯੋਗਾਂ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਸੂਬੇ ਵਿੱਚ 95 ਫ਼ੀਸਦੀ ਖੇਤੀਬਾੜੀ ਦਾ ਕੱਚਾ ਮਾਲ ਬਾਹਰਲੇ ਰਾਜਾਂ ਨੂੰ ਜਾਂਦਾ ਹੈ, ਜਦੋਂਕਿ ਇਸ ਕੱਚੇ ਮਾਲ ਨੂੰ ਖਪਾਉਣ ਲਈ ਸੂਬੇ ਵਿੱਚ ਉਦਯੋਗਾਂ ਨੂੰ ਹੁਲਾਰਾ ਦੇਣਾ ਜ਼ਰੂਰੀ ਹੈ ਤਾਂ ਜੋ ਰੁਜ਼ਗਾਰ ਦੇ ਮੌਕੇ ਵੀ ਵਧ ਸਕਣ।
ਅੱਜ ਡਿਗਰੀਆਂ ਦੇ ਨਾਮ ਉੱਤੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਲੁੱਟ-ਖਸੁੱਟ ਵਧ ਗਈ ਹੈ। ਇਸ ਲਈ ਕੌਣ ਜ਼ਿੰਮੇਵਾਰ ਹੈ ਸਰਕਾਰ, ਮਾਪੇ ਜਾਂ ਵਿਦਿਆਰਥੀ ? ਦੇਸ਼ ਦੀ ਆਰਥਿਕ ਮਜ਼ਬੂਤੀ ਲਈ ਪੜ੍ਹੇ-ਲਿਖੇ ਹੁਨਰਮੰਦ ਨੌਜਵਾਨਾਂ ਦੀ ਜ਼ਰੂਰਤ ਹੈ। ਇਸ ਮਾਮਲੇ ਵਿੱਚ ਪਹਿਲਕਦਮੀ ਵਿਦਿਆਰਥੀ ਕਰਨ। ਵਿਦਿਆਰਥੀ ਕਾਗਜ਼ੀ ਡਿਗਰੀਆਂ ਦੀ ਥਾਂ ਗਿਆਨ ਪ੍ਰਾਪਤ ਕਰਨ ਨੂੰ ਆਪਣਾ ਨਿਸ਼ਾਨਾ ਬਣਾਉਣ। ਸਰਕਾਰ ਨਵੀਆਂ ਯੂਨੀਵਰਸਿਟੀਆਂ ਖੋਲ੍ਹਣ ਤੋਂ ਪਹਿਲਾਂ ਪੁਰਾਣੀਆਂ ਯੂਨੀਵਰਸਿਟੀਆਂ ਦੀਆਂ ਸਹੂਲਤਾਂ ਤੇ ਗੁਣਵੱਤਾ ਯਕੀਨੀ ਬਣਾਵੇ। ਮਾਪਿਆਂ ਅਤੇ ਵਿਦਿਆਰਥੀਆਂ ਦਾ ਵਿਸ਼ਵਾਸ ਜਿੱਤਣ ਅਤੇ ਹੁਨਰਮੰਦ ਸਿੱਖਿਆ ਦੇਣ ਲਈ ਅਹਿਮ ਕਦਮ ਉਠਾਏ ਜਾਣ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਨੂੰ ਹੁਲਾਰਾ ਤੇ ਮਜ਼ਬੂਤੀ ਦੇਣ ਲਈ ਸਰਕਾਰੀ ਤੇ ਨਿੱਜੀ ਭਾਈਵਾਲੀ ਵੀ ਕਾਰਗਰ ਸਾਬਿਤ ਹੋ ਸਕਦੀ ਹੈ। ਇਸ ਨਾਲ ਉਚੇਰੀ ਸਿੱਖਿਆ ਦੀ ਗੁਣਵੱਤਾ ਵਧੇਗੀ ਅਤੇ ਇਹ ਉਦਯੋਗਾਂ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਤੋਂ ਇਲਾਵਾ ਉਚੇਰੀ ਸਿੱਖਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ, ਪੜ੍ਹੇ-ਲਿਖੇ ਨੌਜਵਾਨਾਂ ਤੇ ਉਦਯੋਗਾਂ ਵਿੱਚ ਤਾਲਮੇਲ ਲਈ ਪਲੇਟਫਾਰਮ ਦੀ ਬਹੁਤ ਲੋੜ ਹੈ।
ਯੂਨੀਵਰਸਿਟੀਆਂ ਅਤੇ ਹੋਰ ਅਹਿਮ ਵਿਦਿਅਕ ਸੰਸਥਾਵਾਂ ਵਿੱਚ ਨਿਯੁਕਤੀਆਂ ਵੀ ਸਿਆਸੀ ਦਖ਼ਤ ਤੋਂ ਬਾਹਰ ਹੋਣ ਤਾਂ ਜੋ ਇਨ੍ਹਾਂ ਅਦਾਰਿਆਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾ ਸਕੇ। ਵਾਈਸ ਚਾਂਸਲਰਾਂ ਦੀ ਨਿਯੁਕਤੀ ਵਿੱਚ ਸਿਆਸੀ ਦਖ਼ਲ ਨਾ ਹੋਵੇ। ਕਾਲਜ ਤੇ ਯੂਨੀਵਰਸਿਟੀਆਂ ਅਧਿਆਪਕਾਂ ਦੀਆਂ ਪਹਿਲੇ ਪੰਜ ਸਾਲਾਂ ਦੀਆਂ ਸੇਵਾਵਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਕਾਰਜਕਾਲ ਵਿੱਚ ਵਾਧਾ ਕਰਨ। ਸਰਕਾਰ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਜੌਬ ਓਰੀਐਂਟਲ ਕੋਰਸ ਸ਼ੁਰੂ ਕਰੇ ਤੇ ਯੂਜੀਸੀ ਖੁੱਲ੍ਹਦਿਲੀ ਨਾਲ ਵਿੱਤੀ ਸਹਾਇਤਾ ਦੇਵੇ। ਭਾਰਤੀ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਉਥੋਂ ਦੇ ਵਿਦਿਅਕ ਢਾਂਚੇ ਤੋਂ ਜਾਣੂੁ ਕਰਵਾਇਆ ਜਾ ਸਕੇ। ਉੁੱਚ ਸਿੱਖਿਆ ਵਿੱਚ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇ।

ਸੰਪਰਕ: 94789-09640 


Comments Off on ਭਾਰਤ ਵਿੱਚ ਉਚੇਰੀ ਸਿੱਖਿਆ ਬਨਾਮ ਬੇਰੁਜ਼ਗਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.