ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਭਾਵਨਾਵਾਂ ਦੀ ਚਾਸ਼ਨੀ ਵਿੱਚ ਲਪੇਟੀ ਹੋਈ ਸਿਆਸਤ

Posted On February - 27 - 2017

ਬਲਬੀਰ ਸੂਦ
aa copy‘ਪੋਸਟ-ਟਰੁੱਥ’ ਨੂੰ ਆਕਸਫੋਰਡ ਡਿਕਸ਼ਨਰੀ ਵੱਲੋਂ ਸਾਲ 2016 ਦਾ ਅੰਤਰਰਾਸ਼ਟਰੀ ਸ਼ਬਦ ਕਰਾਰ ਦਿੱਤਾ ਗਿਆ ਹੈ। ‘ਪੋਸਟ-ਟਰੁੱਥ’ ਦਾ ਜਨਮ ਦਾਤਾ ਅਮਰੀਕਨ ਬਲੌਗਰ ਡੇਵਿਡ ਰੋਬਰਟਜ਼ ਹੈ। ‘ਪੋਸਟ-ਟਰੁੱਥ’ ਦਾ ਮਤਲਬ ਅਜਿਹਾ ਰਾਜਨੀਤਕ ਸੱਭਿਆਚਾਰ ਹੈ ਜਿਹੜਾ ਲੋਕਾਂ ਨੂੰ ਜਜ਼ਬਾਤੀ ਅਪੀਲਾਂ ਅਤੇ ਜਾਤੀ ਵਿਸ਼ਵਾਸਾਂ ਰਾਹੀਂ ਭੁਲੇਖਿਆਂ ਦਾ ਸ਼ਿਕਾਰ ਬਣਾਉਂਦਾ ਹੈ ਅਤੇ ਸਚਾਈ ਉੱਪਰ ਪਰਦਾ ਪਾਉਂਦਾ ਹੈ। ਮੌਜੂਦਾ ਦੌਰ ਵਿੱਚ ਜਦੋਂ ਸਚਾਈ ਦੀ ਤਾਕਤ, ਤਾਕਤ ਦੀ ਸਚਾਈ ਨਾਲ ਟਕਰਾਉਂਦੀ ਹੈ ਤਾਂ ਤਾਕਤ ਦੀ ਸਚਾਈ ਕਈ ਤਰ੍ਹਾਂ ਦੇ ਭੁਲੇਖੇ ਖੜ੍ਹੇ ਕਰ ਦਿੰਦੀ ਹੈ।
‘ਪੋਸਟ-ਟਰੁੱਥ’ ਵਿਚਾਰ ਸਮਾਜ ਦੇ ਕੁਲੀਨ ਵਰਗ ਦਾ ਵਿਚਾਰ ਹੈ, ਜਿਹੜਾ ਆਪਣੀ ਸਰਦਾਰੀ ਬਣਾਈ ਰੱਖਣ ਲਈ ਹਰ ਸੰਭਵ/ਅਸੰਭਵ ਯਤਨ ਕਰਦਾ ਰਹਿੰਦਾ ਹੈ। ਕੁਲੀਨ ਵਰਗ ਦੀਆਂ ਨੁਮਾਇੰਦਾ ਸਰਕਾਰਾਂ ਡਿੱਗ ਰਹੀ ਆਰਥਿਕਤਾ, ਭੁੱਖਮਰੀ, ਬਿਮਾਰੀ, ਅਨਪੜ੍ਹਤਾ, ਬੇਰੁਜ਼ਗਾਰੀ, ਔਰਤਾਂ ਦਾ ਸੋਸ਼ਣ ਅਤੇ ਹੋਰ ਅਨੇਕਾਂ ਸਮਾਜਿਕ ਬੁਰਾਈਆਂ ਆਦਿ ਨੂੰ ਬਾਹਰੀ ਕਾਰਨਾਂ ਵੱਜੋਂ ਗਰਦਾਨ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੀਆਂ ਹਨ।
‘ਪੋਸਟ-ਟਰੁੱਥ’ ਦਾ ਬਿ੍ਟੇਨ ਅਧਿਆਏ 23 ਜੂਨ 2016 ਨੂੰ ਬ੍ਰੈਗਜ਼ਿੱਟ ਨਾਲ ਸ਼ੁਰੂ ਹੰਦਾ ਹੈ ਜਿਸ ਵਿੱਚ  ਬ੍ਰਿਟੇਨ, ਯੂਰੋਪੀਅਨ ਯੂਨੀਅਨ ਵਿੱਚੋਂ ਬਾਹਰ ਨਿਕਲਣ ਜਾਂ ਯੂਨੀਅਨ ਵਿੱਚ ਰਹਿਣ ਵਾਸਤੇ ਇੱਕ ਜਨਮਤ ਸੰਗ੍ਰਹਿ ਹੁੰਦਾ ਹੈ। ਇਸ ਦਾ ਆਧਾਰ ਸੀ ਕਿ ਬ੍ਰਿਟੇਨ ਦੀ ਬੇਰੁਜ਼ਗਾਰੀ ਦਾ ਮੁੱਖ ਕਾਰਨ ਯੂਰੋਪ ਦੇ ਵਸਨੀਕ ਗੋਰੇ ਹਨ। ਇਸ ਜਨਮਤ ਸੰਗ੍ਰਹਿ ਦਾ ਮੁੱਦਾ ਕੁਲੀਨ ਵਰਗ ਲਈ ਉੱਚ ਪੱਧਰੀ ਕਿੱਤੇ ਦੀ ਲੋੜ ਅਤੇ ਮਜ਼ਦੂਰ ਜਮਾਤ ਲਈ ਬੇਰੁਜ਼ਗਾਰੀ ਅਤੇ ਮੁਕਾਮੀ ਆਰਥਿਕਤਾ ਦੀ ਤਬਾਹੀ ਸੀ। ਇਸ ਵਿੱਚ ਸਚਾਈ ਨੂੰ ਛਿੱਕੇ ਟੰਗ ਕੇ ਭਾਵਨਾਤਮਕ ਅੰਧਰਾਸ਼ਟਰਵਾਦ ਦੀ ਜਿੱਤ ਹੋਈ ਹੈ। ਜਿਵੇਂ ਇਰਾਕ ਦੀ ਜੰਗ ਵੇਲੇ ਉਦੋਂ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਅਮਰੀਕਾ ਦੇ ਉਦੋਂ ਦੇ ਰਾਸ਼ਟਰਪਤੀ ਜਾਰਜ ਬੁਸ਼ ਨਾਲ ਮਿਲ ਕੇ ਇਰਾਕ ਖ਼ਿਲਾਫ਼ ਲੋਕਾਂ ਨੂੰ ਭਾਵੁਕ ਕਰਕੇ ਅਤੇ ਇਹ ਕਹਿ ਕੇ ਯੁੱਧ ਛੇੜ ਦਿੱਤਾ ਕਿ ਇਰਾਕ ਕੋਲ ਲੋਕਾਈ ਨੂੰ ਖ਼ਤਮ ਕਰਨ ਵਾਲੇ ਜੈਵਿਕ ਹਥਿਆਰ ਹਨ। ਜੰਗ ਤੋਂ ਬਾਅਦ ਇਹ ਝੂਠ ਸਾਬਤ ਹੋਇਆ।
‘ਪੋਸਟ-ਟਰੁੱਥ’ ਦੇ ਅਮਰੀਕੀ ਅਧਿਆਏ ਵਿੱਚ ਡੋਨਲਡ ਟਰੰਪ ਨੇ ਸਥਾਪਤੀ ਵਿਰੁੱਧ ਭੜਕੇ ਵਿਰੋਧ ਨੂੰ ਨਸਲਵਾਦ ਉੱਪਰ ਭਾਵਨਾਵਾਂ ਦੀ ਚਾਸ਼ਨੀ ਚਾੜ੍ਹ ਕੇ ਡੈਮੋਕਰੇਟਸ ਅਤੇ ਰਿਪਬਲਿਕਨਾਂ ਦੇ ਵਿਰੋਧ ਦੇ ਬਾਵਜੂਦ ਆਪਣੇ ਹੱਕ ਵਿੱਚ ਕਾਮਯਾਬੀ ਦੇ ਨਾਲ ਵਰਤਿਆ। ਟਰੰਪ ਨੇ ਅਮਰੀਕਨਾਂ ਖਾਸ ਕਰਕੇ ਗੋਰੇ ਅਮਰਕੀਨਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਮੌਜੂਦਾ ਨਿੱਘਰ ਰਹੀਆਂ ਆਰਥਿਕ ਹਾਲਤਾਂ ਵਿੱਚੋਂ ਸਿਰਫ਼ ਤੇ ਸਿਰਫ਼ ਉਹ ਹੀ ਉਨ੍ਹਾਂ ਦਾ ਮਸੀਹਾ ਹੋ ਸਕਦਾ ਹੈ। ਜਦੋਂ ਕਿ ਜਿੱਤ ਤੋਂ ਬਾਅਦ ਟਰੰਪ ਦੀ ਕੈਬਨਿਟ ਦੀ ਬਣਤਰ ਇਹ ਸਾਬਿਤ ਕਰਦੀ ਹੈ ਕਿ ਟਰੰਪ ਦੀ ਸਰਕਾਰ ਕਾਰਪੋਰੇਟਾਂ ਦੀ ਅਤੇ ਕਾਰਪੋਰੇਟਾਂ ਲਈ ਸਰਕਾਰ ਹੈ। ਅਮਰੀਕਾ ਨੂੰ ਮਹਾਨ ਨਹੀਂ ਕਾਰਪੋਰੇਟਾਂ ਨੂੰ ਹੋਰ ਮਹਾਨ ਬਣਾਉਣ ਵਾਲੀ ਸਰਕਾਰ ਹੈ।
‘ਪੋਸਟ-ਟਰੁੱਥ’ ਰਾਜਨੀਤੀ ਦੇ ਭਾਰਤੀ ਅਧਿਆਏ ਦੀ ਤੀਸਰੀ ਘਟਨਾ ਨਰਿੰਦਰ ਮੋਦੀ ਹੈ। ਮੋਦੀ ਜਿਸਨੇ ਨੋਟਬੰਦੀ ਨੂੰ ਦੇਸ਼ ਭਗਤੀ ਦੀ ਚਾਸ਼ਨੀ ਵਿੱਚ ਲਪੇਟ ਕੇ 99 ਫ਼ੀਸਦੀ ਭਾਰਤੀਆਂ ਨੂੰ ਬੈਂਕਾਂ ਅਤੇ ਏ.ਟੀ.ਐੱਮ. ਦੇ ਸਾਹਮਣੇ ਠੰਢੀਆਂ ਰਾਤਾਂ ਵਿੱਚ ਵੀ ਖੜ੍ਹੇ ਰਹਿਣ ਲਈ ਮਜਬੂਰ ਕੀਤਾ। ਆਮ ਲੋਕਾਂ ਵਿੱਚ ਅਮੀਰਾਂ ਦੇ ਕਾਲੇ ਧਨ ਦੇ ਖ਼ਿਲਾਫ਼ ਗੁੱਸੇ ਨੂੰ ਮੋਦੀ ਨੇ ਭਾਵਨਾਤਮਕ ਭਾਸ਼ਣਾਂ ਰਾਹੀਂ ਗ਼ਰੀਬਾਂ ਦੇ ਆਪਣੇ ਹੀ ਖ਼ਿਲਾਫ਼ ਅਤੇ ਅਮੀਰਾਂ ਦੇ ਪੱਖ ਵਿੱਚ ਵਰਤਿਆ। ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਅਮੀਰਾਂ ਪਾਸੋਂ ਕਾਲਾ ਧਨ ਬੈਂਕਾਂ ਵਿੱਚ ਜਮ੍ਹਾਂ ਹੋ ਜਾਣ ਤੋਂ ਬਾਅਦ ਗ਼ਰੀਬ ਲੋਕਾਂ ਦੇ ਹਿੱਤ ਵਿੱਚ ਵਰਤਿਆ ਜਾਵੇਗਾ। ਜਦੋਂ ਕਿ ਅਮੀਰ ਲੋਕ ਚੈਨ ਦੀ ਨੀਂਦ ਸੌਂਦੇ ਰਹੇ ਅਤੇ ਗ਼ਰੀਬ ਦੋ-ਦੋ ਹਜ਼ਾਰ ਰੁਪਏ ਦੇ ਲਈ ਆਪਣੇ ਕੰਮ ਧੰਦੇ ਛੱਡ ਕੇ ਬੈਂਕਾਂ ਅੱਗੇ ਕਤਾਰਾਂ ਵਿੱਚ ਖੜ੍ਹੇ ਤਰਸਦੇ ਰਹੇ। ਕਾਲਾਧਨ ਧਾਰਕਾਂ ਦੀ ਸੂਚੀ ਵਿੱਚ ਸ਼ਾਮਿਲ ਨਾਵਾਂ ਨੂੰ ਅਜੇ ਤਕ ਵੀ ਜਨਤਕ ਨਹੀਂ ਕੀਤਾ ਗਿਆ, ਸਗੋਂ ਇਸ ਦੇ ਉਲਟ ਸੁਪਰੀਮ ਕੋਰਟ ਨੂੰ ਕਾਲਾਧਨ ਧਾਰਕਾਂ ਦੀ ਸੂਚੀ ਦਿੰਦੇ ਹੋਏ ਕੇਂਦਰ ਸਰਕਾਰ ਨੇ ਬੇਨਤੀ ਕੀਤੀ ਕਿ ਕਾਲੇ ਧਨ ਦੇ ਧਾਰਕਾਂ ਦਾ ਨਾਮ ਨਸ਼ਰ ਨਾ ਕੀਤਾ ਜਾਵੇ। 100 ਤੋਂ ਵੀ ਵੱਧ ਭਾਰਤੀ ‘ਦੇਸ਼ ਭਗਤੀ’ ਦਾ ਸਬੂਤ ਦਿੰਦੇ ਹੋਏ ਨੋਟਬੰਦੀ ਦੀ ਬਲੀ ਚੜ੍ਹ ਗਏ, ਪਰ ਮੋਦੀ ਦੇ ਕੰਨ ’ਤੇ ਜੂੰ ਤਕ ਨਹੀਂ ਸਰਕੀ। 6 ਲੱਖ 30 ਹਜ਼ਾਰ ਕਰੋੜ ਰੁਪਏ ਬੈਂਕਾਂ ਦਾ ਕਰਜ਼ਾ ਜੋ ਆਮ ਲੋਕਾਂ ਦਾ ਪੈਸਾ ਹੈ, ਧਨਾਡ ਦੱਬ ਕੇ ਬੈਠੇ ਹਨ। ਕਿਸੇ ਸਰਕਾਰ ਦੀ ਜੁਰਅੱਤ ਨਹੀਂ ਕਿ ਉਨ੍ਹਾਂ ਨੂੰ ਹੱਥ ਵੀ ਲਾ ਜਾਵੇ।
ਸੱਚਾਈ ਵਿਹੁੂਣਾ, ਭਰਮ ਭੁਲੇਖਿਆਂ ਦਾ ਸ਼ਿਕਾਰ ਅਤੇ ਖੱਬੇ ਪੱਖੀ ਵਿਚਾਰਾਂ ਨਾਲ ਸਬੰਧਿਤ ਸਹੂਲਤਾਂ ਲੱਭਦੇ ਹੋਏ ਯੂਰੋਪ ਅਤੇ ਅਮਰੀਕਨ ਸਮਾਜ ਵਿੱਚ ਸੱਜੇ ਪੱਖੀ ਧਾਰਨਾਵਾਂ ਦੇ ਸ਼ਿਕਾਰ ਹੋਣ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਗਈਆਂ ਹਨ। ਜਰਮਨ ਵਿੱਚ ਸੱਜੇ ਪੱਖੀ ਨੇਤਾ ਫਰਾਉੱਕਾ ਪੈਟਰੀ ਜਰਮਨ ਵਿੱਚ ਸ਼ਰਨਾਰਥੀਆਂ ਉੱਪਰ ਪੁਲੀਸ ਨੂੰ ਲੋੜ ਪੈਣ ’ਤੇ ਗੋਲੀ ਚਲਾਉਣ ਦੀ ਸਲਾਹ ਦਿੰਦਾ ਹੈ। ਫਰਾਂਸ ਵਿੱਚ ਲਾ-ਪੈੱਨ ਨਸਲਵਾਦ ਨੂੰ ਹਵਾ ਦੇ ਕੇ ਟਰੰਪ ਵਾਂਗ ਸੱਤਾ ’ਤੇ ਕਾਬਜ਼ ਹੋਣ ਲਈ ਤਰਲੋਮੱਛੀ ਹੋ ਰਹੀ ਹੈ। ਇਸੇ ਤਰ੍ਹਾਂ ਨੀਦਰਲੈਂਡਜ਼ ਵਿੱਚ ਜੀਰਤ ਵਾਇਲਡਰ ਮੁਸਲਿਮ ਧਰਮ ਦਾ ਕੱਟੜ ਵਿਰੋਧੀ, ਇਟਲੀ ਦਾ ਮੈਟਿਉ ਸਾਲਵੀਨੀ, ਆਸਟਰੀਆ ਦਾ ਨੋਰਬਰਟ ਹੋਫਰ ਅਤੇ ਹੰਗਰੀ ਦਾ ਵਿਕਟਰ ਅੋਰਬਨ ਇਹ ਸਾਰੇ ਹੀ ਟਰੰਪ ਦੇ ਬਿਆਨ ‘ਸੱਭਿਆਤਾਵਾਂ ਦਾ ਭੇੜ’ ਦੀ ਪ੍ਰੋੜਤਾ ਕਰਦੇ ਹੋਏ ਜਨਤਾ ਨੂੰ ਅਸਲ ਮੁੱਦਿਆਂ ਤੋਂ ਭੜਕਾ ਕੇ ਨਸਲਵਾਦ ਦੀ ਹਵਾ ਦੇ ਕੇ ਭਰਾ ਮਾਰੂ ਘਰੇਲੂ ਜੰਗ ਅਤੇ ਸੰਸਾਰ ਜੰਗ ਦੀ ਭੱਠੀ ਵਿੱਚ ਝੋਕਣ ਲਈ ਤਿਆਰ ਬੈਠੇ ਹਨ।
16 ਜਨਵਰੀ 2017 ਨੂੰ ਆਕਸਫੋਮ ਇੰਟਰਨੈਸ਼ਨਲ ਦੀ ਸੂਚੀ ਮੁਤਾਬਿਕ ਦੁਨੀਆਂ ਵਿੱਚ ਸਿਰਫ਼ 8 ਵਿਅਕਤੀਆਂ ਦੀ ਜਾਇਦਾਦ ਦੁਨੀਆਂ ਦੇ ਹੇਠਲੇ 360 ਕਰੋੜ (ਦੁਨੀਆਂ ਦੀ ਅੱਧੀ ਆਬਾਦੀ) ਦੇ ਬਰਾਬਰ ਦੀ ਜਾਇਦਾਦ ਦੇ ਮਾਲਕ ਹਨ। ਦੁਨੀਆਂ ਦੀ ਹੇਠਲੀ 50 ਫ਼ੀਸਦੀ ਆਬਾਦੀ ਕੋਲ ਕੁੱਲ ਜਾਇਦਾਦ ਦੀ ਸਿਰਫ 0.2 ਫ਼ੀਸਦੀ ਦੌਲਤ ਹੀ ਹੈ। ਫਰਾਂਸ ਦੇ ਅਰਥ ਸ਼ਾਸਤਰੀ ਥੋਮਸ ਪਿੱਕਟੀ ਨੇ ਆਪਣੀ ਕਿਤਾਬ ‘ਕੈਪੀਟਲ ਇਨ ਟਵੰਟੀ ਫਸਟ ਸੈਂਚਰੀ’’ ਵਿੱਚ ਅਮਰੀਕਾ ਦੇ ਹੇਠਲੇ ਪੱਧਰ ਦੀ 50 ਫ਼ੀਸਦੀ ਆਬਾਦੀ ਦੀ ਪਿਛਲੇ 30 ਸਾਲਾਂ ਵਿੱਚ ਵਿਕਾਸ ਦਰ 0 ਫ਼ੀਸਦੀ ਅਤੇ ਉੱਪਰਲੇ 1 ਫ਼ੀਸਦੀ ਅਮੀਰਾਂ ਦੀ ਵਿਕਾਸ ਦਰ 300 ਫ਼ੀਸਦੀ ਦੱਸੀ ਹੈ। ਕਾਰਪੋਰੇਟਾਂ ਦੀ ਹਰੇਕ ਸਾਲ 100 ਬਿਲੀਅਨ ਡਾਲਰਾਂ ਦੀ ਟੈਕਸ ਚੋਰੀ ਨਾਲ ਹਰੇਕ ਸਾਲ 124 ਮਿਲੀਅਨ ਗ਼ਰੀਬ ਲੋਕ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ 6 ਮਿਲੀਅਨ ਬੱਚਿਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੰਦੇ ਹਨ। 1 ਫ਼ੀਸਦੀ ਅਮੀਰ ਲੋਕ ਟੈਕਸ ਚੋਰੀ ਕਰਕੇ ਮਜ਼ਦੂਰਾਂ ਦੀਆਂ ਤਨਖਾਹਾਂ ਘਟਾ ਕੇ ਅਤੇ ਜਾਮ ਕਰਕੇ ਰਾਜਨੀਤਕ ਫ਼ੈਸਲਿਆਂ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਕੇ ਗ਼ਰੀਬੀ ਅਮੀਰੀ ਦਾ ਪਾੜਾ ਹੋਰ ਵਧਾ ਰਹੇ ਹਨ। ਬ੍ਰੈਗਜ਼ਿੱਟ,ਟਰੰਪ ਅਤੇ ਮੋਦੀ ਦੀ ਨੋਟਬੰਦੀ ਆਰਥਿਕ ਅਸਮਾਨਤਾਵਾਂ ਦੀ ਚਰਮ ਸੀਮਾ ਦਾ ਹੀ ਨਤੀਜਾ ਹੈ। ਉੱਕਤ ਦਿੱਤੇ ਅੰਕੜੇ ਇਹ ਸਾਬਤ ਕਰਦੇ ਹਨ ਕਿ ਦੁਨੀਆਂ ਦੇ ਅਲੱਗ ਅਲੱਗ ਖਿੱਤਿਆਂ ਵਿੱਚ ਅਲੱਗ -ਅਲੱਗ ਸਥਾਪਿਤ ਰਾਜਨੀਤਕ ਪਾਰਟੀਆਂ ਅਤੇ ਸਥਾਪਿਤ ਸੰਸਥਾਵਾਂ ਪੂਰੀ ਦੁਨੀਆਂ ਨੂੰ ਗ਼ੁਰਬਤ, ਭੁੱਖਮਰੀ, ਬਿਮਾਰੀ, ਅਨਪੜ੍ਹਤਾ ਵਿੱਚ ਧੱਕਣ ਵਾਲੇ 1 ਫ਼ੀਸਦੀ ਅਮੀਰਾਂ ਖ਼ਿਲਾਫ਼ ਕੋਈ ਸਾਰਥਿਕ ਕਦਮ ਚੁੱਕਣ ਲਈ ਤਿਆਰ ਨਹੀਂ ਹਨ।
ਕਾਰਲ ਮਾਰਕਸ ਮੁਤਾਬਿਕ ਸਰਮਾਏਦਾਰੀ/ਸਾਮਰਾਜਵਾਦ ਦੇ ਆਰਥਿਕ ਸੰਕਟ ਵਿੱਚੋਂ ਇੱਕ ਪ੍ਰਤੀਕਿਰਿਆ ਵਾਦੀ ਸੰਕਟ ਅਤੇ ਦੂਸਰਾ ਇਨਕਲਾਬੀ ਸੰਕਟ ਪੈਦਾ ਹੁੰਦਾ ਹੈ। ਨਸਲਵਾਦ ਦਾ ਉਭਾਰ ਪ੍ਰਤੀਕਿਰਿਆ ਵਾਦੀ ਸੰਕਟ ਵੱਲ ਇਸ਼ਾਰਾ ਕਰਦਾ ਹੈ ਅਤੇ ਮਜ਼ਦੂਰਾਂ, ਕਿਸਾਨਾਂ, ਨੌਜੁਆਨਾਂ, ਮੁਲਾਜ਼ਮਾਂ ਦਾ ਅਮਰੀਕਾ ਵਿੱਚ ਵਾਲ ਸਟਰੀਟ ਨੂੰ ਘੇਰਨ ਦਾ ਸੰਕਟ ਇੱਕ ਇਨਕਲਾਬੀ ਸੰਕਟ ਦਾ ਪ੍ਰਤੀਕ ਹੈ। ਬੇਸ਼ੱਕ ਮਾਰਕਸਵਾਦੀ ਵਿਚਾਰਧਾਰਕ ਅਤੇ ਰਾਜਨੀਤੀਵਾਨਾਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਿਛਲੇ ਸਾਲਾਂ ਵਿੱਚ ਕੁਝ ਗ਼ਲਤੀਆਂ ਹੋਈਆਂ ਹਨ ਪ੍ਰੰਤੂ ਇਸਦੇ ਬਾਵਜੂਦ ਵੀ ਮਾਰਕਸਵਾਦੀ ਲੈਨਿਨਵਾਦੀ ਵਿਚਾਰਧਾਰਾ ਪੂਰੀ ਦੁਨੀਆਂ ਨੂੰ ਸਾਮਰਾਜੀ ਤਦੂੰਆਂ ਜਾਲ ਵਿੱਚੋਂ ਕੱਡ ਸਕਦੀ ਹੈ ਅਤੇ ਸੰਸਾਰ ਜੰਗ ਦੀ ਭੱਠੀ ਨੂੰ ਮਘਣ ਤੋਂ ਬਚਾ ਸਕਦੀ ਹੈ।
ਸੰਪਰਕ: 94174-94610


Comments Off on ਭਾਵਨਾਵਾਂ ਦੀ ਚਾਸ਼ਨੀ ਵਿੱਚ ਲਪੇਟੀ ਹੋਈ ਸਿਆਸਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.