ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਭਾਸ਼ਾ ਵੀ ਕਿਰ ਨਾ ਜਾਵੇ ਮੁੱਠੀ ਦੀ ਰੇਤ ਵਾਂਗ

Posted On February - 25 - 2017

ਅਨੂਪ ਸੇਠੀ

12502cd _Hari_Singh_Dilbar__Punjabi_language_comedy_poetਮੁੰਬਈ ਵਿੱਚ ਕੁਝ ਅਜਿਹੇ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਮੂਲ ਭਾਸ਼ਾ ਇੱਕ ਹੀ ਹੈ, ਪਰ ਅਗਲੀ ਪੀੜ੍ਹੀ ਤਕ ਉਹ ਭਾਸ਼ਾ ਇੱਕੋ ਜਿਹੇ ਢੰਗ ਨਾਲ ਨਹੀਂ ਜਾ ਰਹੀ। ਇੱਕ ਪਰਿਵਾਰ ਹੈ ਜਿਸ ਵਿੱਚ ਮੀਆਂ-ਬੀਵੀ ਆਪਣੀ ਬੋਲੀ ਬੋਲਦੇ ਹਨ, ਪਰ ਬੱਚੇ ਉਨ੍ਹਾਂ ਦੀ ਬੋਲੀ ਨਹੀਂ ਸਿੱਖ ਸਕੇ। ਪਰਿਵਾਰ ਦਾ ਮੁਖੀਆ ਬੁੱਧੀਜੀਵੀ ਹੈ। ਉਸ ਦੇ ਕੰਮ ਦਾ ਮਾਧਿਅਮ ਅੰਗਰੇਜ਼ੀ ਭਾਸ਼ਾ ਹੈ। ਉਹ ਜੜ੍ਹਾਂ ਨਾਲ ਸਿੱਧਾ ਤਾਂ ਨਹੀਂ ਜੁੜਿਆ ਹੋਇਆ, ਪਰ ਸੱਭਿਆਚਾਰਕ ਪੱਖੋਂ ਸੰਵੇਦਣਹੀਣ ਵੀ ਨਹੀਂ ਹੈ। ਸ਼ਾਇਦ ਭਾਸ਼ਾ ਮੁੱਦੇ ਦੇ  ਤੌਰ ’ਤੇ ਉਸ ਦੇ ਸਰੋਕਾਰਾਂ ਦੀ ਸੂਚੀ ਵਿੱਚ ਨਹੀਂ ਹੈ। ਸ਼ਾਇਦ ਇਸੇ ਕਰਕੇ ਉਸ ਨੇ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾਉਣ ਦਾ ਯਤਨ ਨਾ ਕੀਤਾ ਹੋਵੇ। ਬੱਚੇ ਉੱਚ ਵਰਗ ਵਿੱਚ ਆਪਣੀ ਥਾਂ ਬਣਾ ਗਏ ਹਨ। ਉਸ ਦੇ ਕੰਮ-ਕਾਜ ਦੀ ਭਾਸ਼ਾ ਅੰਗਰੇਜ਼ੀ ਹੈ, ਜ਼ੁਬਾਨ ’ਤੇ ਹਿੰਦੀ ਭਾਵ ਮੁੰਬਈਆ ਹਿੰਦੀ ਹੈ।
ਇਹ ਪਰਿਵਾਰ ਬਹੁਤ ਮਹਿੰਗੇ ਇਲਾਕੇ ਵਿੱਚ ਰਹਿੰਦਾ ਹੈ। ਅਗਲੀ ਪੀੜ੍ਹੀ ਬੱਸ, ਟਰੇਨ ਵਰਗੇ ਸਰਵਜਨਕ ਸਾਧਨਾਂ ਦੀ ਵਰਤੋਂ ਨਹੀਂ ਕਰਦੀ। ਸਬਜੀ-ਭਾਜੀ ਨੌਕਰ ਲਿਆਉਂਦਾ ਹੈ। ਉਨ੍ਹਾਂ ਨੂੰ ਕਦੇ-ਕਦਾਈਂ ਲਿਫਟਮੈਨ, ਵਾਚਮੈਨ ਜਾਂ ਡਰਾਈਵਰ ਨਾਲ ਹਿੰਦੀ ਵਿੱਚ ਗੱਲ ਕਰਨੀ ਪੈਂਦੀ ਹੈ। ਆਮ ਤੌਰ ’ਤੇ ਇਹ ਲੋਕ ਵੀ ਇਨ੍ਹਾਂ ਦੀਆਂ ਲੋੜਾਂ ਸਮਝਦੇ ਹਨ। ਇਸ ਕਰਕੇ ਇਸ ਤਬਕੇ ਨਾਲ ਸੰਵਾਦ ਦੀ ਸੰਭਾਵਨਾ ਘੱਟ ਹੀ ਰਹਿੰਦੀ ਹੈ। ਇਹ ਲੋਕ ਆਪਣੇ ਕੰਮ ਦੀ ਜਗ੍ਹਾ ਹੀ ਬੋਲਦੇ ਹਨ। ਉੱਥੇ ਹਿੰਦੀ ਨਹੀਂ, ਅੰਗਰੇਜ਼ੀ ਆਮ ਭਾਸ਼ਾ ਹੈ। ਮਾਂ-ਬੋਲੀ ਦਾ ਕੋਈ ਨਿਸ਼ਾਨ ਵੀ ਉਨ੍ਹਾਂ ਦੀ ਆਤਮਾ ’ਤੇ ਨਹੀਂ ਦਿਸਦਾ।
ਦੂਜੀ ਮਿਸਾਲ ਹੇਠਲੇ ਮੱਧਵਰਗ ਵੱਲ ਵਧਦੇ ਹੋਏ ਪਰਿਵਾਰ ਦੀ ਹੈ। ਮਹਾਂਨਗਰ ਦੀ ਇੱਕ ਬਸਤੀ ਵਿੱਚ ਰਹਿਣ ਵਾਲਾ ਆਪਣੇ ਘਰ ਪਿੰਡ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਵਾਲਾ ਪਰਿਵਾਰ। ਪਿੰਡ ਨਾਲ ਇਨ੍ਹਾਂ ਦਾ ਰਿਸ਼ਤਾ ਇੰਨਾ ਪੱਕਾ ਹੈ ਕਿ ਮੌਕਾ ਕੱਢ ਕੇ ਉੱਥੇ ਜਾ ਕੇ ਖੇਤੀਬਾੜੀ ਵੀ ਕਰ ਆਵੇਗਾ। ਸ਼ਹਿਰ ਵਿੱਚ ਆਪਣੇ ਖਾਣ ਵਾਸਤੇ ਅਨਾਜ ਵੀ ਲੈ ਆਵੇਗਾ। ਪਹਿਲੀ ਮਿਸਾਲ ਵਾਲਿਆਂ ਵੱਲੋਂ ਪਿੰਡ ਤੋਂ ਨੌਕਰ ਲਿਆਇਆ ਜਾਂਦਾ ਹੈ, ਅਨਾਜ ਨਹੀਂ। ਇਸ ਪਰਿਵਾਰ ਦੀ ਘਰੇਲੂ ਭਾਸ਼ਾ ਆਪਣੀ ਬੋਲੀ ਹੈ। ਕੰਮਕਾਰ ਦੀ ਭਾਸ਼ਾ ਮੁੰਬਈਆ ਹਿੰਦੀ ਹੈ। ਅੰਗਰੇਜ਼ੀ ਤਕ ਇਨ੍ਹਾਂ ਦੀ ਪਹੁੰਚ ਨਹੀਂ। ਉਸ ਨੇ ਆਪਣੇ ਬੱਚਿਆਂ ਤਕ ਆਪਣੀ ਭਾਸ਼ਾ ਪਹੁੰਚਾ ਦਿੱਤੀ ਹੈ। ਇਸ ਵਾਸਤੇ ਸੁਚੇਤ ਯਤਨ ਕਿਸੇ ਨੇ ਵੀ ਨਹੀਂ ਕੀਤਾ। ਇਸ ਪਰਿਵਾਰ ਦਾ ਮੁਖੀਆ ਬੁੱਧੀਜੀਵੀ ਨਹੀਂ ਹੈ। ਭਾਸ਼ਾ ਨਾਲ ਉਸ ਦਾ ਰਿਸ਼ਤਾ ਸੰਪਰਕ ਕਰਨ ਵਾਲਾ ਤੇ ਆਪਣੀ ਬੋਲੀ ਨਾਲ ਉਸ ਦਾ ਰਿਸ਼ਤਾ ਆਪਣੀ ਨਿੱਜੀ ਪਛਾਣ ਲਈ ਹੈ। ਮਹਾਂਨਗਰ ਵਿੱਚ ਭਾਸ਼ਾਈ ਸਮੂਹ ਨਾਲ ਜੁੜ ਕੇ ਸੁਰੱਖਿਆ ਪਾਉਣ ਦਾ ਹੈ। ਉਸ ਦੇ ਸਰੋਕਾਰਾਂ ਵਿੱਚ ਭਾਸ਼ਾ ਨਹੀਂ ਹੈ, ਪਰ ਉਹ ਆਪਣੀ ਬੋਲੀ ਦਾ ਸਹਿਜ ਅਤੇ ਬੇਧਿਆਨ ਹੀ ਸੰਚਾਰ ਕਰਦਾ ਹੈ। ਠੇੇਠ ਮੁੰਬਈਆ ਅੰਦਾਜ਼ ਹੈ। ਉਸ ਦੀ ਅਗਲੀ ਪੀੜ੍ਹੀ ਆਪਣੀ ਬੋਲੀ ਤੋਂ ਹਿੰਦੀ ਵਿੱਚ ਸ਼ਿਫਟ ਹੋਈ ਹੈ। ਜਮਾਤੀ ਸਥਿਤੀ ਵਿੱਚ ਥੋੜ੍ਹਾ-ਬਹੁਤ ਪਰਿਵਰਤਨ ਹੋਇਆ ਹੈ, ਭਾਵ ਤੀਜੀ ਪੀੜ੍ਹੀ ਆਪਣੀ ਬੋਲੀ ਤੋਂ ਥੋੜ੍ਹੀ ਪਰ੍ਹਾਂ ਖਿਸਕ ਰਹੀ ਹੈ। ਹਾਲਾਂਕਿ ਇਸ ਵਰਗ ਦੀ ਹਿੰਦੀ ਵਿੱਚ ਵੀ ਮੁਹਾਰਤ ਨਹੀਂ ਹੈ। ਠੇਠ ਬੰਬਈਆ ਅੰਦਾਜ਼ ਹੈ। ਇਨ੍ਹਾਂ ਦੀ ਬਾਹਰਲੀ ਦੁਨੀਆਂ ਵਿੱਚ ਦੁਕਾਨਦਾਰ, ਚੌਕੀਦਾਰ, ਸਬਜ਼ੀ ਵਾਲਾ, ਬਾਬੂ, ਮਾਸਟਰ ਅਤੇ ਪੁਲੀਸ ਸਭ ਆਉਂਦੇ ਹਨ। ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਰਗ ਦੇ ਲੋਕਾਂ ਦਾ ਭਾਵ ਸ਼ਹਿਰੀ ਲੋਕਾਂ ਨਾਲ ਰਿਸ਼ਤਾ ਮੁਕਾਬਲੇ ਵਜੋਂ ਨੇੜਲਾ ਹੈ? ਪਰ ਅਗਲੀਆਂ ਪੀੜ੍ਹੀਆਂ ਆਪਣੀ ਪਛਾਣ ਵਾਸਤੇ ਆਪਣੀ ਭਾਸ਼ਾ ’ਤੇ ਨਿਰਭਰ ਨਹੀਂ ਹਨ।
ਤੀਜੀ ਮਿਸਾਲ ਇੱਕ ਅਜਿਹੇ ਬੁੱਧੀਜੀਵੀ ਦੀ ਹੈ, ਆਪਣੀ ਬੋਲੀ ਅਤੇ ਇਲਾਕਾ ਜਿਸ ਦੇ ਵਿਵਹਾਰ ਦਾ ਹਿੱਸਾ ਹੈ। ਉਸ ਨੂੰ ਮਿਲ ਕੇ ਲੱਗਦਾ ਹੈ ਕਿ ਅਸੀਂ ਵੀ ਉਸ ਦੇ ਨਾਲ ਆਪਣੇ ਸ਼ਹਿਰ ਵਿੱਚ ਪਹੁੰਚ ਗਏ ਹਾਂ। ਉਹ ਦੂਜੇ ਭਾਸ਼ਾਈ ਸਮੂਹ ਦੇ ਵਿਅਕਤੀ ਨਾਲ ਵੀ ਆਪਣੇ ਹੀ ਅੰਦਾਜ਼ ਵਿੱਚ ਗੱਲ ਕਰਦਾ ਹੈ। ਉਸ ਵਿੱਚ ਠੇਠ ਠੁੱਕਦਾਰੀ ਹੈ, ਆਪਣੀਆਂ ਜੜ੍ਹਾਂ ਨਾਲ ਉਸ ਦਾ ਵਿਹਾਰਕ ਰਿਸ਼ਤਾ ਹੈ। ਸ਼ਹਿਰ ਵਿੱਚ ਫਲੈਟ ਖ਼ਰੀਦ ਲੈਣ ਦੇ ਬਾਵਜੂਦ ਡੇਰੇ ’ਤੇ ਰਹਿਣ ਵਾਲੀ ਮਾਨਸਿਕਤਾ ਹੈ। ਇਸ ਮੱਧਵਰਗੀ ਬਾਬੂ ਦੀ ਕੰਮਕਾਜੀ ਭਾਸ਼ਾ ਉਂਜ ਦੀ ਅੰਗਰੇਜ਼ੀ ਹੈ, ਜਿਵੇਂ ਇੱਥੇ ਸਾਡੇ ਬਾਬੂਆਂ ਦੀ ਹੁੰਦੀ ਹੈ। ਕੰਮ ਚਲਾਊ ਸਿੱਖੀ ਹੋਈ ਭਾਸ਼ਾ। ਪਤੀ-ਪਤਨੀ ਦੋਵਾਂ ਦੀ ਬੋਲੀ ਇੱਕ ਹੈ। ਇਸ ਦੇ ਬਾਵਜੂਦ ਬੱਚਿਆਂ ਤਕ ਬੋਲੀ ਨਹੀਂ ਪਹੁੰਚ ਸਕੀ। ਬੱਚਿਆਂ ਦੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੈ। ਵਿਹਾਰ ਦੀ ਭਾਸ਼ਾ ਮੁੰਬਈਆ ਹਿੰਦੀ ਹੈ। ਭਾਸ਼ਾਈ ਲਗਾਓ ਵੱਲ ਕੋਈ ਸੁਚੇਤ ਕਿਸਮ ਦੇ ਯਤਨ ਨਹੀਂ ਹੋਏ ਸਗੋਂ ਸੱਭਿਆਚਾਰਕ ਖੱਪਾ ਭਰਨ ਲਈ ਕਲਾ ਤੇ ਸਾਹਿਤ ਨਾਲ ਕੋਈ ਰਿਸ਼ਤਾ ਵੀ ਨਹੀਂ ਹੈ।
ਚੌਥੀ ਮਿਸਾਲ ਇੱਕ ਛੋਟੇ ਕਸਬੇ ਦੀ ਹੈ। ਜਿੱਥੇ ਕੰਮ-ਕਾਰ ਦੀ ਭਾਸ਼ਾ ਹਿੰਦੀ ਹੈ। ਰੋਅਬ-ਦਾਬ ਝਾੜਨ ਦੀ ਭਾਸ਼ਾ ਅੰਗਰੇਜ਼ੀ ਹੈ, ਪਰ ਰੋਜ਼ਾਨਾ ਦੀ ਘਰੇਲੂ ਅਤੇ ਸਮਾਜਿਕ ਭਾਸ਼ਾ ਹਿੰਦੀ ਨਹੀਂ ਸਗੋਂ ਬੋਲੀ ਹੀ ਹੈ। ਇਸ ਦੇ ਬਾਵਜੂਦ ਅਗਲੀ ਪੀੜ੍ਹੀ ਤਕ ਬੋਲੀ ਟਾਕੀ (ਪੈਂਚਰ) ਲਾਉਣ ਵਰਗਾ ਮਾਮਲਾ ਬਣ ਕੇ ਰਹਿ ਗਈ ਹੈ। ਇੱਕ ਹੋੜ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਅੰਗੇਰਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਭੇਜਣ ਲਈ ਮਜਬੂਰ ਕਰ ਦਿੰਦੀ ਹੈ। ਅੰਗਰੇਜ਼ੀ ਭਾਸ਼ਾ ਹਿੰਦੀ ਵਿੱਚ ਪੜ੍ਹਾਈ ਜਾਂਦੀ ਹੈ, ਪਰ ਪਾਠ ਪੁਸਤਕਾਂ ਤਾਂ ਅੰਗਰੇਜ਼ੀ ਵਿੱਚ ਹੀ ਹਨ। ਤੋਤਾ ਰਟਣ ਤਰੀਕੇ ਨਾਲ ਇਮਤਿਹਾਨ ਪਾਸ ਹੁੰਦੇ ਹਨ। ਨਵੀਂ ਪੀੜ੍ਹੀ ਹਿੰਦੀ ਦਾ ਪੱਲਾ ਤਾਂ ਫੜੀ ਰੱਖਦੀ ਹੈ, ਪਰ ਬੋਲੀ ਗੁਆਚਦੀ ਜਾਂਦੀ ਹੈ।
ਇਨ੍ਹਾਂ ਸਾਰੀਆਂ ਮਿਸਾਲਾਂ ਦੇ ਵਰਗ ਵੱਖ ਵੱਖ ਹਨ। ਕੰਮ ਦੇ ਖੇਤਰ ਵੀ ਵੱਖਰੇ ਹਨ। ਸੋਚ ਤੇ ਸਰੋਕਾਰ ਦੇ ਇਲਾਕੇ ਅਤੇ ਪੱਧਰ ਵੱਖ ਹਨ। ਸਿਰਫ਼ ਪਹਿਲੀ ਮਿਸਾਲ ਵਿੱਚ ਕਲਾਵਾਂ ਪ੍ਰਤੀ ਉੱਚ ਵਰਗ ਵਾਲੀ ਦਿਖਾਵਟੀ ਦਿਲਚਸਪੀ ਹੈ। ਦੂਜੀ ਮਿਸਾਲ ਵਿੱਚ ਕਲਾ ਦੀ ਜਗ੍ਹਾ ਹੀ ਨਹੀਂ ਹੈ। ਹਾਂ! ਉੱਥੇ ਲੋਕ ਕਲਾ ਦੀ ਥਾਂ ਹੈ। ਖ਼ੁਦ ਦੀ ਪਛਾਣ ਦੇ ਤੌਰ ’ਤੇ ਹੀ ਤੀਜੀ ਅਤੇ ਚੌਥੀ ਮਿਸਾਲ ਵਿੱਚ ਸਿਰਫ਼ ਮਹਾਂਨਗਰ ਅਤੇ ਛੋਟੇ ਸ਼ਹਿਰ ਵਿੱਚ ਰਹਿਣ ਦਾ ਭੂਗੋਲਿਕ ਫ਼ਰਕ ਹੈ, ਹੋਰ ਕੋਈ ਨਹੀਂ। ਦੋਵੇਂ ਥਾਈਂ ਮਸ਼ੀਨੀ ਕਿਸਮ ਦੀ ਦੌੜ ਹੈ।
ਜਿਸ ਸਾਧਨ ਦਾ ਪ੍ਰਯੋਗ ਅਸੀਂ ਸੌਂਦੇ-ਜਾਗਦੇ ਹਰ ਵਕਤ ਕਰਦੇ ਹਾਂ, ਉਸ ਪ੍ਰਤੀ ਅਸੀਂ ਕਿੰਨੇ ਅਣਜਾਣ, ਲਾਪ੍ਰਵਾਹ ਤੇ ਬੇਗਾਨੇ ਹਾਂ। ਸਰੀਰ ਦੀ ਬਿਨਾਂ ਸੋਚੇ-ਸਮਝੇ, ਬੇਲੋੜੀ ਵਰਤੋਂ ਕਰਨ ’ਤੇ ਉਹ ਵੀ ਬਿਮਾਰ ਹੋ ਜਾਂਦਾ ਹੈ। ਜਦੋਂ ਅਸੀਂ ਭਾਸ਼ਾ ਦੀ ਬਿਨਾਂ ਸੋਚੇ-ਸਮਝੇ ਵਰਤੋਂ ਕਰਾਂਗੇ ਤਾਂ ਉਸ ਵੀ ਕਿੱਥੋਂ ਕੁ ਤਕ ਸਾਥ ਦੇਵੇਗੀ?

– ਪੰਜਾਬੀ ਰੂਪ: ਕੇਹਰ ਸ਼ਰੀਫ਼


Comments Off on ਭਾਸ਼ਾ ਵੀ ਕਿਰ ਨਾ ਜਾਵੇ ਮੁੱਠੀ ਦੀ ਰੇਤ ਵਾਂਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.