ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਹਾਨ ਇਨਕਲਾਬੀ – ਬਾਬਾ ਗੁਰਮੁੱਖ ਸਿੰਘ ਲਲਤੋਂ

Posted On February - 28 - 2017

12702cd _baba gurmukh singhਜਸਦੇਵ ਸਿੰਘ ਲਲਤੋਂ

ਅਮਰ ਗ਼ਦਰੀ ਸੂਰਮੇ ਗੁਰਮੁੱਖ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਖੁਰਦ ਵਿੱਚ ਇੱਕ ਗ਼ਰੀਬ ਕਿਸਾਨ ਹੁਸ਼ਨਾਕ ਸਿੰਘ ਦੇ ਘਰ 3 ਦਸੰਬਰ 1892 ਨੂੰ ਹੋਇਆ। ਮੁਢਲੀ ਪੜ੍ਹਾਈ ਪਿੰਡ ਵਿੱਚ ਕਰਨ ਪਿੱਛੋਂ ਉਨ੍ਹਾਂ ਨੇ ਮਿਸ਼ਨ ਸਕੂਲ ਲੁਧਿਆਣਾ ਵਿੱਚੋਂ ਮੈਟ੍ਰਿਕ ਪਾਸ ਕੀਤੀ।
ਉੱਚ-ਵਿੱਦਿਆ ਤੇ ਰੋਜ਼ੀ-ਰੋਟੀ ਲਈ ਉਹ ਹਾਂਗਕਾਂਗ ਹੁੰਦੇ ਹੋਏ 23 ਮਈ 1914 ਨੂੰ ਕੌਮਾਗਾਟਾਮਾਰੂ ਜਹਾਜ਼ ਰਾਹੀਂ ਵੈਨਕੂਵਰ (ਕੈਨੇਡਾ) ਨੇੜੇ ਪਹੁੰਚੇ। ਬਰਤਾਨਵੀ ਤੇ ਕੈਨੇਡਾ ਸਰਕਾਰਾਂ ਨੇ ਜਹਾਜ਼ ਨੂੰ ਬੰਦਰਗਾਹ ’ਤੇ ਨਾ ਲੱਗਣ ਦਿੱਤਾ। ਅਗਨਬੋਟਾਂ ਰਾਹੀਂ ਸਾਮਰਾਜੀ ਪੁਲੀਸ ਨੇ ਮੁਸਾਫ਼ਰਾਂ ’ਤੇ ਹੱਲਾ ਬੋਲ ਦਿੱਤਾ। ਮੁਸਾਫ਼ਰਾਂ ਨੇ ਇਸ ਦਾ ਟਾਕਰਾ ਕੀਤਾ। ਇਸ ਲੜਾਈ ਵਿੱਚ ਗੁਰਮੁੱਖ ਸਿੰਘ ਦਾ ਨਾਂ ਉੱਭਰ ਕੇ ਸਾਹਮਣੇ ਆਇਆ ਤੇ ਉਹ ਗ਼ਦਰ ਪਾਰਟੀ ਦਾ ਮੈਂਬਰ ਬਣ ਗਿਆ। ਕੌਮਾਗਾਟਾਮਾਰੂ ਦੀ ਇਸ ਮਿਸਾਲੀ ਲੜਾਈ ਤੋਂ ਕੈਨੇਡਾ ਵਸਦੇ ਭਾਰਤੀਆਂ ਦੇ ਹੱਕੀ ਸੰਘਰਸ਼ ਦੇ ਸਿੱਟੇ ਵਜੋਂ ਮੁਸਾਫ਼ਰਾਂ ਨੂੰ ਰਾਸ਼ਨ-ਪਾਣੀ ਦੇਣ ਦੀ ਆਗਿਆ ਮਿਲੀ। ਜਹਾਜ਼ ਵਾਪਸ ਹੋ ਕੇ ਕਲਕੱਤਾ ਦੇ ਬਜਬਜ ਘਾਟ ’ਤੇ ਆ ਲੱਗਿਆ। ਅੰਗਰੇਜ਼ੀ ਹਕੂਮਤ ਨੇ ਬੇਤਹਾਸ਼ਾ ਗੋਲੀਆਂ ਚਲਾ ਕੇ 19 ਯਾਤਰੀਆਂ ਨੂੰ ਸ਼ਹੀਦ ਕਰ ਦਿੱਤਾ ਤੇ 9 ਗੰਭੀਰ ਫੱਟੜ ਕਰ ਦਿੱਤੇ। ਗੁਰਮੁੱਖ ਸਿੰਘ ਸਮੇਤ ਅਨੇਕਾਂ ਜੁਝਾਰੂਆਂ ਨੂੰ ਫੜ ਕੇ ਅਲੀਪੁਰ ਜੇਲ੍ਹ ਵਿੱਚ ਡੱਕ ਦਿੱਤਾ ਤੇ ਪਿੱਛੋਂ ਪਿੰਡਾਂ ਵਿੱਚ ਜੂਹਬੰਦੀ ਕਰ ਦਿੱਤੀ ਗਈ। ਇਨ੍ਹਾਂ ਰੋਕਾਂ ਨੂੰ ਤੋੜਦਿਆਂ ਗੁਰਮੁੱਖ ਸਿੰਘ ਗ਼ਦਰ ਪਾਰਟੀ ਦੀਆਂ ਮੋਹਰੀ ਸਫ਼ਾਂ ’ਤੇ ਹੋ ਕੇ ਬਰਤਾਨਵੀ ਰਾਜ ਦਾ ਤਖ਼ਤਾ ਪਲਟਣ ਲਈ ਹਥਿਆਰਬੰਦ ਗ਼ਦਰ ਦੀ ਤਿਆਰੀ ਵਿੱਚ ਜੁਟ ਗਏ।
ਸਤੰਬਰ 1915 ਵਿੱਚ ਉਨ੍ਹਾਂ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਕਾਲੇ ਪਾਣੀ ਦੀ ਉਮਰ ਕੈਦ ਹੋਈ, ਘਰ-ਬਾਰ ਤੇ ਜ਼ਮੀਨ ਜ਼ਬਤ ਕਰ ਲਈ ਗਈ। 1917 ਵਿੱਚ ਅੰਡੇਮਾਨ ਭੇਜ ਦਿੱਤਾ ਗਿਆ। 1922 ਵਿੱਚ ਜੇਲ੍ਹ ਬਦਲੀ ਮੌਕੇ ਉਨ੍ਹਾਂ ਨੇ ਤਰਿਚਨਾਪਲੀ (ਮਦਰਾਸ) ਨੇੜੇ ਚੱਲਦੀ ਰੇਲਗੱਡੀ ਵਿੱਚੋਂ ਸਣੇ ਹੱਥਕੜੀਆਂ-ਬੇੜੀਆਂ ਛਾਲ ਮਾਰ ਦਿੱਤੀ। ਸੰਗਲ ਕਟਵਾ ਕੇ, ਗੁਪਤਵਾਸ ਹੋ ਕੇ ਅਫ਼ਗਾਨਿਸਤਾਨ ਜਾ ਪੁੱਜੇ ਤੇ ਅੰਗਰੇਜ਼  ਸਰਕਾਰ ਵਿਰੁੱਧ ਗ਼ਦਰ ਦੇ ਨਵੇਂ ਪੜਾਅ ਦੀ ਤਿਆਰੀ ਲਈ ਡਟ ਗਏ।
ਰੂਸ ਵਿੱਚ ਅਕਤੂਬਰ 1917 ਦੇ ਮਹਾਨ ਇਨਕਲਾਬ ਦੇ ਸਾਰੀ ਦੁਨੀਆਂ ’ਤੇ ਡੂੰਘੇ ਪ੍ਰਭਾਵ ਅਧੀਨ 1925 ਵਿੱਚ ਉਹ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ। ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਦੇਸ਼ ਦੀ ਮੁਕਤੀ ਲਈ ਸੰਘਰਸ਼ ਜਾਰੀ ਰੱਖਿਆ। 1928 ਵਿੱਚ ਅਮਰੀਕਾ ਜਾ ਕੇ ਗ਼ਦਰ ਪਾਰਟੀ ਦੀ ਮੁੜ ਜਥੇਬੰਦੀ ਦਾ ਕਾਰਜ ਅਰੰਭਿਆ। 1929 ਵਿੱਚ ਮੁੜ ਕਾਬਲ ਆ ਕੇ ਇਨਕਲਾਬੀ ਕੰਮ ਦੀ ਵਾਗਡੋਰ ਸੰਭਾਲੀ। 1934 ਵਿੱਚ ‘ਕੇਸ਼ੋ ਰਾਮ’ ਦੇ ਨਾਂ ਹੇਠ ਕਿਰਤੀ ਪਾਰਟੀ ਦੀ ਅਗਵਾਈ ਵਿੱਚ ਕਿਸਾਨ ਮੋਰਚੇ ਦੀ ਕਮਾਨ ਸੰਭਾਲੀ। 1935 ਵਿੱਚ ਇਸ ਪਾਰਟੀ ਦੇ ਸਕੱਤਰ ਬਣੇ। ਪਾਰਟੀ ਦੇ 2 ਪਰਚਿਆਂ ‘ਕਿਰਤੀ’ ਤੇ ‘ਲਾਲ ਢੰਡੋਰਾ’ ਦੇ ਇੰਚਾਰਜ ਰਹੇ। 1936 ਵਿੱਚ ਲਾਹੌਰ ਤੋਂ ਮੁੜ ਫੜੇ ਗਏ। ਉਨ੍ਹਾਂ ਨੂੰ ਦੁਬਾਰਾ ਕਾਲੇ ਪਾਣੀ ਭੇਜਿਆ ਗਿਆ। 1946 ਤਕ ਵੱਖ-ਵੱਖ ਜੇਲ੍ਹਾਂ ਵਿੱਚ ਰਹਿ ਕੇ ਬਾਮੁਸ਼ੱਕਤ ਕੈਦਾਂ ਕੱਟੀਆਂ ਤੇ ਅਨੇਕਾਂ ਜੇਲ੍ਹ ਘੋਲਾਂ ਦੀ ਰਹਿਨੁਮਾਈ ਕੀਤੀ।
1947 ਵਿੱਚ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਨਿਕਲਣਾ ਪਿਆ। ਗੁਰਮੁੱਖ ਸਿੰਘ ਨੇ 1948 ਤੋਂ 1952 ਤਕ ਗੁਪਤਵਾਸ ਰਹਿ ਕੇ ਸਾਮਰਾਜੀ-ਜਗੀਰੂ ਪ੍ਰਬੰਧ ਨੂੰ ਬਦਲ ਕੇ ਨਵਾਂ ਲੋਕਰਾਜੀ ਪ੍ਰਬੰਧ ਕਾਇਮ ਕਰਨ ਲਈ ਹਥਿਆਰਬੰਦ ਮੁਜਾਰਾ ਲਹਿਰ ਦੀ ਅਗਵਾਈ ਵਿੱਚ ਅਹਿਮ ਰੋਲ ਨਿਭਾਇਆ। 1959 ਵਿੱਚ ਉਨ੍ਹਾਂ ਦੀ ਕਮਾਂਡ ਹੇਠ ਪੰਜਾਬ ਕਿਸਾਨ ਸਭਾ ਨੇ ਖ਼ੁਸ਼ਹੈਸੀਅਤੀ ਟੈਕਸ ਵਿਰੁੱਧ ਇਤਿਹਾਸਕ ਜੇਤੂ ਮੋਰਚਾ ਲਾਇਆ। 1962 ਦੀ ਹਿੰਦ-ਚੀਨ ਜੰਗ ਵੇਲੇ ਉਨ੍ਹਾਂ ਨੂੰ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਉਸਾਰੀ ਲਈ ਬਿਰਧ ਅਵਸਥਾ ਦੇ ਬਾਵਜੂਦ ਦੇਸ਼-ਪ੍ਰਦੇਸ਼ ਵਿੱਚੋਂ ਬੇਮਿਸਾਲ ਸਹਾਇਤਾ ਹਾਸਲ ਕਰਵਾਈ। ਚੜ੍ਹਦੀ ਜਵਾਨੀ ਵੇਲੇ ਤੋਂ ਲੈ ਕੇ ਅੰਤਿਮ ਸਾਹਾਂ ਤਕ ਉਨ੍ਹਾਂ ਦੀ ਜ਼ਿੰਦਗੀ ਦਾ ਪਲ ਪਲ ਜਮਹੂਰੀ ਇਨਕਲਾਬ ਰਾਹੀਂ ਨਵਾਂ ਨਰੋਆ ਸਮਾਜਵਾਦੀ ਰਾਜ ਪ੍ਰਬੰਧ ਉਸਾਰਨ ਦੇ ਮਹਾਨ ਕਾਜ ਨੂੰ ਸਮਰਪਿਤ ਸੀ। 13 ਮਾਰਚ 1977 ਨੂੰ ਉਹ ਵਤਨ ਵਾਸੀਆਂ ਨੂੰ ਸਦੀਵੀਂ ਅਲਵਿਦਾ ਕਹਿ ਗਏ।
ਸਕੂਲ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ 5 ਮਾਰਚ 2017  ਦਿਨ ਐਤਵਾਰ ਨੂੰ ਉਨ੍ਹਾਂ ਦੀ ਵਾਰਿਸ-ਗ਼ਦਰੀ ਬਾਬਾ ਗੁਰਮੁੱਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ ਵੱਲੋਂ ਕੌਮਾਗਾਟਾਮਾਰੂ ਯਾਦਗਾਰੀ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੁੱਖ ਸਰਪ੍ਰਸਤੀ ਹੇਠ ਅਤੇ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ 40ਵੀਂ  ਸਾਲਾਨਾ ਬਰਸੀ ਦੇਸ਼ ਭਗਤ ਮੇਲਾ ਲਲਤੋਂ ਖੁਰਦ (ਜ਼ਿਲ੍ਹਾ ਲੁਧਿਆਣਾ) ਦੇ ਸਕੂਲ ਵਿੱਚ ਮਨਾਈ ਜਾ ਰਹੀ ਹੈ।

ਸੰਪਰਕ: 0161-2805677


Comments Off on ਮਹਾਨ ਇਨਕਲਾਬੀ – ਬਾਬਾ ਗੁਰਮੁੱਖ ਸਿੰਘ ਲਲਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.