ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ

Posted On February - 24 - 2017

ਡਾ. ਅਮਰੀਕ ਸਿੰਘ*

12402cd _maaahਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਿਥੇ ਰੋਜ਼ਾਨਾ ਪ੍ਰਤੀ ਵਿਅਕਤੀ ਖ਼ਪਤ 80 ਗ੍ਰਾਮ ਪ੍ਰਤੀ ਵਿਅਕਤੀ ਤੋਂ ਕਾਫ਼ੀ ਘੱਟ ਹੈ।
ਪੰਜਾਬ ਵਿੱਚ ਗਰਮੀ ਰੁੱਤ ਦੇ ਮਾਂਹਾਂ ਦੀ ਬਿਜਾਈ ਤਕਰੀਬਨ ਚਾਰ ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾ ਰਹੀ ਹੈ ਅਤੇ ਦਾਲਾਂ ਹੇਠ ਰਕਬਾ ਸਾਲ 2015-16 ਦੌਰਾਨ 30 ਹਜ਼ਾਰ ਹੈਕਟੇਅਰ ਸੀ। ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸੇ ਸਮੇਂ ਰਿਆੜਕੀ ਦੇ ਇਲਾਕੇ ਦੇ ਮਾਂਹ ਮਸ਼ਹੂਰ ਹੁੰਦੇ ਸਨ। ਪੰਜਾਬ ਵਿੱਚ ਕੋਈ ਅਜਿਹਾ ਸਮਾਜਿਕ ਜਾਂ ਧਾਰਮਿਕ ਸਮਾਗਮ ਸੰਪੂਰਨ ਨਹੀਂ ਹੁੰਦਾ ਜਦੋਂ ਤਕ ਮਾਂਹਾਂ ਦੀ ਦਾਲ ਨਾ ਬਣੇ। ਜਦੋਂ ਵੀ ਕਿਤੇ ਬਾਹਰ ਕਿਸੇ ਢਾਬੇ ’ਤੇ ਰੋਟੀ ਖਾਣੀ ਹੋਵੇ ਤਾਂ ਮਾਂਹਾਂ ਦੀ ਦਾਲ ਨੂੰ ਪਹਿਲ ਦਿੱਤੀ ਜਾਦੀ ਹੈ, ਉਹ ਚਾਹੇ ਦਾਲ ਮਖਣੀ ਹੋਵੇ ਜਾਂ ਤੜਕੇ ਵਾਲੀ। ਇਸ ਲਈ ਮਾਂਹਾਂ ਦੀ ਦਾਲ ਮੰਗ ਨੂੰ ਮੁੱਖ ਰਖਦਿਆਂ ਰਕਬਾ ਵਧਾਇਆ ਜਾ ਸਕਦਾ ਹੈ। ਜੇ ਉਦਮੀ ਕਿਸਾਨ ਮਾਂਹਾਂ ਦੀ ਪੈਦਾਵਾਰ ਨੂੰ ਖ਼ੁਦ ਇੱਕ ਕਿਲੋ ਤੋਂ ਪੰਜ ਕਿਲੋ ਤਕ ਦੀ ਪੈਕਿੰਗ ਕਰਕੇ ਖ਼ਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਤਾਂ ਹੋਰ ਵੀ ਫ਼ਾਇਦਾ ਲਿਆ ਜਾ ਸਕਦਾ ਹੈ। ਗਰਮੀ ਰੁੱਤ ਦੇ ਮਾਂਹਾਂ ਦੀ ਕਾਸ਼ਤ ਕਮਾਦ ਦੀ ਫ਼ਸਲ ਵਿੱਚ ਅੰਤਰ ਫ਼ਸਲ ਵਜੋਂ ਵੀ ਕੀਤੀ ਜਾ ਸਕਦੀ ਹੈ। ਗਰਮੀ ਰੁੱਤ ਦੇ ਮਾਂਹਾਂ ਦੀ ਕਾਸ਼ਤ ਕਰਕੇ ਕਿਸਾਨ ਜਿੱਥੇ ਵਧੇਰੇ ਆਮਦਨ ਲੈ ਸਕਦੇ ਹਨ, ਉੱਥੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਗਰਮੀ ਰੁੱਤ ਦੇ ਮਾਂਹਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਹੇਠ ਲਿਖੀਆ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ-

ਡਾ. ਅਮਰੀਕ ਸਿੰਘ*

ਡਾ. ਅਮਰੀਕ ਸਿੰਘ*

ਜ਼ਮੀਨ ਅਤੇ ਕਿਸਮਾਂ ਦੀ ਚੋਣ: ਮਾਂਹ ਦੀ ਫ਼ਸਲ ਹੋਰਨਾਂ ਦਾਲਾਂ ਨਾਲੋਂ ਵਧੇਰੇ ਗਰਮੀ ਸਹਾਰ ਸਕਣ ਕਾਰਨ ਇਸ ਦੀ ਕਾਸ਼ਤ ਲਈ ਗਰਮ ਜਲਵਾਯੂ ਦੀ ਜ਼ਰੂਰਤ ਹੈ। ਇਸ ਦੀ ਕਾਸ਼ਤ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਬਹੁਤ ਹੀ ਢੁਕਵੀਂ ਹੈ। ਮਾਂਹ ਦੀ ਕਾਸ਼ਤ ਲਈ ਦੋ ਕਿਸਮਾਂ ਮਾਂਹ-1008 ਅਤੇ ਮਾਂਹ-218 ਦੀ ਸਿਫ਼ਾਰਸ਼ ਕੀਤੀ ਗਈ ਹੈ। ਮਾਂਹ-1008 ਕਿਸਮ ਨੂੰ ਫਲੀਆਂ ਭਰਪੂਰ ਲਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ। ਇਹ ਤਕਰੀਬਨ 72 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਪੀਲੀ ਚਿਤਕਬਰੀ ਅਤੇ ਪੱਤਿਆਂ ਦਾ ਝੁਰੜ-ਮੁਰੜ ਵਿਸ਼ਾਣੂ ਰੋਗ ਘੱਟ ਲਗਦਾ ਹੈ। ਇਸ ਦੀ ਔਸਤਨ ਪੈਦਾਵਾਰ ਸਾਢੇ ਚਾਰ ਕੁਇੰਟਲ ਪ੍ਰਤੀ ਏਕੜ ਹੈ। ਮਾਂਹ-218 ਕਿਸਮ ਤਕਰੀਬਨ 75 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ ਚਾਰ ਕੁਇੰਟਲ ਪ੍ਰਤੀ ਏਕੜ ਹੈ।
ਬੀਜ ਤੇ ਖਾਦਾਂ ਦੀ ਮਾਤਰਾ: ਆਮ ਕਰਕੇ ਕਿਸਾਨ ਪ੍ਰਤੀ ਏਕੜ ਬੀਜ 10 ਤੋਂ 15 ਕਿਲੋ ਵਰਤਦੇ ਹਨ ਜਿਸ ਕਾਰਨ ਝਾੜ ਘੱਟ ਨਿਕਲਦਾ ਹੈ। ਇਸ ਕਰਕੇ ਵਧੇਰੇ ਪੈਦਾਵਾਰ ਲੈਣ ਲਈ 20 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਇਸ ਦੀ ਬਿਜਾਈ 15 ਮਾਰਚ ਤੋਂ ਅਪਰੈਲ ਦੇ ਪਹਿਲੇ ਹਫ਼ਤੇ ਤਕ 22.5 ਸੈਂਟੀਮੀਟਰ ਚੌੜੀਆਂ ਕਤਾਰਾਂ ਵਿੱਚ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 4.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਮਾਂਹਾਂ ਦੀ ਕਾਸ਼ਤ ਬਿਨਾਂ ਕੋਈ ਖਾਦ ਦੀ ਵਰਤੋਂ ਕੀਤਿਆਂ ਵੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੁਡਾਈ ਬਿਜਾਈ ਤੋਂ ਚਾਰ ਹਫ਼ਤੇ ਅਤੇ ਦੂਜੀ ਉਸ ਤੋਂ ਦੋ ਹਫ਼ਤੇ ਬਾਅਦ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੌਸਮੀ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇੱਕ ਲਿਟਰ ਪੈਂਡੀਮੈਥਾਲਿਨ 30 ਈ.ਸੀ. ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਲੰਮੀ ਉਮਰ ਦੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਚਾਰ ਹਫ਼ਤਿਆਂ ਬਾਅਦ ਗੁਡਾਈ ਕਰਨੀ ਚਾਹੀਦੀ ਹੈ
ਮੌਸਮ ਅਤੇ ਜ਼ਮੀਨ ਦੀ ਕਿਸਮ ਦੇ ਅਨੁਸਾਰ ਮਾਂਹ ਦੀ ਫ਼ਸਲ ਨੂੰ 3-5 ਪਾਣੀ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਅਤੇ ਆਖ਼ਰੀ ਪਾਣੀ 60 ਦਿਨਾਂ ਬਾਅਦ ਲਾਉਣਾ ਚਾਹੀਦਾ ਹੈ।
ਕੀੜੇ-ਮਕੌੜੇ-
ਫਲੀ ਛੇਦਕ ਸੁੰਡੀ: ਫਲੀ ਛੇਦਕ ਸੁੰਡੀ ਮਾਂਹ ਦੇ ਪੱਤਿਆਂ, ਫਲੀਆਂ ਅਤੇ ਫੁੱਲਾਂ ਨੂੰ ਖਾ ਕੇ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤੇ, ਫਲੀਆਂ ਵਿੱਚ ਮੋਰੀਆਂ ਅਤੇ ਬੂਟਿਆਂ ਹੇਠ ਜ਼ਮੀਨ ਉੱਤੇ ਗੂੜੇ ਹਰੇ ਰੰਗ ਦੀਆਂ ਵਿੱਠਾਂ ਤੋਂ ਲੱਗ ਜਾਂਦਾ ਹੈ। ਇਸ ਕੀੜੇ ਦੀ ਰੋਕਥਾਮ ਹਮਲਾ ਸ਼ੁਰੂ ਹੋਣ ’ਤੇ ਸਪਾਈਨੋਸੈਡ 45 ਐਸ ਸੀ ਜਾਂ 200 ਮਿਲੀਲਿਟਰ ਐਂਡੋਸਕਾਰਬ 14.5 ਐਸ ਸੀ ਜਾਂ 800 ਗ੍ਰਾਮ ਐਸੀਫੇਟ 75 ਐਸ ਪੀ ਪ੍ਰਤੀ ਏਕੜ ਨੂੰ 80-100 ਲਿਟਰ ਪਾਣੀ ਦੇ ਘੋਲ ਵਿੱਚ ਨੈਪਸੈਕ ਪੰਪ ਨਾਲ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਜੇ ਜ਼ਰੂਰਤ ਪਵੇ ਤਾਂ ਛਿੜਕਾਅ ਦੁਬਾਰਾ ਕਰੋ।
ਤੰਬਾਕੂ ਸੁੰਡੀ: ਛੋਟੀਆਂ ਸੁੰਡੀਆਂ ਕਾਲੇ ਰੰਗ ਅਤੇ ਵੱਡੀਆਂ ਗੂੜੇ ਹਰੇ ਰੰਗ ਦੀਆਂ ਹੁੰਦੀਆਂ ਹਨ। ਛੋਟੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਰਾ ਮਾਦਾ ਖਾ ਕੇ ਪੱਤਿਆਂ ਨੂੰ ਛਾਨਣੀ ਕਰ ਦਿੰਦੀਆਂ ਹਨ। ਵੱਡੀਆਂ ਸੁੰਡੀਆਂ ਪੱਤਿਆਂ ਦੇ ਨਾਲ ਨਾਲ ਡੋਡੀਆਂ, ਫੁੱਲ ਅਤੇ ਫਲੀਆਂ ਦਾ ਨੁਕਸਾਨ ਕਰਦੀਆਂ ਹਨ। ਇਸ ਕੀੜੇ ਦੀ ਰੋਕਥਾਮ ਲਈ ਫ਼ਸਲ ਦੀ ਬਿਜਾਈ ਸਮੇਂ ਸਿਰ ਕਰੋ। ਨਦੀਨਾਂ ਖ਼ਾਸ ਕਰਕੇ ਇੱਟਸਿਟ/ਚੁਪੱਤੀ ਦੀ ਰੋਕਥਾਮ ਕਰੋ। ਸ਼ੁਰੂਆਤੀ ਹਮਲੇ ਸਮੇਂ ਪ੍ਰਭਾਵਿਤ ਬੂਟੇ ਨੂੰ ਨਸ਼ਟ ਕਰਕੇ ਸੁੰਢੀਆਂ ਦਾ ਖ਼ਾਤਮਾ ਕਰੋ। ਜੇਕਰ ਹਮਲਾ ਜ਼ਿਆਦਾ ਹੁੰਦਾ ਹੈ ਤਾਂ 150 ਮਿਲੀਲਿਟਰ ਨੁਵਾਕਰੋਨ 10 ਈ ਸੀ ਜਾਂ 800 ਗਰਾਮ ਐਸੀਫੇਟ 75 ਐਸ ਪੀ ਜਾਂ 1.5 ਲਿਟਰ ਕਲੋਰੋਪਾਈਰੀਫਾਸ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਓ। ਜੇਕਰ ਲੋੜ ਪਵੇ ਤਾਂ ਛਿੜਕਾਅ ਦੁਬਾਰਾ ਕਰੋ।

*ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ।
ਸੰਪਰਕ: 94630-71919


Comments Off on ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.