ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਰੂਹਦਾਰੀ ਤੋਂ ਦੂਰ ਹੋਈ ਅਜੋਕੀ ਗਾਇਕੀ

Posted On February - 25 - 2017

10902cd _song picਰਾਜਿੰਦਰ ਸਿੰਘ ਜਿੰਦਾ
ਅਨੇਕ ਕਲਾਵਾਂ ਵਿੱਚੋਂ ਇੱਕ ਅਨੋਖੀ ਕਲਾ ਹੈ ਗਾਇਨ ਦੀ ਕਲਾ। ਆਵਾਜ਼ ਦਾ ਧਨੀ ਵਿਅਕਤੀ ਗਾਇਕੀ ਦੇ ਪਿੜ ਵਿੱਚ ਜਦੋਂ ਪੈਰ ਰੱਖਦਾ ਹੈ ਤਾਂ  ਸੁਣਨ ਵਾਲੇ ਮੰਤਰ-ਮੁਗਧ ਹੋ ਜਾਂਦੇ ਹਨ। ਪਰ ਅੱਜ ਦੀ ਗਾਇਕੀ ਦੀ ਸਭ ਤੋਂ     ਵੱਡੀ ਤਰਾਸਦੀ ਹੀ ਇਹੋ ਹੈ ਕਿ ਇਹ ਸੁਣਨ ਵਾਲਿਆਂ ਦੇ ਮਨ ਸ਼ਾਂਤ ਕਰਨ ਦੀ ਜਗ੍ਹਾ ’ਤੇ ਮਨ ਅੰਦਰ ਖਲਲ ਪੈਦਾ ਕਰਦੀ ਹੈ।
ਪੁਰਾਣੇ ਸਮਿਆਂ ਦੀ ਜੇਕਰ ਗੱਲ ਕਰੀਏ ਤਾਂ ਮੁਹੰਮਦ ਰਫੀ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ ਜਿਹੇ ਸੁਰੀਲੇ ਗਵੱਈਏ ਜਦੋਂ ਗਾਉਂਦੇ ਸੀ ਤਾਂ ਮਨ ਨੂੰ ਇੱਕ ਆਨੰਦ ਜਿਹਾ ਮਹਿਸੂਸ ਹੁੰਦਾ ਸੀ। ਉਦੋਂ ਬਹੁਤੇ ਕਲਾਕਾਰ ਅਜਿਹੇ ਹੀ ਸਨ, ਕੁਝ ਅੱਜ ਵੀ ਮੌਜੂਦ ਹਨ ਜਿਨ੍ਹਾਂ ਨੇ ਕਲਾ ਦਾ ਪੱਲਾ ਨਹੀਂ ਛੱਡਿਆ ਤੇ ਸਿਰਫ਼ ਆਪਣੇ ਸੀਮਤ ਜਿਹੇ, ਪਰ ਅਸਲੀ ਚਾਹੁਣ ਵਾਲਿਆਂ ਲਈ ਹੀ ਗਾਉਂਦੇ ਹਨ। ਇਹੋ ਜਿਹੇ ਗਵੱਈਆਂ ਲਈ ਜੀਵਨ ਬਤੀਤ ਕਰਨਾ ਅੱਜ ਦੇ ਜ਼ਮਾਨੇ ਵਿੱਚ ਇੱਕ ਮੁਸ਼ਕਿਲ ਤੇ ਨਾ ਬੁੱਝੀ ਜਾਣ ਵਾਲੀ ਪਹੇਲੀ ਵਾਂਗ ਹੋ ਗਿਆ ਹੈ ਕਿਉਂਕਿ ਅਜਿਹੇ ਕਲਾਕਾਰਾਂ ਨੂੰ ਪੈਸੇ ਦੀ ਥੋੜ੍ਹ ਹਮੇਸ਼ਾਂ ਲੱਗੀ ਰਹਿੰਦੀ ਹੈ ਕਿਉਂਕਿ ਅਸਲੀ ਤੇ ਚੰਗੀ ਗਾਇਕੀ ਦੀ ਕਦਰ ਕਰਨ ਵਾਲੇ ਮੁਸ਼ਕਿਲ ਨਾਲ ਹੀ ਮਿਲਦੇ ਹਨ। ਸੋ ਇਹੀ ਵੱਡਾ ਕਾਰਨ ਹੈ ਕਿ ਕਲਾ ਦੇ ਧਨੀ ਵਿਅਕਤੀ (ਕਲਾਕਾਰ) ਨੂੰ ਪ੍ਰੋਗਰਾਮ ਨਹੀਂ ਮਿਲਦੇ। ਸੋ ਆਰਥਿਕ ਤੌਰ ’ਤੇ ਅਜਿਹੇ ਕਲਾਕਾਰ ਜ਼ਿਆਦਾਤਰ ਕਮਜ਼ੋਰ ਹੀ ਹੁੰਦੇ ਹਨ। ਬਰਕਤ ਸਿੱਧੂ ਨੂੰ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਿਵੇਂ ਉਨ੍ਹਾਂ ਨੇ ਤਮਾਮ ਉਮਰ ਆਪਣੀ ਕਲਾ ਦਾ ਪੱਲਾ ਨਹੀਂ ਛੱਡਿਆ ਤੇ ਵਪਾਰਕ ਗਾਇਕੀ ਨਹੀਂ ਅਪਣਾਈ ਤੇ ਇਸੇ ਕਰਕੇ ਸਾਰੀ ਉਮਰ ਫਾਕੇ ਹੀ ਕੱਟੇ।
ਅੱਜ ਦੀ ਗਾਇਕੀ ਵਿੱਚ ਅਜਿਹੇ ਕਲਾਕਾਰ ਘੁਸਪੈਠ ਕਰ ਚੁੱਕੇ ਹਨ ਜਿਨ੍ਹਾਂ ਨੂੰ ਗਾਇਕੀ ਦਾ ਪਹਿਲਾ ਸਬਕ ਵੀ ਨਹੀਂ ਪਤਾ ਹੁੰਦਾ, ਸ਼ਾਇਦ ਮੈਂ ਇਨ੍ਹਾਂ ਲਈ ਕਲਾਕਾਰ ਸ਼ਬਦ ਦਾ ਗ਼ਲਤ ਇਸਤੇਮਾਲ ਕੀਤਾ ਹੈ। ਪਿੱਛੇ ਜਿਹੇ ਇੱਕ ਗੀਤ ਆਇਆ ਸੀ ਜਿਸ ਦੇ ਬੋਲ ਸਨ ‘‘ਬਾਬਾ ਨਾਨਕ ਦੇਈ ਜਾਂਦਾ ਤੇ ਯਾਰ ਨਜ਼ਾਰੇ ਲਈ ਜਾਂਦਾ’’। ਜੇ ਹੁਣ ਇਸ ਗਵੱਈਏ ਤੇ ਗੀਤਕਾਰ ਨੂੰ ਮੀਡੀਆ ਦੇ ਸਾਹਮਣੇ ਬਿਠਾ ਕੇ ਕੋਈ ਪੁੱਛੇ ਕਿ ਲੋਕਾਂ ਦੀ ਭਲਾਈ ਲਈ ਬਾਬਾ ਨਾਨਕ ਤਾਂ ਉਦਾਸੀਆਂ ਕਰਦਾ ਰਿਹਾ ਤੇ ਚਮਤਕਾਰਾਂ ਨੂੰ ਮੰਨਣ ਤੋਂ ਇਨਕਾਰੀ ਰਿਹਾ ਤੇ ਫਿਰ ਤੇਰੇ ਨਾਲ ਇਹੋ ਜਿਹੀ ਕੀ ਬਾਬੇ ਦੀ ਗੰਢ-ਤੁੱਪ ਹੋ ਗਈ ਕਿ ਤੈਨੂੰ ਪੀਣ ਨੂੰ ਸ਼ਰਾਬ ਤੇ ਕਬਾਬ ਦਿੰਦਾ ਹੈ ਤੇ ਤੂੰ ਨਜ਼ਾਰੇ ਲਈ ਜਾਨੈ। ਜਵਾਬ ਤਾਂ ਹੁਣ ਉਹੀ ਦੇ ਸਕਦੇ ਨੇ। ਖ਼ੈਰ.. ਹੁਣ ਇਸ  ਵਿੱਚ ਮੈਨੂੰ ਰੂਹਦਾਰੀ ਵਾਲੀ ਗੱਲ ਤਾਂ ਕੋਈ ਜਾਪੀ ਨਹੀਂ, ਸਗੋਂ ਜੇ ਕੋਈ ਚੇਤਨ ਦਿਮਾਗ਼ ਵਾਲਾ ਅਜਿਹਾ   ਗੀਤ ਤੇ ਗਾਇਕੀ ਸੁਣਦਾ ਹੈ ਤਾਂ ਸ਼ਸ਼ੋਪੰਜ ਵਿੱਚ ਪੈ ਜਾਂਦਾ ਹੈ ਕਿ ਇਸ ਨੇ ਮੁੱਦਾ ਕੀ ਚੁੱਕ ਰੱਖਿਆ…?
ਅਸਲ ’ਚ ਗਾਇਕੀ ਅੱਜ ਸਿਰਫ਼ ਪੈਸੇ ਤੇ ਫੋਕੀ ਸ਼ੋਹਰਤ ਦਾ ਮੁਹਤਾਜ ਬਣ ਚੁੱਕੀ ਹੈ। ਕੋਈ ਮਰਜ਼ੀ ਟੀ.ਵੀ. ਚੈਨਲ ਲਗਾ ਕੇ ਵੇਖ ਲਵੋ ਇੱਕਾ-ਦੁੱਕਾ ਕੋਈ ਗੀਤ ਛੱਡ ਕੇ ਬਾਕੀ ਸਭ ਵਿੱਚ ਬੇਸੁਰੇ ਜਿਹੇ ਤੇ ਕਾਰਟੂਨਾਂ ਵਰਗੇ ‘ਬੰਦੇ’ ਕੈਮਰੇ ਅੱਗੇ ਊਟ-ਪਟਾਂਗ ਹਰਕਤਾਂ ਕਰਦੇ ਨਜ਼ਰੀਂ ਪੈਂਦੇ ਹਨ, ਪਤਾ ਹੀ ਨਹੀਂ ਕਿ ਉਹ ਕੀ ਸਾਬਤ ਕਰਨਾ ਚਾਹੁੰਦੇ ਹਨ।
ਮੈਂ ਇੱਥੇ ਕੋਈ ਸਭਿਆਚਾਰ ਦਾ ਢੰਡੋਰਾ ਨਹੀਂ ਪਿੱਟ ਰਿਹਾ, ਮੈਨੂੰ ਪਤਾ ਹੈ ਕਿ ਸਭਿਆਚਾਰ ਵੀ ਸਮੇਂ ਦੇ ਅਨੁਸਾਰ ਬਦਲਦਾ ਹੈ ਤੇ ਹਮੇਸ਼ਾਂ ਓਹੋ ਜਿਹਾ ਨਹੀਂ ਰਹਿੰਦਾ। ਇਹ ਜ਼ਰੂਰੀ ਹੈ ਕਿਉਂਕਿ ਕਿਹਾ ਜਾਂਦੈ ਕਿ ਖੜੋਤ ਮਾੜੀ ਹੀ ਹੁੰਦੀ ਹੈ। ਸੋ ਹਰ ਇੱਕ ਜੀਵਤ ਵਸਤੂ ਜਾਂ ਜੀਵ ਲਈ ਜ਼ਰੂਰੀ ਹੈ ਕਿ ਉਹ ਆਪਣਾ ਆਪ ਸੰਵਾਰਨ ਲਈ ਹਮੇਸ਼ਾਂ ਤਤਪਰ ਰਹੇ। ਆਪਣੇ ਆਪ ਨੂੰ ਸੰਪੂਰਨ ਮੰਨਣਾ ਖੜ੍ਹੇ ਪਾਣੀ ਸਮਾਨ ਹੀ ਹੋ ਜਾਂਦਾ ਹੈ, ਇਸ ਲਈ ਬਦਬੂ ਮਾਰਨਾ ਵੀ ਯਕੀਨੀ ਹੈ। ਇਹੋ ਹਾਲ ਅੱਜ ਦੇ ਗਵੱਈਆਂ ਦਾ ਹੈ ਤੇ ਗੀਤਕਾਰੀ ਦਾ ਵੀ।
ਅੱਜਕੱਲ੍ਹ ਇੱਕ ਹੋਰ ਗੀਤ ਮੈਨੂੰ ਸੁਣਨ ਨੂੰ ਮਿਲਿਆ ਬੋਲ ਸਨ ‘‘ਹੱਥ ਸਿਰ ਉੱਤੇ ਰੱਖੀਂ ਮੇਰੇ ਮਾਲਕਾ ਲੋਕ ਜਰਦੇ ਨਾ ‘ਜੱਟ’ ਦੀ ਚੜ੍ਹਾਈ ਨੂੰ’’। ਹੁਣ ਪਹਿਲਾਂ ਤਾਂ ਇਹ ਨਹੀਂ ਪਤਾ ਇਸ ਦਾ ਮਾਲਕ ਕੌਣ ਹੈ। 33 ਕਰੋੜ ਦੇਵੀ-ਦੇਵਤੇ ਜਾਂ ਹੋਰ ਕੋਈ ਕਿਉਂਕਿ ਬਥੇਰੇ ਰੱਬ ਨੇ ਇੱਥੇ, ਪਰ ਦਿੱਸਦਾ ਇੱਕ ਵੀ ਨਹੀਂ। ‘‘ਜੱਟਵਾਦ’’ ਦਾ ਜਿਹੜਾ ਕੀੜਾ ਅੱਜ ਕੱਲ੍ਹ ਦੇ ਗੀਤਕਾਰਾਂ ਦੇ ਲੜਿਆ ਇਸ ਦਾ ਜ਼ਹਿਰ ਇਨ੍ਹਾਂ ਦੇ ਦਿਮਾਗ਼ ਵਿੱਚੋਂ ਪਤਾ ਨਹੀਂ ਕਦੋਂ  ਉਤਰੂ..? ਅੱਜਕੱਲ੍ਹ ਹਰੇਕ ਗੱਲ ਘੁਮਾ ਫਿਰਾ ਕੇ ਜੱਟਾਂ ’ਚ ਲੈ ਕੇ ਆਉਣਾ ਤਾਂ ਬਸ ਇਨ੍ਹਾਂ ਦੇ ਜ਼ਿੰਮੇ ਹੀ ਹੈ। ਜਦੋਂ ਜੱਟ ਫਾਹੇ ਲੈ ਕੇ ਮਰਦੇ ਹਨ। ਉਦੋਂ ਪਤਾ ਨਹੀਂ ਇਨ੍ਹਾਂ ਨੂੰ ਕੀ ਹੋ ਜਾਂਦਾ ਹੈ ਕਿ ਉਦੋਂ ਨਾ ਕੋਈ ਅਖੌਤੀ ਗੀਤਕਾਰ ਤੇ ਨਾ ਅਖੌਤੀ ਕਲਾਕਾਰ ਇਨ੍ਹਾਂ ਦੀ ਤਰਾਸਦੀ ਨੂੰ ਬਿਆਨ ਕਰਦਾ ਹੈ। ਅਸਲ ਵਿੱਚ ਇਹ ਮੁੱਦਾ ਦਿਨ-ਬ-ਦਿਨ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ ਜਿਸ ਤਰ੍ਹਾਂ ਦੀ ਗੀਤਕਾਰੀ ਅੱਜਕੱਲ੍ਹ ਗੀਤਾਂ ਰਾਹੀਂ ਤੇ ਟੀ.ਵੀ. ਰਾਹੀਂ ਸਾਨੂੰ ਸੁਣਾਈ ਤੇ ਵਿਖਾਈ ਜਾ ਰਹੀ ਹੈ, ਇਸ ਤੋਂ ਮੈਨੂੰ ਨਹੀਂ ਲੱਗਦਾ ਕਿ ਅਜੋਕੀ ਪੀੜ੍ਹੀ ਕੁਝ ਚੰਗਾ ਸਿੱਖਦੀ ਹੋਵੇਗੀ, ਬਲਕਿ ਬਹੁਤੇ ਸਬੂਤ ਇੱਥੇ ਦਿੱਤੇ ਜਾ ਸਕਦੇ ਹਨ ਜਿਵੇਂ ‘ਗੈਂਗਸਟਰ’ ਸ਼ਬਦ ਅੱਜਕੱਲ੍ਹ ਬਹੁਤ ਪ੍ਰਚਲਿੱਤ ਹੈ। ਇਹ ਪ੍ਰਚਲਿੱਤ ਕੀਤਾ ਕਿਸਨੇ ਹੈ, ਇਹ ਕਹਿਣ ਦੀ ਲੋੜ ਨਹੀਂ ਹੈ। ਇਸ ਲਈ ਹੁਣ ਸਮਾਂ ਹੈ ਇਸ ਅੱਥਰੇ ਘੋੜੇ ਦੀਆਂ ਵਾਂਗਾਂ ਫੜਨ ਦਾ ਕਿਉਂਕਿ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਸਮਾਜਿਕ ਸੰਸਥਾਵਾਂ, ਬੁੱਧੀਜੀਵੀਆਂ ਤੇ ਸਾਨੂੰ ਖੁਦ ਸੁਹਿਰਦ ਹੋਣ ਦੀ ਲੋੜ ਹੈ ਕਿ ਅਸੀਂ ਤੇ ਸਾਡੇ ਬੱਚਿਆਂ ਨੇ ਕੀ ਵੇਖਣਾ ਹੈ ਤੇ ਕੀ ਸੁਣਨਾ ਹੈ।
ਚੰਗਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ, ਉਹ ਹੱਥੀਂ ਬੰਦੂਕਾਂ ਨਹੀਂ ਚੁਕਾਉਂਦਾ। ਹਾਂ ਬੰਦੂਕ ਚੁੱਕਣੀ ਕਿਸ ਮਕਸਦ ਲਈ ਹੈ, ਇਹ ਵੀ ਸਮੇਂ ਤੇ ਹਾਲਾਤਾਂ ’ਤੇ ਨਿਰਭਰ ਕਰਦਾ ਹੈ। ਇਨਕਲਾਬੀ ਯੋਧਿਆਂ ਦੀਆਂ ਵਾਰਾਂ ਸਾਡੇ ਵਿੱਚ ਜਨੂਨ ਪੈਦਾ ਕਰਦੀਆਂ ਹਨ। ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਨ ਦੀ ਲੋੜ ਹੈ, ਪਰ ਮੇਰੇ ਖਿਆਲ ਮੁਤਾਬਿਕ ਅੱਜਕੱਲ੍ਹ ਦੇ ਅਖੌਤੀ ਯੋਧੇ, ਕੁੜੀਆਂ ਪਿੱਛੇ ਬੰਦੂਕਾਂ ਚੁੱਕਣ ਨੂੰ ਹੀ ਇਨਕਲਾਬ ਸਮਝਦੇ ਹਨ।
ਗੀਤਕਾਰਾਂ ਤੇ ਗਵੱਈਆਂ ਨੂੰ ਬੇਨਤੀ ਹੈ ਕਿ ਉਹ ਹੁਣ ਲੋਕਾਂ ਨੂੰ ਕੁਝ ਚੰਗਾ ਦੇਣ ਜਿਸ ਵਿੱਚ ਬੋਲ ਸੁਣਨ ਵਾਲੇ ਦੇ ਧੁਰ ਅੰਦਰ ਤਕ ਜਾਣ ਤੇ ਸੁਰ ਵੀ ਅਜਿਹੇ ਹੋਣ ਕਿ ਪੱਥਰ ਨੂੰ ਪਿਘਲਾ ਦੇਣ। ਮੇਰੇ ਖ਼ਿਆਲ ’ਚ ਤਾਂ ਇਹੀ ਅਸਲ ਗਾਇਕੀ ਤੇ ਗੀਤਕਾਰੀ ਹੈ ਜਿਸ ਨੂੰ ਰੂਹਦਾਰੀ ਵਾਲੀ ਕਿਹਾ ਜਾ ਸਕਦਾ ਹੈ।
ਸੰਪਰਕ: 90413-80028


Comments Off on ਰੂਹਦਾਰੀ ਤੋਂ ਦੂਰ ਹੋਈ ਅਜੋਕੀ ਗਾਇਕੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.