ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਲੜਨਾ ਐ ਲੜਨਾ, ਹਾਰ ਨਹੀਂ ਮੰਨਣੀ…

Posted On February - 25 - 2017

ਅਮੋਲਕ ਸਿੰਘ ਜੰਮੂ

12502cd _Papa jiਪਿਤਾ ਇੱਕ ਮਜ਼ਬੂਤ ਦੀਵਾਰ। ਝੱਖੜਾਂ ਤੇ ਤੇਜ਼ ਹਨੇਰੀਆਂ ਤੋਂ ਬਚਾਅ। ਸਮਾਜ ਦੇ ਕੁਰੱਖਤ ਵਰਤਾਰਿਆਂ ਸਾਹਵੇਂ ਤਣੀ ਹੋਈ ਹਿੱਕ, ਆਪਣੇ ਚਮਨ ਦੀ ਸਰਬਪੱਖੀ ਖੁਸ਼ਹਾਲੀ ਲਈ ਦੁਆ ਤੇ ਦਰਵੇਸ਼ੀ।
ਹੁਣ ਜਦੋਂ ਭਾਪਾ ਜੀ ਸ. ਦਲੀਪ ਸਿੰਘ ਇਸ ਜਹਾਨੋਂ ਸਦਾ ਲਈ ਤੁਰ ਗਏ ਹਨ ਤਾਂ ਇੱਕ ਲੇਖਕ ਦੀਆਂ ਇਹ ਸਤਰਾਂ ਮੁੜ-ਮੁੜ ਜ਼ਿਹਨ ਵਿੱਚ ਆਉਂਦੀਆਂ ਹਨ ਕਿ ਹੁਣ ਝੱਖੜਾਂ ਤੇ ਤੇਜ਼ ਹਨੇਰੀਆਂ ਤੋਂ ਕੌਣ ਬਚਾਅ ਕਰੇਗਾ, ਕੌਣ ਆਖੇਗਾ ‘ਲੜਨਾ ਐ ਲੜਨਾ, ਹਾਰ ਨਹੀਂ ਮੰਨਣੀ…।’ ਪੰਜ ਸਾਲ ਪਹਿਲਾਂ ਫਰਵਰੀ ਮਹੀਨੇ ਮਾਂ ਛੱਡ ਕੇ ਤੁਰ ਗਈ ਅਤੇ ਹੁਣ ਬਾਪ ਵੀ ਫਰਵਰੀ ਮਹੀਨੇ ਹੀ ਤੁਰ ਗਿਆ ਹੈ, ਜਿਵੇਂ ਆਪਸ ਵਿੱਚ ਸਲਾਹ ਕਰ ਕੇ ਗਏ ਹੋਣ- ਤੂੰ ਚੱਲ ਮੈਂ ਆਇਆ…। ਮਾਂ ਮਹਿੱਟਰ ਤਾਂ ਪਹਿਲਾਂ ਹੀ ਸਾਂ, ਹੁਣ ਬਾਪ ਵਿਹੂਣਾ ਵੀ ਹੋ ਗਿਆ।
ਭਾਪਾ ਜੀ ਦਾ ਜੱਦੀ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਨਕੋਦਰ ਨੇੜੇ ‘ਫੁਲ’ ਸੀ। ਉੱਥੋਂ 1920ਵਿਆਂ ਵਿੱਚ ਉਨ੍ਹਾਂ ਦਾ ਪਰਿਵਾਰ ਬਾਰਾਂ ਵੱਸਣ ਸਮੇਂ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਟੋਭਾ ਟੇਕ ਸਿੰਘ ਵਿੱਚ ਜਾ ਵਸਿਆ। ਉਨ੍ਹਾਂ ਔਖੇ ਦਿਨਾਂ ਵਿੱਚ ਭਾਪਾ ਜੀ ਨੇ ਹਰ ਰੋਜ਼ ਪਿੰਡੋਂ ਪੰਜ ਮੀਲ ਪੈਦਲ ਚੱਲ ਕੇ ਅੱਠਵੀਂ ਤਕ ਪੜ੍ਹਾਈ ਕੀਤੀ ਅਤੇ ਫਿਰ ਉਨ੍ਹਾਂ ਨੂੰ ਸਾਈਕਲ ਮਿਲਿਆ ਤੇ ਉਨ੍ਹਾਂ ਦਸਵੀਂ ਪਾਸ ਕਰ ਲਈ। ਉਨ੍ਹੀਂ ਦਿਨੀਂ ਕਈ ਪਿੰਡਾਂ ਵਿੱਚ ਕੋਈ ਇੱਕ ਜਣਾ ਹੀ ਦਸਵੀਂ ਪਾਸ ਹੁੰਦਾ ਸੀ। ਪਾਕਿਸਤਾਨ ਬਣਨ ਪਿੱਛੋਂ ਪਰਿਵਾਰ ਹਰਿਆਣੇ ਵਿੱਚ ਜ਼ਿਲ੍ਹਾ ਸਿਰਸਾ ਦੇ ਪਿੰਡ ਕੁੱਤੇ ਵੱਢ ਜਾ ਵਸਿਆ। 1950 ਵਿੱਚ ਭਾਪਾ ਜੀ ਪੀਏਪੀ (ਪੰਜਾਬ ਆਰਮਡ ਪੁਲੀਸ) ਵਿੱਚ ਭਰਤੀ ਹੋ ਗਏ। ਉਹ 1984 ਵਿੱਚ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਨ੍ਹਾਂ ਸਾਰੀ ਉਮਰ ਪੁਲੀਸ ਦੀ ਨੌਕਰੀ ਬੜੀ ਇਮਾਨਦਾਰੀ ਨਾਲ ਕੀਤੀ। ਜਦੋਂ ਉਹ ਅਫ਼ਸਰਾਂ ਨਾਲ ਰਲ ਕੇ ਮੋਟੀ ਕਮਾਈ ਕਰ ਵੀ ਸਕਦੇ ਸਨ ਤਾਂ ਵੀ ਉਨ੍ਹਾਂ ਹਰਾਮ ਦੀ ਕਮਾਈ ਖਾਣ ਨਾਲੋਂ ਅਫ਼ਸਰਾਂ ਦੀ ਨਾਰਾਜ਼ਗੀ ਸਹਿਣ ਨੂੰ ਪਹਿਲ ਦਿੱਤੀ।
1996 ਵਿੱਚ ਮੈਂ ਅਮਰੀਕਾ ਆ ਗਿਆ। 1999 ਵਿੱਚ ਮੈਂ ਚੰਡੀਗੜ੍ਹ ਵਿੱਚ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਬੜਾ ਬੁਰਾ ਮਨਾਇਆ ਕਿ ਮੈਂ ਅਖ਼ਬਾਰ ਦੀ ਚੰਗੀ-ਭਲੀ ਨੌਕਰੀ ਛੱਡ ਕੇ ਅਮਰੀਕਾ ਟਿਕ ਜਾਣ ਦਾ ਮਨ ਕਿਉਂ ਬਣਾਇਆ? ਫਿਰ ਮੈਂ 2006 ਵਿੱਚ ਹੀ ਭਾਰਤ ਜਾ ਸਕਿਆ। ਉਦੋਂ ਮੇਰੀ ਸਿਹਤ ਕਾਫ਼ੀ ਤੇਜ਼ੀ ਨਾਲ ਡਿੱਗਣ ਲੱਗ ਪਈ ਸੀ। ਭਾਪਾ ਜੀ ਅਤੇ ਬੀਬੀ ਨੂੰ 2011 ਵਿੱਚ ਆਪਣੇ ਪੋਤੇ ਭਾਵ ਸਾਡੇ ਪੁੱਤਰ ਮਨਦੀਪ ਦੇ ਵਿਆਹ ਉੱਤੇ ਪਹੁੰਚਣ ਦੀ ਬੜੀ ਰੀਝ ਸੀ, ਪਰ ਵੀਜ਼ਾ ਨਾ ਮਿਲ ਸਕਿਆ।
ਨੌਂ ਸਾਲ ਬਾਅਦ 2014 ਵਿੱਚ ਭਾਪਾ ਜੀ ਨਾਲ ਮੁਲਾਕਾਤ ਸ਼ਿਕਾਗੋ ਵਿੱਚ ਹੋਈ, ਜਦੋਂ ਮੈਂ ਆਪਣੀ ਲਾਇਲਾਜ ਬਿਮਾਰੀ (ਏਐੱਲਐੱਸ) ਕਰਕੇ ਫੇਫੜਿਆਂ ਦੇ ਆਪਰੇਸ਼ਨ ਪਿੱਛੋਂ ਮੌਤ ਦੇ ਮੂੰਹੋਂ ਮਸਾਂ ਬਚਿਆ ਸਾਂ ਤੇ ਹਸਪਤਾਲ ਵਿੱਚ ਸਾਂ। ਆਪਰੇਸ਼ਨ (ਟਰੈਕਿਓਸਟੌਮੀ) ਪਿੱਛੋਂ ਬੋਲ ਨਹੀਂ ਸਾਂ ਸਕਦਾ, ਸਿਰਫ਼ ਬੁੱਲ੍ਹ ਹੀ ਹਿਲਾ ਸਕਦਾ ਸਾਂ। ਟਰੈਕਿਓਸਟੌਮੀ ਰਾਹੀਂ ਗਲੇ ਤੋਂ ਥੱਲੇ ਛੇਕ ਕਰ ਕੇ ਵੈਂਟੀਲੇਟਰ ਰਾਹੀਂ ਆਕਸੀਜਨ ਸਿੱਧੀ ਫੇਫੜਿਆਂ ਨੂੰ ਭੇਜੀ ਜਾਂਦੀ ਹੈ। ਸਾਹ ਸੌਖਾ ਰੱਖਣ ਲਈ ਟਰੈਕਿਓਸਟੌਮੀ ਵਿੱਚ ਇੱਕ ਭੁਕਾਨੇ (ਬੈਲੂਨ) ਵਿੱਚ ਹਵਾ ਭਰ ਦਿੱਤੀ ਜਾਂਦੀ ਹੈ। ਇਸ ਨਾਲ ਸਾਹ ਤਾਂ ਸੌਖਾ ਹੁੰਦਾ ਹੈ, ਪਰ ਬੋਲ ਨਹੀਂ ਹੁੰਦਾ। ਅਜਿਹੇ ਵਿੱਚ ਬੁੱਲ੍ਹ ਹਿਲਾਉਣ ’ਤੇ ਕਿਸੇ ਨੂੰ ਹੀ ਮੇਰੀ ਗੱਲ ਦੀ ਮਾੜੀ ਮੋਟੀ ਸਮਝ ਪੈਂਦੀ। ਪਾਣੀ ਦਾ ਘੁੱਟ ਤਕ ਪੀਣ ਦੀ ਮਨਾਹੀ ਸੀ। ਹੱਥ-ਪੈਰ ਤਾਂ ਪਹਿਲਾਂ ਹੀ ਨਹੀਂ ਸੀ ਚਲਦੇ। ਅਜਿਹੇ ਹਾਲਾਤ ਵਿੱਚ ਆਪਣੇ ਪੁੱਤਰ ਨੂੰ ਮਿਲਣ ’ਤੇ ਕਿਸੇ ਵੀ ਪਿਤਾ ਦੇ ਚਿਹਰੇ ’ਤੇ ਉਦਾਸੀ ਤੇ ਫ਼ਿਕਰਮੰਦੀ ਆ ਜਾਣੀ ਸੁਭਾਵਿਕ ਹੈ, ਪਰ ਜਦੋਂ ਭਾਪਾ ਜੀ ਮੇਰੇ ਕਮਰੇ ਵਿੱਚ ਆਏ ਤਾਂ ਮੈਨੂੰ ਉਨ੍ਹਾਂ ਦੇ ਚਿਹਰੇ ਉੱਤੇ ਅਜਿਹੀ ਕੋਈ ਸ਼ੈਅ ਨਜ਼ਰ ਨਾ ਆਈ। ਬੜੇ ਸਹਿਜ ਨਾਲ ਆ ਕੇ ਉਨ੍ਹਾਂ ਮੇਰੇ ਸਿਰ ’ਤੇ ਹੱਥ ਫੇਰਿਆ, ਮੱਥਾ ਚੁੰਮਿਆ ਤੇ ਮੋਢਾ ਥਾਪੜਿਆ, ਜਿਵੇਂ ਆਖ ਰਹੇ ਹੋਣ- ‘ਤਕੜਾ ਹੋ ਤਕੜਾ। ਭੀੜਾਂ ਬੰਦਿਆਂ ’ਤੇ ਹੀ ਪੈਂਦੀਆਂ ਨੇ।’
ਭਾਪਾ ਜੀ ਨੂੰ 1962-66 ਵਿੱਚ ਹੀ ਉੱਚਾ ਸੁਣਨ ਲੱਗ ਪਿਆ ਸੀ। ਜਦੋਂ ਉਹ ਅਮਰੀਕਾ ਲਈ ਭਾਰਤ ਤੋਂ ਤੁਰੇ ਤਾਂ ਉਹ ਸੁਣਨ ਵਾਲੀਆਂ (ਹੀਅਰਿੰਗ ਏਡ) ਦੋ ਮਸ਼ੀਨਾਂ ਲੈ ਕੇ ਆਏ ਸਨ, ਪਰ ਦੋਵੇਂ ਹੀ ਖ਼ਰਾਬ ਹੋ ਗਈਆਂ। ਮੈਂ ਬੋਲ ਨਹੀਂ ਸਾਂ ਸਕਦਾ ਤੇ ਉਹ ਸੁਣ ਨਹੀਂ ਸਨ ਸਕਦੇ। ਇੱਕ ਮਿੱਤਰ ਨੇ ਇਸ ਹਾਲਤ ’ਤੇ ਮਖੌਲ ਕੀਤਾ, ‘‘ਤੁਹਾਡੀ ਜੋੜੀ ਵਧੀਆ ਹੈ, ਬੜੀ ਨਿਭਦੀ ਹੋਵੇਗੀ।’’
ਹਸਪਤਾਲ ਵਿੱਚ ਉਹ ਸਾਰਾ ਦਿਨ ਬੈਠੇ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ। ਜਦੋਂ ਸਾਡੀ ਨਿਗ੍ਹਾ ਆਪਸ ਵਿੱਚ ਮਿਲਦੀ, ਉਹ ਮੇਰੇ ਵੱਲ ਨਿੰਮਾ- ਨਿੰਮਾ ਮੁਸਕਰਾ ਰਹੇ ਹੁੰਦੇ ਤੇ ਉਨ੍ਹਾਂ ਦੇ ਨਾਲ ਹੀ ਮੇਰੇ ਬੁੱਲ੍ਹਾਂ ’ਤੇ ਵੀ ਮੁਸਕੁਰਾਹਟ ਆ ਜਾਂਦੀ। ਹਸਪਤਾਲੋਂ ਛੁੱਟੀ ਮਿਲਣ ਤੋਂ ਪਹਿਲਾਂ ਡਾਕਟਰਾਂ ਨੇ ਬੈਲੂਨ ਵਿੱਚੋਂ ਹਵਾ ਕੱਢ ਕੇ ਮੈਨੂੰ ਬੋਲਣ ਜੋਗਾ ਕਰ ਦਿੱਤਾ। ਘਰ ਆਇਆਂ ਕੁਝ ਦਿਨ ਹੀ ਹੋਏ ਸਨ ਕਿ ਇੱਕ ਦਿਨ ਇੱਕ ਫੇਫੜੇ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ। ਸਾਹ ਔਖਾ ਹੋਣ ਕਰ ਕੇ ਮੇਰੀ ਬੁਰੀ ਹਾਲਤ ਸੀ, ਪਰ ਭਾਪਾ ਜੀ ਚਿਹਰੇ ’ਤੇ ਬਿਨਾਂ ਕੋਈ ਚਿੰਤਾ ਜ਼ਾਹਰ ਕੀਤਿਆਂ ਮੇਰਾ ਮੋਢਾ ਥਾਪੜ ਕੇ ਹੌਸਲਾ ਦੇ ਰਹੇ ਸਨ।
ਐਂਬੂਲੈਂਸ ਵਿੱਚ ਹਸਪਤਾਲ ਪਹੁੰਚਿਆ ਤਾਂ ਉੱਥੇ ਵੀ ਭਾਪਾ ਜੀ ਮੇਰੇ ਸਿਰ ’ਤੇ ਹੱਥ ਫੇਰ ਰਹੇ ਸਨ। ਕੁਝ ਟੈਸਟਾਂ ਪਿੱਛੋਂ ਡਾਕਟਰ ਨੇ ਮੇਰਾ ਆਪਰੇਸ਼ਨ ਕਰਨ ਦਾ ਫ਼ੈਸਲਾ ਕੀਤਾ। ਮੈਨੂੰ ਬੇਹੋਸ਼ ਕਰਨ ਦੀ ਥਾਂ ਉਨ੍ਹਾਂ ਨੇ ਮੇਰੀ ਛਾਤੀ ਦਾ ਹੀ ਕੁਝ ਹਿੱਸਾ ਸੁੰਨ ਕੀਤਾ। ਜਦੋਂ ਡਾਕਟਰ ਆਪਰੇਸ਼ਨ ਕਰ ਰਿਹਾ ਸੀ ਤਾਂ ਮੈਂ ਪੂਰੇ ਹੋਸ਼ ਵਿੱਚ ਸਾਂ। ਡਾਕਟਰ ਦੇ ਲਹੂ ਲਿੱਬੜੇ ਹੱਥ ਮੈਨੂੰ ਸਾਫ਼ ਨਜ਼ਰ ਆ ਰਹੇ ਸਨ, ਪਰ ਮੇਰੇ ਚਿਹਰੇ ’ਤੇ ਘਬਰਾਹਟ ਜਾਂ ਉਦਾਸੀ ਦਾ ਕੋਈ ਨਿਸ਼ਾਨ ਨਹੀਂ ਸੀ। ਸ਼ਾਇਦ ਇਹ ਭਾਪਾ ਜੀ ਦੇ ਮੋਢਾ ਥਾਪੜਨ ਦਾ ਹੀ ਅਸਰ ਸੀ।
ਜ਼ਰਾ ਠੀਕ ਹੋਇਆ ਤਾਂ ਮੇਰੀ ਆਵਾਜ਼ ਵੀ ਕੁਝ ਸਮਝ ਆਉਣ ਜੋਗੀ ਹੋ ਗਈ। ਉਦੋਂ ਉਹ ਮੈਨੂੰ ਸਹਿਜ ਕਰਨ ਲਈ ਚਾਲੀ ਸਾਲ ਪੁਰਾਣੀਆਂ ਗੱਲਾਂ ਵਿੱਚ ਲਾਈ ਰੱਖਦੇ। ਇੱਕ ਦਿਨ ਕਹਿਣ ਲੱਗੇ, ਉਦੋਂ ਮੈਂ ਤੈਨੂੰ ਚੰਡੀਗੜ੍ਹ ਵਾਲੀ ਨੌਕਰੀ ਛੱਡਣ ਤੋਂ ਟੋਕਿਆ ਸੀ, ਪਰ ਇੱਥੇ ਹੋ ਰਹੀ ਤੇਰੀ ਸੰਭਾਲ ਦੇਖ ਕੇ ਸਮਝ ਆਈ ਹੈ ਕਿ ਰੱਬ ਨੇ ਠੀਕ ਹੀ ਸਬੱਬ ਬਣਾਇਆ ਸੀ। ਉੱਥੇ ਤੇਰੀ ਇੰਨੀ ਸੰਭਾਲ ਕਿਸ ਨੇ ਕਰਨੀ ਸੀ?
ਉਦੋਂ ਵਾਪਸ ਇੰਡੀਆ ਜਾਣ ਲਈ ਉਹ ਘਰੋਂ ਤੁਰਨ ਲੱਗਿਆਂ ਮੇਰਾ ਸਿਰ ਪਲੋਸਣ ਅਤੇ ਮੱਥਾ ਚੁੰਮਣ ਪਿੱਛੋਂ ਕਹਿਣ ਲੱਗੇ, ‘‘ਲੜਨਾ ਐ ਲੜਨਾ, ਹਾਰ ਨਹੀਂ ਮੰਨਣੀ।” ਉਸ ਪਿੱਛੋਂ ਪਿਛਲੇ ਸਾਲ ਜੁਲਾਈ ਵਿੱਚ ਫਿਰ ਸ਼ਿਕਾਗੋ ਆਏ, ਉਦੋਂ ਸਿਹਤ ਭਾਵੇਂ 2014 ਵਰਗੀ ਨਹੀਂ ਸੀ, ਫਿਰ ਵੀ ਚੰਗੇ ਸਿਹਤਮੰਦ ਸਨ। ਉਨ੍ਹਾਂ ਨੇ ਮੇਰੇ ਨਾਲ ਮੇਰੇ ਬਚਪਨ ਦੀਆਂ ਗੱਲਾਂ ਵੀ ਕੀਤੀਆਂ। ਸ਼ਾਇਦ ਕਿਤੇ ਮਨ ’ਚ ਹੋਵੇ, ਫਿਰ ਪਤਾ ਨਹੀਂ ਮਿਲ ਸਕੀਏ ਜਾਂ ਨਾ। ਚਾਰ ਫਰਵਰੀ 2017 ਨੂੰ ਉਹ ਪੰਚਕੂਲੇ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਚੱਲ ਵਸੇ।
ਅੱਜ ਜਦੋਂ ਉਨ੍ਹਾਂ ਦੇ ਇਸ ਜਹਾਨੋਂ ਤੁਰ ਜਾਣ ਪਿੱਛੋਂ ਭਾਈਵੰਦ ਹੌਸਲਾ ਬੰਨ੍ਹਾਉਂਦੇ ਹਨ ਕਿ ਉਹ 93 ਸਾਲਾਂ ਦੇ ਸਨ; ਆਖ਼ਰ ਤਾਂ ਸਭ ਨੇ ਜਾਣਾ ਹੈ; ਜਾਣ ਸਮੇਂ ਨਾ ਉਨ੍ਹਾਂ ਕੋਈ ਦੁੱਖ ਪਾਇਆ, ਨਾ ਕਿਸੇ ਨੂੰ ਦੁੱਖ ਦਿੱਤਾ। ਸ਼ਾਇਦ ਉਨ੍ਹਾਂ ਦੀ ਗੱਲ ਹੈ ਵੀ ਸੱਚ, ਪਰ ਮੇਰੇ ਮਨ ਵਿੱਚ ਮੁੜ-ਮੁੜ ਆਉਂਦਾ ਹੈ, ਕੌਣ ਮੈਨੂੰ ਕਹੇਗਾ: ‘ਲੜਨਾ ਐ ਲੜਨਾ, ਹਾਰ ਨਹੀਂ ਮੰਨਣੀ।’ ਉਨ੍ਹਾਂ ਦੀ ਇਹੋ ਹੱਲਾਸ਼ੇਰੀ ਮੈਨੂੰ ਆਪਣੇ ਰੋਗ ਨਾਲ ਲੜਨ ਦਾ ਬਲ ਬਖ਼ਸ਼ਦੀ ਰਹੀ ਹੈ। ਫਿਰ ਸੋਚਦਾ ਹਾਂ ਕਿ ਉਨ੍ਹਾਂ ਮੈਨੂੰ ਹੱਲਾਸ਼ੇਰੀ ਦਿੱਤੀ ਹੈ ਤਾਂ ਮਨ ਵਿੱਚ ਮੇਰੇ ਤੋਂ ਕੋਈ ਆਸ ਵੀ ਤਾਂ ਰੱਖੀ ਹੋਵੇਗੀ! ਮੈਂ ਇਹ ਆਸ ਝੂਠੀ ਨਹੀਂ ਪੈਣ ਦੇਣੀ। ਹਾਂ, ਮੈਂ ਲੜਾਂਗਾ, ਭਾਪਾ ਜੀ ਲੜਾਂਗਾ…।

ਸੰਪਰਕ: 1-847-359-0746


Comments Off on ਲੜਨਾ ਐ ਲੜਨਾ, ਹਾਰ ਨਹੀਂ ਮੰਨਣੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.