ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ

Posted On February - 25 - 2017

ਡਾ. ਰਾਜਵੰਤ ਕੌਰ ਪੰਜਾਬੀ

11602cd _pic surit jassal 1ਪੂਰੇ ਵਿਸ਼ਵ ਵਿੱਚ ਭਾਰਤੀ ਵਿਆਹ ਸਮਾਗਮ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਇੱਥੇ ਸਿਰਫ਼ ਮਨੁੱਖਾਂ ਦੇ ਹੀ ਨਹੀਂ ਦੇਵੀ-ਦੇਵਤਿਆਂ, ਪੌਦਿਆਂ ਅਤੇ ਜਾਨਵਰਾਂ ਦੇ ਵਿਆਹ ਵੀ ਬੜੇ ਧੂਮ-ਧਾਮ ਨਾਲ ਕੀਤੇ ਜਾਂਦੇ ਹਨ। ਅਜੋਕੇ ਸਮਾਜ ਵਿੱਚ ਗ਼ਰੀਬ ਬੰਦੇ ਲਈ ਧੀ-ਪੁੱਤ ਦਾ ਵਿਆਹ ਕਰਨਾ ਸਹਿਜ ਕਾਰਜ ਨਹੀਂ ਰਿਹਾ। ਇਸ ਨੇ ਬੇਹੱਦ ਜਟਿਲ ਤੇ ਖ਼ਰਚੀਲੇ ਆਯੋਜਨ ਵਾਲੇ ਸਮਾਰੋਹ ਦਾ ਰੂਪ ਧਾਰਨ ਕਰ ਲਿਆ ਹੈ। ਧੂਮ ਧੜਾਕੇ ਨਾਲ ਕੀਤੇ ਜਾਂਦੇ ਵਿਆਹਾਂ ਦਾ ਖ਼ਰਚ ਪੰਦਰਾਂ-ਵੀਹ ਲੱਖ ਤੋਂ ਘੱਟ ਤਾਂ ਕਿਆਸ ਹੀ ਨਹੀਂ ਕੀਤਾ ਜਾ ਸਕਦਾ।
ਸਾਹਾ ਚਿੱਠੀ ਮਹਿੰਗੇ ਕਾਰਡਾਂ ਰਾਹੀਂ ਸੱਦਾ ਪੱਤਰਾਂ ਦਾ ਰੂਪ ਲੈ ਚੁੱਕੀ ਹੈ। ਗੁੜ ਦੀ ਭੇਲੀ ਦੀ ਥਾਂ ਪੰਜੀਰੀ ਜਾਂ ਵਿਭਿੰਨ ਕਿਸਮਾਂ ਦੀ ਮਠਿਆਈ ਵੰਡਣ ਦਾ ਰੁਝਾਨ ਪੈਦਾ ਹੋ ਗਿਆ ਹੈ। ਪੂੰਜੀਪਤੀ ਆਪਣੀ ਔਲਾਦ ਦੇ ਵਿਆਹ ਪੰਜ ਤਾਰਾ ਹੋਟਲਾਂ ਵਿੱਚ ਕਰਨ ਲੱਗੇ ਹਨ। ਬਰਾਤ ਦੇ ਢੁਕਾਅ ਵੇਲੇ ਲਾੜਾ ਘੋੜੀ ਤੋਂ ਉਤਰਨ ਦੀ ਥਾਂ ਮਹਿੰਗੀ ਤੋਂ ਮਹਿੰਗੀ ਕਾਰ ਵਿੱਚੋਂ ਉਤਰਨਾ ਪਸੰਦ ਕਰਦਾ ਹੈ। ਜੁਲਾਈ, 2016 ਵਿੱਚ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਭਾਰਤੀ ਵਾਯੂ ਸੈਨਾ ਵਿੱਚ ਕਾਰਜਸ਼ੀਲ ਇੱਕ ਨੌਜਵਾਨ ਨੇ ਆਪਣੇ ਵਿਆਹ ਨੂੰ ਯਾਦਗਾਰੀ ਬਣਾਉਣ ਹਿਤ ਘੋੜੀ, ਕਾਰ ਦੀ ਥਾਂ ਹੈਲੀਕਾਪਟਰ ਨੂੰ ਮਾਧਿਅਮ ਵਜੋਂ ਵਰਤਿਆ ਤੇ ਪੈਲੇਸ ਨੇੜੇ ਪੈਰਾਸ਼ੂਟ ਰਾਹੀਂ ਉਤਰਿਆ। ਅਜਿਹੇ ਰੁਝਾਨਾਂ ਦੀ ਦੇਖਾ ਦੇਖੀ ਮੱਧਵਰਗੀ ਤਬਕਾ ਅਤੇ ਨਿਮਨ ਆਰਥਿਕਤਾ ਵਾਲੇ ਪਰਿਵਾਰ ਵੀ ਚਾਦਰ ਤੋਂ ਬਾਹਰ ਪੈਰ ਪਸਾਰਨ ਲੱਗੇ ਹਨ। ਹੁਣ ਕਿਸੇ ਕਿਸੇ ਘਰ ਹਲਵਾਈ ਬਿਠਾਏ ਜਾਂਦੇ ਹਨ ਤੇ ਖੁੱਲ੍ਹੀ ਭਾਜੀ ਪਕਵਾਈ ਜਾਂਦੀ ਹੈ। ਮਠਿਆਈ ਬਾਹਰੋਂ ਬਣੀ-ਬਣਾਈ ਡੱਬਿਆਂ ਵਿੱਚ ਪੈਕ ਕੀਤੀ ਕਰਾਈ ਘਰ ਆ ਜਾਂਦੀ ਹੈ। ਵਿਆਹ ਲਈ ਲੋੜੀਂਦੀ ਰਸਦ ਵੀ ਬਾਜ਼ਾਰੋਂ ਖ਼ਰੀਦੀ ਜਾਂਦੀ ਹੈ। ਇਸ ਲਈ ਅਜਿਹੀਆਂ ਸਿੱਠਣੀਆਂ ਸੁਣਨ ਨੂੰ ਨਹੀਂ ਮਿਲਦੀਆਂ :
ਸ਼ੀਲੋ ਕੁੜੀ ਐਂ ਬੈਠੀ
ਜਿਵੇਂ ਫੁੱਟੇ ਭੜੋਲੇ ਦਾ ਥੱਲਾ
ਨਿਕੰਮੀਏ ਕੰਮ ਕਰ ਨੀ
ਤੈਂ ਕਿਉਂ ਛੱਡਿਆ ਧੰਦਾ
ਨਿਕੰਮੀਏ ਕੰਮ ਕਰ ਨੀ
ਪਿੰਡਾਂ ਵਿੱਚ ਵਿਆਹੁਲੇ ਘਰ ਵਿੱਚ ਕਈ-ਕਈ ਦਿਨ ਪਹਿਲਾਂ ਪ੍ਰਾਹੁਣੇ ਆਉਣੇ ਸ਼ੁਰੂ ਹੋ ਜਾਂਦੇ ਸਨ। ਪ੍ਰਾਹੁਣਿਆਂ ਵਿੱਚੋਂ ਨਾਨਕਾ ਮੇਲ ਦੀ ਵਿਸ਼ੇਸ਼ ਤੌਰ ’ਤੇ ਉਡੀਕ ਕੀਤੀ ਜਾਂਦੀ ਸੀ। ਨਾਨਕਾ ਮੇਲ ਵਿਆਹ ਵਾਲੇ ਘਰ ਦੀ ਰੌਣਕ ਨੂੰ ਹੋਰ ਵੀ ਖਿੱਚ ਭਰਪੂਰ ਬਣਾਉਣ ਦੇ ਮੰਤਵ ਅਧੀਨ ਆਪਣੇ ਨਾਲ ਵੱਧ ਤੋਂ ਵੱਧ ਜੀਅ ਲੈ ਕੇ ਆਉਂਦਾ। ਇਸ ਨਾਨਕਾ ਮੇਲ ਦੀਆਂ ਔਰਤਾਂ ਪਿੰਡ ਵੜਦਿਆਂ ਸਾਰ ਜੋਸ਼ ਨਾਲ ਪ੍ਰਵੇਸ਼ ਕਰਦੀਆਂ, ਖਰੂਦ ਪਾਉਂਦੀਆਂ ਅਤੇ ਗੀਤ ਗਾਉਂਦੀਆਂ ਆਉਂਦੀਆਂ। ਨਾਨਕਾ ਧਾੜ ਦੀ ਗ੍ਰਿਫ਼ਤ ਵਿੱਚ ਆਇਆ ਹਰ ਵਿਅਕਤੀ ਵਿਅੰਗ ਤੇ ਟਕੋਰਾਂ ਦਾ ਸ਼ਿਕਾਰ ਬਣਦਾ। ਮਰਦਾਂ ਨੂੰ ਚੋਭਾਂ ਲਾ ਕੇ ਖੂਬ ਠਿੱਠ ਕੀਤਾ ਜਾਂਦਾ। ਇਨ੍ਹਾਂ ਗੀਤਾਂ ਦਾ ਮਨੋਰਥ ਕਿਸੇ ਨੂੰ ਮਾਨਸਿਕ ਰੂਪ ਵਿੱਚ ਕਸ਼ਟ ਦੇਣਾ ਨਹੀਂ, ਸਗੋਂ ਅਜਿਹਾ ਸਭਿਆਚਾਰਕ ਵਾਤਾਵਰਨ ਉਪਜਾਉਣਾ ਹੁੰਦਾ ਜਿਸ ਨਾਲ ਵਿਆਹ ਦੀ ਰਸਮ ਹੋਰ ਰੌਣਕੀ ਬਣ ਜਾਵੇ :
ਆਹੋ ਜੀ ਬੰਬੀਹਾ ਬੋਲੇ।
ਖੜੋਤੀ ਕੁੜੀ ਦੇ ਬਾਰ ਨੀ ਬੰਬੀਹਾ ਬੋਲੇ।
ਸਿਖਰ ਦੁਪਹਿਰੇ ਬੋਲੇ ਨੀ ਬੰਬੀਹਾ ਬੋਲੇ।
ਬੰਬੀਹਾ ਰਾਤੀਂ ਬੋਲੇ ਤੇ ਬੋਲੇ ਪ੍ਰਭਾਤ ਨੀ, ਬੰਬੀਹਾ ਬੋਲੇ।
ਅੱਜ ਨਾਨਕਾ ਮੇਲ ਦੀ ਓਹੋ-ਜਿਹੀ ਆਮਦ ਨਜ਼ਰ ਨਹੀਂ ਆਉਂਦੀ। ਘਰਾਂ ਵਿੱਚ ਨਿਭਾਈ ਜਾਂਦੀ ਮਹਿੰਦੀ ਤੇ ਵਟਣਾ ਲਗਾਉਣ ਦੀ ਰਸਮ ਤੇ ਨਾਲ ਗਾਏ ਜਾਂਦੇ ਸੁਹਾਗ ਗੀਤਾਂ ਵਾਲੇ ਰਸਭਿੰਨੇ ਵਾਤਾਵਰਨ ਦੀ ਥਾਂ ਬਿਊਟੀ ਪਾਰਲਰਾਂ ਵਿੱਚ ਬੁਕਿੰਗ ਕਰਵਾਕੇ ਘਰਾਂ ਵਿੱਚ ਪੈਦਾ ਹੁੰਦੀ ਸੁੰਨ ਨਜ਼ਰ ਆਉਂਦੀ ਹੈ। ਵਿਆਹ ਤੋਂ ਪੂਰਵਲੀ ਸ਼ਾਮ ਨਾਨਕਾ ਮੇਲ ਵੱਲੋਂ ਪਿੱਤਲ ਦੀ ਗਾਗਰ/ਵਲਟੋਹੀ ਉੱਤੇ ਆਟੇ ਦੇ ਦੀਵਿਆਂ ਦੀਆਂ ਕਤਾਰਾਂ ਬਣਾ ਕੇ ਤਿਆਰ ਕੀਤੀ ਜਾਂਦੀ ਜਾਗੋ ਕਿਤੇ-ਕਿਤੇ ਹੀ ਦੇਖਣ ਨੂੰ ਮਿਲਦੀ ਹੈ। ਜਾਗੋ ਕੱਢਦਿਆਂ ਦੋ ਕੁੜੀਆਂ, ਜਿਨ੍ਹਾਂ ਦੀਆਂ ਅੱਖਾਂ ਵਿੱਚ ਕੱਜਲ ਤੇ ਮੂੰਹ ਗੋਰੇ ਕੀਤੇ ਹੁੰਦੇ, ਨੂੰ ਗੋਰੇ ਬਣਾ ਕੇ ਆਪਣੇ ਅੱਗੇ ਲਾਉਣਾ ਤਾਂ ਬੀਤੇ ਦੀ ਬਾਤ ਬਣ ਗਿਆ ਹੈ। ਸਾਰੀਆਂ ਮੇਲਣਾਂ ਨਾਲ-ਨਾਲ ਗੀਤ ਗਾਉਂਦੀਆਂ, ਸ਼ੋਰ ਮਚਾਉਂਦੀਆਂ ਜਾਂਦੀਆਂ। ਕਈ ਘਰ ਜਾਗੋ ਵਿੱਚ ਤੇਲ ਪਾਉਂਦੇ ਅਤੇ ਕਈ ਸ਼ਗਨ ਦਿੰਦੇ। ਪਿੰਡ ਦੇ ਮੁਖੀਏ ਤੇ ਰਿਸ਼ਤੇਦਾਰੀ ਵਾਲੇ ਘਰਾਂ ਵਿੱਚ ਗਿੱਧਾ ਪਾਇਆ ਜਾਂਦਾ। ਜਾਗੋ ਦੌਰਾਨ ਪਿੰਡ ਦੀ ਪਰਿਕਰਮਾ ਕਰਦੇ ਸਮੇਂ ਨਾਨਕੀਆਂ ਆਪਣੇ ਨਾਲ ਸਲੰਘ (ਤੂੜੀ ਹਿਲਾਉਣ ਵਾਲੀ ਸੋਟੀ, ਜਿਸ ਉੱਤੇ ਉਹ ਘੁੰਗਰੂ ਬੰਨ੍ਹ ਲੈਂਦੀਆਂ) ਲੈ ਲੈਂਦੀਆਂ। ਪਿੰਡ ਦੇ ਸੁੱਤੇ ਲੋਕਾਂ ਨੂੰ ਜਗਾਉਣ ਖਾਤਰ ਉਸ ਦੀ ਵਰਤੋਂ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣ ਅਤੇ ਸੜਕ ਉੱਤੇ ਦੱਬ ਦੱਬ ਕੇ ਮਾਰਨ ਲਈ ਕੀਤੀ ਜਾਂਦੀ। ਇਸ ਪ੍ਰਕਾਰ ਉਹ ਪਿੰਡ ਦੇ ਲੰਬੜਦਾਰ ਤੋਂ ਲੈ ਕੇ ਜਮਾਂਦਾਰ ਤਕ ਸਭ ਨੂੰ ਆਪਣੀਆ ਪਤਨੀਆਂ ਨੂੰ ਜਗਾਉਣ ਦਾ ਹੋਕਾ ਦਿੰਦੀਆਂ। ਆਪਣੇ ਵਿਸ਼ਾਲ ਸਮੂਹ ਨੂੰ ‘ਹਾਕਮ ਦੀ ਚੌਕੀ’ ਨਾਲ ਤੁਲਨਾਉਂਦੀਆਂ ਉਹ ਪੁਰਸ਼ ਪ੍ਰਧਾਨ ਸਮਾਜ ਨੂੰ ਖ਼ਬਰਦਾਰ ਕਰਦੀਆਂ :
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ
ਚੌਂਕੀਦਾਰ ਆਪਣੀ ਜੋਰੂ ਵੇਚੇ, ਟਕੇ ਟਕੇ ਸਿਰ ਸਾਹੀ
ਖ਼ਬਰਦਾਰ ਰਹਿਣਾ ਜੀ, ਚੌਂਕੀ ਹਾਕਮਾਂ ਦੀ ਆਈ।
ਅੱਜਕਲ੍ਹ ਜਾਗੋ ਘਰ ਤਿਆਰ ਨਹੀਂ ਕੀਤੀ ਜਾਂਦੀ। ਲੋਕ ਵੀ ਜਲਦੀ ਨਹੀਂ ਸੌਂਦੇ। ਸੁੱਤਿਆਂ ਨੂੰ ਜਗਾਉਣ ਲਈ ਵਰਤੀ ਜਾਂਦੀ ਸਲੰਘ ਸ਼ਿੰਗਾਰੀ ਹੋਈ ਸੋਟੀ ਦੇ ਰੂਪ ਵਿੱਚ ਅੱਜ ਜਾਗਦਿਆਂ ਨੂੰ ਜਗਾਉਂਦੀ ਹੈ ਜੋ ਸੈੱਲਾਂ ਵਾਲੀ ਜਾਗੋ ਦੇ ਨਾਲ ਹੀ ਬਾਜ਼ਾਰੋਂ ਖ਼ਰੀਦ ਲਈ ਜਾਂਦੀ ਹੈ। ਸੈੱਲਾਂ ਨਾਲ ਚੱਲਣ ਵਾਲੀ ਬਾਜ਼ਾਰੀ ਜਾਗੋ ਦੇ ਸੈੱਲ ਕੁਝ ਸਮੇਂ ਬਾਅਦ ਹੀ ਆਪਣਾ ਰੰਗ ਦਿਖਾ ਦਿੰਦੇ ਹਨ ਤੇ ਮਾਹੌਲ ਨੂੰ ਫਿੱਕਾ ਕਰ ਦਿੰਦੇ ਹਨ। ਪਾਣੀ ਵਾਰਨ ਵਾਲੀ ਗੜਵੀ ਵੀ ਬਾਜ਼ਾਰੋਂ ਹੀ ਖ਼ਰੀਦ ਲਈ ਜਾਂਦੀ ਹੈ।
ਅਜੋਕੇ ਵਿਆਹਾਂ ਦੇ ਕੁਝ ਹੋਰ ਪੱਖ ਚਰਚਾ ਦੀ ਮੰਗ ਕਰਦੇ ਹਨ। ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਵਿੱਚ ਗਰਮਜੋਸ਼ੀ ਘਟਦੀ ਜਾ ਰਹੀ ਹੈ ਜਦੋਂ ਕਿ ਲੈਣ ਦੇਣ ’ਤੇ ਖ਼ਰਚ ਹੋਣ ਵਾਲੀ ਰਾਸ਼ੀ ਹੱਦ ਬੰਨੇ ਟੱਪਦੀ ਜਾ ਰਹੀ ਹੈ। ਬਹੁਤੇ ਰਿਸ਼ਤੇਦਾਰ ਸਿੱਧੇ ਵਿਆਹ ਪੈਲੇਸ ਵਿੱਚ ਆਉਂਦੇ ਹਨ ਅਤੇ ਉੱਥੋਂ ਹੀ ਆਪਣੇ ਘਰ ਵਿਦਾ ਹੋ ਜਾਂਦੇ ਹਨ।  ਕੱਪੜਿਆਂ ਅਤੇ ਹਾਰ-ਸ਼ਿੰਗਾਰ ਉੱਤੇ ਲੱਖਾਂ ਰੁਪਿਆ ਖ਼ਰਚ ਹੋਣ ਲੱਗ ਪਿਆ ਹੈ। ਸਿਰਫ਼ ਲਾੜੇ-ਲਾੜੀ ਦੀ ਪੁਸ਼ਾਕ ’ਤੇ ਖ਼ਰਚ ਹੋਈ ਰਾਸ਼ੀ ਹੀ ਦੰਦਾਂ ਥੱਲੇ ਉਂਗਲਾਂ ਦਿਵਾ ਦਿੰਦੀ ਹੈ। ਵਿਆਹ ਦੇ ਖੁਸ਼ਗਵਾਰ ਮਾਹੌਲ ਨੂੰ ਰਸਭਿੰਨਾ ਬਣਾਉਣ ਵਾਲੀਆਂ ਰਾਤ ਦੀਆਂ ਗਾਉਣ ਮਹਿਫ਼ਿਲਾਂ ਨੇ ਵੀ ਆਪਣਾ ਰੰਗ ਵਟਾ ਲਿਆ ਹੈ। ਉਨ੍ਹਾਂ ਮਹਿਫ਼ਿਲਾਂ ਦੀ ਥਾਂ ’ਤੇ ਕਈ-ਕਈ ਦਿਨ ਮੀਟ-ਸ਼ਰਾਬ ਦੇ ਦੌਰ ਚੱਲਦੇ ਹਨ। ਲੇਡੀਜ਼ ਸੰਗੀਤ ਦੇ ਨਾਂ ’ਤੇ ਦੇਖਣ-ਸੁਣਨ ਨੂੰ ਮਿਲਦਾ ਹੈ ਡੀ.ਜੇ. ਸਿਸਟਮ ਨਾਲ ਚੱਲਣ ਵਾਲਾ ਸ਼ੋਰ-ਸ਼ਰਾਬੇ ਨਾਲ ਭਰਪੂਰ ਨਾਚ-ਗਾਨ।
ਵਿਸ਼ਵੀਕਰਨ ਦੇ ਪ੍ਰਭਾਵ ਤੋਂ ਪਹਿਲਾਂ ਭਾਰਤ ਵਿੱਚ ਲਾੜੀ ਦੇ ਰੂਪ ਵਿੱਚ ਇੱਕ ਲੜਕੀ ਆਪਣੇ ਵਿਆਹ ਦੀਆਂ ਰਸਮਾਂ ਨੂੰ ਸ਼ਰਮ ਤੇ ਲਾਜ ਦੀ ਮੂਰਤੀ ਬਣੀ ਨਿਭਾਉਂਦੀ ਸੀ। ਇਸ ਸੰਦਰਭ ਵਿੱਚ ਵੀ ਹਾਲਾਤ ਬਦਲ ਗਏ ਹਨ। ਸਟੇਜ ਦੇ ਸਿੰਘਾਸਨੀ ਸੈੱਟ ’ਤੇ ਲਾੜੇ ਨਾਲ ਸਸ਼ੋਭਿਤ ਲਾੜੀ ਖ਼ੂਬ ਖੁੱਲ੍ਹ ਡੁੱਲ੍ਹ ਮਹਿਸੂਸਦੀ ਨਿਸੰਗ ਵਿਚਰਦੀ ਨਜ਼ਰ ਆਉਂਦੀ ਹੈ। ਵਿਆਹੁਲੀ ਜੋੜੀ ਆਪਣਾ ਪ੍ਰੀ ਵੈਡਿੰਗ ਸ਼ੂਟ ਮੈਰਿਜ ਪੈਲੇਸ/ਪੰਡਾਲ ਵਿੱਚ ਆਪਣੇ ਤੇ ਪਤੀ ਦੇ ਪੂਰੇ ਪਰਿਵਾਰ ਸਮੇਤ ਹਾਜ਼ਰ ਬਾਕੀ ਮਹਿਮਾਨਾਂ ਨਾਲ ਬੜੇ ਚਾਅ ਤੇ ਖੁਸ਼ੀ ਨਾਲ ਵੇਖਦੀ ਹੈ। ਧਾਰਮਿਕ ਪੱਖੋਂ ਵਿਆਹ ਨੂੰ ਪ੍ਰਵਾਨਗੀ ਮਿਲ ਜਾਣ ਉਪਰੰਤ ਨਵਦੰਪਤੀ ਵੀ ਖੁੱਲ੍ਹ ਕੇ ਨੱਚਦਾ ਹੈ। ਅਨੇਕ ਜੋੜੇ ਇਸ ਮੌਕੇ ਨੱਚਣ ਲਈ ਚੰਗੀ ਫੀਸ ਦੇ ਕੇ ਵਿਆਹ ਤੋਂ ਪਹਿਲਾਂ ਵਿਸ਼ੇਸ਼ ਤੌਰ ’ਤੇ ਸਿਖਲਾਈ ਲੈਂਦੇ ਹਨ।
ਲੜਕੀ-ਲੜਕੇ ਦੇ ਸੰਜੋਗ ਦਾ ਸਬੱਬ ਹੁਣ ਨਾਈ ਨਹੀਂ ਬਣਦਾ। ਵਿਗਿਆਪਨ/ਇਸ਼ਤਿਹਾਰਬਾਜ਼ੀ ਇਸ ਪੱਖੋਂ ਅਹਿਮ ਭੂਮਿਕਾ ਨਿਭਾ ਰਹੀ ਹੈ। ਨਾਈਆਂ ਕੋਲ ਰਿਸ਼ਤਾ ਤੈਅ ਕਰਨ ਦਾ ਹੱਕ ਹੋਣ ਸਮੇਂ ਲੜਕੇ-ਲੜਕੀ ਨੇ ਵਿਆਹ ਦੀਆਂ ਰਸਮਾਂ ਸੰਪੂਰਨ ਹੋਣ ਤਕ ਇੱਕ ਦੂਜੇ ਨੂੰ ਪਹਿਲਾਂ ਕਦੇ ਵੇਖਿਆ ਹੀ ਨਹੀਂ ਸੀ ਹੁੰਦਾ। ਉਦੋਂ ਗੀਤਾਂ ਰਾਹੀਂ ਵੀ ਅਕਸਰ ਇਹ ਪੁੱਛ ਲਿਆ ਜਾਂਦਾ ਸੀ ਕਿ ਵਿਚੋਲੇ ਦੀ ਭੂਮਿਕਾ ਕਿਸ ਨੇ ਨਿਭਾਈ ਹੈ। ਮਾਨਵੀ ਸਬੰਧਾਂ ਦੀ ਮਜ਼ਬੂਤੀ ਦੇ ਸਿਲਸਿਲੇ ਵਿੱਚ ਇਹ ਸ਼ੁਭ ਸ਼ਗਨ ਹੈ ਕਿ ਨੌਜਵਾਨ ਪੀੜ੍ਹੀ ਜਾਤ ਪਾਤ ਦੇ ਬੰਧਨਾਂ ਨੂੰ ਤੋੜਦੀ ਨਜ਼ਰ ਆ ਰਹੀ ਹੈ। ਇਸ ਪ੍ਰਚਲਨ ਦਾ ਅਸਰ ਮਾਪਿਆਂ ਵਿੱਚ ਵੀ ਵੇਖਣ ਨੂੰ ਮਿਲਣ ਲੱਗਾ ਹੈ। ਉਹ ਆਪਣੀ ਔਲਾਦ ਲਈ ਅਨੁਕੂਲ ਜੀਵਨਸਾਥੀ ਦੀ ਤਲਾਸ਼ ਵਾਸਤੇ ਜਾਤੀ ਬੰਧਨਾਂ ਵਿੱਚ ਢਿੱਲ ਲੈਣ ਲੱਗ ਪਏ ਹਨ।
ਇਸ ਆਲੇਖ ਦਾ ਮਕਸਦ ਤਾਂ ਏਨਾ ਹੀ ਹੈ ਕਿ ਮੰਡੀ ਨੇ ਵਿਆਹ ਦੀਆਂ ਬੇਲੋੜੀਆਂ ਰਸਮਾਂ ਘਟਾਉਣ ਦੀ ਥਾਂ ਇਨ੍ਹਾਂ ਵਿੱਚ ਵਾਧਾ ਹੀ ਕੀਤਾ ਹੈ ਜਿਸ ਕਰਕੇ ਬੇਲੋੋੜੇ ਖ਼ਰਚ ਕਾਰਨ ਬਹੁ-ਗਿਣਤੀ ਘਰਾਂ ਦੀ ਮਾਲੀ ਹਾਲਤ ਡਾਵਾਂਡੋਲ ਹੋ ਜਾਂਦੀ ਹੈ ਜੋ ਛੇਤੀ ਕੀਤੇ ਅਤੇ ਸੌਖਿਆਂ ਪਰਿਵਾਰ ਦੀ ਗੱਡੀ ਨੂੰ ਲੀਹ ’ਤੇ ਨਹੀਂ ਆਉਣ ਦਿੰਦੀ।

ਸੰਪਰਕ: 85678-86223


Comments Off on ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.