ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

‘ਵਿਸ਼ੇਸ਼’ ਲੋਕਾਂ ਦੀ ਸੰਭਾਲ਼ ਬਹੁਤ ਜ਼ਰੂਰੀ…

Posted On February - 19 - 2017

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

ਸਾਰੇ ਚਿੱਤਰ: ਸੰਦੀਪ ਜੋਸ਼ੀ

ਸਾਰੇ ਚਿੱਤਰ: ਸੰਦੀਪ ਜੋਸ਼ੀ

ਭਲਾ ਹੋਵੇ ਸਪੈਸ਼ਲ ਓਲਿੰਪਿਕਸ, ਭਾਰਤ ਦੀ ਚੰਡੀਗੜ੍ਹ ਇਕਾਈ ਦੀ ਮੁਖੀ ਸ੍ਰੀਮਤੀ ਨੀਲੂ ਸਰੀਨ ਦਾ ਜਿਨ੍ਹਾਂ ਸਦਕਾ ਮੈਨੂੰ ਪਿਛਲੇ ਸ਼ੁੱਕਰਵਾਰ ਇੱਕ ਦਿਲ-ਟੁੰਬਵਾਂ ਅਨੁਭਵ ਹੋਇਆ। ਉਨ੍ਹਾਂ ਨੇ ਮੈਨੂੰ ‘ਵਿਸ਼ੇਸ਼’ ਲੋੜਾਂ ਵਾਲੇ ਬੱਚਿਆਂ ਦੀ ਸਾਲਾਨਾ ਅਥਲੈਟਿਕ ਮੀਟ ਦਾ ਉਦਘਾਟਨ ਕਰਨ ਲਈ ਸੱਦਾ ਭੇਜ ਕੇ ਨਿਵਾਜਿਆ ਸੀ। ਉਹ ਸਾਲ 1993 ਤੋਂ ਹੀ ਅਜਿਹੇ ਬੱਚਿਆਂ ਦੇ ਉੱਤੇ ਆਪਣਾ ਸਮਾਂ, ਊਰਜਾ ਅਤੇ ਪਿਆਰ ਲੁਟਾਉਂਦੇ ਆ ਰਹੇ ਹਨ।
ਇਸ ਅਨੁਭਵ ਦੀ ਸਵੇਰ ਦਿਲ-ਸ਼ਿਕਨ ਵੀ ਸੀ ਅਤੇ ਦਿਲ ਨੂੰ ਮੋਹ ਲੈਣ ਵਾਲੀ ਵੀ। ਦਿਲ-ਸ਼ਿਕਨ ਇਹ ਸੋਚ ਕੇ ਕਿ ਕਿਵੇਂ ਕੁਦਰਤ ਉਨ੍ਹਾਂ ਬੱਚਿਆਂ ਤੇ ਜਿਸਮਾਨੀ ਅਤੇ ਮਾਨਸਿਕ ਤਸ਼ੱਦਦ ਢਾਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਦਿਲੋ ਜਾਨ ਨਾਲ ਮੁਹੱਬਤ ਕਰਦੇ ਹਾਂ। ਦਿਲ ਨੂੰ ਮੋਹ ਲੈਣ ਵਾਲੀ ਗੱਲ ਇਨ੍ਹਾਂ ਬੱਚਿਆਂ ਦੀ ਦੇਖ-ਭਾਲ਼ ਕਰਨ ਵਾਲਿਆਂ ਦੇ ਅੰਦਰ ਵਗ ਰਿਹਾ ਇਨਸਾਨੀਅਤ ਦੇ ਜਜ਼ਬੇ ਦਾ ਠਾਠਾਂ ਮਾਰਦਾ ਸਮੁੰਦਰ ਸੀ। ਕੁੱਝ ਮਾਪਿਆਂ ਨੂੰ ਮਿਲ ਕੇ ਮਨ ਨੂੰ ਬੜਾ ਦੁੱਖ ਪੁੱਜਾ। ਕਿਸੇ ਦਿੱਬ-ਅੰਗੇ ਬੱਚੇ ਦੇ ਮਾਂ ਬਾਪ ਦੇ ਦਰਦ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਬੱਚਿਆਂ ਨੂੰ ਜੋ ਆਮ ਵਰਗੀ ਜ਼ਿੰਦਗੀ ਗੁਜ਼ਾਰਨ ਤੋਂ ਬੇਜ਼ਾਰ ਹਨ, ਆਮ ਵਰਗੇ ਤਸੱਵਰ ਕਰਨ ਦੀ ਜ਼ਰੂਰਤ ਆਪਣੇ ਆਪ ਵਿੱਚ ਬੜਾ ਹੀ ਬੋਝਿਲ ਅਤੇ ਦੁਖਦਾਈ ਅਹਿਸਾਸ ਹੈ। ਹਰ ਰੋਜ਼ ਹੀ ਉਨ੍ਹਾਂ ਦੇ ਮਾਂ ਬਾਪ ਸਾਹਮਣੇ ਆਪਣੇ ਅੰਦਰਲੇ ਸਬਰ ਦੇ ਇਮਤਿਹਾਨ ’ਚੋਂ ਗੁਜ਼ਰ ਕੇ ਉਹਨਾਂ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆਉਣ ਦੀ ਚੁਣੌਤੀ ਦਰਪੇਸ਼ ਹੁੰਦੀ ਹੈ। ਇਨ੍ਹਾਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਉਨ੍ਹਾਂ ਨੂੰ ਰੋਜ਼ਾਨਾ ਹੀ ਦੁੱਖ ਦਰਦ ਅਤੇ ਘੋਰ ਨਿਰਾਸ਼ਾ ਦੀ ਘਾਟੀ ’ਚੋਂ ਗੁਜ਼ਰਨਾ ਪੈਂਦਾ ਹੈ।
ਸਪੈਸ਼ਲ ਓਲਿੰਪਿਕਸ ਵਰਗੇ ਸਿਵਲ ਸੁਸਾਇਟੀ ਦੇ ਉੱਦਮ ਅਤੇ ਨੀਲੂ ਸਰੀਨ ਵਰਗੇ ਕਾਰਜਕਰਤਾ ਇਸ ਦਰਦ ਨੂੰ ਵੰਡਾਉਣ ਵਿੱਚ ਆਪਣਾ ਬਣਦਾ ਸਰਦਾ ਹਿੱਸਾ ਪਾ ਰਹੇ ਹਨ। ਇਹੋ ਜਿਹੇ ਉੱਦਮਾਂ ਤੋਂ ਪੈਦਾ ਹੋਈ ਇਨਸਾਨੀ ਇਕਜੱੁਟਤਾ ਇਸ ਮਾਮਲੇ ਵਿੱਚ ਤਸੱਲੀ ਅਤੇ ਰਾਹਤ ਦਾ ਸਬੱਬ ਬਣਦੀ ਹੈ। ਕਿੱਤਾਵਰ ਸਹਾਇਤਾ ਮੁਹੱਈਆ ਕਰਾਉਣ ਲਈ ਸਪੈਸ਼ਲ ਸਕੂਲ ਵੀ ਹੋਂਦ ਵਿੱਚ ਹਨ ਅਤੇ ਇਹੋ ਜਿਹੇ ਅੱਠ ਸੰਸਥਾਨ ਪਿਛਲੇ ਸ਼ੁੱਕਰਵਾਰ ਵਾਲੀ ਅਥਲੈਟਿਕ ਮੀਟ ਨਾਲ ਜੁੜੇ ਹੋਏ ਸਨ। ਇਨ੍ਹਾਂ ਖੇਡਾਂ ਵਿੱਚ ਕੋਈ 400 ਮੁੰਡਿਆਂ ਅਤੇ ਕੁੜੀਆਂ ਨੇ ਭਾਗ ਲਿਆ। ਚੰਡੀਮੰਦਰ ਛਾਉਣੀ ਵਾਲਿਆਂ ਨੇ ਇਸ ਮੌਕੇ ਨੂੰ ਖ਼ੁਸ਼ਗਵਾਰ ਬਣਾਉਣ ਲਈ ਆਪਣਾ ਬੈਂਡ ਭੇਜ ਕੇ ਬਹੁਤ ਵਧੀਆ ਚਿੰਤਨਸ਼ੀਲਤਾ ਦਾ ਸਬੂਤ ਦਿੱਤਾ।
ਸ੍ਰੀਮਤੀ ਸਰੀਨ ਤੋਂ ਮੈਨੂੰ ਇਹ ਸਬਕ ਮਿਲਿਆ ਕਿ ਸਪੈਸ਼ਲ ਓਲਿੰਪਿਕਸ ਵਰਗੀਆਂ ਸਰਗਰਮੀਆਂ ਚਲਾਉਣਾ ਕਿੰਨਾ ਔਖਾ ਅਤੇ ਤਕਰੀਬਨ ਇਕੱਲਿਆਂ ਕੀਤੇ ਜਾਣ ਵਾਲਾ ਉੱਦਮ ਸੀ। ਕਾਬਲੇ ਤਾਰੀਫ਼ ਗੱਲ ਇਹ ਹੈ ਕਿ ਉਨ੍ਹਾਂ ਵਰਗੇ ਲੋਕ ਆਪਣੀ ਧੁਨ ਵਿੱਚ ਹਮੇਸ਼ਾ ਅਡੋਲ ਹੋ ਕੇ ਮਗਨ ਰਹਿੰਦੇ ਹਨ ਅਤੇ ਕਿਸੇ ਕਿਸਮ ਦੀਆਂ ਵੀ ਦੁਸ਼ਵਾਰੀਆਂ ਉਨ੍ਹਾਂ ਨੂੰ ਆਪਣੇ ਰਸਤੇ ਤੋਂ ਥਿੜਕਣ ਨਹੀਂ ਦਿੰਦੀਆਂ। ਮੈਂ ਸਮਝਦਾ ਹਾਂ ਕਿ ਇਨ੍ਹਾਂ ਦੀਆਂ ਕੋਸ਼ਿਸ਼ਾਂ ਨੂੂੰ ਤਸਲੀਮ ਅਤੇ ਸਲਾਮ ਕਰਨਾ ਬਣਦਾ ਹੈ। ਚੰਡੀਗੜ੍ਹ ਨੂੰ ਇਸ ਪੱਖੋਂ ਵੱਧ ਫਰਾਖ਼ਦਿਲੀ ਦਿਖਾਉਣੀ ਚਾਹੀਦੀ ਹੈ।

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ

ਕੁੱਝ ਮਹੀਨੇ ਪਹਿਲਾਂ ਲੁਧਿਆਣੇ ਦੇ ਸ਼੍ਰੀ. ਐੱਸ.ਕੇ. ਰਾਏ ਨੇ ਮੈਨੂੰ ਸੁਝਾਅ ਦਿੱਤਾ ਕਿ ਇਸ ਸਾਈਕਲ-ਨਗਰੀ ਦੇ ਹੀ ਇੱਕ ਹੋਰ ਸਾਥੀ ਸ਼ਹਿਰੀ ਯੂ.ਕੇ. ਸ਼ਾਰਦਾ ਲਈ ਥੋੜਾ ਵਕਤ ਕੱਢਿਆ ਜਾਵੇ। ਮੈਂ ਰਾਏ ਸਾਹਬ ਨੂੰ ਨਾਂਹ ਨਹੀਂ ਕਹਿ ਸਕਿਆ। ਪਰੰਤੂ ਹਫ਼ਤਿਆਂ ਬੱਧੀ ਸ਼ਾਰਦਾ ਸਾਹਿਬ ਲਈ ਚੰਡੀਗੜ੍ਹ ਆਉਣਾ ਸੰਭਵ ਨਾ ਹੋ ਸਕਿਆ। ਆਖ਼ਰ ਪਿਛਲੇ ਹਫ਼ਤੇ ਅਸੀਂ ਮਿਲ ਹੀ ਲਏ।
ਭਾਵੇਂ ਪਿਛਲੇ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਅਰਸੇ ਤੋਂ ਉਹ ‘‘ਦਿ ਇਗੈਲੀਟੇਰੀਅਨ ਫ਼ੋਰਟਨਾਈਟਲੀ’’ ਨਾਂ ਦਾ ਇੱਕ ਰਸਾਲਾ ਕੱਢ ਰਹੇ ਹਨ, ਪਰ ਸ੍ਰੀ ਸ਼ਾਰਦਾ ਆਪਣੇ ਆਪ ਨੂੰ ‘‘ਸਮਾਜਕ ਕੈਟਾਲਿਸਟ’’ ਦੱਸਦੇ ਹਨ। ‘‘ਦਿ ਇਗੈਲੀਟੇਰੀਅਨ’’ ਦਾ ਖ਼ਾਸਾ ਮਨੁੱਖੀ ਗ਼ੈਰਤ ‘‘ਅਤੇ ਲੋਕ-ਸ਼ਕਤੀ ਦੀ ਆਵਾਜ਼’’ ਵਾਲਾ ਹੈ। ਚਿਕਨੇ ਕਾਗ਼ਜ਼ ਨਾਲ ਤਿਆਰੀ-ਸ਼ੁਦਾ ਚਮਚਮਾਉਂਦੀਆਂ ਪ੍ਰਕਾਸ਼ਨਾਵਾਂ ਦੇ ਇਸ ਦੌਰ ਵਿੱਚ ਉਨ੍ਹਾਂ ਦਾ ਇਹ ਰਸਾਲਾ ਸਾਦਗੀ ਦਾ ਪ੍ਰਤੀਕ ਹੈ। ਪ੍ਰੋਡਕਸ਼ਨ ਦੀ ਲਿਸ਼ਕ-ਪੁਸ਼ਕ ਵਾਲੇ ਪਾਸੇ ਰਹਿ ਗਈ ਸਾਰੀ ਕਸਰ ਸੰਪਾਦਕ ਦਾ ਉਤਸ਼ਾਹ ਅਤੇ ਸਿਦਕਦਿਲੀ ਪੂਰੀ ਕਰ ਦਿੰਦੀ ਹੈ। ਸ਼ਾਰਦਾ ਜੀ ਦੇ ਇਸ ’ਕੱਲੇ’ਕਹਿਰੇ ਉੱਦਮ ਦਾ ਟੀਚਾ ਸਰਕਾਰੀ ਹੁਕਮਰਾਨਾਂ ਨੂੰ ਆਪਣੀ ਤਨਜ਼ੀਮੀ ਗ਼ਫ਼ਲਤ ਅਤੇ ਸੰਵੇਦਨਹੀਣਤਾ ’ਚੋਂ ਧੂਹ ਕੇ ਬਾਹਰ ਕੱਢਣਾ ਹੈ।
ਭਿਖਾਰੀਆਂ ਦੀ ਸਮੱਸਿਆ ਨੂੰ ਰੋਕਣ, ਗ਼ਰੀਬਾਂ ਲਈ ਸਿਹਤ ਸੰਭਾਲ, ਸਫ਼ਾਈ ਕਰਮਚਾਰੀਆਂ ਦੀ ਸਿਹਤ ਤੇ ਸੁਰੱਖਿਆ, ਘਰਾਂ ’ਚ ਕੰਮ ਕਰਨ ਵਾਲੀਆਂ ਔਰਤਾਂ ਲਈ ਵਧੀਆ ਕੰਮਕਾਜੀ ਹਾਲਤਾਂ ਅਤੇ ਪਾਣੀ ਦੀ ਸੰਭਾਲ ਵਰਗੇ ਮੁੱਦਿਆਂ ਨੂੰ ਉਭਾਰ ਕੇ ‘‘ਸਮਾਜਿਕ ਪਰਿਵਰਤਨਕਾਰ’’ ਵਾਲੀ ਭੂਮਿਕਾ ਨਿਭਾਉਣ ਉੱਤੇ ਸ੍ਰੀ ਸ਼ਾਰਦਾ ਫ਼ਖ਼ਰ ਮਹਿਸੂੁਸ ਕਰਦੇ ਹਨ। ਲੁਧਿਆਣਾ ਵਾਸੀਆਂ ਦੀ ਖ਼ੁਸ਼ਕਿਸਮਤੀ ਹੈ ਕਿ ਉਨ੍ਹਾਂ ਦੀ ਆਵਾਜ਼ ਬਣ ਕੇ ਕੋਈ ਤਾਂ ਨਿੱਤਰਿਆ ਹੈ। ਨਿਰਮਲ ਜ਼ਮੀਰ ਅਤੇ ਸਿਰੜੀ ਮਾਦੇ ਵਾਲਾ ਇਹ ਸ਼ਖ਼ਸ ਬੜੀ ਜੁੱਰਅਤ ਨਾਲ ਕਹਿੰਦਾ ਹੈ ਕਿ ‘ਸ੍ਵੈ-ਇੱਛਾ ਨਾਲ ਕੀਤੇ ਕੰਮ ਦੀ ਜਾਂ ਤਾਂ ਪੂਰੀ ਵਰਤੋਂ ਨਹੀਂ ਹੁੰਦੀ ਅਤੇ ਜਾਂ  ਫਿਰ ਗ਼ਲਤ ਵਰਤੋਂ ਹੁੰਦੀ ਹੈ।’ ਇਉਂ ਲੱਗਦਾ ਹੈ ਜਿਵੇਂ ਸ਼ਾਰਦਾ ਨਾਂ ਦਾ ਇਹ ਵਿਅਕਤੀ ਸਾਰੇ ਸਿਵਲ ਸਮਾਜ ਦਾ ਭਾਰ ਧਰਤੀ ਹੇਠਲੇ ਬਲ਼ਦ ਵਾਂਗ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਹੋਵੇ।
ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸ੍ਰੀ ਸ਼ਾਰਦਾ ਨੂੰ ਬਹੁਤੇ ਸਰਪ੍ਰਸਤ ਨਹੀਂ ਮਿਲੇ। ਆਮ ਸ਼ਹਿਰੀਆਂ ਲਈ ਆਵਾਜ਼ ਬਣਨ ਦਾ ਉਨ੍ਹਾਂ ਦਾ ਜਨੂੰਨ ਉਨ੍ਹਾਂ ਲਈ ਦੋਸਤ ਨਹੀਂ ਬਣਾਉਂਦਾ, ਦੋਖੀ ਹੀ ਖੜ੍ਹੇ ਕਰਦਾ ਹੈ। ਸਰਕਾਰ ਤੋਂ ਫੰਡ ਉਨ੍ਹਾਂ ਨੇ ਲੈਣੇ ਨਹੀਂ। ਪਰ ਮੈਨੂੰ ਯਕੀਨ ਹੈ ਕਿ ਭਾਰਤ ਹੁਣ ਬਦਲ ਰਿਹਾ ਹੈ। ਸੁਸ਼ਾਸਨ ਚਾਹੁਣ ਵਾਲੇ ਸ਼ਹਿਰੀ ਕਿਸੇ ਵੱਲੋਂ ਆਪਣੀ ਆਵਾਜ਼  ਉਠਾਏ ਜਾਣ ਦੀ ਅਹਿਮੀਅਤ ਸਮਝਣ ਲੱਗੇ ਹਨ। ਉਹ ਸ੍ਵੈ-ਮਾਣ ਅਤੇ ਜਬ੍ਹੇ ਨਾਲ ਰਹਿਣਾ ਚਾਹੁੰਦੇ ਹਨ। ਸ਼ਾਰਦਾ ਜੀ ਨੂੰ ਮੇਰਾ ਮਸ਼ਵਰਾ ਹੈ: ਲੱਗੇ ਰਹੋ ਆਪਣੀ ਧੁਨ ਵਿੱਚ ਮਸਤ। ਇਸ ਦਾ ਫਲ, ਮਾਨਤਾ ਅਤੇ ਸੰਤੁਸ਼ਟੀ ਆਪਣੇ ਆਪ ਪਿੱਛੇ ਪਿੱਛੇ ਆਉਣਗੇ।
19 feb 3ਕੀ ਮਾੜਾ ਸਿਆਸਤਦਾਨ ਕਿਸੇ ਨੌਕਰਸ਼ਾਹ ਦੀ ਸਰਗਰਮ ਗੰਢ-ਤੁੱਪ ਤੋਂ ਬਿਨਾਂ ਲੋਕਾਂ ਉੱਪਰ ਆਪਣੇ ਘਟੀਆਪੁਣੇ ਦਾ ਬੋਝ ਪਾ ਸਕਦਾ ਹੈ? ਜਾਂ ਕੀ ਕੋਈ ਕਾਬਲ ਆਈ.ਏ.ਐੱਸ. ਜਾਂ ਆਈ.ਪੀ.ਐੱਸ. ਅਫ਼ਸਰ, ਮੰਤਰੀ ਨੂੰ ਕਹਿ ਸਕਦਾ ਹੈ ਕਿ ਫ਼ਲਾਂ ਫ਼ਲਾਂ ਕਾਨੂੰਨੀ ਜਾਂ ਇਖ਼ਲਾਕੀ ਹੱਦਬੰਦੀ ਨਹੀਂ ਉਲੰਘਣੀ? ਅਜਿਹੇ ਹੀ ਪ੍ਰਸ਼ਨ ਸਾਡੇ ਦੇਸ਼ ਦੇ ਸਰਕਾਰੀ ਤੰਤਰ ਨੂੰ ਅੱਜ ਦਰਪੇਸ਼ ਹਨ।
ਹੋ ਸਕਦਾ ਹੈ ਇਨ੍ਹਾਂ ਦਾ ਕੋਈ ਜਵਾਬ ਸਾਨੂੰ 2012 ਵਿੱਚ ਫ਼ੌਤ ਹੋਏ ਆਬਿਦ ਹੁਸੈਨ ਦੇ ਬੇਦਾਗ਼ ਸਰਵਿਸ ਰਿਕਾਰਡ ਵਿੱਚੋਂ ਮਿਲ ਜਾਵੇ। ਪੁਰਕਸ਼ਿਸ਼ ਅਤੇ ਖੁੱਲ੍ਹੇ ਡੁੱਲ੍ਹੇ ਸੁਭਾਅ  ਵਾਲੇ ਅਫ਼ਸਰ ਆਬਿਦ ਹੁਸੈਨ ਆਪਣੇ ਆਖ਼ਰੀ ਸਾਹ ਤੱਕ ਲੋਕ-ਕਲਿਆਣ ਦੇ ਕੰਮਾਂ ਨਾਲ ਜੁੜੇ ਰਹੇ। ਇਹ ਉਹ ਸ਼ਖ਼ਸ ਸੀ ਜਿਸ ਨੇ ਆਪਣੀ ਸਦਾਕਤ, ਵਚਨਬੱਧਤਾ ਅਤੇ ਬੌਧਿਕਤਾ ਦੇ ਬਲਬੂਤੇ ਆਪਣੇ ਲਈ ਇੱਜ਼ਤ ਕਮਾਈ। ਇਹੋ ਕਾਰਨ ਹੈ ਕਿ ਹਾਲ ਹੀ ਵਿੱਚ ਛਪੀ ਕਿਤਾਬ ਸ਼ੇਪਿੰਗ ਇੰਡੀਆ’ਜ਼ ਫ਼ਿਊਚਰ ਵਿੱਚ ਕਿੰਨੇ ਹੀ ਮੋਹਤਬਰ ਤੇ ਸਤਿਕਾਰਤ ਬੁੱਧੀਜੀਵੀ ਉਨ੍ਹਾਂ ਦੇ ਸਨਮਾਨ ਵਿੱਚ ਇਕੱਠੇ ਹੋ ਗਏ।
ਇਸ ਕਿਤਾਬ ਦੇ ਲੇਖਕਾਂ ਜ਼ਰੀਏ ਸਿਆਸੀ ਆਗੂਆਂ ਅਤੇ ਸਿਵਲ ਅਧਿਕਾਰੀਆਂ ਦਗਮਿਆਨ ਬਦਲਦੇ ਰਿਸ਼ਤਿਆਂ ਦਾ ਝਲਕਾਰਾ ਮਿਲਦਾ ਹੈ। ਕੋਈ ਵੇਲ਼ਾ ਸੀ ਜਦੋਂ ਭਾਰਤੀ ਗਣਤੰਤਰ ਦੇ ਨਿਰਮਾਤਾ-ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਮੌਲਾਨਾ ਆਜ਼ਾਦ, ਅਫ਼ਸਰਸ਼ਾਹੀ ਦੇ ਪ੍ਰੇਰਨਾ ਸਰੋਤ ਹੋਇਆ ਕਰਦੇ ਸਨ। ਨਿਤਿਨ ਦੇਸਾਈ ਦੱਸਦਾ ਹੈ ਕਿ ਆਬਿਦ ਹੁਸੈਨ, ਲਵਰਾਜ ਕੁਮਾਰ, ਜਾਰਜ ਵਰਗੀਜ਼ ਵਰਗੇ ਅਫ਼ਸਰ,ਜਿਨ੍ਹਾਂ ਨੂੰ ਉਹ ‘‘ਮਿਡਨਾਈਟ’ਸ ਐਡਲਟਸ’’ (ਆਜ਼ਾਦੀ ਵਾਲੀ ਰਾਤ ਵੇਲੇ ਦੇ ਬਾਲਗ਼) ਦੱਸਦਾ ਹੈ, ਆਜ਼ਾਦੀ ਵੇਲ਼ੇ 20 ਕੁ ਸਾਲਾਂ ਦੀ ਉਮਰ ਦੇ ਗੱਭਰੂ ਸਨ ਜਿਹੜੇ ਨਹਿਰੂ ਦੇ ਧਰਮ-ਨਿਰਪੱਖ, ਤਰਕਸ਼ੀਲ ਅਤੇ ਜਮਹੂਰੀ ਭਾਰਰਤ ਦੇ ਸੁਪਨੇ ਤੋਂ ਕਾਇਲ ਹੋ ਕੇ ਸਰਕਾਰੀ ਸੇਵਾ ਵਿੱਚ ਆਏ ਸਨ।
ਅਫ਼ਸਰਸ਼ਾਹਾਂ ਦੀ ਉਸ ਪੀੜ੍ਹੀ ਨੂੰ ਉਸ ਮੌਕੇ ਦੇ ਕੱਦਾਵਰ ਸਿਆਸੀ ਨੇਤਾਵਾਂ ਨਾਲ ਮਿਲ ਕੇ ਭਾਰਤ ਦੇ ਭਵਿੱਖ ਨੂੰ ਸ਼ਕਲ ਦੇਣ ਦਾ ਫ਼ਖ਼ਰ ਹਾਸਲ ਸੀ। ਇਸ ਕਿਤਾਬ ਵਿੱਚ ਆਬਿਦ ਹੁਸੈਨ ਦੇ ਆਪਣੇ ਅਧਿਆਇ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਕੌਮੀ ਨਿਰਮਾਣ ਦੇ ਮੁੱਢਲੇ ਸਾਲਾਂ ਦੌਰਾਨ ਸਿਆਸੀ ਲੀਡਰਸ਼ਿਪ ਅਤੇ ਅਫ਼ਸਰਸ਼ਾਹੀ ਦਰਮਿਆਨ ਉੱਚ-ਪਾਏ ਦੇ ਸਬੰਧ ਸਨ। ਨਹਿਰੂ ਅਤੇ ਪਟੇਲ ਨੇ ਬਰਤਾਨਵੀ ਸਾਮਰਾਜ ਵਾਲ਼ਾ ਉਹੋ ਪ੍ਰਸ਼ਾਸਨਿਕ ਅਤੇ ਪੁਲੀਸ ਢਾਂਚਾ ਅਪਣਾ ਕੇ ‘ਅਮਲੀ ਸਿਆਣਪ’ ਦਾ ਸਬੂਤ ਦਿੱਤਾ ਜਿਹੜਾ ਪਹਿਲਾਂ ਆਜ਼ਾਦੀ ਲਹਿਰ ਨੂੰ ਕੁਚਲਣ ਲਈ ਵਰਤਿਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਵਾਲ਼ੀ ਹਿੰਸਾ ਦੇ ਤੂਫ਼ਾਨ ਨਾਲ ਸਾਰੀ ਸਿਆਣਪ ਅਤੇ ਆਦਰਸ਼ਵਾਦ ਧਰਿਆ ਧਰਾਇਆ ਰਹਿ ਗਿਆ ਸੀ। ਸਥਿਰਤਾ, ਹਾਲਾਤ ਉੱਤੇ ਕਾਬੂ ਪਾਉਣਾ ਅਤੇ ਦੇਸ਼ ਨੂੰ ਇੱਕਜੁਟ  ਰੱਖਣਾ ਵੇਲ਼ੇ ਦੀ ਲੋੜ ਸੀ। ਇਸ ਆਸ਼ੇ ਦੀ ਪੂਰਤੀ ਲਈ ਅਫ਼ਸਰਸ਼ਾਹੀ ਦਾ ਹੀ ਇੱਕੋ ਇੱਕ ਸਾਧਨ ਦਸਤਯਾਬ ਸੀ।
ਆਪਣੇ ਵੱਲੋਂ ਇਨ੍ਹਾਂ ਅਫ਼ਸਰਾਂ ਨੇ ਮੁੱਢਲੇ ਸਾਲਾਂ ਦੌਰਾਨ ਇੱਕ ਲੋਕ-ਕਲਿਆਣੀ ਕੌਮੀ ਸਫ਼ਰ ਦਾ ਸਬਕ ਸਿੱਖਿਆ। ਪੀ.ਐੱਨ. ਹਕਸਰ ਅਤੇ ਆਬਿਦ ਹੁਸੈਨ ਵਰਗੇ ਅਫ਼ਸਰ ਦੂਜਿਆਂ ਲਈ ਪ੍ਰੇਰਨਾ ਵੀ ਬਣੇ। ਲੋਕ ਸੇਵਾ ਲਈ ਵਿਜੈ ਕੇਲਕਰ, ਯੋਗਿੰਦਰ ਅਲਗ, ਨਿਤਿਨ ਦੇਸਾਈ ਅਤੇ ਮੌਨਟੇਕ ਸਿੰਘ ਆਹਲੂਵਾਲੀਆ ਵਰਗੇ ਵਧੀਆ ਅਫ਼ਸਰ ਉੱਚ ਸਰਕਾਰੀ ਸਫ਼ਾਂ ਵਿੱਚ ਲਿਆਂਦੇ ਗਏ। ਇਸ ਕਿਤਾਬ ’ਚੋਂ ਆਬਿਦ ਹੁਸੈਨ ਦੀ ਸਾਫ਼ ਸ਼ਫ਼ਾਫ਼ ਸੋਚ ਦਾ ਪਤਾ ਚੱਲਦਾ ਹੈ। ਉਹ ਪਹਿਲੇ ‘ਸੁਧਾਰਕਾਂ’ ਅਤੇ ਸਭ ਤੋਂ ਪਹਿਲਾਂ ਬੁੱਝ ਲੈਣ ਵਾਲਿ਼ਆਂ ਵਿੱਚ ਸ਼ਾਮਲ ਸਨ ਕਿ ਲਸੰਸੀ ਰਾਜ ਦੇ ਦਿਨ ਪੁੱਗ ਗਏ ਹਨ। ਆਬਿਦ ਹੁਸੈਨ ਉਨ੍ਹਾਂ ਕੁੱਝ ਕੁ ਬੰਦਿਆਂ ਵਿੱਚੋਂ ਸਨ ਜਿਹੜੇ ਸਨਅਤ, ਮੀਡੀਆ, ਬੁੱਧੀਜੀਵੀ ਤਬਕੇ ਅਤੇ ਸਮਾਜ ਵਿਚਲੇ ਬਿਹਤਰੀਨਾਂ ਨਾਲ ਤਾਣਾਪੇਟਾ ਉਸਾਰਨ ਦੇ ਸਮਰੱਥ ਹੁੰਦੇ ਹਨ। ਤੇ ਉਨ੍ਹਾਂ ਨੇ ਅਜਿਹਾ ਕੀਤਾ ਵੀ।
ਕੀ ਆਬਿਦ ਹੁਸੈਨ ਵਰਗੇ ਚੌਟਾਲਿਆਂ ਦੇ ਹਰਿਆਣੇ, ਬਾਦਲਾਂ ਦੇ ਪੰਜਾਬ ਜਾਂ ਜੈਲਲਿਤਾ ਦੇ ਤਾਮਿਲ ਨਾਡੂ ਦੇ ਮੁੱਖ ਸਕੱਤਰ ਵਜੋਂ ਕੱਟ ਜਾਂਦੇ? ਸ਼ਾਇਦ ਨਹੀਂ। ਕਿਉਂਕਿ ਆਬਿਦ ਸਾਹਿਬ ਇਸ ਗੱਲੋਂ ਬਿਲਕੁਲ ਸਾਫ਼ ਸਨ ਕਿ ਐਡਮ ਸਮਿੱਥ ਦੇ ਕਹਿਣ ਵਾਂਗੂੰ  ‘‘ਅਫ਼ਸਰਸ਼ਾਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਮੀਰ ਨੂੰ ਰਾਹ ਦੀ ਗੱਲ ਬੁਲੰਦ ਆਵਾਜ਼ ਵਿੱਚ ਕਹਿਣ ਦੇਣ। ਇਸ ਤੋਂ ਬਿਨਾ ਆਦਮੀ ਬਿਲਕੁਲ ਵਿਚਾਰਹੀਣ ਹੋ ਜਾਂਦਾ ਹੈ ਅਤੇ ਫਿਰ ਉਹ ਬੇਇਨਸਾਫ਼ੀ ਕਰਨ ਲੱਗਿਆਂ ਭੋਰਾ ਵੀ ਭੈਅ ਨਹੀਂ ਖਾਂਦਾ।’’
ਜਦੋਂ ਵੀ.ਪੀ. ਸਿੰਘ ਨੇ ਆਬਿਦ ਸਾਹਿਬ ਨੂੰ ਵਾਸ਼ਿੰਗਟਨ ਵਿੱਚ ਭਾਰਤੀ ਰਾਜਦੂਤ ਬਣਾਉਣ ਦੀ ਪੇਸ਼ਕਸ਼ ਕੀਤੀ ਤਾਂ ਉਨ੍ਹਾਂ ਨੇ ਨਵੇਂ ਪ੍ਰਧਾਨ ਮੰਤਰੀ ਨੂੰ ਸਾਫ਼ਗੋਈ ਨਾਲ ਦੱਸ ਦਿੱਤਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪ੍ਰਸ਼ੰਸਕ ਹਨ ਅਤੇ ਇਸ ਲਈ ਉਨ੍ਹਾਂ ਦੇ ਸੰਪਰਕ ਵਿੱਚ ਰਹਿਣਾ ਚਾਹੁਣਗੇ। ਵੀ.ਪੀ. ਸਿੰਘ ਵੱਡੇ ਦਿਲ ਗੁਰਦੇ ਵਾਲੇ ਨੇਤਾ ਸਨ ਜਿਸ ਕਰ ਕੇ ਕੋਈ ਗਿਲਾ ਸ਼ਿਕਵਾ ਨਹੀਂ ਦਿਖਾਇਆ। ਅੱਜ ਅਸੀਂ ਪੂਰੀ ਤਰ੍ਹਾਂ ਧੜੇਬੰਦੀ ਵਾਲੇ ਦੌਰ ਵਿੱਚ ਰਹਿ ਰਹੇ ਹਾਂ। ਨਾ ਤਾਂ ਹੁਣ ਪਹਿਲਾਂ ਵਾਲ਼ੇ ਵੀ.ਪੀ. ਸਿੰਘ ਲੱਭਣ ਅਤੇ ਨਾ ਹੀ ਆਬਿਦ ਹੁਸੈਨ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫ਼ੈੱਸਰ ਚਮਨ ਲਾਲ ਨੇ ਕੁੱਝ ਸਿਰਫਿਰੇ ਸੰਘੀਆਂ ਦੀ ਅਹਿਮਕਾਈ ਵੱਲ ਤਵੱਜੋ ਦਿਵਾਈ ਹੈ ਜਿਹੜੇ 14 ਫ਼ਰਵਰੀ ਨੂੰ ਸ਼ਹੀਦ ਭਗਤ ਸਿੰਘ ਦੀ ਫਾਂਸੀ ਦਾ ਦਿਨ ਸਿੱਧ ਕਰਨ ਤੇ ਆਮਾਦਾ ਸਨ। ਲੱਗਦਾ ਹੈ ਕੁੱਝ ਜਥੇਬੰਦੀਆਂ ਨੇ ਤਹੱਈਆ ਹੀ ਕਰ ਰੱਖਿਆ ਹੈ ਕਿ ਅਸੀਂ ਵੈਲੇਨਟਾਈਨ ਦਿਹਾੜਾ ਨਾ ਮਨਾ ਸਕੀਏ ਜਿਸ ਲਈ ਉਹ ਇਸ ਪ੍ਰੇਮ-ਦਿਹਾੜੇ ਨੂੰ ਭਗਤ ਸਿੰਘ ਦੀ ਸ਼ਹਾਦਤ ਦਾ ਦਿਨ ਬਣਾਉਣ ’ਤੇ ਤੁਲੇ ਹੋਏ ਹਨ।
11107CD _11 JULY  Fਪ੍ਰੋਫ਼ੈੱਸਰ ਚਮਨ ਲਾਲ, ਜਿਨ੍ਹਾਂ ਨੇ ਭਗਤ ਸਿੰਘ ਬਾਰੇ ਬਹੁਤ ਖੋਜ ਕਰਨ ਉਪਰੰਤ ਕਾਫ਼ੀ ਕੁੱਝ ਲਿਖਿਆ ਹੈ, ਸਭ ਨੂੰ ਚੇਤੇ ਕਰਾਉਣਾ ਚਾਹੁੰਦੇ ਹਨ ਕਿ 23 ਮਾਰਚ 1931 ਨੂੰ ਭਗਤ ਸਿੰਘ ਦੀ ਪਟੀਸ਼ਨ ਪੰਜਾਬ ਹਾਈ ਕੋਰਟ, ਲਾਹੌਰ ਵੱਲੋਂ ਖਾਰਜ ਕਰ ਦਿੱਤੀ ਗਈ ਸੀ। ਲਿਹਾਜ਼ਾ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ 24 ਮਾਰਚ 1931 ਨੂੰ ਤੈਅ ਹੋ ਗਈ ਸੀ।
ਮੰਨਿਆ ਅਸੀਂ ਉੱਤਰ-ਹਕੀਕੀ ਦੌਰ ਵਿੱਚ ਰਹਿ ਰਹੇ ਹਾਂ ਪਰ ਇਤਿਹਾਸ ਨੂੰ ਪੂਰੀ ਤਰ੍ਹਾਂ ਤਾਂ ਝੁਠਲਾਇਆ ਨਹੀਂ ਜਾ ਸਕਦਾ। ਇਸ ਲਈ ਸੱਜੇ-ਪੱਖੀ ਕੱਟੜਪੰਥੀਆਂ ਨੂੰ ਵੈਲੇਨਟਾਈਨ ਦਿਹਾੜੇ ਨੂੰ ਮਨਾਉਣ ਤੋਂ ਰੋਕਣ ਵਾਸਤੇ ਕੋਈ ਹੋਰ ਬਹਾਨਾ ਤਲਾਸ਼ ਕਰਨਾ ਪਵੇਗਾ।
ਚਲੋ, ਬਥੇਰੀਆਂ ਹੋ ਗਈਆਂ ਬੇਜ਼ਾਰੀ ਵਾਲੀਆਂ ਗੱਲਾਂ। ਹੁਣ ਤਾਂ ਕੌਫ਼ੀ ਦੇ ਪਿਆਲੇ ਨਾਲ ਤਰੋ ਤਾਜ਼ਾ ਹੋਣ ਦੀ ਜ਼ਰੂਰਤ ਹੈ।

ਈਮੇਲ: kaffeeklatsch@tribuneindia.com


Comments Off on ‘ਵਿਸ਼ੇਸ਼’ ਲੋਕਾਂ ਦੀ ਸੰਭਾਲ਼ ਬਹੁਤ ਜ਼ਰੂਰੀ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.