ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ

Posted On February - 18 - 2017

11102CD _BHAGAT SINGH NEW(ਪਿਛਲੇ ਐਤਵਾਰੀ ਅੰਕ ਤੋਂ)
ਭਗਤ ਸਿੰਘ ਵੱਲੋਂ ਆਪਣੀ ਜੇਲ੍ਹ ਡਾਇਰੀ ਵਿਚ ਨੋਟ ਵਾਲਟ ਵਿਟਮੈਨ ਦੀ ਇਕ ਛੋਟੀ ਕਵਿਤਾ ਦਾ ਅਨੁਵਾਦ-ਪੇਸ਼ ਕਰ ਰਿਹਾ ਹਾਂ। ਆਪ ਸਭ ਨੂੰ ਇਸ ਕਵਿਤਾ ਦੀ ਚੋਣ ਕਰਨ ਅਤੇ ਪਸੰਦ ਕਰਨ ਪਿੱਛੇ ਭਗਤ ਸਿੰਘ ਦੀ ਸੋਚ ਦਾ ਸਹਿਜੇ ਹੀ ਪਤਾ ਲੱਗ ਜਾਵੇਗਾ।
ਦਫ਼ਨ ਨਹੀਂ ਹੁੰਦੇ,
ਆਜ਼ਾਦੀ ਲਈ ਮਰਨ ਵਾਲੇ!
ਪੈਦਾ ਕਰਦੇ,
ਮੁਕਤੀ ਬੀਜ ’ਤੇ ਹੋਰ ਬੀਜ ਪੈਦਾ ਕਰਨ ਲਈ
ਲੈ ਜਾਂਦੀ ਦੂਰ ਹਵਾ, ਦੇਂਦੀ ਬੀਜ, ਧਰਤੀ ’ਚ
ਪਾਲਦੇ ਬੱਦਲ ਇਨ੍ਹਾਂ ਬੀਜਾਂ ਨੂੰ,
ਦਿੰਦੇ ਪਾਣੀ, ਨਰਮੀ ਗਰਮੀ
ਦੇਹ ਮੁਕਤ ਹੋਈ ਆਤਮਾ ਨੂੰ,
ਕਰ ਨਾ ਸਕਦੇ ਛਿੰਨ-ਭਿੰਨ
ਹਥਿਆਰ ਅੱਤਿਆਚਾਰ ਦੇ,
ਬਲਕਿ ਕਰਦੀ ਬੁਲੰਦ
ਅਪਣਾ ਝੰਡਾ, ਘੁੰਮਦੀ ਧਰਤੀ ’ਤੇ
ਕਰਦੀ ਗੱਲਾਂ ਕਰਦੀ ਚੌਕਸ ਆਤਮਾ!
(ਵਾਲਟ ਵਿਟਮੈਨ ਪੰਨਾ 268)

ਡਾ.  ਸੁਦਰਸ਼ਨ ਗਾਸੋ

ਡਾ. ਸੁਦਰਸ਼ਨ ਗਾਸੋ

ਇਸ ਕਵਿਤਾ ਵਿੱਚ ਕਵੀ ਵਾਲਟ ਵਿਟਮੈਨ ਨੇ ਇਹ ਧਾਰਨਾ ਸਥਾਪਤ ਕੀਤੀ ਹੈ ਕਿ ਮਨੁੱਖਤਾ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਹਮੇਸ਼ਾ ਜਿੰਦਾ ਰਹਿੰਦੇ ਹਨ। ਦੁਨੀਆਂ ਉਨ੍ਹਾਂ ਦੇ ਨਾਂਵਾਂ ਨੂੰ ਕਦੇ ਵੀ ਭੁਲਾਉਂਦੀ ਨਹੀਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਹੋਰ ਯੋਧੇ ਪੈਦਾ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਇਹ ਕਵਿਤਾ ਦੇਸ਼ ਭਗਤਾਂ ਦੇ ਮਨ ਵਿੱਚ ਦੇਸ਼ ਉਤੋਂ ਕੁਰਬਾਨ ਹੋਣ ਦੇ ਜ਼ਜਬੇ ਨੂੰ ਬਲ ਬਖਸ਼ਦੀ ਹੈ ਤੇ ਦੇਸ਼ ਭਗਤੀ ਲਈ ਜ਼ਜਬੇ ਨੂੰ ਹਮੇਸ਼ਾ ਵਾਸਤੇ ਉਤਸ਼ਾਹਿਤ ਕਰਦੀ ਰਹਿਣ ਵਾਲੀ ਕਵਿਤਾ ਹੈ।
ਭਗਤ ਸਿੰਘ ਦੇ ਪੁਸਤਕ ਪ੍ਰੇਮ ਦੀ ਜਦੋਂ ਅਸੀਂ ਚਰਚਾ ਕਰਦੇ ਹਾਂ ਸਾਡੇ ਸਾਹਮਣੇ ਉਸਦੇ ਸਨੇਹੀ ਦਵਾਰਕਾ ਦਾਸ ਲਾਇਬਰੇਰੀ ਦੇ ਲਾਇਬਰੇਰੀਅਨ ਰਾਜਾ ਰਾਮ ਦਾ ਨਾਂ ਪ੍ਰਮੁੱਖ ਰੂਪ ਵਿੱਚ ਸਾਹਮਣੇ ਆਉਂਦਾ ਹੈ। ਇਹ ਲਾਇਬਰੇਰੀ ਪ੍ਰਸਿੱਧ ਦੇਸ਼ ਭਗਤ ਲਾਲਾ ਲਾਜਪਤ ਰਾਏ ਵਲੋਂ ਨੌਜਵਾਨ ਦੇਸ਼ ਭਗਤ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਗਿਆਨ ਦੀ ਸਾਣ ਉਤੇ ਚਾੜ੍ਹਦੇ ਲਿਸ਼ਕਾਉਣ ਦੇ ਉਦੇਸ਼ ਨੂੰ ਸਾਹਮਣੇ ਰੱਖ ਕੇ ਸਥਾਪਤ ਕੀਤੀ ਗਈ ਸੀ; ਆਪਣੇ ਲਾਹੌਰ ਮੁਕਾਮ ਦੌਰਾਨ ਭਗਤ ਸਿੰਘ ਨੇ ਤਿੰਨ-ਚਾਰ ਸਾਲਾਂ ਵਿੱਚ ਹੀ ਅਣਗਿਣਤ ਪੁਸਤਕਾਂ ਪੜ੍ਹ ਲਈਆਂ। ਰਾਜਾ ਰਾਮ ਵੀ ਭਗਤ ਸਿੰਘ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਦੀ ਸਲਾਹ ਦਿੰਦਾ ਤੇ ਉਨ੍ਹਾਂ ਪੁਸਤਕਾਂ ਨੂੰ ਲੱਭ-ਲੱਭ ਕੇ ਲਿਆਉਂਦਾ ਜਿਹੜੀਆਂ ਪੁਸਤਕਾਂ ਲਾਇਬਰੇਰੀ ਵਿੱਚ ਨਹੀਂ ਸਨ ਹੁੰਦੀਆਂ। ਉਨ੍ਹਾਂ ਪੁਸਤਕਾਂ ਨੂੰ ‘ਲੋਕ ਸੇਵਕ ਮੰਡਲ’ ਦੇ ਮੈਂਬਰਾਂ ਨਾਲ ਜਗਨ ਨਾਥ ਸ਼ੁਕਲਾ ਅਤੇ ਲਾਲਾ ਫ਼ਿਰੋਜ਼ ਚੰਦ ਦੇ ਸਹਿਯੋਗ ਨਾਲ, ਰਾਜਾ ਰਾਮ ਤੁਰੰਤ ਖਰੀਦ ਲੈਂਦਾ ਸੀ। ਇਸ ਸਮੇਂ ਦੌਰਾਨ ਭਗਤ ਸਿੰਘ ਨੇ ਦੋ ਤਰ੍ਹਾਂ ਦੀਆਂ ਪੁਸਤਕਾਂ ਵੱਡੀ ਗਿਣਤੀ ਵਿੱਚ ਪੜ੍ਹੀਆਂ। ਪਹਿਲੀ ਕਿਸਮ ਦੀਆਂ ਪੁਸਤਕਾਂ ਵਿੱਚ ਉਹ ਪੁਸਤਕਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਇਨਕਲਾਬੀਆਂ ਦੇ ਕੰਮਾਂ ਦਾ ਵਰਨਣ ਹੁੰਦਾ ਸੀ। ਦੂਸਰੀ ਕਿਸਮ ਦੀਆਂ ਪੁਸਤਕਾਂ ਵਿੱਚ ਉਹ ਹੁੰਦੀਆਂ ਸਨ, ਜਿਨ੍ਹਾਂ ਵਿੱਚ ਸਿਧਾਂਤਕ ਅਤੇ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਹੁੰਦੀਆਂ ਸਨ। ਪਹਿਲੀ ਕਿਸਮ ਦੀਆਂ ਪੁਸਤਕਾਂ ਜਿਹੜੀਆਂ ਭਗਤ ਸਿੰਘ ਨੇ ਮਨ ਲਾ ਕੇ ਪੜ੍ਹੀਆਂ ਉਨ੍ਹਾਂ ਵਿੱਚ ਸਤਿੰਦਰ ਨਾਥ ਸਨਿਆਲ ਲਿਖਤ ਪੁਸਤਕ ‘ਬੰਦੀ ਜੀਵਨ’, ਹਿਸਟਰੀ ਆਫ ਫ਼੍ਰੈਂਚ ਰੈਵੋਲਿਊਸ਼ਨ (ਫਰਾਂਸ ਦੇ ਇਨਕਲਾਬ ਦਾ ਇਤਿਹਾਸ) ਡੇਨ ਓ ਬ੍ਰੇਨ ਦੁਆਰਾ ਰਚਿਤ ‘ਮਾਈ ਸਟ੍ਰਗਲ  ਫਾਰ ਆਇਰਿਸ਼ ਫਰੀਡਮ (ਆਇਰਲੈਂਡ ਦੀ ਆਜ਼ਾਦੀ ਲਈ ਮੇਰਾ ਸੰਘਰਸ਼) ਮੈਜ਼ਿਕੀ ਅਤੇ ਗ੍ਰੇਬਾਲਡੀ ਦੀਆਂ ਜੀਵਨੀਆਂ ‘ਹੀਰੋਜ਼ ਐੱਡ ਹੀਰੋ ਇਨਜ਼ ਆਫ ਰਸ਼ੀਆ’ (ਰੂਸ ਦੇ ਨਾਇਕ ਅਤੇ ਨਾਇਕਾਵਾਂ)। ਇਸੇ ਤਰ੍ਹਾਂ ਉਹ ਸਮਾਜਵਾਦ ਬਾਰੇ ਜਾਣਕਾਰੀ ਨਾਲ ਭਰਪੂਰ ਪੁਸਤਕਾਂ ਨੂੰ ਵੀ ਮਨ ਨਾਲ ਪੜ੍ਹਦਾ ਸੀ। ‘ਰੈਵੋਲਿਊਸ਼ਨਰੀ ਆਈਡੀਆਜ ਆਫ ਵਾਲਟੇਅਰ’ (ਵਾਲਟੇਅਰ ਦੇ ਇਨਕਲਾਬੀ ਵਿਚਾਰ), ‘‘ਇੰਪੀਰੀਅਲਿਜ਼ਮ’’ (ਸਾਮਰਾਜਵਾਦ), ਦ ਕਮਿੰਗ ਆਫ ਸੋਸ਼ਲਿਜ਼ਮ – (ਸਮਾਜਵਾਦ ਦੀ ਆਮਦ), ‘ਲੈਨਿਨਵਾਦ ਦਾ ਸਿਧਾਂਤ ਅਤੇ ਅਮਲ’, ‘ਕਰਾਈ ਫਾਰ ਜਸਟਿਸ’ (ਨਿਆਂ ਲਈ ਪੁਕਾਰ) ਆਦਿ ਪੁਸਤਕਾਂ ਦਾ ਜ਼ਿਕਰ ਉਸ ਦੀਆਂ ਮਨਪਸੰਦ ਪੁਸਤਕਾਂ ਵਜੋਂ ਕੀਤਾ ਜਾ ਸਕਦਾ ਹੈ।
ਭਗਤ ਸਿੰਘ ਇਨ੍ਹਾਂ ਪੁਸਤਕਾਂ ਵਿੱਚ ਦਰਜ ਦੇਸ਼ ਭਗਤਾਂ ਦੇ ਸਿਧਾਂਤਾਂ ਅਤੇ ਅਮਲਾਂ ਤੋਂ ਸਿੱਖਿਆ ਤੇ ਸੇਧ ਪ੍ਰਾਪਤ ਕਰਦਾ ਸੀ ਅਤੇ ਆਪਣੇ ਸੰਘਰਸ਼ ਵਿੱਚ ਤੇਜ਼ੀ ਤੇ ਤਿੱਖਾਪਣ ਲਿਆਉਂਦਾ ਸੀ। ਉਸ ਦਾ ਵਿਸ਼ਵਾਸ ਸੀ ਕਿ ਕੋਈ ਅਜਿਹਾ ਐਕਸ਼ਨ ਕੀਤਾ ਜਾਵੇ, ਜਿਸ ਨਾਲ ਜਨਤਾ ਉਸੇ ਸਮੇਂ ਉਨ੍ਹਾਂ ਦੀ ਹਮਦਰਦ ਬਣ ਕੇ ਉਨ੍ਹਾਂ ਦੇ ਨਾਲ ਜੁੜ ਜਾਵੇ। ਇਸ ਸੰਦਰਭ ਵਿੱਚ ਉਸ ਦੇ ਦੁਆਰਾ ‘ਕਿਰਤੀ’ ਅਖਬਾਰ ਦੇ ਜੁਲਾਈ 1928 ਅੰਕ ਵਿੱਚ ਛਪੇ ਲੇਖ ‘ਅਨਾਰਕਿਜ਼ਮ ਦਾ ਇਤਿਹਾਸ’ ਵਿੱਚ ਕਾਰਪਾਟਕਿਨ ਦੇ ਹਵਾਲੇ ਨਾਲ ਲਿਖੀ ਗਈ ਉਕਤੀ ਉਸ ਦੀ ਸੋਚ ਨੂੰ ਦਰਸਾਉਂਦੀ ਹੈ। ਇਹ ਉਕਤੀ ਸੀ- ‘‘ਇਕ ਹੀ ਅਮਲੀ ਕੰਮ ਹਜ਼ਾਰਾਂ ਕਿਤਾਬਾਂ ਅਤੇ ਪਰਚਿਆਂ ਨਾਲੋਂ ਵਧੀਕ ਪ੍ਰਚਾਰ ਕਰ ਦਿੰਦਾ ਹੈ।’’ ਇਸ ਉਕਤੀ ਤੋਂ ਉਸ ਦੇ ਸੰਘਰਸ਼ ਕਰਨ ਦਾ ਅਤੇ ਜੀਵਨ-ਦ੍ਰਿਸ਼ਟੀਕੋਣ ਦਾ ਪਤਾ ਲਗਦਾ ਹੈ। ਭਗਤ ਸਿੰਘ ਆਪਣੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਹਮੇਸ਼ਾ ਅਸਲੀ ਜਾਮਾ ਪਹਿਨਾਉਣ ਦੀ ਫ਼ਿਰਾਕ ਵਿੱਚ ਰਹਿੰਦਾ ਸੀ। ਅਜਿਹੇ ਕੰਮਾਂ ਲਈ ਉਸ ਦੀ ਤਤਪਰਤਾ ਵੀ ਸਾਡਾ ਸਭ ਦਾ ਧਿਆਨ ਖਿੱਚਦੀ ਹੈ।
ਅਜੋਕੇ ਸਮੇਂ ਵਿੱਚ ਜਦੋਂ ਮੰਡੀਕਰਨ ਅਤੇ ਵਿਸ਼ਵੀਕਰਨ ਦੀ ਹਨ੍ਹੇਰੀ ਸਾਡੀਆਂ ਰੁਚੀਆਂ ਉਤੇ ਮਾੜਾ ਪ੍ਰਭਾਵ ਪਾ ਰਹੀ ਹੈ। ਜਦੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਪੱਛਮੀ ਸਭਿਅਤਾ ਦੇ ਅਸਰ ਹੇਠ ਲਿਆਂਦਾ ਜਾ ਰਿਹਾ ਹੈ। ਮਨੁੱਖ ਨੂੰ ਸ਼ਬਦ ਸਭਿਆਚਾਰ ਨਾਲੋਂ ਨਿਖੇੜਿਆ ਜਾ ਰਿਹਾ ਹੈ ਤਾਂ ਉਸ ਸਮੇਂ ਸਾਨੂੰ ਭਗਤ ਸਿੰਘ ਦੇ ਪੁਸਤਕ ਪ੍ਰੇਮ ਤੋਂ ਵਿਸ਼ੇਸ਼ ਰੂਪ ਵਿੱਚ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਇਸ ਦੇ ਨਾਲ ਅੱਜ ਦੇ ਖਪਤਕਾਰੀ ਦੌਰ ਵਿੱਚ ਇਹ ਵੇਖਣ ਦੀ ਵੀ ਜ਼ਰੂਰਤ ਹੈ ਕਿ ਸਾਨੂੰ ਪੜ੍ਹਨ ਅਤੇ ਦੇਖਣ ਲਈ ਕੀ ਪਰੋਸਿਆ ਜਾ ਰਿਹਾ ਹੈ? ਅਜਿਹੇ ਗਿਆਨ ਦੀ ਸਾਡੇ ਜੀਵਨ ਵਿੱਚ ਸਾਰਥਕਤਾ ਕੀ ਹੈ? ਕੀ ਸਾਨੂੰ ਫੋਕਾ ਤੇ ਸੇਧਹੀਨ ਸਾਹਿਤ ਤਾਂ ਪੜ੍ਹਨ ਲਈ ਨਹੀਂ ਪਰੋਸਿਆ ਜਾ ਰਿਹਾ। ਭਗਤ ਸਿੰਘ ਸਾਨੂੰ ਜੀਵਨ ਉਪਯੋਗੀ ਸਾਹਿਤ ਪੜ੍ਹਨ ਦੀ ਵੀ ਸਿੱਖਿਆ ਦੇ ਗਿਆ ਹੈ ਜੋ ਕਿ ਅਜੋਕੇ ਦੌਰ ਵਿੱਚ ਬਹੁਤ ਹੀ ਮੁੱਲਵਾਨ ਕਿਹਾ ਜਾ ਸਕਦਾ ਹੈ। ਪ੍ਰਸਿੱਧ ਇਤਿਹਾਸਕਾਰ ਬਿਪਿਨ ਚੰਦਰ ਤਾਂ ਭਗਤ ਸਿੰਘ ਬਾਰੇ ਇਹ ਵੀ ਲਿਖਦਾ ਹੈ ਕਿ ਉਸ ਨੂੰ ਪੁਸਤਕਾਂ ਨਾਲ ਏਨਾ ਪਿਆਰ ਸੀ ਕਿ ਉਸ ਨੇ ਜੇਲ੍ਹ ਨੂੰ ਵੀ ਇਕ ਵੱਡੀ ਲਾਇਬਰੇਰੀ ਵਿਚ ਤਬਦੀਲ ਕਰ ਲਿਆ ਸੀ। ਉਸ ਦੀਆਂ ਜੇਬਾਂ ਹਮੇਸ਼ਾ ਪੁਸਤਕਾਂ ਨਾਲ ਭਰੀਆਂ ਰਹਿੰਦੀਆਂ ਸਨ।   (ਸਮਾਪਤ)
ਸੰਪਰਕ: 098962-01036


Comments Off on ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.