ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸ਼ਹੀਦ ਭਾਈ ਦਲੀਪ ਸਿੰਘ ਸਾਹੋਵਾਲ

Posted On February - 21 - 2017

12102CD _BHAI DALEEP SINGH JIਗੁਰਨਾਮ ਸਿੰਘ ਚੀਮਾ

ਸਾਕਾ ਨਨਕਾਣਾ ਸਾਹਿਬ ਦੀਆਂ ਯਾਦਾਂ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਵੇਲੇ 20 ਫਰਵਰੀ 1921 ਨੂੰ ਵਾਪਰੇ ਸਾਕੇ ਵਿੱਚ ਸ਼ਹੀਦ ਹੋਏ ਸਿੱਖਾਂ ਵਿੱਚ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲੇ ਭਾਈ ਦਲੀਪ ਸਿੰਘ ਦਾ ਜਨਮ ਭਾਈ ਕਰਮ ਸਿੰਘ ਤੇ ਬੀਬੀ ਹਰ ਕੌਰ ਦੀ ਕੁੱਖੋਂ ਪਿੰਡ ਸਾਹੋਵਾਲ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ। ਉਨ੍ਹਾਂ ਦੇ ਦਾਦਾ ਅਜੀਤ ਸਿੰਘ ਵਿੱਚ ਸਿੱਖੀ ਸਿਦਕ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਭਾਈ ਦਲੀਪ ਸਿੰਘ ਨੇ ਡਸਕੇ ਦੇ ਅੰਗਰੇਜ਼ੀ ਮਿਡਲ ਸਕੂਲ ਤੋਂ ਮਿਡਲ ਦੀ ਪੜ੍ਹਾਈ ਤੇ ਬਾਕੀ ਦੀ ਪੜ੍ਹਾਈ ਖ਼ਾਲਸਾ ਹਾਈ ਸਕੂਲ ਗੁਜਰਾਂਵਾਲਾ ਵਿੱਚ ਕੀਤੀ। ਇਸੇ ਸਕੂਲ ਵਿੱਚ ਉਨ੍ਹਾਂ ਨੂੰ ਸਿੱਖੀ ਦੀ ਐਸੀ ਰੰਗਤ ਚੜ੍ਹੀ ਕਿ ਉਹ ਸਿੰਘ ਸਜ ਗਏ। ਉਨ੍ਹਾਂ ਦਾ ਵਿਆਹ ਰਛਪਾਲ ਕੌਰ ਪੁੱਤਰੀ ਭਾਈ ਗੰਡਾ ਸਿੰਘ ਚੱਕ ਨੰਬਰ 137 ਜ਼ਿਲ੍ਹਾ ਸ਼ੇਖੂਪੁਰ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਇੱਕ ਬੇਟਾ ਤੇ ਬੇਟੀ ਸਨ। 18 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਬੇਟੇ ਦਾ ਦੇਹਾਂਤ ਹੋ ਗਿਆ ਤੇ ਉਨ੍ਹਾਂ ਦੀ ਬੇਟੀ ਹੀ ਪਰਿਵਾਰ ਦੀ ਵਾਰਿਸ ਬਣੀ।
1890 ਵਿੱਚ ਸਾਂਦਲ ਬਾਰ ਵਿੱਚ ਜ਼ਮੀਨਾਂ ਅਬਾਦ ਕਰਨ ਦਾ ਕੰਮ ਸ਼ੁਰੂ ਹੋਇਆ। ਭਾਈ ਕਰਮ ਸਿੰਘ ਨੇ ਢਾਈ ਮੁਰੱਬੇ ਜ਼ਮੀਨ ਚੱਕ ਨੰਬਰ 132 ਰੱਖ ਬ੍ਰਾਂਚ ਵਿੱਚ ਲੈ ਲਈ। ਇਸ ਚੱਕ ਦਾ ਨਾਂ ਵੀ ਪਿਛਲੇ ਪਿੰਡ ਸਾਹੋਵਾਲ ਦੇ ਨਾਂ ’ਤੇ ਰੱਖਿਆ। ਇਹ ਚੱਕ ਸਾਂਗਲਾ ਹਿਲ ਤੋਂ ਦਸ ਕਿਲੋਮੀਟਰ ਪੱਛਮ ਵੱਲ ਜ਼ਿਲ੍ਹਾ ਫੈਸਲਾਬਾਦ (ਲਾਇਲਪੁਰ) ਵਿੱਚ ਹੈ। ਉਨ੍ਹਾਂ ਦਾ ਪਰਿਵਾਰ ਤੇ ਪਿੰਡ ਦੇ ਹੋਰ ਕਈ ਪਰਿਵਾਰ ਸਿਆਲਕੋਟ ਤੋਂ ਇਸ ਚੱਕ ਵਿੱਚ ਆ ਕੇ ਅਬਾਦ ਹੋਏ।
ਇਸ ਦੌਰ ਵਿੱਚ ਬਹੁਤ ਸਾਰੇ ਗੁਰਦੁਆਰਿਆਂ ’ਤੇ ਮਹੰਤਾਂ ਦਾ ਕਬਜ਼ਾ ਸੀ। ਮਹੰਤ ਸੇਵਾ ਸੰਭਾਲ ਦੀ ਥਾਂ ਗੁਰੂ ਘਰਾਂ ਵਿੱਚ ਸ਼ਰਬਾਂ ਪੀਂਦੇ, ਕੰਜਰੀਆਂ ਨਚਾਉਂਦੇ ਤੇ ਦਰਸ਼ਨਾਂ ਲਈ ਆਈਆਂ ਬੀਬੀਆਂ ਦੀ ਬੇਪਤੀ ਕਰਦੇ। ਗੁਰਦੁਆਰਾ ਸੁਧਾਰ ਲਹਿਰ ਦੇ ਕਾਰਜਾਂ ਦੀ ਪੂਰਤੀ ਲਈ ਸਾਂਝੀ ਪ੍ਰਤੀਨਿਧ ਕਮੇਟੀ ਕਾਇਮ ਕਰਨ ਲਈ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਸਰਬੱਤ ਖ਼ਾਲਸੇ ਦਾ ਭਾਰੀ ਇਕੱਠ ਹੋਇਆ, ਜਿਸ ਵਿੱਚ 139 ਸਿੱਖ ਪ੍ਰਤੀਨਿਧ ਚੁਣੇ ਗਏ, ਇਨ੍ਹਾਂ ਵਿੱਚ ਭਾਈ ਦਲੀਪ ਸਿੰਘ ਦਾ ਨਾਂ ਵੀ ਸ਼ਾਮਲ ਸੀ।
ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਉਣ ਲਈ ਸਾਰੇ ਪੰਥ ਵੱਲੋਂ 4, 5 ਤੇ 6 ਮਾਰਚ ਦੇ ਦਿਨ ਤੈਅ ਕੀਤੇ ਗਏ ਪਰ ਭਾਈ ਲਛਮਣ ਸਿੰਘ ਧਾਰੋਵਾਲ ਤੇ ਭਾਈ ਕਰਤਾਰ ਸਿੰਘ ਝੱਬਰ ਦੇ ਜਥੇ ਨੇ 19 ਫਰਵਰੀ ਦੀ ਰਾਤ ਨੂੰ ਹੀ ਚਾਲੇ ਪਾ ਦਿੱਤੇ। ਮਹੰਤ ਨੇ ਸ੍ਰੀ ਨਨਕਾਣਾ ਸਾਹਿਬ ਵਿੱਚ ਬਹੁਤ ਸਾਰੇ ਗੁੰਡੇ ਬੁਲਾਏ ਹੋਏ ਸਨ ਤੇ ਅਸਲਾ ਵੀ ਜਮ੍ਹਾਂ ਕਰ ਰੱਖਿਆ ਸੀ। ਖ਼ੂਨ ਖਰਾਬੇ ਦੇ ਖ਼ਦਸ਼ੇ  ਨੂੰ ਵੇਖਦਿਆਂ ਪੰਥ ਵੱਲੋਂ ਜਥਿਆਂ ਨੂੰ ਰੋਕਣ ਲਈ ਪੰਜ ਸਿੰਘਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ, ਜਿਨ੍ਹਾਂ ਵਿੱਚ ਭਾਈ ਦਲੀਪ ਸਿੰਘ ਵੀ ਸ਼ਾਮਿਲ ਸਨ। ਜਥੇਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ ਪਰ ਰਾਤ ਹੋਣ ਕਾਰਨ ਭਾਈ ਲਛਮਣ ਸਿੰਘ ਦੇ ਜਥੇ ਨਾਲ ਮੇਲ ਨਾ ਹੋਇਆ। 20 ਫਰਵਰੀ ਨੂੰ ਤੜਕਸਾਰ ਇਹ ਜਥਾ ਸ਼ਬਦ ਕੀਰਤਨ ਦਾ ਜਾਪ ਕਰਦਾ ਹੋਇਆ ਗੁਰੂ ਘਰ ਵਿੱਚ ਦਾਖ਼ਲ ਹੋਇਆ। ਮਹੰਤ ਦੇ ਗੁੰਡਿਆਂ ਨੇ ਬਾਣੀ ਦਾ ਸਿਮਰਨ ਕਰ ਰਹੇ ਨਿਹੱਥੇ ਸਿੰਘਾਂ ’ਤੇ ਗੋਲੀਆਂ ਚਲਾਈਆਂ ਤੇ ਜ਼ਿੰਦਾ ਸਿੱਖਾਂ ’ਤੇ ਤੇਲ ਪਾ ਕੇ ਅੱਗ ਲਾ ਦਿੱਤੀ। ਭਾਈ ਦਲੀਪ ਸਿੰਘ ਇਸ ਕਾਰੇ ਦੀ ਖ਼ਬਰ ਸੁਣ ਕੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਗਏ ਤੇ ਉਨ੍ਹਾਂ ਨੇ ਮਹੰਤ ਨੂੰ ਲਲਕਾਰਿਆ। ਮਹੰਤ ਨੇ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਨੂੰ ਜ਼ਿੰਦਾ ਹੀ ਮਿੱਟੀ ਦੇ ਭਾਂਡੇ ਪਕਾਉਣ ਵਾਲੀ ਬਲਦੀ ਆਵੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ।
ਭਾਈ ਸਾਹਿਬ ਦੇ ਪਿੰਡ ਸਾਹੋਵਾਲ ਨੂੰ ਅੱਜ ਵੀ ਸ਼ਹੀਦ ਦੇ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਭਾਈ ਸਾਹਿਬ ਦੇ ਨਾਂ ਉੱਤੇ ਗੁਰਦੁਆਰਾ ਉਸਾਰਿਆ ਗਿਆ ਸੀ, ਜਿੱਥੇ ਹੁਣ ਮਸਜਿਦ ਬਣਾ ਦਿੱਤੀ ਗਈ ਹੈ। ਗੁਰਦੁਆਰੇ ਵਿੱਚ ਪ੍ਰਕਾਸ਼ ਅਸਥਾਨ ਤੇ ਲੰਗਰ ਹਾਲ ਅਜੇ ਵੀ ਮੌਜੂਦ ਹਨ। ਵੰਡ ਮਗਰੋਂ ਭਾਈ ਸਾਹਿਬ ਦਾ ਪਰਿਵਾਰ ਪਿੰਡ ਜੰਡ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਣ ਵੱਸਿਆ।

ਸੰਪਰਕ: 98140-44425


Comments Off on ਸ਼ਹੀਦ ਭਾਈ ਦਲੀਪ ਸਿੰਘ ਸਾਹੋਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.