ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ

Posted On February - 24 - 2017

ਪ੍ਰਿੰ. ਸਰਵਣ ਸਿੰਘ

ਗੁਲਜ਼ਾਰ ਸਿੰਘ ਸੰਧੂ

ਗੁਲਜ਼ਾਰ ਸਿੰਘ ਸੰਧੂ

ਗੁਲਜ਼ਾਰ ਸਿੰਘ ਸੰਧੂ ‘ਸਦਾਬਹਾਰ’ ਲੇਖਕ ਹੈ। ਇਹ ਖ਼ਿਤਾਬ ਉਸ ਨੂੰ ਬਲਵੰਤ ਗਾਰਗੀ ਨੇ ਦਿੱਤਾ ਸੀ। ਤਰਾਸੀ ਕੋਹ ਦੀ ਦੌੜ ਲਾ ਕੇ ਵੀ ਉਸ ਦੀ ਕਲਮ ਪਹਿਲਾਂ ਵਾਂਗ ਹੀ ਚੱਲ ਰਹੀ ਹੈ ਤੇ ਹਾਸਾ ਵੀ ਪਹਿਲਾਂ ਵਾਂਗ ਹੀ ਛਣਕ ਰਿਹਾ ਹੈ। ਹਾਸੇ ਕਰਕੇ ਹੀ ਉਹ ਗੁਲਜ਼ਾਰ ਹੈ ਤੇ ਸਦਾਬਹਾਰ ਹੈ। ਹਸਮੁੱਖ ਬੰਦੇ ਕਰਮਾਂ ਦੇ ਬਲ਼ੀ ਹੁੰਦੇ ਹਨ। ਸੰਧੂ ਕਰਮਾਂ ਦਾ ਬਲ਼ੀ ਹੈ। ਸ਼ੁਕਰ ਹੈ ਕਿ ਚੁਰਾਸੀ ਦੇ ਨੇੜੇ ਢੁੱਕ ਕੇ ਵੀ ਉਸਦਾ ਹਾਸਾ-ਖੇੜਾ ਕਾਇਮ ਹੈ।
ਉਹ ਹਰਫਨਮੌਲਾ ਲੇਖਕ ਹੈ। ਕਹਾਣੀਕਾਰ, ਨਾਵਲਕਾਰ, ਨਿਬੰਧਕਾਰ, ਪੱਤਰਕਾਰ, ਰੇਖਾ ਚਿੱਤਰਕਾਰ, ਸਫ਼ਰਨਾਮੀਆ, ਅਨੁਵਾਦਕ, ਸੰਪਾਦਕ ਤੇ ਕਾਲਮਨਵੀਸ। ਗੱਲਾਂ ਦਾ ਧਨੀ। ਸਾਹਿਤ ਸਭਾਵਾਂ ਤੇ ਅਕਾਦਮੀਆਂ ਦਾ ਪ੍ਰਧਾਨ, ਸਕੱਤਰ ਤੇ ਸਲਾਹਕਾਰ। ਵਫ਼ਾਦਾਰ ਪਤੀ, ਰਿਸ਼ਤੇਦਾਰਾਂ ਦਾ ਸਕਾ ਸਨੇਹੀ ਤੇ ਮਿੱਤਰਾਂ ਦਾ ਮਿੱਤਰ। ਉਹ ਹੋਰ ਵੀ ਬਹੁਤ ਕੁਝ ਹੈ ਪਰ ਹੈ ਸਭ ਕਾਸੇ ਤੋਂ ਬੇਨਿਆਜ਼। ‘ਕੋਈ ਰੌਲ਼ਾ ਨੀ’ ਉਸ ਦਾ ਤਕੀਆ ਕਲਾਮ ਹੈ। ਹਾਲ ਚਾਲ ਪੁੱਛੋ ਤਾਂ ਅਜੋਕਾ ਜਵਾਬ ਹੈ, ‘ਚੱਲਦੈ’! ਪਹਿਲਾਂ ਉਹ ‘ਚੜ੍ਹਦੀ ਕਲਾ’ ਕਹਿੰਦਾ ਸੀ, ਫਿਰ ‘ਇੱਕ ਨੰਬਰ’ ਕਹਿਣ ਲੱਗ ਪਿਆ ਸੀ ਤੇ ਫੇਰ ‘ਹਾਲੀ ਤਕ ਠੀਕ ਹੈ’।
ਉਸਦੀਆਂ ਪੁਸਤਕਾਂ ਦੇ ਨਾਂ ਹਨ: ‘ਸਾਡੇ ਹਾਰ ਸ਼ਿੰਗਾਰ’, ‘ਹੁਸਨ ਦੇ ਹਾਣੀ’, ‘ਇੱਕ ਸਾਂਝ ਪੁਰਾਣੀ’, ‘ਸੋਨੇ ਦੀ ਇੱਟ’, ‘ਅਮਰ ਕਥਾ’, ‘ਗਮਲੇ ਦੀ ਵੇਲ’, ‘ਚੋਣਵੀਆਂ ਕਹਾਣੀਆਂ’, ‘ਰੁਦਨ ਬਿੱਲੀਆਂ ਦਾ’, ‘ਦਿਨ ਦੀਵੀਂ ਲੁੱਟ’, ‘ਇੱਕ ਇੱਟ ਵਾਲੀ ਹਵੇਲੀ’, ‘ਤਿੰਨ ਛੱਕੇ’, ‘ਕੰਧੀਂ ਜਾਏ’, ‘ਧਰੂ ਤਾਰੇ’, ‘ਗੋਰੀ ਹਿਰਨੀ’, ‘ਮੇਰਾ ਪੰਜਾਬ ਤੇ ਮੇਰੀ ਪੱਤਰਕਾਰੀ’, ‘25 ਮੁਲਕ 75 ਗੱਲਾਂ’, ‘ਸਾਹਿਤਕ ਸਵੈਜੀਵਨੀ’, ‘ਮੇਰੀ ਸਹੁੰ ਸਰਗੋਸ਼ੀਆਂ’, ‘ਮਿੱਤਰਾਂ ਦਾ ਮੈਂ ਅਤੇ ‘ਅੱਸੀ ਕੋਹ ਦੀ ਦੌੜ’। ‘ਟੈੱਸ’, ‘ਪਾਕਿਸਤਾਨ ਮੇਲ’, ‘ਜੀਵਨ ਤੇ ਸਾਹਿਤ’, ‘ਸਾਥੀ’, ‘ਬਾਲ ਬਿਰਖ ਤੇ ਸੂਰਜ’, ‘ਲਹਿਰਾਂ ਦੀ ਆਵਾਜ਼’ ਤੇ ‘ਭਾਰਤੀ ਸੈਨਾ ਦੀਆਂ ਪ੍ਰਾਪਤੀਆਂ’ ਅਨੁਵਾਦਤ ਪੁਸਤਕਾਂ ਹਨ। ‘ਅੱਗ ਦਾ ਸਫ਼ਰ’, ‘ਪੰਜਾਬ ਦਾ ਛੇਵਾਂ ਦਰਿਆ’, ‘ਨਵਯੁਗ ਟਕਸਾਲ’, ‘ਵਾਸਨਾ ਵਿਸਕੀ ਵਿਦਵਤਾ’ ਤੇ ‘ਲਾਲ ਕਿਲ੍ਹੇ ਦੀਆਂ ਟਾਹਣੀਆਂ’ ਸੰਪਾਦਿਤ ਪੁਸਤਕਾਂ ਹਨ। ਉਸ ਦੀਆਂ ਕਹਾਣੀਆਂ ਦੇ ਸੰਗ੍ਰਹਿ ਅੰਗਰੇਜ਼ੀ ਤੇ ਉਰਦੂ ਵਿੱਚ ਵੀ ਛਪੇ ਹਨ। ਉਹ ਸਪਤਾਹਿਕ ਤੇ ਮਾਸਿਕ ਰਸਾਲਿਆਂ ਤੋਂ ਇਲਾਵਾ ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਦਾ ਸੰਪਾਦਕ ਰਿਹਾ ਅਤੇ 1954 ਤੋਂ ਲਿਖਦਾ ਆ ਰਿਹਾ ਹੈ। ਉਸਦੀਆਂ ਲਿਖਤਾਂ ਸਕੂਲਾਂ/ਯੂਨੀਵਰਸਿਟੀਆਂ ਦੀਆਂ ਪਾਠ ਪੁਸਤਕਾਂ ਵਿੱਚ ਪੜ੍ਹਾਈਆਂ ਜਾ ਰਹੀਆਂ। ਉਸ ਨੂੰ ਭਾਰਤੀ ਸਾਹਿਤ ਅਕਾਦਮੀ ਤੇ ਦੇਸ਼-ਪ੍ਰਦੇਸ਼ ਦੀਆਂ ਦਰਜਨਾਂ ਸਭਾਵਾਂ ਦੇ ਐਵਾਰਡ ਮਿਲੇ ਹਨ। ਵਿਚੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਵਿਚੇ ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਐਵਾਰਡ।

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

ਉਹ ਭਾਰਤੀ ਖੇਤੀ ਮੰਤਰਾਲੇ ਵਿੱਚ ਡਾਇਰੈਕਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦਾ ਮੁਖੀ, ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ, ਪੰਜਾਬ ਰੈੱਡ ਕਰਾਸ ਦਾ ਸਕੱਤਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦਾ ਪ੍ਰੋਫੈਸਰ ਤੇ ਮੁਖੀ ਰਹਿ ਚੁੱਕਾ ਹੈ। ਉਹ ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਆਫ ਐਮੀਨੈਂਸ ਤੇ ਆਜੀਵਨ ਫੈਲੋ ਹੈ ਅਤੇ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦਾ ਪ੍ਰਧਾਨ।
ਗੁਲਜ਼ਾਰ ਸਿੰਘ ਸੰਧੂ ਨੂੰ ਮੈਂ 1962 ਤੋਂ ਜਾਣਨ ਲੱਗਾ ਜਦੋਂ ਮੈਂ ਵੀ ਉਸ ਦੇ ਵਾਂਗ ਦਿੱਲੀ ਪੁੱਜਾ। ਉਹ ਇੱਕੀਵੇਂ ਸਾਲ ਦੀ ਉਮਰ ’ਚ ਦਿੱਲੀ ਗਿਆ ਸੀ ਤੇ ਮੈਂ ਬਾਈਵੇਂ ਸਾਲ ਵਿੱਚ। ਪਿਛੋਕੜ ਸਾਡਾ ਇੱਕੋ ਜਿਹਾ ਸੀ। ਫ਼ਰਕ ਬਸ ਏਨਾ ਸੀ ਕਿ ਦਿੱਲੀ ਉਸ ਦੇ ਮਾਮਿਆਂ ਦੀਆਂ ਟੈਕਸੀਆਂ ਚਲਦੀਆਂ ਸਨ ਜਦੋਂਕਿ ਮੇਰਾ ਉੱਥੇ ਕੋਈ ਰਿਸ਼ਤੇਦਾਰ ਨਹੀਂ ਸੀ। ਮੈਨੂੰ ਤਾਂ ਮੋਗੇ ਦਾ ਇੱਕ ਟਰੱਕ ਡਰਾਈਵਰ ਦਿੱਲੀ ਲੈ ਗਿਆ ਸੀ। ਦਿੱਲੀ ਮੈਂ ਖ਼ਾਲਸਾ ਕਾਲਜ ਵਿੱਚ ਦਾਖ਼ਲ ਹੋ ਗਿਆ। ਪਹਿਲਾਂ ਪੜ੍ਹਿਆ, ਫਿਰ ਪੜ੍ਹਾਇਆ ਤੇ ਪੰਜ ਸਾਲ ਦਿੱਲੀ ਲਾ ਕੇ ਪਿੰਡ ਪਰਤ ਆਇਆ। ਉਨ੍ਹਾਂ ਪੰਜਾਂ ਸਾਲਾਂ ’ਚ ਅਸੀਂ ਆਮ ਮਿਲਦੇ ਰਹੇ ਤੇ ਫਿਰ ਕਦੇ ਕਦੇ।
ਸੰਧੂ ਦਾ ਦਿੱਲੀ ਦੇ ਕਿਸੇ ਕੋਚਿੰਗ ਕਾਲਜ ਵਿੱਚ ਪੜ੍ਹਾਉਂਦਿਆਂ ਕਿਸੇ ਲੜਕੀ ਨਾਲ ਸਨੇਹ ਹੋ ਚੱਲਿਆ ਸੀ ਜੋ ਉਸ ਨੂੰ ਨੌਕਰੀ ਤੋਂ ਹਟਾਉਣ ਦਾ ਸਬੱਬ ਬਣਿਆ। ਉਹ ਸਨੇਹ ਸ਼ਾਇਦ ਇੱਕਪਾਸੜ ਹੀ ਸੀ ਪਰ ਉਸ ਵਿਗੋਚੇ ਨੇ ਗੁਲਜ਼ਾਰ ਨੂੰ ਚੜ੍ਹਦੀ ਉਮਰੇ ਲੇਖਕ ਬਣਨ ਦੇ ਰਾਹ ਪਾ ਦਿੱਤਾ।
ਗੁਲਜ਼ਾਰ ਸੰਧੂ ਲਈ ਸਾਹਿਤਕਾਰੀ ਸ਼ੁਗਲ ਵੀ ਹੈ, ਮਨਪਰਚਾਵਾ ਵੀ ਅਤੇ ਸਰੋਕਾਰਾਂ ਨੂੰ ਜ਼ੁਬਾਨ ਦੇਣ ਦਾ ਉਪਰਾਲਾ ਵੀ। ਉਹ ਮਿਲਣ ਵਰਤਣ ’ਚ ਦਰਿਆ ਦਿਲ ਬੰਦਾ ਹੈ। ਉਸਦਾ ਕਿਸੇ ਨਾਲ ਵੈਰ ਨਹੀਂ, ਵਿਰੋਧ ਨਹੀਂ, ਵਾਧਾ ਨਹੀਂ, ਵੱਟਾ ਨਹੀਂ। ਯਾਰਾਂ ਦਾ ਯਾਰ, ਦਿਲਦਾਰ, ਰੰਗਲਾ ਸੱਜਣ, ਖੁੱਲ੍ਹਦਿਲਾ ਇਨਸਾਨ ਤੇ ਉਪਕਾਰੀ ਜਿਊੜਾ ਹੈ ਉਹ। ਦੋਸਤੀ ਦੀ ਕਲਾ ਦਾ ਬੇਜੋੜ ਕਲਾਕਾਰ। ਉਹ ਜਦੋਂ ਵੀ ਕਦੇ ਡਿੱਗਿਆ, ਹਮੇਸ਼ਾਂ ਪੈਰਾਂ ਭਾਰ ਹੀ ਡਿੱਗਿਆ ਜਿਸ ਕਰਕੇ ਤੁਰਤ ਖੜ੍ਹਾ ਹੋ ਜਾਂਦਾ ਰਿਹਾ। ਉਸ ਦੇ ਜੀਵਨ ’ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਹ ਕਿਤੇ ਵੀ ਬੱਝ ਕੇ ਬਹਿਣ ਵਾਲਾ ਬੰਦਾ ਨਹੀਂ ਸੀ। ਅੱਜ ਏਥੇ, ਭਲਕੇ ਓਥੇ। ਉਸ ਨੇ ਪੜ੍ਹਾਈ ਕਰਨ ਲਈ ਸਕੂਲ ਬਦਲੇ, ਟਿਕਾਣੇ ਬਦਲੇ, ਨੌਕਰੀਆਂ ਬਦਲੀਆਂ, ਵੇਸ ਬਦਲੇ ਤੇ ਹੋਰ ਵੀ ਕਾਫ਼ੀ ਕੁਝ ਬਦਲਿਆ। ਪਰ ਵਿਆਹ ਇੱਕੋ ਕਰਾਇਆ ਤੇ ਉਹੀ ਤੋੜ ਚੜ੍ਹਾਇਆ!
ਜੰਮਿਆ ਉਹ ਪੁਆਧ ਵਿੱਚ ਸੀ, ਸਕੂਲੀ ਪੜ੍ਹਾਈ ਮਾਲਵੇ ’ਚ ਕੀਤੀ ਤੇ ਕਾਲਜ ਦੀ ਵਿੱਦਿਆ ਦੁਆਬੇ ਦੇ ਮਾਹਿਲਪੁਰ ਕਾਲਜ ਤੋਂ ਲਈ। ਦਿੱਲੀ, ਲੁਧਿਆਣੇ, ਚੰਡੀਗੜ੍ਹ ਤੇ ਪਟਿਆਲੇ ’ਚ ਨੌਕਰੀਆਂ ਕੀਤੀਆਂ। ਦੁਨੀਆਂ ਦੇ ਅਨੇਕਾਂ ਦੇਸ਼ ਤੇ ਸ਼ਹਿਰ ਗਾਹੇ। ਸਿਹਤ ਵਿਭਾਗ ਦਿੱਲੀ ਦੀ ਅਫ਼ਸਰ ਡਾ. ਸੁਰਜੀਤ ਕੌਰ ਪੰਨੂੰ ਸੰਗ ਵਿਆਹੇ ਜਾਣ ਪਿੱਛੋਂ ਵੀ ਉਹ ਜਿਹੋ ਜਿਹਾ ਪਹਿਲਾਂ ਸੀ, ਉਹੋ ਜਿਹਾ ਹੀ ਬਾਅਦ ਵਿੱਚ ਰਿਹਾ। ਬੇਪਰਵਾਹ ਦਾ ਬੇਪਰਵਾਹ। ਫੱਕਰ ਦਾ ਫੱਕਰ। ਵਾਧੇ ਘਾਟੇ ਵੱਲੋਂ ਨਿਸ਼ਚਿੰਤ। ਵਿਆਹ ਕਰਵਾ ਕੇ ਵੀ ਉਹ ਕਬੀਲਦਾਰ ਨਹੀਂ ਬਣਿਆ।
ਪਿੱਛੇ ਜਿਹੇ ਸੰਧੂ ਜੋੜੇ ਨੇ ਵਸੀਅਤ ਲਿਖ ਦਿੱਤੀ ਹੈ ਕਿ ਮਰਨ ਉਪਰੰਤ ਸਾਡੀਆਂ ਦੇਹਾਂ ਮੈਡੀਕਲ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਣ। ਸਾਡਾ ਮਰਨਾ ਖ਼ੁਸ਼ੀ ਨਾਲ ਮਨਾਇਆ ਜਾਵੇ। ਦੇਹ ਦਾਨ ਦਾ ਕਾਰਡ ਹੁਣ ਉਨ੍ਹਾਂ ਦੀ ਜੇਬ ਵਿਚ ਰਹਿੰਦਾ ਹੈ ਕਿ ਜਿੱਥੇ ਪ੍ਰਾਣ ਪੰਖੇਰੂ ਉਡ ਜਾਣ ਉੱਥੋਂ ਦੀ ਨੇੜਲੀ ਮੈਡੀਕਲ ਸੰਸਥਾ ਨੂੰ ਸਬੂਤੀ ਦੇਹ ਦੇ ਦਿੱਤੀ ਜਾਵੇ। ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਮਾਤਮ ਮਨਾਉਣ ਦੀ ਥਾਂ ਖ਼ੁਸ਼ੀ ਮਨਾਈ ਜਾਵੇ। ਮੋਟੀਆਂ ਗੱਲਾਂ ਦੋ ਹਨ: ਪਹਿਲੀ ਇਹ ਕਿ ਦੇਹੀ ਕਿਸੇ ਦੇ ਕੰਮ ਆ ਜਾਵੇ। ਜੇ ਹੋ ਸਕੇ ਤਾਂ ਜਿਊਂਦੀ ਜਾਗਦੀ ਵੀ ਵਰਤ ਸਕਦੇ ਹਨ। ਪਰ ਉਦੋਂ ਜਦੋਂ ਹੋਸ਼ ’ਤੇ ਪੋਚਾ ਫਿਰ ਜਾਏ। ਰੌਲਾ ਹੀ ਕੋਈ ਨਹੀਂ।
ਉਸ ਦਾ ਨਾਨਕਾ ਨਾਂ ਬਲਬੀਰ ਸਿੰਘ ਸੀ ਤੇ ਦਾਦਕਾ ਗੁਲਜ਼ਾਰਾ ਸਿੰਘ। ਡਾ. ਜੌਹਲ ਨੇ ਤਾਂ ਆਪਣਾ ਨਾਂ ਹੁਣ ਤਕ ਸਰਦਾਰਾ ਸਿੰਘ ਹੀ ਰੱਖਿਆ ਹੋਇਆ ਹੈ ਪਰ ਸੰਧੂ ਨੇ ਗੁਲਜ਼ਾਰਾ ਸਿੰਘ ਤੋਂ ਗੁਲਜ਼ਾਰ ਸਿੰਘ ਕਰ ਲਿਆ। ਉਹ ਪਿਛਲਾ ਕੰਨਾ ਕਿਤੇ ਸੁੱਟ ਬੈਠਾ। ਹੁਣ ਪਛਤਾਉਂਦਾ ਹੈ ਕਿ ਓਸ ਕੰਨੇ ਤੋਂ ਬਿਨਾਂ ਉਹ ਕੰਨਾ ਲੱਗੇ ਡਾ. ਸਰਦਾਰਾ ਸਿੰਘ ਜੌਹਲ ਦੀ ਡਾਹੀ ਨਹੀਂ ਲੈ ਸਕਿਆ!
ਸਰਟੀਫਿਕੇਟਾਂ ’ਤੇ ਉਹ ਅਜੇ ਵੀ ਗੁਲਜ਼ਾਰਾ ਸਿੰਘ ਸੰਧੂ ਹੀ ਹੈ ਪਰ ਲੇਖਕ ਦੇ ਤੌਰ ’ਤੇ ਗੁਲਜ਼ਾਰ ਸਿੰਘ ਸੰਧੂ। ਪਹਿਲਾਂ ਮੈਂ ਵੀ ਆਪਣੇ ਨਾਂ ਨਾਲ ਸਰਵਣ ਸਿੰਘ ਸੰਧੂ ਲਿਖਦਾ ਸੀ। ਮੈਨੂੰ ਸੰਧੂ ਲਾਉਣੋ ਉਸ ਨੇ ਹੀ ਹਟਾਇਆ। ਅਖੇ ਦੋ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂ। ਦਲੀਲ ਦਿੱਤੀ, ‘‘ਮੇਰਾ ਨਾਂ ਗੁਲਜ਼ਾਰਾ ਰਹਿੰਦਾ ਤਾਂ ਮੈਂ ਹੀ ਸੰਧੂ ਲਾਹ ਦਿੰਦਾ ਕਿਉਂਕਿ ਨਵੀਂ ਪੀੜ੍ਹੀ ’ਚ ਕਿਸੇ ਦਾ ਨਾਂ ਗੁਲਜ਼ਾਰਾ ਨਹੀਂ ਰੱਖਣਾ ਜਾਣਾ। ਨਵੀਂ ਪੀੜ੍ਹੀ ’ਚ ਸਰਵਣ ਨਾਂ ਵੀ ਕਿਸੇ ਨੇ ਨੀ ਰੱਖਣਾ ਸੋ ਤੂੰ ਹੀ ਲਾਹ ਦੇ।”
ਖ਼ਾਲਸਾ ਕਾਲਜ ਦਾ ਡੀਪੀਈ ਪ੍ਰੀਤਮ ਸਿੰਘ ਬੈਂਸ ਪਰਉਪਕਾਰੀ ਬੰਦਾ ਸੀ। ਉਸ ਕੋਲ ਗੁਲਜ਼ਾਰ ਸੰਧੂ ਵੀ ਛੇ ਕੁ ਮਹੀਨੇ ਰਿਹਾ ਸੀ। ਜਦੋਂ ਉਹ ਬੈਂਸ ਨੂੰ ਆਪਣੇ ਵਿਆਹ ਦਾ ਸੱਦਾ ਦੇਣ ਗਿਆ ਤਾਂ ਬੈਂਸ ਨੇ ਪੁੱਛਿਆ, ‘‘ਵਿਆਹ ਕੀਹਦੇ ਨਾਲ ਹੋ ਰਿਹੈ?” ਸੰਧੂ ਨੇ ਹੁੱਬ ਕੇ ਦੱਸਿਆ,‘‘ਮਾਝੇ ਦੀ ਕੁੜੀ ਐ, ਪੰਨੂੰਆਂ ਦੀ ਧੀ।” ਬੈਂਸ ਬੋਲਿਆ,‘‘ਮਾਝੇ ਵਾਲੇ ਤਾਂ ਆਪਾਂ ਦੁਆਬੇ ਵਾਲਿਆਂ ਨੂੰ ਕੁੱਟਣਗੇ।” ਸੰਧੂ ਨੇ ਕਿਹਾ, ‘‘ਜੀਹਦੇ ਨਾਲ ਵਿਆਹ ਹੋ ਰਿਹਾ ਉਹਦਾ ਭਰਾ ਗੁਰਬਚਨ ਸਿੰਘ ਬੜਾ ਘੈਂਟ ਬੰਦਾ। ਉਹ ਨੀ ਕੁੱਟਣ ਦਿੰਦਾ।” ਗੁਰਬਚਨ ਸਿੰਘ ‘ਗੁਰਾ’ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਪ੍ਰੀਤਮ ਸਿੰਘ ਬੈਂਸ ਨਾਲ ਪੜ੍ਹਦਾ ਰਿਹਾ ਸੀ। ਉਸ ਨੇ ਕਿਹਾ, ‘‘ਜੇ ਗੁਰੇ ਦੀ ਭੈਣ ਐਂ ਤਾਂ ਉਹ ਹੋਰ ਵੀ ਕੁੱਟਣਗੇ।” ਸੰਧੂ ਨੇ ਪੁੱਛਿਆ,‘‘ਫੇਰ ਕੀ ਕਰੀਏ? ਜਵਾਬ ਦੇ ਦੇਈਏ?” ਬੈਂਸ ਨੇ ਸੋਚ ਕੇ ਕਿਹਾ, ‘‘ਜਵਾਬ ਦਿੱਤਾ ਤਾਂ ਘਰ ਆ ਕੇ ਕੁੱਟਣਗੇ। ਹੁਣ ਤਾਂ ਵਿਆਹ ਕਰਾਉਣਾ ਈ ਪਊ, ਦੇਖੀ ਜਾਊ ਜਿਵੇਂ ਹੋਊ!”
11 ਮਾਰਚ 1966 ਨੂੰ ਸੰਧੂ ਜੋੜੇ ਦਾ ਵਿਆਹ ਹੋਇਆ। 11 ਮਾਰਚ 1966 ਨੂੰ ਹੀ ਪੰਜਾਬੀ ਸੂਬੇ ਦੀ ਮੰਗ ਮੰਨੀ ਗਈ। ਪੰਜਾਬੀ ਸੂਬੇ ਦੀ ਮੰਗ ਮੰਨਣ ਪਿੱਛੇ 1965 ਦੀ ਇੰਡੋ-ਪਾਕਿ ਜੰਗ ਵਿੱਚ ਸਿੱਖ ਫ਼ੌਜੀਆਂ ਤੇ ਸਰਹੱਦ ਨੇੜਲੇ ਪੰਜਾਬੀਆਂ ਵੱਲੋਂ ਜੰਗ ਵਿੱਚ ਪਾਇਆ ਯੋਗਦਾਨ ਸੀ। ਪੰਜਾਬੀਆਂ ਨੇ ਪੰਜਾਬੀ ਸੂਬਾ ਜੰਗ ਜਿੱਤ ਕੇ ਲਿਆ।
ਸੰਧੂ ਦੇ ਲਿਖਣ ਮੂਜਬ, ‘‘ਸੰਨ 1966 ਤੋਂ ਸੁਰਜੀਤ ਐਸ.ਕੇ. ਸੰਧੂ ਹੋ ਗਈ। ਮੇਰੀ ਜੀਵਨ ਸਾਥਣ। ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ਚਲਦੇ ਰਹਿੰਦੇ ਹਨ। ਲੜਾਈ ਹੁੰਦਿਆਂ ਵੀ ਦੇਰ ਨਹੀਂ    ਲੱਗਦੀ ਤੇ ਜੰਗਬੰਦੀ ਵੀ ਐਵੇਂ ਕਿਵੇਂ ਹੋ ਜਾਂਦੀ ਹੈ!”
ਪਿਛਲੇ ਦਿਨੀਂ ਮੈਂ ਸਿਹਤ ਦਾ ਹਾਲ ਚਾਲ ਪੁੱਛਿਆ ਤਾਂ ਕਹਿਣ ਲੱਗਾ, ‘‘ਚਲਦੈ।” ਫਿਰ ਹੋਰਨਾਂ ਬਾਰੇ ਦੱਸਣ ਲੱਗ ਪਿਆ, ‘‘ਹਰਿਭਜਨ ਨੂੰ ਆਖ਼ਰੀ ਉਮਰੇ ਸਟਰੋਕ ਹੋ ਗਿਆ ਸੀ। ਮੈਂ ਵਣਜਾਰਾ ਬੇਦੀ, ਅੰਮ੍ਰਿਤਾ ਪ੍ਰੀਤਮ, ਗਾਰਗੀ, ਹਰਿਭਜਨ ਸਿੰਘ, ਤੇਰਾ ਸਿੰਘ ਚੰਨ ਤੇ ਵਿਰਕ ਦੇ ਮਾੜੇ ਦਿਨ ਤੱਕੇ ਹਨ। ਆਪਣੀ ਸੱਸ, ਮਾਂ, ਗਿਆਨੀ ਜ਼ੈਲ ਸਿੰਘ ਤੇ ਸਾਥੀ ਸੁਰਜੀਤ ਦੇ ਵੀ। ਆਪਾਂ ਮੰਜੇ ’ਤੇ ਡਿੱਗੇ ਤਾਂ ਮਿੱਤਰਾਂ ਪਿਆਰਿਆਂ ਨੂੰ ਕਹਾਂਗੇ ਸਾਡੀਆਂ ਅੱਡੀਆਂ ਨਾ ਰਗੜਾਉਣ। ਛੇਤੀ ਤੁਰਦੇ ਕਰਨ।”
***
ਗੱਲ ਗੁਲਜ਼ਾਰ ਦੇ ਹਾਸੇ ਤੋਂ ਤੁਰੀ ਸੀ। ਹਾਸੇ ਦੀਆਂ ਗੱਲਾਂ ਉਹ ਅਜੇ ਵੀ ਹੱਸ ਹੱਸ ਕੇ ਕਰਦੈ। ਕਦੇ ਕਦੇ ਪੁਰਾਣੇ ਕਿੱਸੇ ਛੇੜ ਬਹਿੰਦੈ। ਅਖੇ ਡਾ. ਹਰਿਭਜਨ ਸਿੰਘ ਨੂੰ ਕਿਸੇ ਕਵੀ ਦਰਬਾਰ ਵਿੱਚ ਸਨਮਾਨ ਵਜੋਂ ਕਿਰਪਾਨ ਭੇਟਾ ਕੀਤੀ ਗਈ। ਹਰਿਭਜਨ ਸਿੰਘ ਕਿਰਪਾਨ ਲੈਣੋ ਝਿਜਕਦਿਆਂ ਕਹਿਣ ਲੱਗਾ, ਮੈਂ ਤਾਂ ਜੀ ਕਲਮ ਦਾ ਬੰਦਾ ਹਾਂ ਫੇਰ ਵੀ…। ਤਾਰਾ ਸਿੰਘ ਨੇ ਵਾਕ ਪੂਰਾ ਨਹੀਂ ਹੋਣ ਦਿੱਤਾ ਤੇ ਵਿੱਚੋਂ ਹੀ ਕਿਹਾ, ਲੈ ਲੈ ਹਰਿਭਜਨ ਸਿਹਾਂ, ਆਪਾਂ ਦੰਦੇ ਕਢਵਾ ਲਵਾਂਗੇ! ਇੱਕ ਕਵੀ ਦਰਬਾਰ ਵਿੱਚ ਤਾਰਾ ਸਿੰਘ ਕਵਿਤਾ ਪੜ੍ਹਨ ਲੱਗਾ ਤਾਂ ਤਿੰਨ ਵਾਰ ਕਿਹਾ-ਸਾਡੇ ਨਾਲ ਦਾ ਘਰ ਸੀ ਤੇਲੀਆਂ ਦਾ…। ਹਜ਼ਾਰਾ ਸਿੰਘ ਗੁਰਦਾਸਪੁਰੀ ਪ੍ਰਧਾਨਗੀ ਕਰ ਰਿਹਾ ਸੀ। ਕਹਿੰਦਾ, ਹੁਣ ਅਗਾਂਹ ਵੀ ਤੁਰ। ਹੋਰ ਨਾਲ ਦਾ ਘਰ ਸੋਢੀਆਂ ਦਾ ਹੋਣਾ ਸੀ!
ਇੱਕ ਵਾਰ ਹਿੰਦ-ਪਾਕਿ ਜੰਗ ਸਮੇਂ ਗੁਰਦਾਸਪੁਰੀ ਘਰ ਦੀ ਛੱਤ ’ਤੇ ਦੋਸਤਾਂ ਨਾਲ ਦਾਰੂ ਪੀਵੀ ਜਾਵੇ। ਹਵਾਈ ਜਹਾਜ਼ ਵੇਖ ਕੇ ਪਤਨੀ ਵਾਜਾਂ ਮਾਰਨ ਲੱਗ ਪਈ, ਛੇਤੀ ਥੱਲੇ ਆ ਜਾਓ। ਹੋਰ ਨਾ ਕਿਤੇ ਬੰਬ ਆ ਡਿੱਗੇ। ਗੁਰਦਾਸਪੁਰੀ ਨੇ ਗੁਲਜ਼ਾਰ ਦੇ ਗਲਾਸ ਵਿੱਚ ਇੱਕ ਹਾੜਾ ਹੋਰ ਪਾਉਂਦਿਆਂ ਕਿਹਾ, ‘‘ਤੂੰ ਤਾਂ ਕਮਲੀ ਏਂ ਸਵਰਨ ਕੁਰੇ। ਅਸੀਂ ਜਹਾਜ਼ਾਂ ਦੇ ਉਤੋਂ ਦੀ ਉੱਡ ਰਹੇ ਹਾਂ ਤੇ ਤੂੰ ਸਾਨੂੰ ਥੱਲੇ ਲਾਹੁਣਾ ਚਾਹੁੰਦੀ ਏਂ!”
ਭਲਕ ਦਾ ਪਤਾ ਨਹੀਂ, ਹਾਲ ਦੀ ਘੜੀ ਤਾਂ ਸੰਧੂ ਹਵਾਈ ਜਹਾਜ਼ਾਂ ਦੇ ਉਤੋਂ ਦੀ ਉੱਡ ਰਿਹੈ!


Comments Off on ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.